
ਕਈ ਇਸ ਸਾਲ ਨੂੰ ਬੁਰਾ ਭਲਾ ਕਹਿੰਦੇ ਹੋਏ ਰੁਖ਼ਸਤ ਕਰ ਰਹੇ ਹਨ ਤੇ ਕਈ ਇਸ ਦੇ ਸਾਹਮਣੇ ਸਿਰ ਝੁਕਾਈ ਸ਼ੁਕਰਾਨਾ ਕਰ ਰਹੇ ਹਨ
ਜਦ 2020 ਦੀ ਸ਼ੁਰੂਆਤ ਦੁਨੀਆਂ ਦੀ ਸੱਭ ਤੋਂ ਵੱਡੀ ਅੱਗ ਨਾਲ ਹੋਈ ਤਾਂ ਕਈ ਫ਼ਿਕਰਮੰਦ ਲੋਕਾਂ ਨੂੰ ਲਗਿਆ ਕਿ ਦੁਨੀਆਂ ਦਾ ਅੰਤ ਨੇੜੇ ਆ ਗਿਆ ਹੈ। ਪਰ ਜਦ ਕੋਵਿਡ ਦਾ ਕਹਿਰ ਸ਼ੁਰੂ ਹੋਇਆ ਤਾਂ ਇਨ੍ਹਾਂ ਕਾਲੀ ਸੋੋਚ ਵਾਲੇ ਲੋਕਾਂ ਦਾ ਕਹਿਣਾ ਸੱਚ ਲੱਗਣ ਲੱਗ ਪਿਆ। ਚੀਨ ਦੇ ਇਕ ਸ਼ਹਿਰ ਤੋਂ ਸ਼ੁਰੂ ਹੋ ਕੇ ਦੁਨੀਆਂ ਦੇ ਕੋਨੇ ਕੋਨੇ ਵਿਚ ਇਸ ਵਾਇਰਸ ਨੇ ਅਪਣਾ ਕਹਿਰ ਵਿਖਾਇਆ ਅਤੇ ਇਹ ਸਾਲ ਪਲ-ਪਲ ਕੁੱਝ ਛੋਟੇ ਵੱਡੇ ਸਬਕ ਸਿਖਾ ਕੇ ਜਾ ਰਿਹਾ ਹੈ।
Corona
ਕਈ ਇਸ ਸਾਲ ਨੂੰ ਬੁਰਾ ਭਲਾ ਕਹਿੰਦੇ ਹੋਏ ਰੁਖ਼ਸਤ ਕਰ ਰਹੇ ਹਨ ਤੇ ਕਈ ਇਸ ਦੇ ਸਾਹਮਣੇ ਸਿਰ ਝੁਕਾਈ ਸ਼ੁਕਰਾਨਾ ਕਰ ਰਹੇ ਹਨ ਕਿਉਂ ਜੋ ਇਸ ਸਾਲ ਨੇ ਜਿਹੜੇ ਸਬਕ ਸਿਖਾਏ ਹਨ, ਉਹ ਦੁਨੀਆਂ ਦੇ ਸਾਰੇ ਗ੍ਰੰਥ, ਪਾਠੀ, ਬੁੱਧੀਜੀਵੀ ਮਿਲ ਕੇ ਨਹੀਂ ਸਿਖਾ ਸਕਦੇ ਸਨ। ਜੇ ਥੋੜੇ ਸ਼ਬਦਾਂ ਵਿਚ ਗੱਲ ਕਰੀਏ ਤਾਂ ਇਹ ਸਾਲ ਵਿਖਾ ਗਿਆ ਹੈ ਕਿ ਅਸੀ ਹਰ ਦਮ ਅਪਣੇ ਆਪ ਨੂੰ ਇਕ ਦੂਸਰੇ ਤੋਂ ਵਖਰਾ ਤੇ ਚੰਗਾ ਦੱਸਣ ਦੇ ਤਰੀਕੇ ਲਭਦੇ ਰਹਿੰਦੇ ਹਾਂ-- ਉਹ ਕਾਲਾ, ਮੈਂ ਗੋਰਾ, ਉਹ ਚੀਨੀ ਮੈਂ ਰੂਸੀ,ਉਹ ਪਾਕਿਸਤਾਨੀ ਮੈਂ ਨੇਪਾਲੀ ਤੇ ਪਤਾ ਨਹੀਂ ਹੋਰ ਕਿਹੜੀਆਂ ਕਿਹੜੀਆਂ ਕੰਧਾਂ ਉਸਾਰਨ ਦੀ ਕਾਬਲੀਅਤ ਇਨਸਾਨ ਰਖਦਾ ਹੈ।
2020 Year
