
ਕੇਂਦਰ ਸਰਕਾਰ ਨੂੰ ਅਪਣੀਆਂ ਪਿਛਲੀਆਂ ਕਾਮਯਾਬੀਆਂ ਵੇਖ ਕੇ, ਸਥਿਤੀ ਨੂੰ ਸਮਝਣ ਵਿਚ ਕਿਤੇ ਗ਼ਲਤੀ ਲੱਗ ਗਈ ਲਗਦੀ ਹੈ।
'ਚਲੋ ਦਿਲੀ' ਮੋਰਚੇ ਬਾਰੇ ਪਹਿਲਾਂ ਹੀ ਪਤਾ ਸੀ ਕਿ ਕੇਂਦਰ ਸਰਕਾਰ ਨੇ ਇਸ ਨੂੰ ਫ਼ੇਲ੍ਹ ਕਰਨ ਲਈ ਕਈ ਅੜਚਨਾਂ ਡਾਹੁਣੀਆਂ ਹਨ ਤੇ ਇਹ ਵੀ ਪਤਾ ਸੀ ਕਿ ਸਾਡਾ ਕਿਸਾਨ ਹਿੰਮਤੀ ਹੈ ਤੇ ਡਰਨ ਵਾਲਾ ਨਹੀਂ ਪਰ ਨਾ ਹੀ ਇਹ ਸੋਚਿਆ ਸੀ ਕਿ ਕਿਸਾਨ ਲੱਖਾਂ ਦੀ ਗਿਣਤੀ ਵਿਚ ਦਿੱਲੀ ਪਹੁੰਚ ਜਾਣਗੇ ਤੇ ਨਾ ਹੀ ਇਹ ਸੋਚਿਆ ਸੀ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ, ਹਰਿਆਣਾ ਸਰਕਾਰ, ਰੁਕਾਵਟਾਂ ਖੜੀਆਂ ਕਰੇਗੀ।
Farmer Protest
ਅਥਰੂ ਗੈਸ, ਪਾਣੀ ਦੀਆਂ ਤੋਪਾਂ ਜਦ ਕਿਸਾਨਾਂ ਦਾ ਹੌਸਲਾ ਪਸਤ ਕਰਨ ਵਿਚ ਨਾਕਾਮ ਰਹੀਆਂ ਤਾਂ ਪੁਲਿਸ ਰਾਹੀਂ ਸੜਕਾਂ ਪੁਟਵਾਉਣੀਆਂ ਸ਼ੁਰੂ ਕਰ ਦਿਤੀਆਂ। ਦਿੱਲੀ ਜਾਣ ਦੇ ਰਸਤੇ ਨੂੰ ਡੂੰਘੇ ਟੋਇਆਂ ਦਾ ਰੂਪ ਦੇ ਕੇ ਕਿਸਾਨਾਂ ਦੇ ਟਰੈਕਟਰਾਂ ਵਾਸਤੇ ਅੱਗੇ ਵਧਣਾ ਔਖਾ ਬਣਾ ਦਿਤਾ ਗਿਆ ਪਰ ਸਰਕਾਰ ਨੇ ਇਹ ਨਾ ਸੋਚਿਆ ਕਿ ਜਨਤਾ ਤੋਂ ਇਕੱਠੇ ਕੀਤੇ ਟੈਕਸ ਦੇ ਪੈਸੇ ਨੂੰ ਇਸ ਤਰ੍ਹਾਂ ਬਰਬਾਦ ਕਰਨਾ ਵੀ ਗ਼ੈਰ-ਕਾਨੂੰਨੀ ਕੰਮ ਸੀ।
Farmer Protest
ਪਰ ਜਿੰਨੀਆਂ ਅੜਚਨਾਂ ਖੱਟਰ ਸਰਕਾਰ ਨੇ ਪਾਈਆਂ, ਓਨੀ ਹੀ ਜ਼ਿਆਦਾ ਹਿੰਮਤ ਕਿਸਾਨਾਂ ਨੇ ਵਿਖਾਈ। 