
ਸੰਯੁਕਤ ਰਾਸਟਰ ਸੰਘ ਦੀ ਚਿਤਾਵਨੀ
ਸੰਯੁਕਤ ਰਾਸ਼ਟਰ, 29 ਅਪ੍ਰੈਲ : ਦੁਨੀਆਂ ਭਰ ਦੇ ਤਮਾਮ ਮੁਲਕਾਂ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਇਆ ਗਿਆ ਲਾਕਡਾਊਨ ਕਈ ਮਾਇਨਿਆਂ ਨਾਲ ਕੁਦਰਤ ਲਈ ਵਰਦਾਨ ਸਾਬਤ ਹੋਇਆ ਹੈ ਤਾਂ ਇਸ ਦੇ ਕੁਝ ਦੂਜੇ ਨੁਕਸਾਨਦਾਇਕ ਪਹਿਲੂ ਵੀ ਸਾਹਮਣੇ ਆਉਣ ਦੀਆਂ ਸ਼ੰਕਾਵਾਂ ਹਨ। ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ ਨੇ ਕਿਹਾ ਕਿ ਲਾਕਡਾਊਨ ਕਾਰਨ ਨਿਮਨ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿਚ ਲੱਗਭਗ ਪੰਜ ਕਰੋੜ ਆਧੁਨਿਕ ਗਰਭਨਿਰੋਧਕਾਂ ਦੀ ਵਰਤੋਂ ਤੋਂ ਵਾਂਝੇ ਰਹਿ ਸਕਦੇ ਹਨ। ਲਾਕਡਾਊਨ ਕਾਰਨ ਸਿਹਤ ਸੇਵਾਵਾਂ ਰੁਕੀਆਂ ਹੋਈਆਂ ਹਨ। ਇਹੀ ਕਾਰਨ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਅਣਚਾਹੇ ਗਰਭਧਾਰਨ ਦੇ 70 ਲੱਖ ਮਾਮਲੇ ਸਾਹਮਣੇ ਆ ਸਕਦੇ ਹਨ।
ਯੂਐਨਐਫਪੀਏ ਅਤੇ ਸਹਿਯੋਗੀਆਂ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੋਰੋਨਾ ਸੰਕਟ ਕਾਰਨ ਵੱਡੀ ਗਿਣਤੀ ਦੇ ਪ੍ਰਵਾਰ ਨਿਯੋਜਨ ਦੇ ਸਾਧਨਾਂ ਤਕ ਪਹੁੰਚ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਅਣਚਾਹਿਆ ਗਰਭਧਾਰਨ ਦਾ ਖਤਰਾ ਵੱਧ ਗਿਆ ਹੈ। ਇਹੀ ਨਹੀਂ ਲਾਕਡਾਊਨ ਕਾਰਨ ਔਰਤਾਂ ਖ਼ਿਲਾਫ਼ ਹਿੰਸਾ ਅਤੇ ਦੂਜੇ ਕਈ ਤਰ੍ਹਾਂ ਦੇ ਸੋਸ਼ਣ ਦੇ ਮਾਮਲਿਆਂ ਵਿਚ ਤੇਜ਼ੀ ਦਰਜ ਕੀਤੀ ਜਾ ਸਕਦੀ ਹੈ। ਯੂਐਨਐਫਪੀਏ ਦੀ ਕਾਰਜਕਾਰੀ ਨਿਰਦੇਸ਼ਕ ਨਤਾਲਿਆ ਕਾਨੇਮ ਦਾ ਕਹਿਣਾ ਹੈ ਕਿ ਇਹ ਨਵੇਂ ਅੰਕੜੇ ਲਾਕਡਾਊਨ ਦੀ ਉਸ ਭਿਆਨਕ ਤਸਵੀਰ ਵਲ ਇਸ਼ਾਰਾ ਕਰ ਰਹੇ ਹਨ, ਜਿਸ ਦਾ ਸਾਹਮਣਾ ਦੁਨੀਆਭਰ ਵਿਚ ਔਰਤਾਂ ਅਤੇ ਲੜਕੀਆਂ ਨੂੰ ਕਰਨਾ ਪੈ ਸਕਦਾ ਹੈ।
File photo
ਕਾਨੇਮ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਔਰਤ ਅਤੇ ਮਰਦ ਵਿਚ ਭੇਦਭਾਵ ਦੀ ਖਾਈ ਨੂੰ ਹੋਰ ਡੂੰਘਾ ਕਰ ਰਿਹਾ ਹੈ। ਦੁਨੀਆ ਭਰ ਵਿਚ ਲੱਖਾਂ ਔਰਤਾਂ ਅਤੇ ਲੜਕੀਆਂ ਪਰਿਵਾਰ ਨਿਯੋਜਨ ਦੀਆਂ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੀਆਂ ਹੋ ਸਕਦੀਆਂ ਹਨ। ਅਧਿਐਨ ਮੁਤਾਬਕ ਦੁਨੀਆ ਦੇ 112 ਹੇਠਲੇ ਅਤੇ ਮੀਡੀਅਮ ਆਮਦਨ ਵਾਲੇ ਦੇਸ਼ਾਂ ਵਿਚ ਲਗਪਗ 45 ਕਰੋੜ ਔਰਤਾਂ ਗਰਭ ਨਿਰੋਧਕਾਂ ਦੀ ਵਰਤੋਂ ਕਰਦੀਆਂ ਹਨ। ਲਾਕਡਾਊਨ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਗਰਭ ਨਿਰੋਧਕਾਂ ਦੀ ਵਰਤੋਂ ਤੋਂ ਵਾਂਝੀਆਂ ਰਹਿ ਸਕਦੀਆਂ ਹਨ।
ਅਮਰੀਕਾ ਦੇ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਏਵੇਨਿਰ ਹੈਲਥ ਅਤੇ ਆਸਟਰੇਲੀਆ ਦੇ ਵਿਕਟੋਰੀਆ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਅੰਕੜਿਆਂ ਮੁਤਾਬਕ ਕੋਰੋਨਾ ਸੰਕਟ ਕਾਰਨ ਅਗਲੇ 10 ਸਾਲਾਂ ਵਿਚ ਬਾਲ ਵਿਆਹ ਦੇ ਇਕ ਕਰੋੜ 30 ਲੱਖ ਕੇਸ ਸਾਹਮਣੇ ਆ ਸਕਦੇ ਹਨ। ਹਾਲਾਂਕਿ ਕਈ ਦੂਜੇ ਅਧਿਐਨ ਇਹ ਵੀ ਦੱਸਦੇ ਹਨ ਕਿ ਲਾਕਡਾਊਨ ਨੇ ਕੁਦਰਤ ਨੂੰ ਖੁਦ ਨੂੰ ਦਰੁੱਸਤ ਕਰਨ ਦਾ ਮੌਕਾ ਵੀ ਦਿਤਾ ਹੈ। (ਏਜੰਸੀ)