ਪਰ ਕੁਦਰਤ ਨੇ ਇਕ ਛੋਟੇ ਜਿਹੇ ਵਾਇਰਸ (ਕੋਰੋਨਾ) ਨੂੰ ਸ੍ਰੀਰ ਵਿਚ ਪਾ ਕੇ ਸਾਰੀ ਦੁਨੀਆਂ ਨੂੰ ਇਕ ਡੋਰੀ ਵਿਚ ਬੰਨ੍ਹ ਦਿਤਾ। ਕੁਦਰਤ ਨੇ ਨਾ ਸਿਰਫ਼ ਦੇਸ਼ਾਂ ਦੀਆਂ ਸਰਹੱਦਾਂ, ਸਗੋਂ ਜਾਤ ਪਾਤ, ਅਮੀਰੀ ਗ਼ਰੀਬੀ ਦੀਆਂ ਕੰਧਾਂ ਨੂੰ ਵੀ ਚੂਰ ਚੂਰ ਕਰ ਦਿਤਾ। ਕੁਦਰਤ ਨੇ ਅਪਣੀ ਤਾਕਤ ਦਾ ਮਾੜਾ ਜਿਹਾ ਵਿਖਾਵਾ ਕਰ ਕੇ ਦਸ ਦਿਤਾ ਕਿ ਹੇ ਬੰਦਿਆ ਤੂੰ ਤੋੜਨ ਦੇ ਯਤਨ ਕਰਦਾ ਰਹਿ ਗਿਆ ਤੇ ਮੈਂ ਸੱਭ ਨੂੰ ਜੋੜਨ ਵਿਚ ਇਕ ਪਲ ਨਹੀਂ ਲਗਾਇਆ।
corona
ਇਨਸਾਨ ਅਪਣੇ ਆਪ ਨੂੰ ਕੁਦਰਤ ਤੋਂ ਉੱਚੀ ਆਵਾਜ਼ ਵਾਲਾ ਦੱਸਣ ਵਾਸਤੇ ਕਦੇ ਤਾਲੀਆਂ, ਕਦੇ ਥਾਲੀਆਂ, ਕਦੇ ਵਾਜੇ ਵਜਾਉਂਦਾ ਰਹਿ ਗਿਆ ਪਰ ਕੁਦਰਤ ਦੇ ਇਕ ਵਾਰ ਨਾਲ ਸਾਰੇ ਇਨਸਾਨ ਘਰਾਂ ਦੇ ਅੰਦਰ ਡੱਕੇ ਗਏ ਤੇ ਕੁਦਰਤ ਦੇ ਨਿਯਮ ਆਜ਼ਾਦ ਹੋ ਗਏ। ਕੁਦਰਤ ਇਸ ਤਰ੍ਹਾਂ ਨਿਖਰੀ ਜਿਵੇਂ ਸਵਰਗਾਂ ਤੋਂ ਰੱਬ ਅੱਜ ਦਰਸ਼ਨ ਵਾਸਤੇ ਆਇਆ ਹੋਵੇ ਤੇ ਕੁਦਰਤ ਨੇ ਅਪਣੇ ਆਪ ਨੂੰ ਨਿਖਾਰਨ ਵਾਸਤੇ ਵਾਇਰਸ ਦੇ ਬਹਾਨੇ ਇਨਸਾਨ ਨੂੰ ਅੰਦਰ ਡੱਕਣ ਦੀ ਯੋਜਨਾ ਬਣਾ ਲਈ ਅਤੇ ਅਸਮਾਨ ਨੀਲੇ ਰੰਗ ਵਿਚ ਚਮਕ ਉਠਿਆ, ਸੜਕਾਂ ਤੇ ਮੋਰ ਤੇ ਬਘਿਆੜ ਨਜ਼ਰ ਆਉਣੇ ਸ਼ੁਰੂ ਹੋ ਗਏ।
ਇਨਸਾਨ ਵਲੋਂ ਕੁਦਰਤ ਨੂੰ ਲਗਾਏ ਜ਼ਖ਼ਮਾਂ ਨੂੰ ਮੌਲਣ ਦਾ ਮੌਕਾ ਮਿਲਿਆ। ਥਾਲੀਆਂ ਦਾ ਸ਼ੋਰ, ਚਿੜੀਆਂ ਦੇ ਚਹਿਕਣ ਦੇ ਸ਼ੋਰ ਸਾਹਮਣੇ ਫਿੱਕਾ ਪੈ ਗਿਆ।
