
2020 ਵਿਚ ਬੜੇ ਵੱਡੇ-ਵੱਡੇ ਬੰਦੇ ਦੁਨੀਆਂ ਛੱਡ ਗਏ ਹਨ। ਵੈਸੇ ਤਾਂ ਹਰ ਇਨਸਾਨ ਜੋ ਜਨਮ ਲੈਂਦਾ ਹੈ, ਉਸ ਨੇ ਜਾਣਾ ਹੀ ਹੁੰਦਾ ਹੈ।
2020 ਵਿਚ ਬੜੇ ਵੱਡੇ-ਵੱਡੇ ਬੰਦੇ ਦੁਨੀਆਂ ਛੱਡ ਗਏ ਹਨ। ਵੈਸੇ ਤਾਂ ਹਰ ਇਨਸਾਨ ਜੋ ਜਨਮ ਲੈਂਦਾ ਹੈ, ਉਸ ਨੇ ਜਾਣਾ ਹੀ ਹੁੰਦਾ ਹੈ। ਪਰ ਕਈ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਭਾਵੇਂ ਛੋਟੀ ਜਿਹੀ ਹੁੰਦੀ ਹੈ ਪਰ ਉਨ੍ਹਾਂ ਦਾ ਯੋਗਦਾਨ ਆਉਣ ਵਾਲੀਆਂ ਕਈ ਪੀੜ੍ਹੀਆਂ ਉਤੇ ਅਪਣਾ ਅਸਰ ਛੱਡ ਜਾਂਦਾ ਹੈ। 43 ਸਾਲ ਦੇ ਚੈਡਵਿਕ ਬੋਸਮੈਨ ਇਕ ਅਜਿਹੇ ਹੀ ਅਦਾਕਾਰ ਸਨ। ਭਾਵੇਂ ਉਨ੍ਹਾਂ ਦੀ ਕਾਮਯਾਬੀ ਪਿਛੇ ਕਈ ਪੀੜ੍ਹੀਆਂ ਦੀਆਂ ਕੁਰਬਾਨੀਆਂ ਤੇ ਮਿਹਨਤਾਂ ਵੀ ਪ੍ਰਤੱਖ ਸਨ, ਉਹ ਉਸ ਜਾਤੀ ਦਾ ਚਿਹਰਾ ਬਣਨ ਵਿਚ ਸਫ਼ਲ ਹੋਏ ਜਿਸ ਨੇ 'ਕਾਲੀ' ਚਮੜੀ ਨੂੰ ਇਕ ਫ਼ਿਲਮੀ ਹੀਰੋ ਬਣਾਇਆ।
Chadwick Boseman
ਅੱਜ ਕਈ ਸਿੱਖ ਮੁੰਡੇ ਕਹਿਣ ਲਗਦੇ ਹਨ ਕਿ ਉਨ੍ਹਾਂ ਦੇ ਸਿਰਾਂ ਉਤੇ ਪੱਗ ਦਾ ਬੜਾ ਭਾਰ ਹੈ। ਜੋ ਕੋਈ ਇਹ ਨਹੀਂ ਸਮਝ ਨਹੀਂ ਸਕਦਾ ਕਿ ਉਹ ਦਸਤਾਰ ਦਾ ਭਾਰ ਕਿਉਂ ਚੁੱਕੇ ਤੇ ਜੋ ਕੇਸਾਂ ਦਾ ਭਾਰ ਚੁਕਣਾ ਔਖਾ ਸਮਝਣ ਲੱਗ ਪਏ ਹਨ (ਬਹੁਗਿਣਤੀ ਦੂਜੇ ਪਾਸੇ ਹੋਣ ਕਰ ਕੇ)। ਚੰਗਾ ਹੋਵੇ ਕਿ ਇਹ ਥੱਕ ਹਾਰ ਚੁੱਕੇ ਲੋਕ ਚੇਡਵਿਕ ਦੀ ਜ਼ਿੰਦਗੀ ਵਲ ਜ਼ਰੂਰ ਵੇਖਣ। ਇਕ ਕਾਲੀ ਚਮੜੀ ਦਾ ਭਾਰ ਸ਼ਾਇਦ ਇਕ ਦਸਤਾਰ, ਦਾੜ੍ਹੀ ਜਾਂ ਕੇਸਾਂ ਦੇ ਭਾਰ ਤੋਂ ਕਿਤੇ ਵੱਧ ਹੈ। ਦਸਤਾਰ, ਦਾੜ੍ਹੀ ਇਕ ਚੋਣ ਬਣ ਜਾਂਦੀ ਹੈ ਪਰ ਚਮੜੀ ਦੇ ਰੰਗ ਵਿਚ ਕੁਦਰਤ ਨੇ ਇਨਸਾਨ ਦੇ ਹੱਥੋਂ ਚੋਣ ਹੀ ਖੋਹ ਲਈ ਹੈ।
Sikh
