ਭਾਰਤੀ ਵਿਦੇਸ਼ ਮੰਤਰੀ ਡਾ. ਸੁਬਰਾਮਣੀਅਮ ਜੈਸ਼ੰਕਰ ਦੀ ਸੰਖੇਪ ਜਿਹੀ ਬੰਗਲਾਦੇਸ਼ ਫੇਰੀ ਦੋ ਕਾਰਨਾਂ ਕਰ ਕੇ ਚਰਚਾ ਦਾ ਵਿਸ਼ਾ ਬਣ ਗਈ ਹੈ।
ਭਾਰਤੀ ਵਿਦੇਸ਼ ਮੰਤਰੀ ਡਾ. ਸੁਬਰਾਮਣੀਅਮ ਜੈਸ਼ੰਕਰ ਦੀ ਸੰਖੇਪ ਜਿਹੀ ਬੰਗਲਾਦੇਸ਼ ਫੇਰੀ ਦੋ ਕਾਰਨਾਂ ਕਰ ਕੇ ਚਰਚਾ ਦਾ ਵਿਸ਼ਾ ਬਣ ਗਈ ਹੈ। ਪਹਿਲਾ ਕਾਰਨ ਹੈ ਉਨ੍ਹਾਂ ਵਲੋਂ ਬੁੱਧਵਾਰ ਨੂੰ ਉਸ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਬੇਗ਼ਮ ਖਾਲਿਦਾ ਜ਼ਿਆ ਦੇ ਜਨਾਜ਼ੇ ਵਿਚ ਹਾਜ਼ਰੀ ਭਰਨੀ ਅਤੇ ਦੂਜਾ, ਉਸ ਮੁਲਕ ਵਿਚ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਸਪੀਕਰ ਸਰਦਾਰ ਆਯਾਜ਼ ਸਾਦਿਕ ਨਾਲ ਹੱਥ ਮਿਲਾਉਣਾ। ਸ਼ਿਸ਼ਟਾਚਾਰ ਦੇ ਤਕਾਜ਼ਿਆਂ ਤੋਂ ਦੋਵਾਂ ਘਟਨਾਵਾਂ ਨੂੰ ਬਹੁਤੀ ਤੂਲ ਨਹੀਂ ਦਿਤੀ ਜਾਣੀ ਚਾਹੀਦੀ, ਪਰ ਕੂਟਨੀਤੀ ਦੇ ਆਈਨੇ ਤੋਂ ਦੋਵਾਂ ਦਾ ਵੱਖੋ-ਵੱਖਰਾ ਮਹੱਤਵ ਹੈ ਅਤੇ ਇਸੇ ਮਹੱਤਵ ਕਰ ਕੇ ਹੀ ਇਹ ਚੁੰਝ-ਚਰਚਾ ਦਾ ਵਿਸ਼ਾ ਬਣੀਆਂ ਹਨ।
80 ਵਰ੍ਹਿਆਂ ਦੀ ਬੇਗ਼ਮ ਖਾਲਿਦਾ ਜ਼ਿਆ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੀ ਨੇਤਾ ਸਨ। ਉਹ ਤਿੰਨ ਵਾਰ (1991-96, 1996 ਵਿਚ ਹੀ ਮੁੜ ਦੋ ਮਹੀਨੇ ਤੇ 2001 ਤੋਂ 2006 ਤਕ) ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਮੰਗਲਵਾਰ ਨੂੰ ਇੰਤਕਾਲ ਤੋਂ ਪਹਿਲਾਂ ਉਹ ਬੀ.ਐਨ.