ਨਿਜੀ ਪੱਧਰ ਤੇ ਇਨਸਾਨ ਨੇ ਬੜਾ ਕੁੱਝ ਸਿਖਿਆ। ਦੌੜਨ ਦੀ ਆਦਤ ਸੀ ਪਰ ਜਦ ਡਕਿਆ ਗਿਆ ਤਾਂ ਵੀ ਦੁਨੀਆਂ ਚਲਦੀ ਰਹੀ। ਹਰ ਕੋਈ ਅਪਣੇ ਆਪ ਨੂੰ ਦੁਨੀਆਂ ਨੂੰ ਮੋਢੇ ਉਤੇ ਚੁੱਕੀ ਰੱਖਣ ਵਾਲਾ ਧੌਲਾ ਬਲਦ ਸਮਝਦਾ ਸੀ ਪਰ ਅਸਲੀਅਤ ਸਮਝ ਆ ਗਈ। ਦੁਨੀਆਂ ਇਨਸਾਨ ਦੀਆਂ ਚਾਲਾਂ ਤੋਂ ਬਿਨਾਂ ਵੀ ਚਲਦੀ ਰਹੀ ਕਿਉਂਕਿ ਇਨਸਾਨ ਜੋ ਕਰਦਾ ਹੈ ਉਹ ਅਸਲ ਵਿਚ ਬਹੁਤ ਮਹੱਤਵਪੂਰਨ ਨਹੀਂ ਹੁੰਦਾ।
ਇਨਸਾਨ ਅਪਣੀ ਅਹਿਮੀਅਤ ਬਣਾਉਣ ਵਾਸਤੇ ਜ਼ਿੰਦਗੀ ਨੂੰ ਜਲੇਬੀ ਵਾਂਗ ਪੇਚੀਦਾ ਬਣਾ ਲੈਂਦਾ ਹੈ। ਕਿਹੜਾ ਬਰਾਂਡ ਪਾਉਣ ਨਾਲ ਇਨਸਾਨ ਦੀ ਟੌਹਰ ਬਣਦੀ ਹੈ, ਇਹੀ ਸੋਚਦਾ ਰਹਿੰਦਾ ਹੈ। ਕਮਾ ਕਮਾ ਕੇ ਇਨਸਾਨ ਅਪਣੀਆਂ ਅਜਿਹੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਵਿਚ ਕੀੜੀਆਂ ਵਾਂਗ ਜੁਟਿਆ ਰਹਿੰਦਾ ਹੈ ਜਿਨ੍ਹਾਂ ਦਾ ਉਸ ਦੇ ਜੀਵਨ ਦੇ ਅਸਲ ਮਕਸਦ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ ਹੁੰਦਾ।
ਇਨਸਾਨ ਅਸਲ ਵਿਚ ਜਿਨ੍ਹਾਂ ਚੀਜ਼ਾਂ ਦੀ ਦੌੜ ਵਿਚ ਲਗਿਆ ਸੀ, ਉਨ੍ਹਾਂ ਦਾ ਉਸ ਦੇ ਜੀਵਨ ਦੇ ਲਕਸ਼ ਨਾਲ ਕੋਈ ਮਤਲਬ ਹੀ ਨਹੀਂ। ਅਸਲ ਵਿਚ ਜ਼ਿੰਦਗੀ ਦੇ ਕਈ ਰਿਸ਼ਤੇ ਹਨ। ਸਾਦੀ ਰੋਟੀ ਵੀ ਬੜੀ ਚੰਗੀ ਲਗਦੀ ਹੈ ਜਦ ਪਿਆਰ ਨਾਲ ਪਰੋਸੀ ਹੋਵੇ। ਜਿਸ ਮਕਸਦ ਨਾਲ ਸਿਰਜਣਹਾਰੇ ਨੇ ਦੁਨੀਆਂ ਸਾਜੀ ਸੀ, ਉਹ ਬਨਾਵਟੀ ਵਸਤੂਆਂ ਵਾਲੀ ਨਹੀਂ ਸੀ, ਉਹ ਅਸਲ ਵਿਚ ਇਨਸਾਨਾਂ ਦੀ ਅਪਣੀ ਤਾਕਤ ਨੂੰ ਘੜਨ ਦਾ ਜ਼ਰੀਆ ਸੀ।
Farmer
