
ਕੱਟੜਪੰਥੀ ਜਮੀਅਤ ਉਲੇਮਾ-ਏ-ਇਸਲਾਮ ਪਾਰਟੀ ਦੇ ਨੇਤਾ ਰਹਿਮਤ ਸਲਾਮ ਖੱਟਕ ਨੂੰ ਵੀ ਕੀਤਾ ਗਿ੍ਰਫ਼ਤਾਰ
ਪੇਸ਼ਾਵਰ : ਪਛਮੀ-ਉਤਰੀ ਪਾਕਿਸਤਾਨ ਦੇ ਇਕ ਹਿੰਦੂ ਮੰਦਰ ਦੀ ਮੁਰੰਮਤ ਦੇ ਕੰਮ ਦਾ ਵਿਰੋਧ ਕਰ ਰਹੇ ਲੋਕਾਂ ਨੇ ਬੀਤੇ ਦਿਨ ਮੰਦਰ ਵਿਚ ਭੰਨ-ਤੋੜ ਕੀਤੀ। ਜਿਸ ਦੇ ਬਾਅਦ ਪੁਲਿਸ ਨੇ ਦੇਸ਼ ਦੀ ਇਕ ਕੱਟੜਵਾਦੀ ਇਸਲਾਮੀ ਪਾਰਟੀ ਦੇ 26 ਮੈਂਬਰਾਂ ਨੂੰ ਇਸ ਮਾਮਲੇ ਵਿਚ ਗਿ੍ਰਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਰਹਿਮਤੁੱਲਾ ਖ਼ਾਨ ਨੇ ਪੀ.ਟੀ.ਆਈ. ਨੂੰ ਦਸਿਆ ਕਿ ਖੈਬਰ ਪਖਤੂਨਖਵਾ ਵਿਚ ਕਰਕ ਜ਼ਿਲ੍ਹੇ ਦੇ ਟੇਰੀ ਪਿੰਡ ਵਿਚ ਮੰਦਰ ’ਤੇ ਹਮਲੇ ਦੇ ਬਾਅਦ ਕੱਟੜਪੰਥੀ ਜਮੀਅਤ ਉਲੇਮਾ-ਏ-ਇਸਲਾਮ ਪਾਰਟੀ ਦੇ ਨੇਤਾ ਰਹਿਮਤ ਸਲਾਮ ਖੱਟਕ ਸਮੇਤ 26 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।
File Photo
ਜਮੀਅਤ ਉਲੇਮਾ-ਏ-ਇਸਲਾਮ ਪਾਰਟੀ (ਫਜਸ ਉਰ ਰਹਿਮਾਨ ਸਮੂਹ) ਦੇ ਸਮਰਥਕਾਂ ਦੀ ਅਗਵਾਈ ਵਾਲੀ ਭੀੜ ਨੇ ਮੰਦਰ ਦੇ ਵਿਸਥਾਰ ਕੰਮ ਦਾ ਵਿਰੋਧ ਕੀਤਾ ਅਤੇ ਮੰਦਰ ਦੇ ਪੁਰਾਣੇ ਢਾਂਚੇ ਦੇ ਨਾਲ-ਨਾਲ ਨਵੀਂ ਉਸਾਰੀ ਦੇ ਕੰਮ ਨੂੰ ਵੀ ਢਹਿ ਢੇਰੀ ਕਰ ਦਿਤਾ। ਕਰਕ ਵਿਚ ਹੋਈ ਇਸ ਘਟਨਾ ਦੀ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਘੱਟ ਗਿਣਤੀ ਹਿੰਦੂ ਭਾਈਚਾਰੇ ਨੇ ਨਿੰਦਾ ਕੀਤੀ ਹੈ। ਪਾਕਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੇ ਲਈ ਸੰਘੀ ਸੰਸਦੀ ਸਕੱਤਰ ਲਾਲ ਚੰਦ ਮਲਹੀ ਨੇ ਇਸ ਹਮਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਕੁੱਝ ਲੋਕ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਅਸਮਾਜਕ ਗਤੀਵਿਧੀਆਂ ਕਰ ਰਹੇ ਹਨ, ਜਿਹਨਾਂ ਨੂੰ ਸਰਕਾਰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗੀ।