ਜੇਕਰ ਮਾਈਕਲ ਜੈਕਸਨ ਨੇ ਅਪਣੀ ਪਹਿਚਾਣ ਨੂੰ ਕਾਲੇ ਰੰਗ ਤੋਂ ਦੂਰ ਕਰਨਾ ਚਾਹਿਆ ਤਾਂ ਉਸ ਨੇ ਅਪਣੀ ਚਮੜੀ ਦਾ ਅਪ੍ਰੇਸ਼ਨ ਕਰਵਾ ਕੇ ਅਪਣੀ ਮੌਤ ਨੂੰ ਹੀ ਸੱਦਾ ਦੇ ਦਿਤਾ । ਇਹ ਵੀ ਯਾਦ ਰੱਖਣ ਵਾਲਾ ਹੈ ਕਿ ਸਿੱਖਾਂ ਦੇ ਇਤਿਹਾਸ ਵਿਚ ਬਹੁਤ ਵੱਡੇ ਮਹਾਨ ਕਿਰਦਾਰ ਹੋਏ ਹਨ ਜਿਨ੍ਹਾਂ ਸਾਹਮਣੇ ਦੁਨੀਆਂ ਸਿਰ ਝੁਕਾਉਂਦੀ ਹੈ। ਗ਼ੁਲਾਮੀ ਦੀਆਂ ਜ਼ੰਜੀਰਾਂ ਇਨ੍ਹਾਂ ਨੂੰ ਕਦੇ ਰੋਕ ਨਾ ਸਕੀਆਂ। ਅਸਲ ਵਿਚ ਕੁਦਰਤ ਦੀ ਕੋਈ ਵੀ ਦੇਣ ਉਦੋਂ ਭਾਰੀ ਲੱਗਣ ਲਗਦੀ ਹੈ ਜਦੋਂ ਉਸ ਵਲ ਉਂਗਲੀ ਕਰ ਕੇ, ਬਹੁਗਿਣਤੀ ਲੋਕ ਤੁਹਾਡੇ ਨਾਲ ਈਰਖਾ, ਸਾੜਾ ਜਾਂ ਵਿਤਕਰਾ ਕਰਨ ਲਗਦੇ ਹਨ ਤੇ ਮਖ਼ੌਲਾਂ ਕਰਨ ਤਕ ਚਲੇ ਜਾਂਦੇ ਹਨ।
michael jackson
ਜੇ ਬਹੁਗਿਣਤੀ ਤੁਹਾਡੇ ਕੋਲ ਹੋਵੇ ਤਾਂ ਫਿਰ ਕੁਦਰਤ ਦੀ ਕੋਈ ਦਾਤ ਭਾਰੀ ਨਹੀਂ ਲਗਦੀ। ਕਾਲੀ ਚਮੜੀ ਨਾਲ ਗ਼ੁਲਾਮੀ ਦਾ ਇਤਿਹਾਸ ਜੁੜਿਆ ਹੈ। ਪਰ ਇਸ ਕੁਦਰਤੀ ਅਮਲ ਵਿਚ ਇਕ ਚੀਜ਼ ਹੈ ਜੋ ਸਿੱਖਾਂ ਵਿਚ ਨਹੀਂ ਹੈ, ਖ਼ਾਸ ਕਰ ਕੇ ਅੱਜ ਦੀ ਪੀੜ੍ਹੀ ਵਿਚ। ਚੇਡਵਿਕ ਬੋਸਮੈਨ ਹਾਲੀਵੁਡ ਫ਼ਿਲਮਾਂ ਵਿਚ ਇਕ ਹੀਰੋ ਨਹੀਂ ਬਣੇ ਸਗੋਂ ਸੁਪਰ ਸਟਾਰ ਬਣੇ। ਅੱਜ ਤਕ ਬੱਚਾ-ਬੱਚਾ ਸੁਪਰ ਸਟਾਰ ਨੂੰ ਕੈਪਟਨ ਅਮਰੀਕਾ, ਸਪਾਈਡਰਮੈਨ ਨਾਲ ਮਿਲਾਉਂਦਾ ਸੀ ਪਰ ਚੈਡਵਿਕ ਇਕ ਕਾਲਾ ਸੁਪਰ ਹੀਰੋ, ਬਲੈਕ ਪੈਂਥਰ ਦਾ ਕਿਰਦਾਰ ਬਣਾ ਕੇ ਇਕ ਨਵਾਂ ਦਰਵਾਜ਼ਾ ਅਪਣੀ ਕੌਮ ਵਾਸਤੇ ਖੋਲ੍ਹ ਗਏ ਹਨ। ਪਰ ਇਸ ਮੁਕਾਮ ਤਕ ਪਹੁੰਚਣ ਵਿਚ ਕਈ ਕਾਲੇ ਅਦਾਕਾਰਾਂ ਦਾ ਯੋਗਦਾਨ ਵੀ ਸ਼ਾਮਲ ਸੀ ਪਰ ਨਾਲ-ਨਾਲ ਇਕ ਹੋਰ ਕਾਲੇ ਮਹਾਂਪੁਰਸ਼ ਦਾ ਪੂਰਾ ਯੋਗਦਾਨ ਵੀ ਸੀ।
