
ਗੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ, ਕੁਰਆਨ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਸਾਡਾ ਦੇਸ਼ ਵੱਖ-ਵੱਖ ਧਰਮਾਂ ਅਤੇ ਜਾਤਾਂ-ਪਾਤਾਂ ਦਾ ਇਕ ਸਮੂਹ ਹੈ। ਬੜੀ ਦੇਰ ਤੋਂ ਹੀ ਇਹ ਜਾਤਾਂ-ਪਾਤਾਂ ਵਿਚ ਵੰਡਿਆ ਹੋਇਆ ਹੈ। ਏਸੇ ਕਰ ਕੇ ਹੀ ਸਮਾਜਕ ਏਕਤਾ ਦੀ ਘਾਟ ਬਣੀ ਰਹਿੰਦੀ ਹੈ। ਹਰ ਵਿਅਕਤੀ ਅਪਣੇ ਹੀ ਧਰਮ, ਜਾਤ ਨੂੰ ਉੱਤਮ ਮੰਨਦਾ ਹੈ। ਦਿਲੋਂ ਇਹ ਗੱਲ ਵਿਸਾਰ ਦਿੰਦਾ ਹੈ ਕਿ ਅਸੀ ਇਕ ਪ੍ਰਮਾਤਮਾ ਦੇ ਬਣਾਏ ਹੋਏ ਹਾਂ ਭਾਵੇਂ ਉਸ ਨੂੰ ਮਿਲਣ ਦੇ ਰਸਤੇ ਅੱਡ-ਅੱਡ ਹਨ। ਕਿਸੇ ਬਿਮਾਰੀ, ਆਫ਼ਤ ਨਾਲ ਏਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਧਰਮਾਂ ਦੇ ਨਾਂ ਉਤੇ ਹੁੰਦੀਆਂ ਲੜਾਈਆਂ ਕਾਰਨ ਹੁੰਦਾ ਹੈ। ਬਾਬਰੀ ਮਸਜਿਦ, ਰਾਮ ਮੰਦਰ ਦਾ ਮਸਲਾ ਅਣਸੁਲਝਿਆ ਲਟਕ ਰਿਹਾ ਹੈ। ਗੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ, ਕੁਰਆਨ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਨ੍ਹਾਂ ਨੂੰ ਸੁਲਝਾਉਣ ਦਾ ਕੋਈ ਪੱਕਾ ਹੱਲ ਨਹੀਂ ਨਿਕਲ ਸਕਿਆ ਹਾਲੇ ਤਕ।
ਪਰ ਚੰਗਿਆਈ ਦਾ ਬੀਜ ਨਾਸ ਨਹੀਂ ਹੋਇਆ। ਕੁੱਝ ਥਾਵਾਂ ਤੇ ਚੰਗੇ ਬੰਦੇ ਵੀ ਵਸਦੇ ਹਨ। ਜਾਗਦੀ ਜ਼ਮੀਰ ਵਾਲੇ ਲੋਕ ਹਮੇਸ਼ਾ ਦੂਜੇ ਦਾ ਭਲਾ ਸੋਚਦੇ ਹਨ। ਗੱਲ ਕਰਾਂ ਬਰਨਾਲਾ ਜ਼ਿਲ੍ਹੇ ਦੇ ਇਕ ਪਿੰਡ 'ਮੂਮ' ਦੀ, ਜਿਥੇ ਹਰ ਧਰਮ ਦੇ ਲੋਕ ਰਲ-ਮਿਲ ਕੇ ਰਹਿੰਦੇ ਹਨ। ਉਸ ਵਿਚ ਹਿੰਦੂਆਂ ਲਈ ਮੰਦਰ ਤੇ ਮਾਤਾ ਰਾਣੀ ਹੈ ਪੂਜਣ ਲਈ, ਸਿੱਖਾਂ ਲਈ ਗੁਰੂਘਰ ਹੈ ਜਿਥੇ ਉਹ ਜਾ ਕੇ ਨਤਮਸਤਕ ਹੁੰਦੇ ਹਨ। ਪਰ ਮੁਸਲਮਾਨਾਂ ਲਈ ਸਿਜਦਾ ਕਰਨ ਲਈ ਕੋਈ ਥਾਂ ਨਹੀਂ ਸੀ। ਪਿੰਡ ਦੇ ਪੰਡਤਾਂ ਨੇ ਉਨ੍ਹਾਂ ਨੂੰ ਦੋ ਮਰਲੇ ਥਾਂ ਦਿਤੀ ਹੈ ਮਸੀਤ ਬਣਾਉਣ ਲਈ। ਸਿੱਖਾਂ ਨੇ ਵੀ ਅਪਣੇ ਗੁਰੂਘਰ ਵਿਚੋਂ ਲਾਂਘਾ ਦਿਤਾ ਹੈ। ਹੋਰ ਵੀ ਹਰ ਤਰ੍ਹਾਂ ਦੀ ਮਦਦ ਦੇਣ ਲਈ ਕਿਹਾ ਹੈ। ਸਾਰੇ ਲੋਕ ਇਕ ਦੂਜੇ ਦਾ ਖ਼ਿਆਲ ਰਖਦੇ ਹਨ। ਭਲੇ ਲੋਕ ਇਨਸਾਨੀਅਤ ਨੂੰ ਪਹਿਲ ਦਿੰਦੇ ਹਨ ਕਿਉਂਕਿ ਲੜਾਈਆਂ ਨਾਲ ਅਸਥਿਰਤਾ ਫੈਲਦੀ ਹੈ। ਸੋ 'ਮੂਮ' ਪਿੰਡ ਦੇ ਸਾਰੇ ਲੋਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਕ ਵਧੀਆ ਮਿਸਾਲ ਪੈਦਾ ਕੀਤੀ ਹੈ। ਸਾਨੂੰ ਸੱਭ ਨੂੰ ਉਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ। ਮੇਰਾ ਵੀ ਉਨ੍ਹਾਂ ਦੀ ਸੋਚ ਨੂੰ ਸਲਾਮ ਹੈ।ਸ਼ਸ਼ੀ ਲਤਾ, ਸੰਪਰਕ : 82840-20628