
ਇਸ ਸਮਰਥਨ ਵਿੱਚ ਮੈਰੀਟਾਈਮ ਪੈਟਰੋਲ ਏਅਰਕ੍ਰਾਫਟ ਮੁਹੱਈਆ ਕਰਵਾਉਣਾ ਤੇ ਅੰਦਾਜ਼ਨ 40 ਕਰਮਚਾਰੀ ਮਦਦ ਲਈ ਇਲਾਕੇ ਵਿੱਚ ਦੇਣਾ ਤੈਅ ਹੋਇਆ
ਓਟਵਾ, 30 ਅਪਰੈਲ: ਅਮਰੀਕਾ, ਯੂਨਾਈਟਿਡ ਕਿੰਗਡਮ ਤੇ ਆਸਟਰੇਲੀਆ ਦੇ ਨਾਲ ਨਾਲ ਹੁਣ ਕੈਨੇਡਾ ਵੀ ਉੱਤਰੀ ਕੋਰੀਆ ਦੀ ਮੈਰੀਟਾਈਮ ਸਮਗਲਿੰਗ ਤੇ ਸ਼ਿਕੰਜਾ ਕਸਣ ਵਿਚ ਇਨਹਾ ਮੁਲਕਾਂ ਦਾ ਸਾਥ ਦੇਵੇਗਾ। ਕੈਨੇਡਾ ਦੇ ਗਲੋਬਲ ਅਫੇਅਰਜ਼ ਵਲੋਂ ਜਾਰੀ ਇਕ ਬਿਆਨ ਵਿਚ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇਹ ਤਹੱਈਆ ਪ੍ਰਗਟਾਇਆ ਕਿ ਕੈਨੇਡਾ ਉੱਤਰੀ ਕੋਰੀਆ ਖਿਲਾਫ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਉਂਸਲ ਵੱਲੋਂ ਲਾਈਆਂ ਪਾਬੰਦੀਆਂ ਦੀ ਹਮਾਇਤ ਕਰਦਾ ਹੈ। ਬਿਆਨ ਅਨੁਸਾਰ ਇਸ ਸਮਰਥਨ ਵਿੱਚ ਮੈਰੀਟਾਈਮ ਪੈਟਰੋਲ ਏਅਰਕ੍ਰਾਫਟ ਮੁਹੱਈਆ ਕਰਵਾਉਣਾ ਤੇ ਅੰਦਾਜ਼ਨ 40 ਕਰਮਚਾਰੀ ਮਦਦ ਲਈ ਇਲਾਕੇ ਵਿੱਚ ਦੇਣਾ ਤੈਅ ਹੋਇਆ ਤਾਂ ਕਿ ਉੱਤਰੀ ਕੋਰੀਆ ਉੱਤੇ ਯੂਐਨਐਸਸੀ ਪਾਬੰਦੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਇਆ ਜਾ ਸਕੇ।
Ship
ਕੈਨੇਡੀਅਨ ਆਰਮਡ ਫੋਰਸਿਜ਼ ਕ੍ਰਾਫਟ, ਜਿਹੜਾ ਜਪਾਨ ਵਿੱਚ ਫੌਜ ਦੇ ਕੈਡੇਨਾ ਹਵਾਈ ਟਿਕਾਣੇ ਉਤੇ ਰਹੇਗਾ, ਵੀ ਅਮਰੀਕੀ, ਜਪਾਨੀ ਤੇ ਬ੍ਰਿਟਿਸ਼ ਹਵਾਈ ਤੇ ਸਮੁੰਦਰੀ ਕ੍ਰਾਫਟਸ ਸੈਨਾਂ ਵਿੱਚ ਸ਼ਾਮਲ ਹੋ ਗਿਆ ਹੈ। ਇਹ ਪੇਸ਼ਕਦਮੀ ਅਸਲ ਵਿੱਚ ਉੱਤਰੀ ਕੋਰੀਆ ਵੱਲੋਂ ਸੰਯੁਕਤ ਰਾਸ਼ਟਰ ਦੀ ਸਕਿਊਰਿਟੀ ਕਾਉਂਸਲ ਉੱਤੇ ਧਾਵਾ ਬੋਲਣ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਰੋਕਣ ਲਈ ਕੀਤੀ ਗਈ ਹੈ। ਜਿਸ ਨਾਲ ਮੈਂਬਰ ਮੁਲਕ ਸਮਗਲਿੰਗ ਰੋਕਣ ਲਈ ਸਮੁੰਦਰ ਵਿੱਚ ਉੱਤਰੀ ਕੋਰੀਆ ਦੇ ਬੇੜਿਆਂ ਦੀ ਨਿਗਰਾਨੀ ਕਰ ਸਕਣ।
ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਉਂਸਲ ਵੱਲੋਂ ਸਾਲ 2006 ਤੋਂ ਹੀ ਉੱਤਰੀ ਕੋਰੀਆ ਖਿਲਾਫ ਸਖਤ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਇਹ ਸਭ ਪਾਬੰਦੀਆਂ ਉੱਤਰੀ ਕੋਰੀਆ ਉੱਤੇ ਆਪਣੇ ਪ੍ਰਮਾਣੂ ਪ੍ਰੋਗਰਾਮ ਤੋਂ ਤੌਬਾ ਕਰਨ ਲਈ ਪਾਏ ਜਾ ਰਹੇ ਦਬਾਅ ਦਾ ਹੀ ਹਿੱਸਾ ਹਨ।