ਪੀ. ਦੀ ਪ੍ਰਧਾਨ ਸਨ। ਇਹ ਸਹੀ ਹੈ ਕਿ ਕਦੇ ਉਨ੍ਹਾਂ ਦੀ ਪਾਰਟੀ ਦਾ ਰੁਖ਼ ਕੱਟੜ ਭਾਰਤ-ਵਿਰੋਧੀ ਹੁੰਦਾ ਸੀ, ਪਰ ਪ੍ਰਧਾਨ ਮੰਤਰੀ ਵਜੋਂ ਅਪਣੇ ਤੀਜੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਦੋਸਤਾਨਾ ਸਬੰਧ ਬਣਾਉਣ ਵਾਲਾ ਰਾਹ ਅਖ਼ਤਿਆਰ ਕੀਤਾ ਸੀ। ਇਸੇ ਸਦਕਾ ਉਨ੍ਹਾਂ ਦੀ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਨੇੜਤਾ ਵਿਕਸਿਤ ਹੋਈ।
ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੀ ਸਥਾਪਨਾ ਮਗਰੋਂ ਵੀ ਬੇਗ਼ਮ ਜ਼ਿਆ ਨੇ ਸੋਨੀਆ ਗਾਂਧੀ ਤੇ ਹੋਰ ਭਾਰਤੀ ਰਾਜਨੇਤਾਵਾਂ ਨਾਲ ਜ਼ਾਤੀ ਤੁਆਲੁੱਕਾਤ ਬਣਾਉਣਾ ਜਾਰੀ ਰਖਿਆ। 2014 ਵਿਚ ਨਰਿੰਦਰ ਮੋਦੀ ਸਰਕਾਰ ਵਜੂਦ ਵਿਚ ਆਉਣ ’ਤੇ ਜਦੋਂ ਡਾ. ਸੁਸ਼ਮਾ ਸਵਰਾਜ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਤਾਂ ਉਨ੍ਹਾਂ ਨੇ ਅਪਣੀ ਪਹਿਲੀ ਬੰਗਲਾਦੇਸ਼ ਫੇਰੀ ਦੌਰਾਨ ਬੇਗ਼ਮ ਜ਼ਿਆ ਨੂੰ ਮਿਲਣ ਨੂੰ ਤਰਜੀਹ ਦਿਤੀ। ਇਹੋ ਅਮਲ 2015 ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵੀ ਦੁਹਰਾਇਆ।
ਇਹ ਵਖਰੀ ਗੱਲ ਹੈ ਕਿ ਪਿਛਲੇ ਪੰਜ-ਛੇ ਵਰਿ੍ਹਆਂ ਤੋਂ ਬੰਗਲਾਦੇਸ਼ ਵਿਚ ਸ਼ੇਖ਼ ਹਸੀਨਾ ਵਾਜੇਦ ਸਰਕਾਰ ਦੀਆਂ ਆਪਹੁਦਰੀਆਂ ਪ੍ਰਤੀ ਮੋਦੀ ਸਰਕਾਰ ਦੀ ਉਦਾਸੀਨਤਾ ਤੋਂ ਬੇਗ਼ਮ ਜ਼ਿਆ ਨਾਖੁਸ਼ ਸਨ ਅਤੇ ਇਸੇ ਨਾਖੁਸ਼ੀ ਦਾ ਇਜ਼ਹਾਰ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਵਲੋਂ ਜਨਤਕ ਮੰਚਾਂ ਉੱਤੇ ਭਾਰਤ ਖ਼ਿਲਾਫ਼ ਇਲਜ਼ਾਮਤਰਾਸ਼ੀ ਦੇ ਰੂਪ ਵਿਚ ਦੇਖਣ ਨੂੰ ਮਿਲਦਾ ਰਿਹਾ। ਸ਼ੇਖ਼ ਹਸੀਨਾ ਖ਼ਿਲਾਫ਼ ਜਨ ਵਿਦਰੋਹ ਅਤੇ 5 ਅਗੱਸਤ 2024 ਤੋਂ ਉਨ੍ਹਾਂ ਵਲੋਂ ਭਾਰਤ ਵਿਚ ਪਨਾਹ ਲਏ ਜਾਣ ਤੋਂ ਬਾਅਦ ਭਾਰਤੀ ਰਾਜਸੀ ਤੇ ਸਫ਼ਾਰਤੀ ਹਲਕਿਆਂ ਵਿਚ ਇਹ ਰਾਇ ਬਣ ਗਈ ਸੀ ਕਿ ਮੋਦੀ ਸਰਕਾਰ ਨੂੰ ਬਦਲੇ ਹੋਏ ਹਾਲਾਤ ਵਿਚ ਬੀ.ਐਨ.ਪੀ. ਨਾਲ ਰਾਬਤਾ ਬਣਾਉਣਾ ਚਾਹੀਦਾ ਹੈ। ਬੇਗ਼ਮ ਜ਼ਿਆ ਦੇ ਜਨਾਜ਼ੇ ਵਿਚ ਡਾ. ਜੈਸ਼ੰਕਰ ਦੀ ਹਾਜ਼ਰੀ ਅਤੇ ਜਨਾਜ਼ੇ ਤੋਂ ਪਹਿਲਾਂ ਉਨ੍ਹਾਂ ਦੇ ਬੇਟੇ (ਬੀ.ਐਨ.ਪੀ. ਦੇ ਕਾਰਜਕਾਰੀ ਪ੍ਰਧਾਨ) ਤਾਰਿਕ ਰਹਿਮਾਨ ਨਾਲ ਮੁਲਾਕਾਤ ਇਸੇ ਰਾਬਤੇ ਨੂੰ ਸੁਰਜੀਤ ਕਰਨ ਦਾ ਉਪਰਾਲਾ ਹੈ।
ਪਾਕਿਸਤਾਨੀ ਸਪੀਕਰ ਆਯਾਜ਼ ਸਾਦਿਕ ਨਾਲ ਡਾ. ਜੈਸ਼ੰਕਰ ਦਾ ਸੰਖੇਪ ਜਿਹਾ ਦੁਆ-ਸਲਾਮ, ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਡਾ. ਮੁਹੰਮਦ ਯੂਨੁਸ ਵਲੋਂ ਸੋਸ਼ਲ ਮੀਡੀਆ ’ਤੇ ਜਾਰੀ ਤਸਵੀਰ ਰਾਹੀਂ ਸਾਹਮਣੇ ਆਇਆ। ਇਸ ਨੂੰ ਕੂਟਨੀਤਕ ਸ਼ਰਾਰਤ ਵੀ ਕਿਹਾ ਜਾ ਸਕਦਾ ਹੈ। ਪਹਿਲਗ਼ਾਮ ਦਹਿਸ਼ਤੀ ਹਮਲੇ ਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਰਾਜਨੇਤਾਵਾਂ ਤੋਂ ਇਲਾਵਾ ਖਿਡਾਰੀਆਂ ਨੇ ਵੀ ਇਕ-ਦੂਜੇ ਨਾਲ ਰਸਮੀ ਦੁਆ-ਸਲਾਮ ਬੰਦ ਕਰ ਦਿਤੀ ਸੀ। ਦੁਆ-ਸਲਾਮ ਬੰਦ ਕਰਨ ਦਾ ਫ਼ੈਸਲਾ ਵੀ ਮੁੱਖ ਤੌਰ ’ਤੇ ਭਾਰਤੀ ਸੀ।
