
ਚਾਰ ਸਾਲ ਪਹਿਲਾਂ ਲਾਪਤਾ ਮਲੇਸ਼ੀਆਈ ਜਹਾਜ਼ ਐਮ.ਐਚ.370 ਦੀ ਜਾਂਚ ਬਾਰੇ ਇਕ ਰੀਪੋਰਟ ਸੋਮਵਾਰ ਨੂੰ ਜਾਰੀ ਕੀਤੀ ਗਈ...............
ਕੁਆਲਾਲੰਪੁਰ : ਚਾਰ ਸਾਲ ਪਹਿਲਾਂ ਲਾਪਤਾ ਮਲੇਸ਼ੀਆਈ ਜਹਾਜ਼ ਐਮ.ਐਚ.370 ਦੀ ਜਾਂਚ ਬਾਰੇ ਇਕ ਰੀਪੋਰਟ ਸੋਮਵਾਰ ਨੂੰ ਜਾਰੀ ਕੀਤੀ ਗਈ। ਇਸ 'ਚ ਕਿਹਾ ਗਿਆ ਹੈ ਕਿ ਬੋਹਿੰਗ 777 ਦੇ ਕੰਟਰੋਲ ਨਾਲ ਜਾਣਬੁੱਝ ਕੇ ਛੇੜਛਾੜ ਕੀਤੀ ਗਈ ਸੀ। ਪਰ ਹੁਣ ਤਕ ਇਹ ਪਤਾ ਨਹੀਂ ਲੱਗਾ ਹੈ ਕਿ ਇਸ ਲਈ ਕੌਣ ਜ਼ਿੰਮੇਵਾਰ ਸੀ। ਲਿਹਾਜ਼ਾ ਰਹੱਸਮਈ ਤਰੀਕੇ ਨਾਲ ਗ਼ਾਇਬ ਹੋਏ ਜਹਾਜ਼ ਦੀ ਭਾਲ ਇਕ ਵਾਰ ਫਿਰ ਅਸਫਲ ਰਹੀ। ਜਹਾਜ਼ ਬਾਰੇ ਅਜੇ ਤਕ ਕੋਈ ਸੁਰਾਗ਼ ਨਹੀਂ ਮਿਲਿਆ ਹੈ।
ਬੋਰਡ ਏਅਰਲਾਈਨਜ਼ ਦੀ ਫ਼ਲਾਈਟ ਐਮ.ਐਚ. 370 ਵਿਚ ਲਾਪਤਾ ਯਾਤਰੀਆਂ ਦੇ ਪਰਵਾਰਾਂ ਨੇ ਕਿਹਾ ਕਿ
ਉਨ੍ਹਾਂ ਨੂੰ ਜਹਾਜ਼ ਦੇ ਗ਼ਾਇਬ ਹੋਣ ਦੀ ਜੋ ਰੀਪੋਰਟ ਦਿਤੀ ਗਈ ਹੈ, ਉਸ ਵਿਚ ਕੋਈ ਵੀ ਨਵੀਂ ਜਾਣਕਾਰੀ ਨਹੀਂ ਹੈ। ਇਹ ਰੀਪੋਰਟ ਨਿੱਜੀ ਕੰਪਨੀ ਦੇ ਜਹਾਜ਼ ਲੱਭਣ ਦੇ ਦੋ ਮਹੀਨੇ ਬਾਅਦ ਆਈ ਹੈ। ਇਹ ਜਹਾਜ਼ 8 ਮਾਰਚ 2014 ਨੂੰ 239 ਲੋਕਾਂ ਨੂੰ ਲੈ ਕੇ ਕੁਆਲਾਲੰਪੁਰ ਤੋਂ ਬੀਜਿੰਗ ਜਾਂਦੇ ਹੋਏ ਅਚਾਨਕ ਲਾਪਤਾ ਹੋ ਗਿਆ ਸੀ। ਲਾਪਤਾ ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਾਰੀ ਕੀਤੀ ਗਈ ਰੀਪੋਰਟ ਵਿਚ ਬਹੁਤ ਸਾਰੀਆਂ ਗ਼ਲਤੀਆਂ ਹਨ। ਇਨ੍ਹਾਂ 'ਚ ਪ੍ਰੋਟੋਕਾਲ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਨ੍ਹਾਂ ਗਲਤੀਆਂ ਨੂੰ ਦੁਹਰਾਇਆ ਨਹੀਂ ਜਾਵੇਗਾ
ਅਤੇ ਭਵਿੱਖ 'ਚ ਉਨ੍ਹਾਂ ਨੂੰ ਰੋਕਣ ਲਈ ਉਪਾਅ ਕੀਤੇ ਜਾਣਗੇ। ਮਲੇਸ਼ੀਆ ਨੇ 29 ਮਈ ਨੂੰ ਜਹਾਜ਼ ਦੀ ਭਾਲ ਕਰਨ ਦਾ ਜ਼ਿੰਮਾ ਅਮਰੀਕੀ ਫਰਮ ਓਸ਼ਨ ਇਨਫੀਨਿਟੀ ਨੂੰ ਦਿਤਾ ਸੀ। ਫਰਮ ਨੇ ਹਿੰਦ ਮਹਾਸਾਗਰ ਵਿਚ 1,12,000 ਵਰਗ ਕਿਲੋਮੀਟਰ ਤਕ ਜਹਾਜ਼ ਦੀ ਭਾਲ ਕੀਤੀ, ਪਰ ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ। ਆਸਟ੍ਰੇਲੀਆ, ਚੀਨ ਅਤੇ ਮਲੇਸ਼ੀਆ ਤੋਂ ਬਾਅਦ ਜਹਾਜ਼ ਦੀ ਇਹ ਦੂਜੀ ਵੱਡੀ ਖੋਜ ਸੀ। ਇਸ ਖੋਜ 'ਤੇ 147 ਮਿਲੀਅਨ ਡਾਲਰ ਖਰਚ ਕੀਤੇ ਗਏ ਸਨ। (ਏਜੰਸੀ)