
274 ਕੰਪਨੀਆਂ ’ਤੇ ਰੂਸ ਨੂੰ ਉੱਨਤ ਟੈਕਨਾਲੋਜੀ ਮੁਹੱਈਆ ਕਰਵਾਉਣ ਦਾ ਦੋਸ਼
ਵਾਸ਼ਿੰਗਟਨ : ਅਮਰੀਕਾ ਨੇ ਬੁਧਵਾਰ ਨੂੰ ਭਾਰਤ, ਰੂਸ ਅਤੇ ਚੀਨ ਸਮੇਤ ਲਗਭਗ 15 ਦੇਸ਼ਾਂ ਦੀਆਂ 398 ਕੰਪਨੀਆਂ ’ਤੇ ਪਾਬੰਦੀਆਂ ਲਗਾਈਆਂ ਹਨ। ਉਨ੍ਹਾਂ ’ਤੇ ਯੂਕਰੇਨ ਵਿਰੁਧ ਰੂਸ ਦੇ ਜੰਗੀ ਯਤਨਾਂ ਦਾ ਸਮਰਥਨ ਕਰਨ ਵਾਲੇ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਨ ਦਾ ਦੋਸ਼ ਹੈ। ਅਮਰੀਕੀ ਖਜ਼ਾਨਾ ਅਤੇ ਵਿਦੇਸ਼ ਵਿਭਾਗਾਂ ਦੀ ਸਾਂਝੀ ਕਾਰਵਾਈ ਦਾ ਉਦੇਸ਼ ਰੂਸ ਨੂੰ ਸਮੱਗਰੀ ਸਹਾਇਤਾ ਪ੍ਰਦਾਨ ਕਰਨ ਜਾਂ ਯੂਕਰੇਨ ’ਤੇ ਹਮਲੇ ਤੋਂ ਬਾਅਦ ਲਗਾਈਆਂ ਗਈਆਂ ਪਛਮੀ ਪਾਬੰਦੀਆਂ ਤੋਂ ਬਚਣ ਵਿਚ ਮਾਸਕੋ ਦੀ ਮਦਦ ਕਰਨ ਦੇ ਦੋਸ਼ੀ ‘ਤੀਜੀ ਧਿਰ ਦੇ ਦੇਸ਼ਾਂ’ ਨੂੰ ਸਜ਼ਾ ਦੇਣਾ ਹੈ।
ਰੂਸ ਨੇ ਫ਼ਰਵਰੀ 2022 ’ਚ ਯੂਕਰੇਨ ’ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਅਮਰੀਕਾ ਦੀ ਅਗਵਾਈ ’ਚ ਕਈ ਪਛਮੀ ਦੇਸ਼ਾਂ ਨੇ ਰੂਸ ’ਤੇ ਕਈ ਤਰ੍ਹਾਂ ਦੀਆਂ ਆਰਥਕ ਪਾਬੰਦੀਆਂ ਲਗਾ ਦਿਤੀਆਂ ਹਨ। ਅਮਰੀਕੀ ਖਜ਼ਾਨਾ ਵਿਭਾਗ ਨੇ ਰੂਸ ਦੇ ਅਸਿੱਧੇ ਤੌਰ ’ਤੇ ਸਹਿਯੋਗੀ ਦੇਸ਼ਾਂ ਨਾਲ ਜੁੜੀਆਂ 398 ਕੰਪਨੀਆਂ ’ਤੇ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ’ਚੋਂ 274 ਕੰਪਨੀਆਂ ’ਤੇ ਰੂਸ ਨੂੰ ਉੱਨਤ ਟੈਕਨਾਲੋਜੀ ਮੁਹੱਈਆ ਕਰਵਾਉਣ ਦਾ ਦੋਸ਼ ਹੈ।
ਪਾਬੰਦੀ ਦੇ ਘੇਰੇ ’ਚ ਆਉਣ ਵਾਲੀਆਂ ਕੰਪਨੀਆਂ ’ਚ ਰੂਸ ਸਥਿਤ ਰੱਖਿਆ ਅਤੇ ਨਿਰਮਾਣ ਫਰਮਾਂ ਵੀ ਸ਼ਾਮਲ ਹਨ। ਇਹ ਕੰਪਨੀਆਂ ਯੂਕਰੇਨ ਵਿਰੁਧ ਵਰਤੇ ਜਾਣ ਵਾਲੇ ਹਥਿਆਰਾਂ ਨਾਲ ਜੁੜੇ ਉਤਪਾਦਾਂ ਦਾ ਉਤਪਾਦਨ ਜਾਂ ਸੋਧ ਕਰਦੀਆਂ ਹਨ। ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਵਿਭਾਗ ਨੇ ਰੂਸ ਦੇ ਰੱਖਿਆ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀਆਂ ਅਤੇ ਰੱਖਿਆ ਕੰਪਨੀਆਂ ਅਤੇ ਚੀਨ ਸਥਿਤ ਕੰਪਨੀਆਂ ਦੇ ਸਮੂਹ ’ਤੇ ਕੂਟਨੀਤਕ ਪਾਬੰਦੀਆਂ ਲਗਾਈਆਂ ਹਨ। ਇਹ ਕੰਪਨੀਆਂ ਦੋਹਰੀ ਵਰਤੋਂ ਵਾਲੇ ਰੱਖਿਆ ਉਤਪਾਦਾਂ ਦੇ ਨਿਰਯਾਤ ’ਚ ਲੱਗੀ ਹੋਈਆਂ ਹਨ।
ਅਮਰੀਕਾ ਅਤੇ ਉਸ ਦੇ ਸਹਿਯੋਗੀ ਰੂਸ ਦੀ ਜੰਗ ਮਸ਼ੀਨ ਦੀ ਸ਼ਕਤੀ ਨੂੰ ਘਟਾਉਣ ਅਤੇ ਉਨ੍ਹਾਂ ਲੋਕਾਂ ਨੂੰ ਰੋਕਣ ਲਈ ਵਚਨਬੱਧ ਹਨ ਜੋ ਪਛਮੀ ਪਾਬੰਦੀਆਂ ਅਤੇ ਨਿਰਯਾਤ ਨਿਯੰਤਰਣ ਨੂੰ ਨਜ਼ਰਅੰਦਾਜ਼ ਕਰਨ ਦੀਆਂ ਕੋਸ਼ਿਸ਼ਾਂ ਵਿਚ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦੇ ਹਨ।