ਬੇਗ਼ਮ ਜ਼ਿਆ ਦੇ ਜਨਾਜ਼ੇ ਸਮੇਂ ਹਾਜ਼ਰੀ ਭਰਨ ਵਾਲੇ ਛੇ ਵਿਦੇਸ਼ੀ ਰਾਜਨੇਤਾਵਾਂ ਵਿਚ ਡਾ. ਜੈਸ਼ੰਕਰ ਤੋਂ ਇਲਾਵਾ ਆਯਾਜ਼ ਸਾਦਿਕ ਅਤੇ ਨੇਪਾਲ ਦੇ ਸਪੀਕਰ ਬਾਲਾ ਨੰਦ ਸ਼ਰਮਾ ਵੀ ਸ਼ਾਮਲ ਸਨ। ਇਕੋ ਕਮਰੇ ਵਿਚ ਇਨ੍ਹਾਂ ਦੀ ਹਾਜ਼ਰੀ ਸਮੇਂ ਸ਼ਿਸ਼ਟਤਾ ਦਿਖਾਏ ਜਾਣਾ ਕੁਦਰਤੀ ਸੀ। ਪਰ ਡਾ. ਯੂਨੁਸ ਦੇ ਕਦਮ ਨੇ ਇਸ ਨੂੰ ਵਖਰੀ ਰੰਗਤ ਦੇ ਦਿਤੀ। ਉਨ੍ਹਾਂ ਦੇ X ਸੁਨੇਹੇ ਮਗਰੋਂ ਆਯਾਜ਼ ਸਾਦਿਕ ਦੇ ਦਫ਼ਤਰ ਨੇ ਵੀ ਦੁਆ-ਸਲਾਮ ਨੂੰ ਇਸ ਇਕ ਸਤਰ ਰਾਹੀਂ ਵੱਧ ਮਸਾਲੇਦਾਰ ਬਣਾ ਦਿਤਾ ਕਿ ‘‘ਜੈਸ਼ੰਕਰ ਆਪ ਆਯਾਜ਼ ਸਾਦਿਕ ਕੋਲ ਗਏ।’’ ਪਾਕਿਸਤਾਨੀ ਮੀਡੀਆ ਇਸ ਨੂੰ ਭਾਰਤੀ ਨੀਤੀ ਵਿਚ ‘ਸੁਧਾਰ’ ਦੱਸ ਰਿਹਾ ਹੈ ਜਦੋਂਕਿ ਭਾਰਤ ਅੰਦਰਲੇ ਕੱਟੜਪੰਥੀ ਅਨਸਰ ਇਸ ਨੂੰ ਮੋਦੀ ਸਰਕਾਰ ਦੀ ‘ਹੇਠੀ’ ਤੇ ਨਰਮਾਈ ਦੱਸ ਕੇ ਨਿੰਦ ਰਹੇ ਹਨ। ਜਿਸ ਸ਼ਿਸ਼ਟਾਚਾਰੀ ਪਹੁੰਚ ਦਾ ਸਵਾਗਤ ਹੋਣਾ ਚਾਹੀਦਾ ਸੀ, ਉਹ ਨੀਵੇਂ ਪੱਧਰ ਦੀ ਤੋਹਮਤਬਾਜ਼ੀ ਵਿਚ ਰੁਲ ਕੇ ਰਹਿ ਗਈ ਹੈ।
ਅਜਿਹੇ ਬੇਲੋੜੇ ਵਿਵਾਦਾਂ ਦੇ ਬਾਵਜੂਦ ਡਾ. ਜੈਸ਼ੰਕਰ ਦੀ ਮਹਿਜ਼ ਚਾਰ ਘੰਟਿਆਂ ਦੀ ਢਾਕਾ ਫੇਰੀ ਨੇ ਕੁੱਝ ਸੁਖਾਵੀਆਂ ਸੰਭਾਵਨਾਵਾਂ ਵੀ ਜਗਾਈਆਂ ਹਨ। ਬੰਗਲਾਦੇਸ਼ ਵਿਚ ਪਾਰਲੀਮਾਨੀ ਚੋਣਾਂ 12 ਫ਼ਰਵਰੀ ਨੂੰ ਹੋਣੀਆਂ ਹਨ। ਤਾਜ਼ਾਤਰੀਨ ਸਰਵੇਖਣ ਇਹ ਦਰਸਾਉਂਦੇ ਹਨ ਕਿ ਪਾਬੰਦੀਸ਼ੁਦਾ ਰਾਜਸੀ ਧਿਰ ਕਰਾਰ ਦਿਤੇ ਜਾਣ ਦੇ ਬਾਵਜੂਦ ਸ਼ੇਖ਼ ਹਸੀਨਾ ਦੀ ਅਵਾਮੀ ਲੀਗ ਦਾ ਆਧਾਰ ਬਹੁਤਾ ਖੁਰਿਆ ਨਹੀਂ। 