File Photo
ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਮੰਦਰ ’ਤੇ ਹਮਲੇ ਨੂੰ ਇਕ ਮੰਦਭਾਗੀ ਘਟਨਾ ਦਸਿਆ ਅਤੇ ਇਸ ਵਿਚ ਸ਼ਾਮਲ ਲੋਕਾਂ ਦੀ ਤੁਰੰਤ ਗਿ੍ਰਫ਼ਤਾਰੀ ਦੇ ਆਦੇਸ਼ ਦਿਤੇ। ਖ਼ਾਨ ਨੇ ਪੂਜਾ ਸਥਲਾਂ ਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਰਖਿਆ ਕੀਤੇ ਜਾਣ ਦਾ ਸੰਕਲਪ ਲਿਆ। ਹਿੰਦੂ ਭਾਈਚਾਰੇ ਦੇ ਪੇਸ਼ਾਵਰ ਦੇ ਨੇਤਾ ਹਾਰੂਨ ਸਰਬ ਦਿਆਲ ਨੇ ਕਿਹਾ ਕਿ ਇਸ ਮੰਦਰ ਕੰਪਲੈਕਸ ਵਿਚ ਇਕ ਹਿੰਦੂ ਧਾਰਮਕ ਨੇਤਾ ਦੀ ਸਮਾਧੀ ਹੈ ਅਤੇ ਦੇਸ਼ ਦੇ ਹਿੰਦੂ ਪਰਵਾਰ ਹਰੇਕ ਵੀਰਵਾਰ ਨੂੰ ਇਸ ਸਮਾਧੀ ’ਤੇ ਆਉਂਦੇ ਹਨ। ਉਹਨਾਂ ਕਿਹਾ ਕਿ ਇਸ ਘਟਨਾ ਨੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਹੈ ਅਤੇ ਇਸਲਾਮਿਕ ਵਿਚਾਰਧਾਰਾ ਪਰੀਸ਼ਦ ਨੂੰ ਇਸ ਬਾਰੇ ਨੋਟਿਸ ਲੈਣਾ ਚਾਹੀਦਾ ਹੈ।
file photo
ਦਿਆਲ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਧਾਰਮਕ ਸਥਲਾਂ ’ਤੇ ਟੂਰਿਜ਼ਮ ਨੂੰ ਵਧਾਵਾ ਦੇਣ ਦੀ ਗੱਲ ਕਰਦੇ ਹਨ ਪਰ ਦੇਸ਼ ਵਿਚ ਘੱਟ ਗਿਣਤੀਆਂ ਦੇ ਪੂਜਾ ਸਥਲ ਸੁਰੱਖਿਅਤ ਨਹੀਂ ਹਨ। ਹਿੰਦੂ ਭਾਈਚਾਰਾ ਪਾਕਿਸਤਾਨ ਦਾ ਸੱਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹੈ। ਅਧਿਕਾਰਤ ਅਨੁਮਾਨ ਦੇ ਮੁਤਾਬਕ, ਪਾਕਿਸਤਾਨ ਵਿਚ 75 ਲੱਖ ਹਿੰਦੂ ਰਹਿੰਦੇ ਹਨ ਪਰ ਭਾਈਚਾਰੇ ਦਾ ਕਹਿਣਾ ਹੈ ਕਿ ਦੇਸ਼ ਵਿਚ 90 ਲੱਖ ਤੋਂ ਵੱਧ ਹਿੰਦੂ ਰਹਿ ਰਹੇ ਹਨ। ਪਾਕਿਸਤਾਨ ਵਿਚ ਹਿੰਦੂਆਂ ਦੀ ਜ਼ਿਆਦਾਤਰ ਆਬਾਦੀ ਸਿੰਧ ਸੂਬੇ ਵਿਚ ਰਹਿੰਦੀ ਹੈ। ਇਹ ਕੱਟੜਪੰਥੀਆਂ ਦੁਆਰਾ ਪਰੇਸ਼ਾਨ ਕੀਤੇ ਜਾਣ ਦੀਆਂ ਅਕਸਰ ਸ਼ਿਕਾਇਤਾਂ ਕਰਦੇ ਹਨ।