
ਕੌਮੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਅਤੇ ਪੈਂਟਾਗਨ ਦੇ ਮੁਖੀ ਪੀਟ ਹੇਗਸੇਥ ’ਤੇ ਭਰੋਸਾ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯਮਨ ’ਚ ਹੁਤੀ ਅਤਿਵਾਦੀਆਂ ਵਿਰੁਧ ਹਵਾਈ ਹਮਲੇ ਦੀ ਯੋਜਨਾ ਦੇ ਅਚਾਨਕ ਲੀਕ ਹੋਣ ’ਤੇ ਕਿਸੇ ਨੂੰ ਵੀ ਬਰਖਾਸਤ ਨਾ ਕਰਨ ਦੀ ਅਪਣੀ ਸਪੱਸ਼ਟ ਵਚਨਬੱਧਤਾ ਜ਼ਾਹਰ ਕੀਤੀ ਹੈ।
ਟਰੰਪ ਨੇ ਐਨ.ਬੀ.ਸੀ. ਨਿਊਜ਼ ਦੇ ਕ੍ਰਿਸਟਨ ਵੇਲਕਰ ਨੂੰ ਦਿਤੇ ਇੰਟਰਵਿਊ ’ਚ ਕਿਹਾ, ‘‘ਮੈਂ ਫਰਜ਼ੀ ਖ਼ਬਰਾਂ ਅਤੇ ਕੂੜ ਪ੍ਰਚਾਰ ਕਾਰਨ ਲੋਕਾਂ ਨੂੰ ਨੌਕਰੀ ਤੋਂ ਨਹੀਂ ਕੱਢਦਾ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅਪਣੇ ਕੌਮੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਅਤੇ ਪੈਂਟਾਗਨ ਦੇ ਮੁਖੀ ਪੀਟ ਹੇਗਸੇਥ ’ਤੇ ਭਰੋਸਾ ਹੈ।
ਜ਼ਿਕਰਯੋਗ ਹੈ ਕਿ ਵਾਲਟਜ਼ ਨੇ ਅਣਜਾਣੇ ’ਚ ‘ਦ ਐਟਲਾਂਟਿਕ’ ਰਸਾਲੇ ਦੇ ਸੰਪਾਦਕ ਜੈਫਰੀ ਗੋਲਡਬਰਗ ਨੂੰ ਮੋਬਾਈਲ ਐਪ ‘ਸਿਗਨਲ’ ਦੇ ਇਕ ਗਰੁੱਪ ’ਚ ਸ਼ਾਮਲ ਕਰ ਲਿਆ ਸੀ ਜਿੱਥੇ ਚੋਟੀ ਦੇ ਅਧਿਕਾਰੀ ਹੂਤੀ ’ਤੇ ਹਮਲਾ ਕਰਨ ਦੀਆਂ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰੇ ਕਰ ਰਹੇ ਸਨ। ਗੱਲਬਾਤ ਦੌਰਾਨ ਹੇਗਸੇਥ ਨੇ ਇਸ ਬਾਰੇ ਵੇਰਵੇ ਸ਼ਾਮਲ ਕੀਤੇ ਕਿ ਹਮਲਾ ਕਦੋਂ ਹੋਵੇਗਾ।