
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਫੈਸਲੇ ਦੀ ਤਾਰੀਫ਼ ਕੀਤੀ
ਵਾਸ਼ਿੰਗਟਨ: ਅਮਰੀਕੀ ਸੁਪਰੀਮ ਕੋਰਟ ਦੇ ਇਕ ਵੱਡੇ ਫੈਸਲੇ ’ਚ ਅਮਰੀਕਾ ’ਚ ਅਫ਼ਰਮੇਟਿਵ ਐਕਸ਼ਨ (ਸਾਕਾਰਾਤਮਕ ਪੱਖਪਾਤ) ਦੇ ਕਾਨੂੰਨਾਂ ਸਾਹਮਣੇ ਵੱਡੀ ਚੁਨੌਤੀ ਖੜੀ ਕਰ ਦਿਤੀ ਹੈ। ਅਮਰੀਕੀ ਸੁਪਰੀਮ ਕੋਰਟ ਦੇ ਇਕ ਫੈਸਲੇ ਨੇ ਕਿਹਾ ਹੈ ਕਿ ਯੂਨੀਵਰਸਿਟੀ ’ਚ ਦਾਖ਼ਲੇ ਸਮੇਂ ਨਸਲ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਅਮਰੀਕਾ ’ਚ ਸਿਖਿਆ ਦੇ ਖੇਤਰ ’ਚ ਨਸਲ ਨੂੰ ਲੈ ਕੇ ਹਮੇਸ਼ਾ ਵਿਵਾਦ ਰਿਹਾ ਹੈ। ਉਥੇ ਕਾਲੇ ਤੇ ਸਮਾਜਕ ਤੌਰ ’ਤੇ ਪਿਛੜੇ ਵਰਗਾਂ ਨੂੰ ਕਾਲਜ ਦਾਖ਼ਲੇ ’ਚ ਰਾਖਵਾਂਕਰਨ ਦੇਣ ਦਾ ਨਿਯਮ ਹੈ।
ਇਹ ਵੀ ਪੜ੍ਹੋ: ਸ਼ੇਅਰ ਬਾਜ਼ਾਰ ’ਚ 803 ਅੰਕਾਂ ਦਾ ਵੱਡਾ ਉਛਾਲ, ਰੀਕਾਰਡ ਪੱਧਰ ’ਤੇ ਸੈਂਸੈਕਸ
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਫੈਸਲੇ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਇਸ ਫੈਸਲੇ ਨੂੰ ਸ਼ਾਨਦਾਰ ਕਿਹਾ ਹੈ। ਉਨ੍ਹਾਂ ਕਿਹਾ, ‘‘ਇਹ ਬਹੁਤ ਵਧੀਆ ਦਿਨ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਕਿਹਾ, ‘‘ਅਸਾਧਾਰਨ ਲੋਕਾਂ ਅਤੇ ਸਫ਼ਲਤਾ ਲਈ ਸਾਰੇ ਜ਼ਰੂਰੀ ਕਦਮ ਚੁਕਣ ਵਾਲਿਆਂ ਨੂੰ ਆਖ਼ਰ ਇਨਾਮ ਦਿਤਾ ਜਾ ਰਿਹਾ ਹੈ।’’
ਅਮਰੀਕੀ ਨੀਤੀਆਂ ’ਚ ਅਫ਼ਰਮੇਟਿਵ ਐਕਸ਼ਨ 1960 ਦੇ ਦਹਾਕੇ ’ਚ ਸ਼ਾਮਲ ਕੀਤੇ ਗਏ ਸਨ। ਸਮਾਜ ’ਚ ਵੰਨ-ਸੁਵੰਨਤਾ ਨੂੰ ਹੱਲਾਸ਼ੇਰੀ ਦੇਣ ’ਚ ਇਸ ਦੀ ਭੂਮਿਕਾ ਦੀ ਹਮਾਇਤ ਕੀਤੀ ਜਾਂਦੀ ਰਹੀ ਹੈ।
ਹਾਲਾਂਕਿ ਸੁਪਰੀਮ ਕੋਰਟ ਦੇ ਇਸ ਫੈਸਲੇ ’ਤੇ ਰਾਸ਼ਟਰਪਤੀ ਜੋਅ ਬਾਈਡਨ ਨੇ ਪੂਰੀ ਤਰ੍ਹਾਂ ਅਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਹੈ ਕਿ ਇਸ ਫੈਸਲੇ ਨੂੰ ਆਖ਼ਰੀ ਸ਼ਬਦ ਨਹੀਂ ਮੰਨਿਆ ਜਾ ਸਕਦਾ। ਅਮਰੀਕਾ ’ਚ ਅਜੇ ਵੀ ਵਿਤਕਰਾ ਬਰਕਰਾਰ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ’ਤੇ ਕਿਹਾ, ‘‘ਇਹ ਕੋਈ ਆਮ ਅਦਾਲਤ ਨਹੀਂ ਹੈ। 9 ਜੱਜਾਂ ਦੀ ਬੈਂਚ ਇਸ ’ਤੇ ਵੰਡੀ ਹੋਈ ਸੀ। ਛੇ ਕੰਜ਼ਰਵੇਟਿਵ ਹਨ ਅਤੇ ਤਿੰਨ ਲਿਬਰਲ।’’