Sikh
ਜਦ ਚੈਡਵਿਕ ਦੀ ਸੁਪਰ ਹੀਰੋ ਦੇ ਕਿਰਦਾਰ ਵਾਲੀ ਫ਼ਿਲਮ ਬਣੀ ਤਾਂ ਹਜ਼ਾਰਾਂ ਕਰੋੜਾਂ ਡਾਲਰ ਇਕੱਤਰ ਹੋ ਗਏ ਤਾਂ ਚੈਡਵਿਕ ਨੇ ਇਕ ਰਾਜ਼ ਸਾਂਝਾ ਕੀਤਾ। ਉਸ ਨੂੰ ਜਦ ਪੁਰਸਕਾਰ ਮਿਲ ਰਿਹਾ ਸੀ ਤਾਂ ਉਸ ਨੇ ਦਸਿਆ ਕਿ ਉਹ ਕਦੇ ਵੀ ਉਸ ਮੁਕਾਮ 'ਤੇ ਨਾ ਪਹੁੰਚ ਸਕਦਾ ਜੇਕਰ ਡੈਨਜ਼ਲ ਵਾਸ਼ਿੰਗਟਨ (ਡੈਨਜ਼ਲ ਜੋ ਇਕ ਕਾਲਾ ਅਦਾਕਾਰ ਸੀ ਤੇ ਜਿਸ ਨੇ ਬਹੁਤ ਵਧੀਆ ਕਿਰਦਾਰ ਨਿਭਾਏ ਹਨ) ਨਾ ਹੁੰਦਾ ਕਿਉਂਕਿ ਜਦ ਚੈਡਵਿਕ ਕੋਲ ਪੈਸਾ ਨਹੀਂ ਸੀ ਤਾਂ ਡੈਨਜ਼ਲ ਨੇ ਉਸ ਦੀ ਸਿਖਿਆ ਦਾ ਪੂਰਾ ਖ਼ਰਚਾ ਚੁਕਿਆ ਸੀ। ਡੈਨਜ਼ਲ ਵਾਸ਼ਿੰਗਟਨ ਨੂੰ ਉਹ ਉਸ ਸਮੇਂ ਜਾਣਦਾ ਨਹੀਂ ਸੀ ਪਰ ਡੈਨਜ਼ਲ ਨੇ ਕਈ ਕਾਲੇ ਬੱਚਿਆਂ ਦੀ ਸਿਖਿਆ ਦਾ ਖ਼ਰਚਾ ਚੁਕਿਆ ਸੀ।
Chadwick Boseman
ਇਨ੍ਹਾਂ ਅਦਾਕਾਰਾਂ ਨੇ ਅਪਣੀ ਚਮੜੀ ਦੇ ਰੰਗ ਨੂੰ ਅਪਣਾਇਆ, ਫ਼ਖ਼ਰ ਕੀਤਾ ਤੇ ਫ਼ਖ਼ਰ ਕਰਵਾਇਆ, ਸ਼ਾਨਦਾਰ ਕਿਰਦਾਰ ਨਿਭਾਏ ਤੇ ਅਪਣੇ ਲੋਕਾਂ ਦੀ ਮਦਦ ਕੀਤੀ। ਦੂਜੇ ਪਾਸੇ ਸਾਡੇ ਕਲਾਕਾਰਾਂ ਨੇ ਸਿੱਖ ਕਿਰਦਾਰ ਨੂੰ ਪੇਸ਼ ਕਰਨ ਵਾਲੀਆਂ ਫ਼ਿਲਮਾਂ ਬਣਾ ਕੇ ਸਿੱਖ ਨੌਜਵਾਨਾਂ ਦਾ ਮਨੋਬਲ ਤੋੜਿਆ ਹੀ ਹੈ। ਜੋ ਦਸਵੰਧ ਬਾਬਾ ਨਾਨਕ ਦੇ ਕੇ ਗਿਆ ਸੀ, ਉਹ ਸਿੱਖਾਂ ਵਿਚ ਨਜ਼ਰ ਨਹੀਂ ਆਉਂਦਾ ਪਰ ਕਾਲੀ ਚਮੜੀ ਵਾਲੇ ਯਹੂਦੀਆਂ ਵਿਚ ਨਜ਼ਰ ਆਉਂਦਾ ਹੈ। ਇਨ੍ਹਾਂ ਵਲ ਵੇਖ ਕੇ ਅਪਣੇ ਆਗੂਆਂ ਦੀ ਸੋਚ, ਧਰਮ ਪ੍ਰਥਾਵਾਂ ਦੀਆਂ ਕਮਜ਼ੋਰੀਆਂ ਨੂੰ ਟਟੋਲਣ ਦੀ ਲੋੜ ਮਹਿਸੂਸ ਹੁੰਦੀ ਹੈ ਤਾਕਿ ਆਉਣ ਵਾਲੇ ਸਮੇਂ ਵਿਚ ਸਿੱਖ ਸਿਰਫ਼ ਜੋਕਰ ਬਣ ਕੇ ਨਹੀਂ ਬਲਕਿ ਸੰਪੂਰਨ ਹੀਰੋ ਵਾਂਗ ਚਮਕਣ।
- ਨਿਮਰਤ ਕੌਰ