
ਇਸ ਬੁਖਾਰ ਲਈ ਕੋਈ ਅਧਿਕਾਰਤ ਟੀਕਾ ਜਾਂ ਇਲਾਜ ਨਹੀਂ ਹੈ
ਰਵਾਂਡਾ : ਰਵਾਂਡਾ ’ਚ ਇਬੋਲਾ ਵਰਗੇ ਪਰ ਬਹੁਤ ਜ਼ਿਆਦਾ ਫੈਲਣ ਵਾਲੇ ਮਾਰਬਰਗ ਵਾਇਰਸ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ। ਰਵਾਂਡਾ ਦਾ ਇਹ ਬਿਆਨ ਦੇਸ਼ ਵਿਚ ਜਾਨਲੇਵਾ ਖ਼ੂਨ ਰਿਸਾਅ ਵਾਲੇ ਬੁਖਾਰ ਦੇ ਫੈਲਣ ਦੇ ਐਲਾਨ ਤੋਂ ਕੁੱਝ ਦਿਨ ਬਾਅਦ ਆਇਆ ਹੈ। ਇਸ ਬੁਖਾਰ ਲਈ ਕੋਈ ਅਧਿਕਾਰਤ ਟੀਕਾ ਜਾਂ ਇਲਾਜ ਨਹੀਂ ਹੈ।
ਇਬੋਲਾ ਵਾਂਗ ‘ਮਾਰਬਰਗ ਵਾਇਰਸ’ ਫਲਾਂ ਦੇ ਚਮਗਿੱਦੜਾਂ ਵਲੋਂ ਅਤੇ ਸੰਕਰਮਿਤ ਵਿਅਕਤੀਆਂ ਦੇ ਸਰੀਰਕ ਤਰਲ ਪਦਾਰਥਾਂ ਜਾਂ ਦੂਸ਼ਿਤ ਚੱਦਰਾਂ ਦੇ ਸੰਪਰਕ ਰਾਹੀਂ ਫੈਲਦਾ ਹੈ। ਜੇ ਮਾਰਬਰਗ ਬਿਮਾਰੀ ਵਾਲੇ ਲੋਕਾਂ ਦਾ ਇਲਾਜ ਨਹੀਂ ਕੀਤਾ ਜਾਂਦਾ ਹੈ, ਤਾਂ ਇਹ ਸੰਕਰਮਿਤ ਲੋਕਾਂ ਦੇ 88 ਫ਼ੀ ਸਦੀ ਤਕ ਘਾਤਕ ਹੋ ਸਕਦਾ ਹੈ।
ਮੱਧ ਅਫਰੀਕੀ ਦੇਸ਼ ਰਵਾਂਡਾ ਨੇ ਸ਼ੁਕਰਵਾਰ ਨੂੰ ਇਸ ਮਹਾਮਾਰੀ ਦੇ ਫੈਲਣ ਦਾ ਐਲਾਨ ਕੀਤਾ ਅਤੇ ਇਕ ਦਿਨ ਬਾਅਦ ਪਹਿਲੀ ਛੇ ਮੌਤਾਂ ਦਰਜ ਕੀਤੀਆਂ। ਸਿਹਤ ਮੰਤਰੀ ਸਾਬਿਨ ਸਾਂਜੀਮਾਨਾ ਨੇ ਐਤਵਾਰ ਰਾਤ ਨੂੰ ਕਿਹਾ ਕਿ ਹੁਣ ਤਕ 26 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਅੱਠ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਹੈ।
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਰੀਰਕ ਸੰਪਰਕ ਤੋਂ ਪਰਹੇਜ਼ ਕਰਨ। ਵਾਇਰਸ ਨਾਲ ਪੀੜਤ ਲੋਕਾਂ ਦੇ ਸੰਪਰਕ ’ਚ ਆਏ ਕਰੀਬ 300 ਲੋਕਾਂ ਦੀ ਪਛਾਣ ਵੀ ਕੀਤੀ ਗਈ ਹੈ ਅਤੇ ਉਨ੍ਹਾਂ ’ਚੋਂ ਕੁੱਝ ਨੂੰ ਕੁਆਰੰਟੀਨ ਕੇਂਦਰਾਂ ’ਚ ਰੱਖਿਆ ਗਿਆ ਹੈ।
ਦੇਸ਼ ਦੇ 30 ਜ਼ਿਲ੍ਹਿਆਂ ’ਚੋਂ ਛੇ ਜ਼ਿਲ੍ਹਿਆਂ ’ਚ ਸਿਹਤ ਕਰਮਚਾਰੀ ਸੱਭ ਤੋਂ ਵੱਧ ਪ੍ਰਭਾਵਤ ਹੋਏ ਹਨ। ਸੰਜੀਮਾਨਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਮਾਰਬਰਗ ਇਕ ਦੁਰਲੱਭ ਬਿਮਾਰੀ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਇਸ ਨੂੰ ਫੈਲਣ ਤੋਂ ਰੋਕਣ ਲਈ ਸੰਪਰਕ ’ਚ ਆਏ ਲੋਕਾਂ ਅਤੇ ਜਾਂਚ ਤੇਜ਼ ਕਰ ਰਹੇ ਹਾਂ।’’
ਮੰਤਰੀ ਨੇ ਕਿਹਾ ਕਿ ਬਿਮਾਰੀ ਦੇ ਸਰੋਤ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਵਾਇਰਸ ਨਾਲ ਸੰਕਰਮਿਤ ਵਿਅਕਤੀ ਨੂੰ ਲੱਛਣ ਵਿਖਾ ਉਣ ’ਚ ਤਿੰਨ ਦਿਨ ਤੋਂ ਲੈ ਕੇ ਤਿੰਨ ਹਫ਼ਤੇ ਤਕ ਦਾ ਸਮਾਂ ਲੱਗ ਸਕਦਾ ਹੈ। ਲੱਛਣਾਂ ’ਚ ਬੁਖਾਰ, ਮਾਸਪੇਸ਼ੀਆਂ ’ਚ ਦਰਦ, ਦਸਤ, ਉਲਟੀਆਂ ਅਤੇ ਕੁੱਝ ਮਾਮਲਿਆਂ ’ਚ ਬਹੁਤ ਜ਼ਿਆਦਾ ਖੂਨ ਦੀ ਕਮੀ ਕਾਰਨ ਮੌਤ ਸ਼ਾਮਲ ਹਨ।