Editorial: ਮਨੁੱਖ ਅਪਣੇ ਆਪ ਵਿਚ ਸਿਮਟ ਜਾਣਾ ਚਾਹੁੰਦਾ ਹੈ ਜਾਂ ਬਨਾਵਟੀ ਜਹੀ ਬਣ ਚੁੱਕੀ ਦੁਨੀਆਂ ਨੂੰ ਸਚਮੁਚ ਬਦਲਣਾ ਵੀ ਚਾਹੁੰਦਾ ਹੈ?

By : NIMRAT

Published : Jan 2, 2024, 7:19 am IST
Updated : Jan 2, 2024, 7:45 am IST
SHARE ARTICLE
 Image: For representation purpose only.
Image: For representation purpose only.

ਅੱਜ ਜਦੋਂ ਅਸੀ ਸਾਰੇ ਅਪਣੇ ਲਈ ਨਵੇਂ ਟੀਚੇ ਮਿਥ ਰਹੇ ਹਾਂ ਤਾਂ ਇਹ ਵੀ ਵੇਖਣਾ ਪਵੇਗਾ ਕਿ ਅਸੀ ਅਪਣੀ ਜ਼ਿੰਦਗੀ ਵਿਚ ਕਿਹੜੀ ਪੁਰਾਣੀ ਪ੍ਰਵਿਰਤੀ ਉਤੇ ਝਾੜੂ ਫੇਰਨਾ ਚਾਹਾਂਗੇ?

Editorial: ਹਰ ਨਵਾਂ ਸਾਲ ਇਨਸਾਨ ਅੰਦਰ ਇਕ ਨਵੀਂ ਆਸ ਲੈ ਕੇ ਆਉਂਦਾ ਹੈ। ਵੈਸੇ ਤਾਂ ਸੂਰਜ ਦੀਆਂ ਕਿਰਨਾਂ ਹਰ ਰੋਜ਼ ਅਪਣੇ ਨਾਲ ਨਵੇਂ ਰੂਪ ਵਿਚ ਰੱਬ ਦਾ ਪਿਆਰ ਲੈ ਕੇ ਸਾਡੇ ਜੀਵਨ ਵਿਚ ਨਿੱਘ ਤੇ ਚਾਨਣ ਵੰਡਦੀਆਂ ਰਹਿੰਦੀਆਂ ਹਨ ਪਰ ਹਰ ਨਵੇਂ ਸਾਲ ਦੇ ਪਹਿਲੇ ਦਿਨ, ਇਨਸਾਨ ਰੱਬ ਦੀ ਮਿਹਰ ਨੂੰ ਇਕ ਨਵੀਂ ਆਸ ਨਾਲ ਵੇਖਣ ਦੀ ਤਾਂਘ ਮਨ ਵਿਚ ਲੈ ਕੇ, ਹੋਰ ਚੰਗੇ ਦਿਨਾਂ ਦੀ ਕਾਮਨਾ ਕਰਨ ਲਗਦਾ ਹੈ।

ਸ਼ਾਇਦ ਉਹ ਇਕ ਨਵੀਂ ਸ਼ੁਰੂਆਤ ਲਈ ਕੈਲੰਡਰ ਦੀਆਂ ਤਰੀਕਾਂ ਦਾ ਮੁਹਤਾਜ ਹੁੰਦਾ ਹੈ ਪਰ ਪਹਿਲੀ ਜਨਵਰੀ ਨੂੰ ਇਕ ਨਵਾਂ ਉਤਸ਼ਾਹ ਉਪਜਦਾ ਜ਼ਰੂਰ ਹੈ ਜੋ ਸਾਰੀ ਦੁਨੀਆਂ ਨੂੰ ਕੁੱਝ ਨਵਾਂ ਵੇਖਣ ਦੀ ਚਾਹਤ ਨਾਲ ਭਰ ਦੇਂਦਾ ਹੈ। ਨਵੀਂ ਸੋਚ ਦੀ ਸਫ਼ਲਤਾ ਵਾਸਤੇ ਕੁਦਰਤ ਦਾ ਦਸਤੂਰ ਮੰਨਣਾ ਪੈਂਦਾ ਹੈ ਕਿ ਪੁਰਾਣੀਆਂ ਪੈ ਚੁਕੀਆਂ ਕਦਰਾਂ ਕੀਮਤਾਂ ਤੋਂ ਖ਼ਲਾਸੀ ਲੈਣੀ ਹੀ ਪਵੇਗੀ।

