
ਸੱਭ ਤੋਂ ਜ਼ਿਆਦਾ ਖ਼ੁਦਕੁਸ਼ੀਆਂ ਆਰਥਕ ਤੰਗੀ ਕਾਰਨ ਹੋ ਰਹੀਆਂ ਹਨ ਕਿਉਂਕਿ ਗ਼ਰੀਬਾਂ ਨੂੰ ਕਿਸੇ ਪਾਸਿਉਂ ਵੀ ਸਹਾਇਤਾ ਦੀ ਆਸ ਨਹੀਂ ਬੱਝ ਰਹੀ।
ਭਾਰਤ ਵਿਚ ਅਪਰਾਧਾਂ ਦੀ ਜਾਂਚ ਕਰਵਾਉਣ ਵਾਲੀ ਸੰਸਥਾ ਐਨ.ਸੀ.ਆਰ.ਬੀ. ਨੇ 2021 ਦਾ ਲੇਖਾ ਜੋਖਾ ਪੇਸ਼ ਕੀਤਾ ਹੈ ਜਿਸ ਦੀ ਪੂਰੀ ਤਸਵੀਰ ਵਿਚ ਅਪਰਾਧ ਤਾਂ ਘਟੇ ਨੇ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਹੁਣ ਭਾਰਤ ਸੁਰੱਖਿਅਤ ਹੋ ਗਿਆ ਹੈ। ਦਿੱਲੀ ਵਿਚ ਔਰਤਾਂ ਤੇ ਬਜ਼ੁਰਗ ਸੱਭ ਤੋਂ ਵੱਧ ਅਸੁਰੱਖਿਅਤ ਹਨ ਜਿਸ ਤੋਂ ਦਿੱਲੀ ਪੁਲਿਸ ਦੀ ਨਾਕਾਮੀ ਪ੍ਰਗਟ ਹੁੰਦੀ ਹੈ। ਪੰਜਾਬ ਵਿਚ ਅਪਰਾਧ ਘਟੇ ਹਨ ਪਰ ਬੱਚਿਆਂ ਵਿਰੁਧ ਅਪਰਾਧਾਂ ਵਿਚ ਵਾਧਾ ਹੋਇਆ ਹੈ। ਔਰਤਾਂ ਵਿਰੁਧ ਅਪਰਾਧਾਂ ਵਿਚ 15 ਫ਼ੀ ਸਦੀ ਵਾਧਾ ਹੋਇਆ ਹੈ ਪਰ ਇਸ ਸੂਚਨਾ ਨੂੰ ਮੁਕੰਮਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਵਿਚ ਲੋਕਾਂ ਦੀ ਪੁਲਿਸ ਉਤੇ ਵਿਸ਼ਵਾਸ ਵਿਚ ਕਮੀ ਇਕ ਵੱਡਾ ਅੜਿੱਕਾ ਹੈ।
ਕੀ ਲੋਕ ਪੁਲਿਸ ਤੇ ਵਿਸ਼ਵਾਸ ਕਰਦੇ ਹਨ ਕਿ ਉਹ ਮਾਮਲਾ ਦਰਜ ਕਰ ਵੀ ਲਵੇਗੀ, ਤਾਂ ਵੀ ਤਫ਼ਤੀਸ਼ ਨੂੰ ਗੰਭੀਰਤਾ ਨਾਲ ਲਵੇਗੀ? ਪਰ ਫਿਰ ਵੀ ਅਪਰਾਧਾਂ ਦੀ ਜਿਹੜੀ ਤਸਵੀਰ ਸਾਹਮਣੇ ਆ ਰਹੀ ਹੈ, ਉਸ ਵਿਚ ਸੱਭ ਤੋਂ ਚਿੰਤਾਜਨਕ ਪੱਖ ਖ਼ੁਦਕੁਸ਼ੀਆਂ ਦਾ ਹੈ ਜਿਥੇ 2021 ਵਿਚ 1 ਲੱਖ 64 ਹਜ਼ਾਰ ਲੋਕਾਂ ਨੇ ਖ਼ੁਦਕੁਸ਼ੀ ਕੀਤੀ। ਇਸ ਵਿਚੋਂ ਸੱਭ ਤੋਂ ਵੱਧ ਖ਼ੁਦਕੁਸ਼ੀਆਂ ਦਿਹਾੜੀਦਾਰ ਮਜ਼ਦੂਰਾਂ ਨੇ ਕੀਤੀਆਂ ਅਰਥਾਤ 26 ਫ਼ੀ ਸਦੀ ਨੇ। ਫਿਰ ਅਪਣੇ ਛੋਟੇ ਧੰਦੇ ਚਲਾਉਣ ਵਾਲਿਆਂ ਤੇ ਫਿਰ ਘਰ ਵਿਚ ਰਹਿਣ ਵਾਲੀਆਂ ਗ੍ਰਹਿਣੀਆਂ ਦਾ ਨੰਬਰ ਆੳਂੁਦਾ ਹੈ। ਐਨ.ਸੀ.ਆਰ.ਬੀ. ਵਲੋਂ ਕਿਸਾਨ ਖ਼ੁਦਕੁਸ਼ੀਆਂ ਦਾ ਅੰਕੜਾ 10,000 ਤਕ ਦਿਤਾ ਗਿਆ ਹੈ ਜਿਸ ਨੂੰ ਪੰਜਾਬ ਖੇਤੀ ਯੂਨੀਵਰਸਟੀ ਨੇ ਹਾਲੇ ਨਿਰਾ ਅੰਦਾਜ਼ਾ ਹੀ ਆਖਿਆ ਹੈ।
