
Trump signs new act: ਕਿਹਾ, ਸਭ ਤੋਂ ਖ਼ਤਰਨਾਕ ਅਪਰਾਧੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗਵਾਂਤਾਨਾਮੋ ਜੇਲ 'ਚ ਰਖਿਆ ਜਾਵੇਗਾ
ਰਾਸ਼ਟਰਪਤੀ ਟਰੰਪ ਨੇ ਬੁਧਵਾਰ ਨੂੰ ਲੈਕਨ ਰਿਲੇ ਐਕਟ ਉੱਤੇ ਦਸਤਖ਼ਤ ਕਰ ਕੇ ਇਸ ਨੂੰ ਕਾਨੂੰਨ ਬਣਾ ਦਿਤਾ ਹੈ, ਜਿਸ ਨਾਲ ਸੰਘੀ ਇਮੀਗ੍ਰੇਸ਼ਨ ਅਥਾਰਟੀਆਂ ਦੁਆਰਾ ਗ੍ਰਿਫ਼ਤਾਰ, ਹਿਰਾਸਤ ਵਿਚ ਲਏ ਜਾਣ ਵਾਲੇ ਅਤੇ ਨਜ਼ਰਬੰਦ ਕੀਤੇ ਜਾਣ ਵਾਲੇ ਵਿਅਕਤੀਆਂ ਦੀਆਂ ਸ਼੍ਰੇਣੀਆਂ ਦਾ ਵਿਸਤਾਰ ਹੋ ਗਿਆ। ਇਹ ਕਾਨੂੰਨ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਿਨਾਂ ਮੁਕੱਦਮੇ ਦੇ ਹਿਰਾਸਤ ਵਿਚ ਰੱਖਣ ਨੂੰ ਮਨਜ਼ੂਰੀ ਦਿੰਦਾ ਹੈ।
ਟਰੰਪ ਨੇ ਲੇਕਨ ਰਿਲੇ ਐਕਟ ਨੂੰ ਕਾਨੂੰਨ ਵਿਚ ਦਸਤਖਤ ਕਰਨ ਲਈ ਇਕ ਸਮਾਗਮ ਦੌਰਾਨ ਕਿਹਾ, ‘‘ਗਵਾਂਤਾਨਾਮੋ ਵਿਚ ਸਾਡੇ ਕੋਲ 30,000 ਬਿਸਤਰੇ ਹਨ, ਜਿੱਥੇ ਅਮਰੀਕੀ ਲੋਕਾਂ ਨੂੰ ਧਮਕੀ ਦੇਣ ਵਾਲੇ ਸਭ ਤੋਂ ਭੈੜੇ ਅਪਰਾਧੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰਖਿਆ ਜਾ ਸਕਦਾ ਹੈ।’’ ਉਨ੍ਹਾਂ ਵਿਚੋਂ ਕੁਝ ਇੰਨੇ ਮਾੜੇ ਹਨ ਕਿ ਅਸੀਂ ਉਨ੍ਹਾਂ ਦੇਸ਼ਾਂ ’ਤੇ ਭਰੋਸਾ ਵੀ ਨਹੀਂ ਕਰਦੇ ਜੋ ਉਨ੍ਹਾਂ ਨੂੰ ਰੱਖਣਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਵਾਪਸ ਆਉਣ, ਇਸ ਲਈ ਅਸੀਂ ਉਨ੍ਹਾਂ ਨੂੰ ਗਵਾਂਤਾਨਾਮੋ ਭੇਜਣ ਜਾ ਰਹੇ ਹਾਂ। ਇਸ ਨਾਲ ਸਾਡੀ ਸਮਰੱਥਾ ਤੁਰਤ ਦੁੱਗਣੀ ਹੋ ਜਾਵੇਗੀ।