ਪੰਜਾਬ ਦੇ ਲੋਕਾਂ ਨੇ ਜਦ ਅਪਣੇ ਸਿਆਸਤਦਾਨਾਂ ਨੂੰ ਉਨ੍ਹਾਂ ਅੰਦਰਲੇ ਹੰਕਾਰ ਚੋਂ ਬਾਹਰ ਕੱਢਣ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਨੂੰ ਪੁਰਾਣਿਆਂ ਨੂੰ ਝਾੜੂ ਫੇਰ ਕੇ ਬਾਹਰ ਸੁਟਣਾ ਹੀ ਪਿਆ। ਜੋ ਨਵੇਂ ਆਏ, ਉਨ੍ਹਾਂ ਦੀ ਸਫ਼ਲਤਾ ਬਾਰੇ ਫ਼ੈਸਲਾ ਅਗਲੀਆਂ ਚੋਣਾਂ ਦੇਣਗੀਆਂ ਪਰ ਬਦਲਾਅ ਤੇ ਸਫ਼ਲਤਾ ਦੋ ਵਖਰੇ ਸ਼ਬਦ ਹਨ। ਜੇ ਇਨਸਾਨ ਬਦਲੇ ਨਾ, ਅਪਣੇ ਆਪ ਨੂੰ ਘੜੇ ਨਾ ਤਾਂ ਫਿਰ ਉਹ ਖੜੇ ਹੋਏ ਪਾਣੀ ਵਾਂਗ ਅੰਮ੍ਰਿਤ ਤੋਂ ਜ਼ਹਿਰ ਬਣ ਜਾਂਦਾ ਹੈ।

ਅੱਜ ਜਦੋਂ ਅਸੀ ਸਾਰੇ ਅਪਣੇ ਲਈ ਨਵੇਂ ਟੀਚੇ ਮਿਥ ਰਹੇ ਹਾਂ ਤਾਂ ਇਹ ਵੀ ਵੇਖਣਾ ਪਵੇਗਾ ਕਿ ਅਸੀ ਅਪਣੀ ਜ਼ਿੰਦਗੀ ਵਿਚ ਕਿਹੜੀ ਕਿਹੜੀ ਪੁਰਾਣੀ ਪੈ ਚੁੱਕੀ ਪ੍ਰਵਿਰਤੀ ਉਤੇ ਝਾੜੂ ਫੇਰਨਾ ਚਾਹਾਂਗੇ? ਜੇ ਅਸੀ ਅਪਣੇ ਆਲੇ ਦੁਆਲੇ ਜਾਂ ਅਪਣੇ ਸੂਬੇ ਤੇ ਦੇਸ਼ ਵਲ ਜਾਂ ਦੁਨੀਆਂ ਵਲ ਵੇਖੀਏ ਤਾਂ ਜੋ ਹਾਲਤ ਚਲ ਰਹੀ ਹੈ, ਉਸ ਵਿਚ ਅਸੀ ਸਾਰੇ ਵੀ ਸਾਂਝੇ ਤੌਰ ’ਤੇ ਗੁਨਾਹਗਾਰ ਸਾਬਤ ਹੋਵਾਂਗੇ। ਅੱਜ ਭਾਵੇਂ ਅਦਾਲਤਾਂ ਵਿਚ ਐਸੀਆਂ ਗੱਲਾਂ ਬਾਰੇ ਫ਼ਤਵੇ ਨਹੀਂ ਸੁਣਾਏ ਜਾਂਦੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀ ਗੁਨਾਹਗਾਰ ਨਹੀਂ ਹਾਂ। ਇਨਸਾਨ ਅੰਦਰ ਕਠੋਰਤਾ ਵਧਦੀ ਜਾ ਰਹੀ ਹੈ।

