
Editorial: ਆਜ਼ਾਦੀ ਅੰਦੋਲਨ ਸ਼ੁਰੂ ਹੋਇਆ ਤਾਂ ਵੀ ਸਾਰੇ ਭਾਰਤੀਆਂ ਨੂੰ ਇਕ ਪਾਸੇ ਮਿਲਾ ਕੇ ਵੀ, ਦੂਜੇ ਪਾਸੇ ਸਿੱਖਾਂ ਨੇ ਇਕੱਲਿਆਂ ਹੀ ਵੱਧ ਕੁਰਬਾਨੀਆਂ ਆਜ਼ਾਦੀ ਲਈ ਦਿਤੀਆਂ
Churchill probably rightly said that Hindustani leaders will make the country worse Editorial in punjabi : ਅੰਗੇਰਜ਼ ਤਾਕਤ, ਬੁੱਧੀ ਅਤੇ ਚਲਾਕੀ ਦੇ ਸਾਰੇ ਗੁਣਾਂ, ਔਗੁਣਾਂ ਨੂੰ ਵਰਤ ਕੇ ਭਾਰਤ ਉਤੇ ਕਾਬਜ਼ ਹੋਏ ਸਨ। ਉਨ੍ਹਾਂ ਨੂੰ ਇਥੇ ਆ ਕੇ ਪਤਾ ਲੱਗਾ ਕਿ ਹਿੰਦੁਸਤਾਨੀ ਆਗੂ ਅਪਣੀ ਜ਼ਿੰਮੇਵਾਰੀ ਨੂੰ ਪਛਾਣਨ ਤੇ ਉਸ ਅਨੁਸਾਰ ਕੰਮ ਕਰਨ ਦੀ ਬਜਾਏ, ਜ਼ਿੰਮੇਵਾਰੀਆਂ ਤੋਂ ਦੂਰ ਭੱਜਣ ਨੂੰ ਹੀ ਚੰਗੀ ਅਗਵਾਈ ਮੰਨਦੇ ਸਨ। ਮੁਗ਼ਲਾਂ ਨੇ ਵੀ, ਅੰਗਰੇਜ਼ਾਂ ਤੋਂ ਪਹਿਲਾਂ, ਇਥੋਂ ਦੀ ਦੌਲਤ ਲੁੱਟੀ, ਇੱਜ਼ਤ ਲੁੱਟੀ ਪਰ ਇਥੋਂ ਦੇ ਲੀਡਰ ਚੁੱਪ ਹੀ ਰਹੇ।
ਪਹਿਲੀ ਵਾਰ ਕੇਂਦਰੀ ਭਾਰਤ ’ਚੋਂ ਬਗ਼ਾਵਤ ਉਠੀ ਤਾਂ ਉਦੋਂ ਉਠੀ ਜਦੋਂ ਅੰਗਰੇਜ਼ਾਂ ਨੇ ਛੋਟੀਆਂ ਛੋਟੀਆਂ ਰਿਆਸਤਾਂ ਦੇ ਰਾਜਿਆਂ ਨੂੰ ਦੱਤਕ ਪੁੱਤਰਾਂ ਨੂੰ ਅਪਣੇ ਜਾਨਸ਼ੀਨ ਬਣਾਉਣ ਤੋਂ ਰੋਕ ਦਿਤਾ। ਦੱਤਕ ਪੁੱਤਰ ਦਾ ਮਤਲਬ ਹੁੰਦਾ ਸੀ ਕਿ ਜਿਹੜੇ ਰਜਵਾੜਿਆਂ ਦਾ ਅਪਣਾ ਕੋਈ ਸਕਾ ਪੁੱਤਰ ਨਹੀਂ ਸੀ ਹੁੰਦਾ, ਉਹ ਕਿਸੇ ਹੋਰ ਦੇ ਬੱਚੇ ਨੂੰ ਗੋਦ ਲੈ ਕੇ ਉਸ ਨੂੰ ਅਪਣਾ ਜਾਨਸ਼ੀਨ ਬਣਾ ਲੈਂਦੇ ਸਨ। ਅੰਗਰੇਜ਼ ਨੇ ਦੱਤਕ ਪੁੱਤਰ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿਤਾ ਜਿਸ ਨਾਲ ਰਜਵਾੜਿਆਂ ਦੀ ਸਲਤਨਤ, ਅੰਗਰੇਜ਼ੀ ਰਾਜ ਦਾ ਭਾਗ ਬਣ ਜਾਂਦੀ ਸੀ। ਸੋ ਰਾਜਿਆਂ ਨੇ ਗੁੱਸੇ ਵਿਚ ਆ ਕੇ ਬਗ਼ਾਵਤ ਕਰ ਦਿਤੀ। ਰਾਣੀ ਝਾਂਸੀ ਦੀ ਵੀ ਹਾਲਤ ਉਹੀ ਸੀ ਜੋ ਬਾਕੀ ਰਾਜਿਆਂ ਦੀ ਸੀ।
ਸਾਡੇ ਉਸ ਵੇਲੇ ਦੇ ‘ਲੀਡਰਾਂ’ ਦੇ ਜਾਗਣ ਦਾ ਦੂਜਾ ਕਾਰਨ ਇਹ ਸੀ ਕਿ ਅੰਗਰੇਜ਼ ਜਿਹੜੇ ਕਾਰਤੂਸ ਫ਼ੌਜੀਆਂ ਨੂੰ ਦੇਂਦਾ ਸੀ, ਉਨ੍ਹਾਂ ਉਤੇ ਸੂਰ ਜਾਂ ਗਊ ਦੀ ਚਰਬੀ ਲੱਗੀ ਹੁੰਦੀ ਸੀ ਜੋ ਮੂੰਹ ਨਾਲ ਖੋਲ੍ਹਣੀ ਪੈਂਦੀ ਸੀ। ਸੋ ਸਾਡੇ ਫ਼ੌਜੀ ਜਵਾਨ ‘ਧਰਮ ਭ੍ਰਿਸ਼ਟ ਹੋਣ’ ਦੇ ਨਾਂ ਤੇ ਭੜਕ ਪਏ ਪਰ ਇਨ੍ਹਾਂ ਦੋ ਕਾਰਨਾਂ ਨਾਲੋਂ ਕਿਤੇ ਗੰਭੀਰ ਹਮਲੇ ਇਸ ਦੇਸ਼ ਦੀ ਆਨ, ਬਾਨ, ਸ਼ਾਨ ’ਤੇ ਹੋਏ ਪਰ ਸਾਡੇ ਉਸ ਸਮੇਂ ਦੇ ਲੀਡਰਾਂ ਦੀ ਜ਼ਬਾਨ ਵੀ ਨਾ ਖੁਲ੍ਹ ਸਕੀ, ਹੋਰ ਤਾਂ ਉਨ੍ਹਾਂ ਨੇ ਕੀ ਕਰਨਾ ਸੀ। ਪਹਿਲੀ ਵਾਰ ਵਿਦੇਸ਼ੀ ਧਾੜਵੀਆਂ ਨੂੰ ਮਾਰਨ, ਲੁੱਟਣ ਤੇ ਘਰ ਵਾਪਸ ਭੇਜਣ ਦਾ ਕੰਮ ਸਿੱਖਾਂ ਨੇ ਪੰਜਾਬ ਤੋਂ ਸ਼ੁਰੂ ਕੀਤਾ ਤੇ ਅਪਣੀ ਥੋੜੀ ਗਿਣਤੀ ਨੂੰ ਵੀ ਅਪਣੀ ਕਮਜ਼ੋਰੀ ਨਾ ਬਣਨ ਦਿਤਾ ਸਗੋਂ ਇਹ ਜ਼ਿੰਮਾ ਅਪਣੇ ਉਤੇ ਆਪ ਹੀ ਲੈ ਲਿਆ ਕਿ ਕਿਸੇ ਵੀ ਵਿਦੇਸ਼ੀ ਧਾੜਵੀ ਜਾਂ ਹਮਲਾਵਰ ਨੂੰ ਅਪਣੀ ਧਰਤੀ ’ਤੇ ਨਹੀਂ ਟਿਕਣ ਦਿਤਾ ਜਾਵੇਗਾ।