ਫਿਰ ਇਸ ਸਾਲ ਨੇ ਇਨਸਾਨ ਨੂੰ ਉਸ ਦੀ ਅਪਣੀ ਸ਼ਕਤੀ ਨਾਲ ਮਿਲਾਇਆ। ਇਸ ਸਾਲ ਕਈ ਮੌਤਾਂ ਹੋਈਆਂ, ਕਈ ਮਾਨਸਕ ਉਦਾਸੀ ਦਾ ਸ਼ਿਕਾਰ ਹੋਏ ਪਰ ਜਿਹੜੇ ਅੱਜ ਦਾ ਦਿਨ ਮਾਣ ਰਹੇ ਹਨ, ਉਹ ਸਾਰੇ ਜੇਤੂ ਹਨ ਜਿਨ੍ਹਾਂ ਨੇ ਕੁਦਰਤ ਦੀ ਇਸ ਮਾਰ ਦੇ ਬਾਵਜੂਦ ਫ਼ਤਿਹ ਹਾਸਲ ਕਰ ਕੇ ਵਿਖਾਈ ਤੇ ਹਸਦੇ ਮੁਸਕਰਾਉਂਦੇ ਡਟੇ ਰਹੇ। ਇਕ ਦੂਜੇ ਵਾਸਤੇ ਖੜੇ ਰਹੇ ਤੇ ਚਲਦੇ ਰਹੇ।
ਇਸ ਸਾਲ ਨੇ ਦੁਨੀਆਂ ਦੇ ਇਤਿਹਾਸ ਵਿਚ ਇਕ ਅਜਿਹਾ ਨਵਾਂ ਕਾਰਜ ਕਰਵਾਇਆ ਜਿਸ ਨੇ ਦਸ ਦਿਤਾ ਕਿ ਕੁਦਰਤ ਦਾ ਆੜੀ ਕਿਸਾਨ ਵਰਗਾ ਹੋਰ ਕੋਈ ਨਹੀਂ। ਉਹ ਜੋ ਅਪਣੇ ਆਪ ਨੂੰ ਤਾਕਤਵਰ ਸਮਝਦੇ ਸਨ, ਅਪਣਾ ਹੰਕਾਰ ਛੱਡ ਕਿਸਾਨ ਨਾਲ ਨਿਮਰਤਾ ਨਾਲ ਲੰਗਰ ਖਾਂਦੇ ਨਜ਼ਰ ਆਏ ਤਾਂ ਅਸਲ ਵਿਚ 2020 ਦਾ ਮਤਲਬ ਸਮਝ ਆਇਆ।
farmer
ਸਾਦਗੀ ਵਿਚ ਰਹਿੰਦੇ, ਕੁਦਰਤ ਨਾਲ ਖੇਡਦੇ ਕਿਸਾਨ ਨੂੰ ਨਾ ਕੋਰੋਨਾ ਹੀ ਰੋਕ ਸਕਿਆ ਤੇ ਨਾ ਹੀ ‘ਤਾਕਤਵਰ ਸਰਕਾਰਾਂ’ ਡਟੀਆਂ ਰਹਿ ਸਕੀਆਂ। ਇਸ ਸਾਲ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਅੰਦਰ ਦੀ ਤਾਕਤ ਨਾਲ ਮਿਲਵਾਇਆ ਪਰ ਬਾਕੀਆਂ ਨੂੰ ਉਨ੍ਹਾਂ ਦੇ ਨਵੇਂ ਰੋਲ ਮਾਡਲ ਵੀ ਮਿਲਵਾਏ। ਫ਼ਿਲਮੀ ਸਿਤਾਰਿਆਂ ਪਿਛੇ ਲੱਗੀ ਕਮਲੀ ਜਨਤਾ ਨੂੰ ਅਸਲ ਤਾਕਤ ਨਾਲ ਮਿਲਵਾਇਆ। ਇਹ ਸਾਲ ਨਿਮ ਵਰਗਾ ਕੌੜਾ ਰਿਹਾ ਪਰ ਨਿਮ ਵਾਂਗ ਸਾਡੇ ਅੰਦਰੋਂ ਸਫ਼ਾਈ ਵੀ ਕਰਦਾ ਜਾ ਰਿਹਾ ਹੈ। ਇਸ ਦੇ ਸਖ਼ਤ ਸਬਕਾਂ ਅੱਗੇ ਸਿਰ ਝੁਕਾ ਕੇ ਪ੍ਰਣਾਮ ਅਤੇ ਸਪੋਕਸਮੈਨ ਦੇ ਪਾਠਕਾਂ ਨੂੰ 2021 ਵਿਚ ਬੇਹੱਦ ਪਿਆਰ ਤੇ ਅਮਨ ਦੀ ਅਰਦਾਸ। -ਨਿਮਰਤ ਕੌਰ