ਅਸੀ ਅਪਣੀ ਦੁਨੀਆਂ ਵਿਚ ਅੱਜ ਦੋ ਜੰਗਾਂ ਵੇਖ ਰਹੇ ਹਾਂ ਪਰ ਦੇਸ਼ ਦੇ ਜ਼ਿਆਦਾਤਰ ਆਗੂ ਸਿਰਫ਼ ਇਸ ਜੰਗ ’ਚੋਂ ਵੀ ਅਪਣੇ ਵਾਸਤੇ ਸਸਤਾ ਪੈਟਰੋਲ ਖ਼ਰੀਦਣ ਤਕ ਹੀ ਮਹਿਦੂਦ ਰਹਿਣਾ ਚਾਹੁੰਦੇ ਹਨ। ਕੁੱਝ ਤਾਕਤਵਰ ਦੇਸ਼ ਜੋ ਕਿ ਲੋਕਤੰਤਰ ਦੇ ਪ੍ਰਤੀਕ ਹਨ, ਇਨ੍ਹਾਂ ਜੰਗਾਂ ਵਿਚੋਂ ਅਪਣੇ ਦੇਸ਼ਾਂ ਵਿਚ ਬਣਦੇ ਹਥਿਆਰਾਂ ਦੀ ਵਿਕਰੀ ਵਿਚੋਂ ਮੌਕਾ ਤੇ ਮੁਨਾਫ਼ਾ ਲੱਭ ਰਹੇ ਹਨ। ਇਹ ਕਹਿਣ ਨੂੰ ਤਾਂ ਵੱਡੀਆਂ ਗੱਲਾਂ ਹਨ ਜਿਨ੍ਹਾਂ ’ਤੇ ਆਮ ਆਦਮੀ ਦਾ ਕੋਈ ਵੱਸ ਵਾਹ ਨਹੀਂ ਚਲਦਾ ਪਰ ਇਹ ਪੂਰਾ ਸੱਚ ਵੀ ਨਹੀਂ। ਹਰ ਬੰਦੇ ਅੰਦਰ ਵਧਦੀ ਕਠੋਰਤਾ, ਅਪਣੇ ਆਪ ਵਿਚ ਵਧਦੀ ਜਾਂਦੀ ਦਿਲਚਸਪੀ, ਦੁਨੀਆਂ ਤੇ ਅਪਣੇ ਕਰੀਬੀਆਂ ਵਲ ਵਧਦੀ ਬੇਪ੍ਰਵਾਹੀ, ਇਕ ਵਾਇਰਸ ਵਾਂਗ ਇਕ ਦਿਲ ਤੋਂ ਦੂਜੇ ਦਿਲ ਵਿਚ ਫੈਲਦੀ ਜਾ ਰਹੀ ਹੈ। ਕੁਦਰਤ ਨੇ ਸਾਨੂੰ ਅਪਣੀ ਹੋਂਦ ਦੀ ਅਸਲੀਅਤ ਵਿਖਾਉਣ ਲਈ ਕੋਵਿਡ ਵਰਗੀ ਮਹਾਂਮਾਰੀ ਭੇਜੀ ਤੇ ਇਨਸਾਨ ਅਪਣੀ ਬਣਾਈ ਦੁਨੀਆਂ ਵਿਚ ਕੈਦ ਹੋ ਗਿਆ। ਪਰ ਦੋ ਸਾਲਾਂ ਵਿਚ ਹੀ ਇਨਸਾਨ ਭੁਲ ਗਿਆ ਕਿ ਕੁਦਰਤ ਨੇ ਕੋਈ ਸੁਨੇਹਾ ਭੇਜਿਆ ਸੀ। ਅੱਜ ਜਾਪਾਨ ਵਿਚ ਸੁਨਾਮੀ ਨੇ ਫਿਰ ਕੁਦਰਤ ਵਲੋਂ ਇਕ ਸੁਨੇਹਾ ਭੇਜਿਆ ਹੈ ਪਰ ਕੀ ਅਸੀ ਸੁਣਨ ਵਾਸਤੇ ਤਿਆਰ ਵੀ ਹਾਂ?

ਅਸੀ ਤਾਂ ਅਪਣੇ ਸੋਸ਼ਲ ਮੀਡੀਆ ਦੇ ਗ਼ੁਲਾਮ ਬਣ ਕੇ ਰਹਿ ਗਏ ਹਾਂ। ਅੱਜ ਇਕ ਆਮ ਮਨੁੱਖ ਦਿਨ ਵਿਚ 224 ਵਾਰ ਅਪਣੇ ਫ਼ੋਨ ਨੂੰ ਵੇਖਦਾ ਹੈ ਪਰ ਤੁਸੀ ਓਨੀ ਵਾਰ ਇਕ ਸਾਲ ਵਿਚ ਕਦੇ ਕਿਸੇ ਅਪਣੇ ਨੂੰ ਪਿਆਰ ਨਹੀਂ ਦੇਂਦੇ ਹੋਵੋਗੇ। ਜਦ ਅਪਣੇ ਕਮਰੇ ਵਿਚ ਰਹਿੰਦੇ ਅਪਣੇ ਹਮਦਰਦ ਨਾਲ ਹਮਦਰਦੀ ਨਹੀਂ ਤਾਂ ਫਿਰ ਦੂਜੇ ਦੇਸ਼ ਦੀ ਜੰਗ ਜਾਂ ਕੁਦਰਤ ਦੀ ਬਰਬਾਦੀ ਵਰਗੀਆਂ ਚਿੰਤਾਵਾਂ ਦੀ ਪ੍ਰਵਾਹ ਕਿਸ ਤਰ੍ਹਾਂ ਕਰੋਗੇ? ਅੱਜ ਜੇ ਦੁਨੀਆਂ ਜਾਗੇ ਹੋਏ ਬਦਲਾਅ ਵਾਸਤੇ ਉਤਸ਼ਾਹਤ ਹੈ ਤਾਂ ਆਸ ਕਰਦੇ ਹਾਂ ਕਿ ਸਾਡੇ ਅੰਦਰ ਵਧਦੀਆਂ ਦੂਰੀਆਂ, ਨਕਲੀ ਭਾਵ ਬਨਾਵਟੀ ਦੁਨੀਆਂ ਵਿਚ ਖੱਚਤ ਹੋਣ ਦੀ ਰੁਚੀ ’ਤੇ ਝਾੜੂ ਜ਼ਰੂਰ ਫੇਰੇਗੀ ਤਾਕਿ ਦੁਨੀਆਂ ਵਿਚ ਸੱਚਾ ਪਿਆਰ ਅਤੇ ਹਮਦਰਦੀ ਵੱਧ ਸਕੇ।
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM

Big News: Raja Warring ਦਾ Sunil Jakhar ਖਿਲਾਫ ਚੋਣ ਲੜਣ ਦਾ ਐਲਾਨ, ਦੇਖੋ ਕੀ ਦਿੱਤਾ ਬਿਆਨ, ਗਰਮਾਈ ਪੰਜਾਬ ਦੀ..

27 Apr 2024 1:49 PM

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM
Advertisement