
Nuclear Power Plant in Pakistan: ਪਰਮਾਣੂ ਊਰਜਾ ਰੈਗੂਲੇਟਰੀ ਏਜੰਸੀ ਨੇ ਪਰਮਾਣੂ ਪਲਾਂਟ ਬਣਾਉਣ ਲਈ ਲਾਇਸੈਂਸ ਕੀਤਾ ਜਾਰੀ
Nuclear Power Plant in Pakistan: ਪਾਕਿਸਤਾਨ ਦੀ ਪਰਮਾਣੂ ਊਰਜਾ ਰੈਗੂਲੇਟਰੀ ਏਜੰਸੀ ਨੇ ਦੇਸ਼ ਵਿਚ ਬਿਜਲੀ ਉਤਪਾਦਨ ਲਈ ਸਭ ਤੋਂ ਵੱਡ ਪਰਮਾਣੂ ਪਲਾਂਟ ਬਣਾਏ ਜਾਣ ਰਾਸਤਾ ਸਾਫ਼ ਕਰਦੇ ਹੋਏ ਲਾਇਸੈਂਸ ਜਾਰੀ ਕਰ ਦਿਤਾ ਹੈ। ਪਾਕਿਸਤਾਨ ਨਿਊਕਲੀਅਰ ਰੈਗੂਲੇਟਰੀ ਅਥਾਰਟੀ (ਪੀ.ਐਨ.ਆਰ.ਏ.) ਵਲੋਂ ਵੀਰਵਾਰ ਨੂੰ ਜਾਰੀ ਪ੍ਰੈਸ ਬਿਆਨ ਅਨੁਸਾਰ, ਪੀ.ਐਨ.ਆਰ.ਏ ਨੇ ਚਸ਼ਮਾ ਨਿਊਕਲੀਅਰ ਪਾਵਰ ਪਲਾਂਟ ਯੂਨਿਟ ਪੰਜ (ਸੀ-5) ਦੇ ਨਿਰਮਾਣ ਲਈ ਲਾਇਸੈਂਸ ਜਾਰੀ ਕੀਤਾ ਹੈ, ਜੋ 1,200 ਮੈਗਾਵਾਟ ਦੀ ਸਮਰੱਥਾ ਨਾਲ ਪਰਮਾਣੂ ਊਰਜਾ ਰਾਹੀਂ ਬਿਜਲੀ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਪਲਾਂਟ ਹੋਵੇਗਾ।
ਰਿਪੋਰਟ ਮੁਤਾਬਕ ਪਾਕਿਸਤਾਨ ਐਟਮੀ ਐਨਰਜੀ ਕਮਿਸ਼ਨ ਨੇ ਇਸ ਸਾਲ ਅਪ੍ਰੈਲ ’ਚ ਲਾਇਸੈਂਸ ਲਈ ਅਰਜ਼ੀ ਦਿਤੀ ਸੀ ਅਤੇ ਉਸ ਨੇ ਇਸ ਦੇ ਲਾਲ ਹੀ ਸ਼ੁਰੂਆਤੀ ਸੁਰੱਖਿਆ ਮੁਲਾਂਕਣ ਰਿਪੋਰਟ ਤੇ ਪਰਮਾਣੂ ਸੁਰੱਖਿਆ, ਰੇਡੀਏਸ਼ਨ ਸੁਰੱਖਿਆ, ਐਮਰਜੈਂਸੀ ਤਿਆਰੀ, ਕੂੜਾ ਪ੍ਰਬੰਧਨ ਨਾਲ ਸਬੰਧਤ ਸੰਚਾਲਨ ਪਹਿਲੂਆਂ ਅਤੇ ਡਿਜ਼ਾਈਨ ਸਬੰਧੀ ਹੋਰ ਦਸਤਾਵੇਜ਼ ਵੀ ਭੇਜੇ ਸਨ। ਪੀਐਨਆਰਏ ਦੀ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਇਹ ਲਾਇਸੈਂਸ ਸਬੰਧਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਤਹਿਤ ਰੈਗੂਲੇਟਰੀ ਆਦੇਸ਼ਾਂ ਦੀ ਪੂਰੀ ਸਮੀਖਿਆ ਤੋਂ ਬਾਅਦ ਜਾਰੀ ਕੀਤਾ ਗਿਆ ।
ਸੀ-5 ਚੀਨੀ ਹੁਆਲੋਂਗ ਡਿਜ਼ਾਈਨ ਦਾ ਤੀਜੀ ਪੀੜ੍ਹੀ ਦਾ ਐਡਵਾਂਸ ਪ੍ਰੈਸ਼ਰਾਈਜ਼ਡ ਵਾਟਰ ਰਿਐਕਟਰ ਹੈ। ਇਸ ਨੂੰ ਪਹਿਲਾਂ ਹੀ ਰਾਸ਼ਟਰੀ ਆਰਥਕ ਪ੍ਰੀਸ਼ਦ ਦੀ ਕਾਰਜਕਾਰੀ ਕਮੇਟੀ ਦੁਆਰਾ ਮਨਜ਼ੂਰੀ ਦਿਤੀ ਜਾ ਚੁਕੀ ਹੈ ਅਤੇ ਇਸ ਦਾ ਨਿਰਮਾਣ 3.7 ਅਰਬ ਡਾਲਰ ਦੀ ਲਾਗਤ ਨਾਲ ਕੀਤਾ ਜਾਵੇਗਾ।