31.44 ਫ਼ੀਸਦੀ ਵੋਟਰ ਅਜੇ ਵੀ ਇਸ ਪਾਰਟੀ ਦੇ ਹਮਾਇਤੀ ਹਨ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਨੂੰ 42.84 ਫ਼ੀਸਦੀ ਵੋਟਰਾਂ ਦੀ ਸਿੱਧੀ ਹਮਾਇਤ ਹਾਸਿਲ ਹੈ। ਇਹ ਅੰਕੜਾ ਇਸ ਨੂੰ ਸਪਸ਼ਟ ਬਹੁਮਤ ਦਾ ਹੱਕਦਾਰ ਨਹੀਂ ਬਣਾਉਂਦਾ।
ਕੱਟੜਪੰਥੀ ਜਮਾਤ-ਇ-ਇਸਲਾਮੀ ਦੇ ਹਮਾਇਤੀਆਂ ਦੀ ਫ਼ੀਸਦ 18.9 ਹੈ ਜਦੋਂਕਿ ਜਨ ਵਿਦਰੋਹ ਜਥੇਬੰਦ ਕਰਨ ਵਾਲੇ ਵਿਦਿਆਰਥੀਆਂ ਦੀ ਨਵੀਂ ਰਾਜਸੀ ਧਿਰ-ਨੈੈਸ਼ਨਲ ਸਿਟੀਜ਼ਨ ਪਾਰਟੀ (ਐੱਨ.ਸੀ.ਪੀ.) ਨੂੰ 4.ਤੋਂ 5 ਫ਼ੀਸਦੀ ਲੋਕ ਹਮਾਇਤ ਹਾਸਿਲ ਹੈ। ਇਸੇ ਲਈ ਐੱਨ.ਸੀ.ਪੀ. ਨੇ ਜਮਾਤ ਨਾਲ ਚੋਣ ਸਮਝੌਤਾ ਕੀਤਾ ਹੈ ਅਤੇ ਮਹਿਜ਼ 30 ਪਾਰਲੀਮਾਨੀ ਸੀਟਾਂ ਲੜਨ ਪ੍ਰਤੀ ਰਜ਼ਾਮੰਦੀ ਦਿਖਾਈ ਹੈ। ਇਸ ‘ਗ਼ੈਰ-ਸਿਧਾਂਤਕ’ ਗੱਠਜੋੜ ਖ਼ਿਲਾਫ਼ ਪਾਰਟੀ ਦੀਆਂ ਸਫ਼ਾਂ ਅੰਦਰੋਂ ਉੱਠੀ ਬਗ਼ਾਵਤ ਨੇ ਇਸ ਦੀ ਪੁਜ਼ੀਸ਼ਨ ਹੋਰ ਵੀ ਕਮਜ਼ੋਰ ਕਰ ਦਿਤੀ ਹੈ। ਆਦਰਸ਼ਵਾਦੀ ਨਜ਼ਰੀਏ ਤੋਂ ਭਾਰਤ ਨੂੰ ਬੰਗਲਾਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਨਹੀਂ ਦੇਣਾ ਚਾਹੀਦਾ। ਪਰ ਅਸਲਵਾਦ ਦਾ ਤਕਾਜ਼ਾ ਇਹ ਹੈ ਕਿ ਭਾਰਤ, ਬੀ.ਐਨ.ਪੀ. ਦਾ ਵੋਟ ਬੈਂਕ ਮਜ਼ਬੂਤ ਕਰਨ ਦਾ ਅਸਿੱਧਾ ਯਤਨ ਜ਼ਰੂਰ ਕਰੇ। ਡਾ. ਜ਼ੈਸ਼ੰਕਰ ਦੀ ਬੰਗਲਾਦੇਸ਼ ਫੇਰੀ, ਇਸੇ ਪ੍ਰਸੰਗ ਵਿਚ, ਅਵਾਮੀ ਲੀਗ ਦੇ ਹਮਾਇਤੀਆਂ ਲਈ ਸੁਨੇਹਾ ਹੈ ਕਿ ਭਾਰਤ ਕੀ ਚਾਹੁੰਦਾ ਹੈ।