2022 ਵਿਚ ਵੀ ਹੁਣ ਤਕ ਪੰਜਾਬ ਵਿਚ 600 ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ ਹੈ ਜਦਕਿ ਐਨ.ਸੀ.ਆਰ.ਬੀ. ਦੀ ਰੀਪੋਰਟ ਕਹਿੰਦੀ ਹੈ ਕਿ 2021 ਵਿਚ ਪੰਜਾਬ ਵਿਚ 174 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ। ਅੰਕੜਿਆਂ ਬਾਰੇ ਕਿੰਤੂ ਪ੍ਰੰਤੂ ਕਰਨ ਤੋਂ ਬਾਅਦ ਵੀ ਐਨ.ਸੀ.ਆਰ.ਬੀ. ਦੇ ਅੰਕੜੇ ਸਿੱਧ ਕਰਦੇ ਹਨ ਕਿ ਭਾਰਤ ਵਿਚ ਦੁਨੀਆਂ ਦੇ ਮੁਕਾਬਲੇ ਸੱਭ ਤੋਂ ਵੱਧ ਖ਼ੁਦਕੁਸ਼ੀਆਂ ਹੋ ਰਹੀਆਂ ਹਨ ਤੇ ਹਰ ਸਾਲ ਇਹ ਅੰਕੜਾ ਵਾਧੇ ਵਲ ਜਾ ਰਿਹਾ ਹੈ। ਖ਼ੁਦਕੁਸ਼ੀ ਨੂੰ ਜ਼ਿਆਦਾਤਰ ਮਾਨਸਕ ਉਦਾਸੀ ਨਾਲ ਜੋੜਿਆ ਜਾਂਦਾ ਹੈ ਪਰ ਰੀਪੋਰਟ ਜਿਹੜੇ ਅੰਕੜੇ ਵਿਖਾ ਰਹੀ ਹੈ, ਇਹ ਸਿਰਫ਼ ਮਾਨਸਕ ਉਦਾਸੀ ਦੇ ਮਾਮਲੇ ਨਹੀਂ ਹਨ।
ਲੋਕ ਉਦਾਸ ਜ਼ਰੂਰ ਹੋਣਗੇ ਪਰ ਇਸ ਵਿਚਲੀ ਬੇਬਸੀ ਤੇ ਲਾਚਾਰੀ ਆਰਥਕ ਕਾਰਨਾਂ ਵਿਚੋਂ ਉਪਜੀ ਹੈ। ਅਸੀ ਅੱਜ ਦੇ ਹਾਲਾਤ ਵਿਚ ਅਜਿਹੀ ਲਾਚਾਰੀ ਮਹਿਸੂਸ ਕਰ ਰਹੇ ਹਾਂ ਕਿ ਬਿਨਾਂ ਮਾਨਸਕ ਉਦਾਸੀ ਦੇ ਹੀ ਲੋਕ ਅਪਣੀ ਜਾਨ ਲੈਣ ਲਈ ਕਦਮ ਚੁਕ ਰਹੇ ਹਨ। ਇਹ ਕਹਿਣਾ ਬੜਾ ਸੌਖਾ ਹੈ ਕਿ ਤੁਸੀਂ ਤਾਕਤਵਰ ਹੋ, ਰੱਬ ਤੇ ਵਿਸ਼ਵਾਸ ਕਰੋ ਪਰ ਜਦ ਇਕ ਦਿਹਾੜੀਦਾਰ ਕੋਲ ਸਿਰ ਤੇ ਛੱਤ ਨਾ ਹੋਵੇ, ਪੇਟ ਦੀ ਅੱਗ ਠੰਢੀ ਕਰਨ ਲਈ ਚਾਰ ਰੋਟੀਆਂ ਜੋਗੇ ਪੈਸੇ ਵੀ ਨਾ ਹੋਣ ਤਾਂ ਰੱਬ ਦੀ ਆਸ ਤੇ ਜੀਉਣਾ ਵੀ ਔਖਾ ਹੋ ਜਾਂਦਾ ਹੈ।
ਸੱਭ ਤੋਂ ਜ਼ਿਆਦਾ ਖ਼ੁਦਕੁਸ਼ੀਆਂ ਆਰਥਕ ਤੰਗੀ ਕਾਰਨ ਹੋ ਰਹੀਆਂ ਹਨ ਕਿਉਂਕਿ ਗ਼ਰੀਬਾਂ ਨੂੰ ਕਿਸੇ ਪਾਸਿਉਂ ਵੀ ਸਹਾਇਤਾ ਦੀ ਆਸ ਨਹੀਂ ਬੱਝ ਰਹੀ। ਇਕ ਪਾਸੇ ਸਰਕਾਰਾਂ ਆਪ ਕੰਗਾਲ ਹਨ, ਦੂਜੇ ਪਾਸੇ ਸਮਾਜ ਕਠੋਰ ਬਣੀ ਜਾ ਰਿਹਾ ਹੈ ਤੇ ਇਕ ਦੂਜੇ ਦੀ ਮਦਦ ਤੇ ਆਉਣ ਵਾਲੇ ਲੋਕ ਹੁਣ ਘੱਟ ਹੀ ਮਿਲਦੇ ਹਨ। ਖ਼ੁਦਕੁਸ਼ੀਆਂ ਦੇ ਅੰਕੜਿਆਂ ਨੂੰ ਸਾਹਮਣੇ ਰੱਖ ਕੇ ਨੀਤੀਆਂ ਘੜਨ ਵਾਲਿਆਂ ਨੂੰ ਵੀ ਬੜੇ ਗਹੁ ਨਾਲ ਵਿਚਾਰਨ ਦੀ ਲੋੜ ਹੈ।
-ਨਿਮਰਤ ਕੌਰ