
Iran News: ਖਾਮੇਨੀ ਨੇ ਹਮਾਸ ਮੁਖੀ ਦੇ ਕਤਲ ਦਾ ਇਜ਼ਰਾਈਲ ਤੋਂ ਬਦਲਾ ਲੈਣ ਦਾ ਵਾਅਦਾ ਕੀਤਾ
Iran News: ਈਰਾਨ ਦੇ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਹੋਣ ਲਈ ਗਏ ਫ਼ਲਸਤੀਨੀ ਅਤਿਵਾਦੀ ਸਮੂਹ ਹਮਾਸ ਦੇ ਮੁਖੀ ਇਸਮਾਈਲ ਹਨੀਯੇਹ ਦਾ ਤੇਹਰਾਨ ’ਚ ਕਤਲ ਕਰ ਦਿਤਾ ਗਿਆ। ਈਰਾਨ ਅਤੇ ਹਮਾਸ ਨੇ ਬੁਧਵਾਰ ਤੜਕੇ ਇਹ ਜਾਣਕਾਰੀ ਦਿਤੀ।
ਹਮਾਸ ਨੇ ਅਪਣੇ ਸਿਆਸੀ ਬਿਊਰੋ ਮੁਖੀ ਦੀ ਮੌਤ ਲਈ ਇਜ਼ਰਾਈਲ ਦੇ ਹਵਾਈ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਦਕਿ ਈਰਾਨ ਦੇ ਨੀਮਫ਼ੌਜੀ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਉਹ ਹਨੀਯੇਹ ਦੇ ਕਤਲ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਇਹ ਨਹੀਂ ਦਸਿਆ ਕਿ ਕਤਲ ਕਿਵੇਂ ਹੋਇਆ ਅਤੇ ਹਨੀਯੇਹ ਨੂੰ ਕਿਸ ਨੇ ਮਾਰਿਆ।
ਅਜੇ ਕਿਸੇ ਨੇ ਵੀ ਇਸ ਕਤਲ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਸ਼ੱਕ ਹੈ ਕਿ ਇਜ਼ਰਾਈਲ ਨੇ 7 ਅਕਤੂਬਰ ਨੂੰ ਦੇਸ਼ ’ਤੇ ਅਚਾਨਕ ਹੋਏ ਹਮਲੇ ਨੂੰ ਲੈ ਕੇ ਹਨੀਯੇਹ ਅਤੇ ਹਮਾਸ ਦੇ ਵੱਖ-ਵੱਖ ਕਮਾਂਡਰਾਂ ਨੂੰ ਮਾਰਨ ਦੀ ਸਹੁੰ ਖਾਧੀ ਸੀ। ਇਜ਼ਰਾਈਲ ਨੇ ਅਜੇ ਤਕ ਕੋਈ ਟਿਪਣੀ ਨਹੀਂ ਕੀਤੀ ਹੈ।
ਉਧਰ ਬੈਰੂਤ ’ਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੀ ਨੇ ਬੁਧਵਾਰ ਨੂੰ ਹਮਾਸ ਨੇਤਾ ਇਸਮਾਈਲ ਹਨੀਆ ਦੀ ਮੌਤ ਦਾ ਬਦਲਾ ਇਜ਼ਰਾਈਲ ਤੋਂ ਲੈਣ ਦਾ ਸੰਕਲਪ ਲਿਆ। ਖਾਮੇਨੀ ਨੇ ਕਿਹਾ ਕਿ ਈਰਾਨ ਦੀ ਰਾਜਧਾਨੀ ਤਹਿਰਾਨ ’ਚ ਤੜਕੇ ਹੋਏ ਹਵਾਈ ਹਮਲੇ ’ਚ ਇਸਮਾਈਲ ਹਨੀਆ ਦੇ ਮਾਰੇ ਜਾਣ ਤੋਂ ਬਾਅਦ ਇਜ਼ਰਾਈਲ ਨੇ ਸਖਤ ਸਜ਼ਾ ਦੀ ਤਿਆਰੀ ਕੀਤੀ ਹੈ। ਉਨ੍ਹਾਂ ਨੇ ਅਪਣੀ ਅਧਿਕਾਰਤ ਵੈੱਬਸਾਈਟ ’ਤੇ ਇਕ ਬਿਆਨ ’ਚ ਕਿਹਾ, ‘‘ਇਸ ਦਾ ਬਦਲਾ ਲੈਣਾ ਸਾਡਾ ਫਰਜ਼ ਹੈ। ਹਨੀਯੇਹ ਸਾਡੀ ਧਰਤੀ ’ਤੇ ਇਕ ਪਿਆਰਾ ਮਹਿਮਾਨ ਸੀ।’’
ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਵੀ ਹਨੀਯੇਹ ਦੇ ਕਤਲ ਦੀ ਨਿੰਦਾ ਕੀਤੀ। ਪੇਜੇਸ਼ਕਿਆਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਦਾ ਦੇਸ਼ ਅਪਣੀ ਖੇਤਰੀ ਅਖੰਡਤਾ ਦੀ ਰੱਖਿਆ ਕਰੇਗਾ ਅਤੇ ਜ਼ਿੰਮੇਵਾਰ ਲੋਕਾਂ (ਹਨੀਹ ਦੀ ਮੌਤ ਲਈ) ਨੂੰ ਢੁਕਵਾਂ ਜਵਾਬ ਦੇਵੇਗਾ ਕਿ ਉਨ੍ਹਾਂ ਨੂੰ ਅਪਣੇ ਕੀਤੇ ’ਤੇ ਪਛਤਾਵਾ ਹੋਵੇਗਾ।
ਹਮਾਸ ਨੇ ਕਿਹਾ ਕਿ ਹਨੀਯੇਹ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕਯਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਸਮੂਹ ਅਤੇ ਹੋਰ ਹਿਜ਼ਬੁੱਲਾ ਅਤੇ ਸਹਿਯੋਗੀ ਸਮੂਹਾਂ ਦੇ ਹੋਰ ਅਧਿਕਾਰੀਆਂ ਨਾਲ ਤਹਿਰਾਨ ਵਿਚ ਸਨ। ਉਨ੍ਹਾਂ ਕਿਹਾ ਕਿ ਹਨੀਯੇਹ ਤਹਿਰਾਨ ਵਿਚ ਅਪਣੀ ਰਿਹਾਇਸ਼ ’ਤੇ ਯਹੂਦੀ ਹਵਾਈ ਹਮਲੇ ਵਿਚ ਮਾਰਿਆ ਗਿਆ ਸੀ।
ਹਮਾਸ ਨੇ ਇਕ ਬਿਆਨ ਵਿਚ ਕਿਹਾ, ‘‘ਹਮਾਸ ਫਲਸਤੀਨ ਦੇ ਮਹਾਨ ਲੋਕਾਂ, ਅਰਬ ਅਤੇ ਇਸਲਾਮਿਕ ਦੇਸ਼ਾਂ ਦੇ ਸਾਰੇ ਆਜ਼ਾਦ ਲੋਕਾਂ ਲਈ ਭਰਾ ਇਸਮਾਈਲ ਹਨੀਯੇਹ ਨੂੰ ਸ਼ਹੀਦ ਐਲਾਨ ਕਰਦਾ ਹੈ।’’ ਹਮਾਸ ਦੇ ਅਧਿਕਾਰੀਆਂ ਨੇ ਤੁਰਤ ਕਿਸੇ ਹੋਰ ਟਿਪਣੀ ਦਾ ਜਵਾਬ ਨਹੀਂ ਦਿਤਾ।
ਵੈਸਟ ਬੈਂਕ ’ਚ ਫ਼ਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਹਨੀਯੇਹ ਦੇ ਕਤਲ ਦੀ ਨਿੰਦਾ ਕੀਤੀ ਅਤੇ ਇਸ ਨੂੰ ‘ਕਾਇਰਾਨਾ ਕਾਰਵਾਈ ਅਤੇ ਖਤਰਨਾਕ ਘਟਨਾ’ ਕਰਾਰ ਦਿਤਾ।
ਹਨੀਯੇਹ ਨੇ 2019 ਵਿਚ ਗਾਜ਼ਾ ਪੱਟੀ ਛੱਡ ਦਿਤੀ ਸੀ ਅਤੇ ਕਤਰ ਵਿਚ ਜਲਾਵਤਨ ਵਿਚ ਰਹਿ ਰਹੇ ਸਨ। ਗਾਜ਼ਾ ਵਿਚ ਹਮਾਸ ਦੇ ਚੋਟੀ ਦੇ ਨੇਤਾ ਯੇਹਯਾ ਸਿਨਵਰ ਹੈ, ਜਿਸ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲੇ ਦੀ ਸਾਜ਼ਸ਼ ਰਚੀ ਸੀ। ਇਸ ਹਮਲੇ ’ਚ 1200 ਲੋਕ ਮਾਰੇ ਗਏ ਸਨ ਅਤੇ ਕਰੀਬ 250 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ।
ਅਪ੍ਰੈਲ ਵਿਚ ਗਾਜ਼ਾ ’ਤੇ ਇਜ਼ਰਾਈਲ ਦੇ ਹਵਾਈ ਹਮਲੇ ਵਿਚ ਹਨੀਯੇਹ ਦੇ ਤਿੰਨ ਪੁੱਤਰ ਅਤੇ ਚਾਰ ਪੋਤੇ-ਪੋਤੀਆਂ ਮਾਰੇ ਗਏ ਸਨ।
ਹਨੀਯੇਹ ਦੀ ਮੌਤ ਉਸ ਸਮੇਂ ਹੋਈ ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਪ੍ਰਸ਼ਾਸਨ ਹਮਾਸ ਅਤੇ ਇਜ਼ਰਾਈਲ ਨੂੰ ਅਸਥਾਈ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਸਮਝੌਤੇ ’ਤੇ ਸਹਿਮਤ ਹੋਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵ੍ਹਾਈਟ ਹਾਊਸ ਨੇ ਹਾਨੀਯੇਹ ਦੇ ਕਤਲ ’ਤੇ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ।
ਇਸ ਦੌਰਾਨ ਇਰਾਕ ਦੀ ‘ਪਾਪੂਲਰ ਮੋਬਿਲਾਈਜ਼ੇਸ਼ਨ ਫੋਰਸ’ ਨੇ ਕਿਹਾ ਕਿ ਦੱਖਣ-ਪਛਮੀ ਬਗਦਾਦ ਦੇ ਇਕ ਅੱਡੇ ’ਤੇ ਮੰਗਲਵਾਰ ਰਾਤ ਨੂੰ ਹੋਏ ਹਮਲੇ ’ਚ ਕਤਾਇਬ ਹਿਜ਼ਬੁੱਲਾ ਮਿਲੀਸ਼ੀਆ ਦੇ ਚਾਰ ਮੈਂਬਰ ਮਾਰੇ ਗਏ। ਪਾਪੂਲਰ ਮੋਬਿਲਾਈਜ਼ੇਸ਼ਨ ਫੋਰਸ ਈਰਾਨ ਦੀ ਹਮਾਇਤ ਪ੍ਰਾਪਤ ਮਿਲੀਸ਼ੀਆ ਦਾ ਗਠਜੋੜ ਹੈ। ਸਮੂਹ ਨੇ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।