26 ਦੀ ਰਾਤ ਨੂੰ ਕਿਸਾਨ ਸੁੱਤਾ ਹੀ ਨਾ। ਜਦ ਇਸ ਕੜਕਦੀ ਠੰਢ ਵਿਚ ਸੱਭ ਅਪਣੀਆਂ ਰਜ਼ਾਈਆਂ ਵਿਚ ਬੈਠੇ ਸਨ, ਸੰਘਰਸ਼ ਲਈ ਨਿਕਲਿਆ ਕਿਸਾਨ ਕਹੀਆਂ ਨਾਲ ਸੜਕਾਂ ਦੇ ਪੁੱਟੇ ਹੋਏ ਟੋਏ ਭਰ ਰਿਹਾ ਸੀ। ਹਰ ਸਰਹੱਦ ਤੇ ਖੱਟਰ ਸਰਕਾਰ ਦੀ ਪੁਲਿਸ ਮਸ਼ੀਨਾਂ ਨਾਲ ਨਵੇਂ ਟੋਏ ਪੁਟਦੀ ਗਈ ਤੇ ਕਿਸਾਨ ਸ਼ਾਂਤੀ ਨਾਲ ਇਕ ਇਕ ਕਰ ਕੇ ਭਰਦੇ ਗਏ। ਜਿਉਂ-ਜਿਉਂ ਪੰਜਾਬੀ ਕਿਸਾਨ ਦਿੱਲੀ ਵਲ ਨੂੰ ਵਧਦੇ ਗਏ, ਹਰਿਆਣਾ ਦੇ ਕਿਸਾਨ ਤੇ ਆਮ ਲੋਕ ਉਨ੍ਹਾਂ ਨਾਲ ਆ ਖੜੇ ਹੁੰਦੇ ਗਏ।
Delhi March
ਪੰਜਾਬ ਦੇ ਕਿਸਾਨ ਭਾਵੇਂ ਅਪਣੇ ਨਾਲ ਰਾਸ਼ਨ ਲੈ ਕੇ ਤੁਰੇ ਸਨ ਪਰ ਹਰਿਆਣਾ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਲੰਗਰ ਦੀ ਤੋਟ ਮਹਿਸੂਸ ਹੀ ਨਾ ਹੋਣ ਦਿਤੀ। ਉਹ ਲੋਕ ਜੋ ਸੋਚ ਰਹੇ ਸਨ ਕਿ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਕਾਂਗਰਸ ਨੇ ਭੜਕਾਇਆ ਹੈ, ਅੱਜ ਹਰਿਆਣਾ, ਬਿਹਾਰ, ਮੱਧ ਪ੍ਰਦੇਸ਼, ਯੂ.ਪੀ. ਤੋਂ ਆਉਂਦੇ ਕਿਸਾਨਾਂ ਨੂੰ ਵੇਖ ਕੇ ਸਮਝ ਲੈਣ ਕਿ ਇਹ ਮੋਰਚਾ ਸਿਆਸੀ ਮੋਰਚਾ ਨਹੀਂ, ਕਿਸਾਨ ਮੋਰਚਾ ਹੈ।
Delhi March
ਕੇਂਦਰ ਸਰਕਾਰ ਨੂੰ ਅਪਣੀਆਂ ਪਿਛਲੀਆਂ ਕਾਮਯਾਬੀਆਂ ਵੇਖ ਕੇ, ਸਥਿਤੀ ਨੂੰ ਸਮਝਣ ਵਿਚ ਕਿਤੇ ਗ਼ਲਤੀ ਲੱਗ ਗਈ ਲਗਦੀ ਹੈ। ਉਨ੍ਹਾਂ ਸੋਚਿਆ ਹੋਵੇਗਾ ਕਿ ਕਿਸਾਨ ਵੀ ਬਾਕੀਆਂ ਦੀ ਤਰ੍ਹਾਂ ਸਾਡੇ ਸਾਹਮਣੇ ਹਾਰ ਜਾਣਗੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਹੁਣ ਕਿਸਾਨ ਦਿੱਲੀ ਪਹੁੰਚ ਗਏ ਹਨ। ਉਥੇ ਪੁਲਿਸ ਨੇ ਦਿੱਲੀ ਸਰਕਾਰ ਤੋਂ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਕੇ ਖੇਡ ਸਟੇਡੀਅਮ ਵਿਚ ਰੱਖਣ ਲਈ ਆਗਿਆ ਮੰਗੀ ਸੀ ਪਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿਤਾ ਤੇ ਕਹਿ ਦਿਤਾ ਕਿ ਉਹ ਦਿੱਲੀ ਪੁਲਿਸ ਨੂੰ ਖੇਡ ਸਟੇਡੀਅਮ ਨਹੀਂ ਦੇਵੇਗੀ। ਇਸ ਦੇ ਨਾਲ ਹੀ ਦਿੱਲੀ ਸਰਕਾਰ ਤੇ ਪੁਲਿਸ ਨੇ ਕਿਸਾਨਾਂ ਦੇ ਠਹਿਰਨ ਅਤੇ ਰੋਸ ਪ੍ਰਗਟਾਉਣ ਲਈ ਬੁਰਾੜੀ ਤੇ ਨਿਰੰਕਾਰੀ ਮੈਦਾਨ ਵਿਚ ਪ੍ਰਬੰਧ ਕਰ ਦਿਤਾ ਹੈ।
Narendra Modi
ਇਸ ਤੋਂ ਪਹਿਲਾਂ ਵੀ 26 ਦੀ ਰਾਤ ਨੂੰ ਦਿੱਲੀ ਪਹੁੰਚੇ ਕੁੱਝ ਕਿਸਾਨਾਂ ਨੂੰ ਖੁਲ੍ਹੇ ਮੈਦਾਨ ਵਿਚ ਹਿਰਾਸਤ ਵਿਚ ਰਖਿਆ ਗਿਆ ਸੀ। ਇਨ੍ਹਾਂ ਵਿਚ ਇਕ 12 ਸਾਲ ਦਾ ਬੱਚਾ ਵੀ ਸੀ। ਉਸ ਬੱਚੇ ਨੂੰ ਨੰਗੇ ਪੈਰੀਂ ਗੱਡੀ ਵਿਚੋਂ ਕੱਢ ਕੇ ਹਿਰਾਸਤ ਵਿਚ ਰਖਿਆ ਤੇ ਸਾਰੀ ਰਾਤ ਰਜਾਈ, ਕੰਬਲ ਜਾਂ ਇਕ ਚਾਹ ਦਾ ਕੱਪ ਵੀ ਪੀਣ ਲਈ ਨਾ ਦਿਤਾ ਗਿਆ। ਜੇ ਇਸੇ ਤਰ੍ਹਾਂ ਆਮ ਕਿਸਾਨ ਨੂੰ ਜੇਲਾਂ ਵਿਚ ਡੱਕਣ ਦੀ ਹਦਾਇਤ ਹੈ ਤਾਂ ਤਿੰਨ ਤਰੀਕ ਦੀ ਮੀਟਿੰਗ ਤੋਂ ਅਜੇ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ।
Farmers Protest
'ਚਲੋ ਦਿੱਲੀ' ਤੋਂ ਪਹਿਲਾਂ ਇਕ ਹੋਰ ਨਾਅਰਾ ਵੀ ਲਗਾਇਆ ਗਿਆ, 'ਚਲੋ ਪੰਜਾਬ'। ਇਹ ਨਾਹਰਾ ਭਾਜਪਾ ਨੇ ਲਗਾਇਆ ਸੀ, ਅਕਾਲੀ ਦਲ ਨਾਲ ਭਾਈਵਾਲੀ ਟੁੱਟਣ ਤੋਂ ਬਾਅਦ। ਪੰਜਾਬ ਵਿਚ ਭਾਜਪਾ ਨੇ ਅਪਣਾ ਕੰਮ ਵੀ ਤੇਜ਼ ਕਰ ਦਿਤਾ ਹੈ ਪਰ ਜਿਸ ਤਰ੍ਹਾਂ ਕੇਂਦਰ ਵਿਚ ਪੰਜਾਬ ਦੀ ਆਵਾਜ਼ ਅਣਸੁਣੀ ਕੀਤੀ ਜਾ ਰਹੀ ਹੈ, ਸਾਫ਼ ਹੈ ਕਿ ਪੰਜਾਬ ਭਾਜਪਾ ਅਜੇ ਵੀ ਹੋਸ਼ ਵਿਚ ਨਹੀਂ ਆਈ। ਹਰਦਮ ਪੰਜਾਬ ਸਰਕਾਰ ਤੇ ਇਲਜ਼ਾਮ ਲਗਦਾ ਸੀ ਕਿ ਉਹ ਦਿੱਲੀ ਹਾਈ ਕਮਾਂਡ ਅੱਗੇ ਝੁਕਦੀ ਹੈ। ਫਿਰ ਅੱਜ ਪੰਜਾਬ ਭਾਜਪਾ ਉਨ੍ਹਾਂ ਕਦਮਾਂ ਤੇ ਕਿਉਂ ਚੱਲ ਰਹੀ ਹੈ?