ਆਜ਼ਾਦੀ ਅੰਦੋਲਨ ਸ਼ੁਰੂ ਹੋਇਆ ਤਾਂ ਵੀ ਸਾਰੇ ਭਾਰਤੀਆਂ ਨੂੰ ਇਕ ਪਾਸੇ ਮਿਲਾ ਕੇ ਵੀ, ਦੂਜੇ ਪਾਸੇ ਸਿੱਖਾਂ ਨੇ ਇਕੱਲਿਆਂ ਹੀ ਵੱਧ ਕੁਰਬਾਨੀਆਂ ਆਜ਼ਾਦੀ ਲਈ ਦਿਤੀਆਂ ਪਰ ਬਾਕੀ ਹਿੰਦੁਸਤਾਨ ਦੀ ਹਾਲਤ ਪਹਿਲਾਂ ਵਰਗੀ ਹੀ ਰਹੀ ਤੇ ਆਜ਼ਾਦੀ ਅੰਦੋਲਨ ਦੌਰਾਨ ਵੀ ਉਹ ਹਿੰਦੂ ਰੋਟੀ, ਮੁਸਲਿਮ ਰੋਟੀ ਤੇ ਹਿੰਦੂ ਪਾਣੀ, ਮੁਸਲਿਮ ਪਾਣੀ ਦੇ ਹੋਕੇ ਦੇਂਦੇ ਹੀ ਵੇਖੇ ਗਏ। ਹਿੰਦੁਸਤਾਨ ਨੂੰ ਇਕ ਬਣਾਈ ਰੱਖਣ ਦੀ ਸੋਚ ਵੀ ਕਿਧਰੇ ਵਿਖਾਈ ਨਾ ਦਿਤੀ। ਇਸੇ ਲਈ ਸਰ ਵਿੰਸਟਨ ਚਰਚਲ ਨੇ ਕਿਹਾ ਸੀ, ‘‘ਕਿਨ੍ਹਾਂ ਨੂੰ ਆਜ਼ਾਦੀ ਦਈਏ? ਭਾਰਤੀ ਲੀਡਰ ਤਾਂ ਕੁੱਝ ਸਾਲਾਂ ਵਿਚ ਹੀ ਲੜ ਲੜ ਕੇ ਹਿੰਦੁਸਤਾਨ ਨੂੰ ਰੋਲ ਦੇਣਗੇ।’’
ਅੱਜ ਜਿਵੇਂ ਲੋਕ-ਰਾਜ, ਧਰਮ, ਨਿਆਂ ਅਤੇ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲਿਆਂ ਦਾ ਬੁਰਾ ਹਾਲ ਕੀਤਾ ਜਾ ਰਿਹਾ ਹੈ, ਉਸ ਵਲ ਵੇਖ ਕੇ ਖ਼ੁਦ ਭਾਰਤੀ ਜਨਤਾ ਵੀ ਕਹਿਣ ਲੱਗ ਪਈ ਹੈ ਕਿ ਸਾਡੇ ਲੀਡਰ ਹਿੰਦੁਸਤਾਨ ਨੂੰ ਖ਼ਤਮ ਕਰ ਕੇ ਹੀ ਸਾਹ ਲੈਣਗੇ। ਲੀਡਰ ਲੋਕ, ਇਕ ਦੂਜੇ ਨੂੰ ਖ਼ਤਮ ਕਰਨ ਦੇ ਨਾਂ ’ਤੇ ਸੱਭ ਕੁੱਝ ਹੀ ਖ਼ਤਮ ਕਰਦੇ ਜਾ ਰਹੇ ਹਨ। ਚਰਚਲ ਸ਼ਾਇਦ ਠੀਕ ਹੀ ਕਹਿ ਰਿਹਾ ਸੀ, ਭਾਵੇਂ ਕਿ ਸਾਨੂੰ ਖ਼ੁਸ਼ੀ ਤਾਂ ਹੀ ਹੋਣੀ ਸੀ ਜੇ ਚਰਚਲ ਪੂਰੀ ਤਰ੍ਹਾਂ ਗ਼ਲਤ ਸਾਬਤ ਕਰ ਦਿਤਾ ਜਾਂਦਾ। ਜਿਹੜੇ ਚੰਗੇ ਦੇਸ਼-ਭਗਤ ਲੋਕ ਅਜੇ ਜੀਵਤ ਹਨ, ਉਹ ਅਜੇ ਵੀ ਜੁੜ ਬੈਠਣ ਤੇ ਚਰਚਲ ਨੂੰ ਗ਼ਲਤ ਸਾਬਤ ਕਰ ਵਿਖਾਉਣ ਤਾਂ ਇਹ ਦੇਸ਼ ਦੀ ਸੱਚੀ ਸੇਵਾ ਹੋਵੇਗੀ। - ਨਿਮਰਤ ਕੌਰ