ਇਹ ਬਿੱਲ ਟਰੰਪ ਦੇ ਦੂਜੇ ਕਾਰਜਕਾਲ ਦਾ ਪਹਿਲਾ ਕਾਨੂੰਨ ਹੈ ਅਤੇ ਇਹ ਅਜਿਹੇ ਸਮੇਂ ਆਇਆ ਹੈ ਜਦੋਂ ਉਨ੍ਹਾਂ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਵਧੇਰੇ ਮਜ਼ਬੂਤੀ ਨਾਲ ਲਾਗੂ ਕਰਨ ਅਤੇ ਕਾਨੂੰਨੀ ਇਮੀਗ੍ਰੇਸ਼ਨ ਲਈ ਵੱਧ ਸਖ਼ਤੀ ਦਾ ਵਾਅਦਾ ਕੀਤਾ ਹੈ। ਬਿੱਲ ਨੂੰ ਦੋਵਾਂ ਪਾਰਟੀਆਂ ਤੋਂ ਸਮਰਥਨ ਮਿਲਿਆ। ਅਪਣੇ ਦੁਪਹਿਰ ਦੇ ਭਾਸ਼ਣ ਦੌਰਾਨ, ਟਰੰਪ ਨੇ ਦੋ-ਪੱਖੀ ਸਮਰਥਨ ਨੂੰ ਸਵੀਕਾਰ ਕੀਤਾ ਅਤੇ ਬਿੱਲ ਨੂੰ ਪਾਸ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਲਈ ਡੈਮੋਕਰੇਟਸ ਦਾ ਧਨਵਾਦ ਕੀਤਾ।
ਗਵਾਂਤਾਨਾਮੋ ਬੇ ਦਾ ਇਤਿਹਾਸ : ਗਵਾਂਤਾਨਾਮੋ ਬੇ ਮਿਲਟਰੀ ਜੇਲ ਨੂੰ ਜਨਵਰੀ 2002 ਵਿਚ ਦੱਖਣ-ਪੂਰਬੀ ਕਿਊਬਾ ਵਿਚ ਇਕ ਯੂਐਸ ਨੇਵੀ ਬੇਸ ਉੱਤੇ ਖੋਲ੍ਹਿਆ ਗਿਆ ਸੀ। ਉਦੋਂ ਤੋਂ ਬਾਅਦ ਤੋਂ ਅਤਿਵਾਦੀ ਗਤੀਵਿਧੀਆਂ ਜਾਂ ਅਤਿਵਾਦ ਨਾਲ ਸਬੰਧਤ ਅਪਰਾਧਾਂ ਦੇ ਸ਼ੱਕ ਵਿਚ 800 ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿਚ ਇਥੇ ਰਖਿਆ ਗਿਆ ਸੀ। ਗਵਾਂਤਾਨਾਮੋ ਬੇ ’ਚ ਇਸ ਸਮੇਂ 9/11 ਹਮਲੇ ’ਚ ਸ਼ਾਮਲ 15 ਅਤਿਵਾਦੀ ਹਨ, ਜਿਨ੍ਹਾਂ ’ਚ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ ਸਮੇਤ ਅਫ਼ਗ਼ਾਨਿਸਤਾਨ ਅਤੇ ਇਰਾਕ ਦੇ ਅਤਿਵਾਦੀ ਵੀ ਸ਼ਾਮਲ ਹਨ। ਹਾਲਾਂਕਿ ਇੱਥੋਂ ਦੇ ਮਾੜੇ ਹਾਲਾਤ ਕਾਰਨ ਅਮਰੀਕਾ ਦੀ ਕਈ ਵਾਰ ਆਲੋਚਨਾ ਹੋ ਚੁਕੀ ਹੈ। ਮਨੁੱਖੀ ਅਧਿਕਾਰ ਸਮੂਹਾਂ ਦੀ ਆਲੋਚਨਾ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਜੋ ਬਾਈਡੇਨ ਨੇ ਅਪਣੇ ਕਾਰਜਕਾਲ ਦੌਰਾਨ ਇਸ ਜੇਲ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਸੰਸਦ ਨੇ ਇਸ ਦਾ ਵਿਰੋਧ ਕੀਤਾ ਅਤੇ ਅੱਜ ਵੀ ਇਹ ਜੇਲ ਖੁਲ੍ਹੀ ਹੈ।