Farmers Protest
ਪੰਜਾਬ ਭਾਜਪਾ, ਪੰਜਾਬ ਦੇ ਕਿਸਾਨਾਂ ਨਾਲ ਇਹ ਵਿਤਕਰਾ ਕਿਉਂ ਹੋਣ ਦੇ ਰਹੀ ਹੈ? ਚਲੋ ਪੰਜਾਬ ਦਾ ਨਾਅਰਾ ਤਾਂ ਸੌਖਾ ਹੈ ਪਰ ਮਿਸ਼ਨ ਪੰਜਾਬ ਹੇਠ, ਅਮਿਤ ਸ਼ਾਹ ਵੀ ਕਿਸਾਨ ਬਿਨਾਂ, ਪੰਜਾਬ ਦੀ ਰੂਹ ਨੂੰ ਨਹੀਂ ਛੂਹ ਸਕਦੇ। ਪੰਜਾਬ ਭਾਜਪਾ ਦਾ ਫ਼ਰਜ਼ ਬਣਦਾ ਸੀ ਕਿ ਉਹ ਖੇਤੀ ਮੰਤਰੀ ਨੂੰ ਕਿਸਾਨਾਂ ਦੇ ਸਾਹਮਣੇ ਬਿਠਾਉਂਦੇ ਤੇ ਉਨ੍ਹਾਂ ਦਾ ਹਾਲ ਸੁਣਨ ਵਾਸਤੇ ਦਬਾਅ ਪਾਉਂਦੇ। ਤਿੰਨ ਤਰੀਕ ਦਾ ਇੰਤਜ਼ਾਰ ਕਿਉਂ? ਅੱਜ ਹੀ ਕਿਉਂ ਨਹੀਂ?
Farmers Protest
'ਚਲੋ ਦਿੱਲੀ' ਅਤੇ 'ਚਲੋ ਪੰਜਾਬ', ਦੋਵੇਂ ਮੁਹਿੰਮਾਂ ਉਲਟ ਦਿਸ਼ਾਵਾਂ ਵਿਚ ਚਲ ਰਹੀਆਂ ਹਨ। ਇਕ ਪਾਸੇ ਸਿਆਸਤਦਾਨ ਹੈ ਜੋ ਚੋਣਾਂ ਵਿਚ ਵੱਧ ਸੀਟਾਂ ਜਿੱਤਣਾ ਚਾਹੁੰਦਾ ਹੈ ਤੇ ਦੂਜੇ ਪਾਸੇ ਕਿਸਾਨ ਹਨ ਜੋ ਅਪਣੀ ਹੋਂਦ, ਅਪਣੇ ਤੇ ਬੱਚਿਆਂ ਦੇ ਭਵਿੱਖ ਵਾਸਤੇ ਸੰਘਰਸ਼ ਕਰ ਰਹੇ ਹਨ। ਕਿਸਾਨ ਸ਼ਾਂਤ ਹੈ, ਹਿੰਸਾ ਨਹੀਂ ਕਰ ਰਿਹਾ, ਬਸ ਅਪਣੇ ਸਾਹਮਣੇ ਆਏ ਅੜਿੱਕਿਆਂ ਨੂੰ ਹਟਾ ਰਿਹਾ ਹੈ। ਪਰ ਦੂਜੇ ਪਾਸੇ ਕਿਸਾਨ ਨੂੰ ਤੋੜਨ ਵਾਸਤੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਕ ਕਿਸਾਨ ਅਪਣੀ ਜਾਨ ਗਵਾ ਚੁੱਕਾ ਹੈ ਤੇ ਇਕ ਤੇ ਪਰਚਾ ਦਰਜ ਹੋ ਚੁੱਕਾ ਹੈ। ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸੱਚਾਈ ਤੇ ਸਾਦਗੀ, ਕਿਸੇ ਵੀ ਚਾਣਕੀਆ ਨੀਤੀ ਨੂੰ ਹਰਾ ਸਕਦੀ ਹੈ। -ਨਿਮਰਤ ਕੌਰ