
ਇਹੀ ਕਿ ਪ੍ਰਧਾਨ ਮੰਤਰੀ ਸਟੇਜਾਂ ਤੋਂ ਜੋ ਮਰਜ਼ੀ ਕਹੀ ਜਾਣ, ਦਲਿਤਾਂ ਨੂੰ ਬਰਾਬਰੀ ਦਾ ਦਰਜਾ ਕੋਈ ਨਹੀਂ ਦੇਣਾ ਚਾਹੁੰਦਾ
ਭਾਰਤ ਨੂੰ ਅੱਜ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਪਹਿਲਾਂ ਦੇ ਸਮੇਂ ਵਿਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਦਲਿਤ ਗ਼ੁਲਾਮ ਤੋਂ ਵੀ ਬਦਤਰ ਜ਼ਿੰਦਗੀ ਜੀ ਰਹੇ ਸਨ ਅਤੇ ਮੁਗ਼ਲ ਸਾਡੇ ਦੁਸ਼ਮਣ ਸਨ। ਅੱਜ ਲੋੜ ਹੈ ਤਾਂ ਅਸਲ ਅਗਾਂਹਵਧੂ ਸੋਚ ਵਾਲੇ ਲੋਕਾਂ ਦੀ ਜੋ ਸੰਵਿਧਾਨ ਅਤੇ ਉਸ ਦੇ ਨਿਰਮਾਤਾ ਵਜੋਂ ਪ੍ਰਚਾਰੇ ਜਾਣ ਵਾਲੇ
ਡਾ. ਅੰਬੇਦਕਰ ਦੇ ਨਾਂ ਤੇ ਕੋਈ ਇਤਰਾਜ਼ ਨਾ ਕਰਨ।
ਜੇ ਮਹਾਂਕਵੀ ਵਿਲੀਅਮ ਸ਼ੈਕਸਪੀਅਰ ਦੇ ਲਫ਼ਜ਼ਾਂ ਨੂੰ ਯਾਦ ਕਰੀਏ ਤਾਂ ਉਹ ਬੜੇ ਖ਼ੂਬਸੂਰਤ ਸ਼ਬਦਾਂ ਵਿਚ ਅੰਦਰਲੀ ਖ਼ੂਬਸੂਰਤੀ ਨੂੰ ਬਿਆਨ ਕਰ ਗਏ ਸਨ ਕਿ 'ਨਾਂ ਵਿਚ ਕੀ ਰਖਿਆ ਹੈ, ਗੁਲਾਬ ਨੂੰ ਕੋਈ ਵੀ ਨਾਂ ਦੇ ਕੇ ਬੁਲਾ ਲਉ, ਉਹਦੀ ਮਹਿਕ ਓਨੀ ਹੀ ਮਿੱਠੀ ਰਹੇਗੀ।' ਪਰ ਅੱਜ ਨਾਂ ਨੂੰ ਲੈ ਕੇ ਹੀ ਪੰਜਾਬ ਦੇ ਫਗਵਾੜਾ ਸ਼ਹਿਰ ਵਿਚ ਟਕਰਾਅ ਬਣਿਆ ਹੋਇਆ ਹੈ ਅਤੇ ਇਕ ਨੌਜਵਾਨ ਨੂੰ ਅਪਣੀ ਜਾਨ ਵੀ ਗਵਾਉਣੀ ਪਈ ਹੈ, ਸਿਰਫ਼ ਇਕ ਚੌਕ ਦੇ ਨਾਂ ਕਰ ਕੇ। ਇਸ ਚੌਕ ਨੂੰ ਦਲਿਤ ਵੀਰ 'ਸੰਵਿਧਾਨ ਚੌਕ' ਦਾ ਨਾਂ ਦੇਣਾ ਚਾਹੁੰਦੇ ਸਨ ਅਤੇ ਮੁੱਖ ਮੰਤਰੀ ਨੇ ਇਹ ਕਰ ਵੀ ਦਿਤਾ। ਕਿਸੇ ਨੂੰ ਮਾੜਾ ਲੱਗਣ ਬਾਰੇ ਖ਼ਿਆਲ ਵੀ ਨਹੀਂ ਆਇਆ ਹੋਣਾ ਕਿਉਂਕਿ ਸੰਵਿਧਾਨ ਹੇਠ ਤਾਂ ਸਾਰਾ ਭਾਰਤ ਹੀ ਅਪਣੀ ਆਜ਼ਾਦੀ ਮਾਣਦਾ ਹੈ। ਪਰ ਸੱਜੇ ਪੱਖੀ ਜਥੇਬੰਦੀਆਂ ਨੂੰ 'ਸੰਵਿਧਾਨ ਚੌਕ' ਨਾਂ ਹਜ਼ਮ ਨਾ ਹੋਇਆ ਕਿਉਂਕਿ ਉਹ ਉਸ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰਖਣਾ ਚਾਹੁੰਦੀਆਂ ਸਨ। ਪਰ ਭਗਤ ਸਿੰਘ ਵੀ ਤਾਂ ਸੰਵਿਧਾਨ ਨੂੰ ਸਥਾਪਤ ਕਰਨ ਦੀ ਆਜ਼ਾਦੀ ਲਹਿਰ ਵਿਚ ਹੀ ਸ਼ਹੀਦ ਹੋਏ ਸਨ। ਸੱਜੇ ਪੱਖੀ ਜਥੇਬੰਦੀਆਂ ਨੂੰ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਉ ਅੰਬੇਦਕਰ ਦੀ ਤਾਰੀਫ਼ ਬਰਦਾਸ਼ਤ ਨਹੀਂ ਹੋ ਰਹੀ ਅਤੇ ਦਲਿਤ ਜਥੇਬੰਦੀਆਂ ਨੂੰ ਅੱਜ ਡਾ. ਅੰਬੇਦਕਰ ਤੋਂ ਸਿਵਾ ਕਿਸੇ ਹੋਰ ਆਗੂ ਵਿਚੋਂ ਸੰਤੁਸ਼ਟੀ ਨਹੀਂ ਮਿਲ ਰਹੀ। ਦੇਸ਼ ਭਰ ਵਿਚ ਉਨ੍ਹਾਂ ਦੇ ਬੁੱਤਾਂ ਦਾ ਤੋੜਿਆ ਜਾਣਾ ਵਾਰ ਵਾਰ ਇਹੀ ਸੁਨੇਹਾ ਦੇ ਰਿਹਾ ਹੈ ਕਿ ਅੱਜ ਦੀ ਰਾਜਨੀਤੀ ਵਿਚ, ਦਲਿਤਾਂ ਨੂੰ ਬਰਾਬਰੀ ਦਾ ਸਥਾਨ ਦੇਣ ਲਈ ਕੋਈ ਵੀ ਤਿਆਰ ਨਹੀਂ¸ਖ਼ਾਸ ਤੌਰ ਤੇ ਹਕੂਮਤੀ ਗੱਦੀਆਂ ਉਤੇ ਬੈਠਣ ਵਾਲਿਆਂ ਵਿਚ।ਇਹ ਜੋ ਸੋਚ ਦੇਸ਼ ਭਰ ਵਿਚ ਮੁੜ ਤੋਂ ਹਾਵੀ ਹੋ ਰਹੀ ਹੈ, ਉਹ ਹੁਣ ਕਾਂਗਰਸ ਵਾਸਤੇ ਵੀ ਇਕ ਵੱਡਾ ਸਵਾਲ ਖੜਾ ਕਰ ਰਹੀ ਹੈ। ਕੀ ਹੁਣ ਕਾਂਗਰਸ ਦਲਿਤਾਂ ਨਾਲ ਖੁੱਲ੍ਹ ਕੇ ਖੜੀ ਹੋ ਜਾਏਗੀ?
Dr. Ambedkar
ਪੰਜਾਬ ਦੇ ਮੰਤਰੀ ਮੰਡਲ ਵਿਚ ਥਾਂ ਨਾ ਮਿਲਣ ਕਾਰਨ ਦਲਿਤਾਂ ਵਿਚ ਨਾਰਾਜ਼ਗੀ ਵੱਧ ਗਈ ਹੈ ਅਤੇ ਇਹ ਵੀ ਇਕ ਕਾਰਨ ਹੈ ਕਿ ਹੁਣ ਫਗਵਾੜਾ ਸ਼ਾਂਤ ਨਹੀਂ ਹੋ ਪਾ ਰਿਹਾ। ਸੱਜੇਪੱਖੀ ਕੱਟੜ ਹਿੰਦੂ ਜਥੇਬੰਦੀਆਂ ਨੇ ਸਮਾਜਕ ਰਿਸ਼ਤਿਆਂ ਦੀਆਂ ਦਰਾੜਾਂ ਨੂੰ ਏਨਾ ਡੂੰਘਾ ਕਰ ਦਿਤਾ ਹੈ ਕਿ ਹੁਣ ਦਲਿਤ ਆਰ ਜਾਂ ਪਾਰ ਦੀ ਲੜਾਈ ਦੇ ਸੰਕੇਤ ਦੇ ਰਹੇ ਹਨ। 2019 ਵਿਚ ਸਿਰਫ਼ ਭਾਜਪਾ ਜਾਂ ਕਾਂਗਰਸ ਦੀ ਸਿਆਸੀ ਕਿਸਮਤ ਹੀ ਦਾਅ ਤੇ ਨਹੀਂ ਲੱਗੀ ਹੋਈ ਬਲਕਿ ਦਲਿਤਾਂ ਵਾਸਤੇ ਵਜੂਦ ਦਾ ਸਵਾਲ ਵੀ ਬਣ ਚੁੱਕਾ ਹੈ। 2014 ਵਿਚ ਚਾਰ ਦਲਿਤ ਮੁੰਡਿਆਂ ਨੂੰ ਸਰੇ ਬਾਜ਼ਾਰ ਨੰਗਾ ਕਰ ਕੇ ਬੜੀ ਬੇਰਹਿਮੀ ਨਾਲ ਡੰਡਿਆਂ ਨਾਲ ਕੁਟਿਆ ਗਿਆ ਸੀ। ਚਾਰ ਸਾਲ ਤੋਂ ਨਿਆਂ ਦੀ ਉਡੀਕ ਤੋਂ ਬਾਅਦ ਵੀ ਉਨ੍ਹਾਂ ਸੰਵਿਧਾਨ ਦੀ ਖ਼ਿਲਾਫ਼ਤ ਨਹੀਂ ਕੀਤੀ ਪਰ ਹਿੰਦੂ ਧਰਮ ਦਾ ਪੱਲਾ ਛੱਡ ਦਿਤਾ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਧਰਮ ਵਿਚ ਉਨ੍ਹਾਂ ਨੂੰ ਇਨਸਾਨ ਹੀ ਨਹੀਂ ਮੰਨਿਆ ਜਾਂਦਾ, ਉਸ ਧਰਮ ਵਿਚ ਰਹਿਣ ਦਾ ਕੀ ਫ਼ਾਇਦਾ?
ਦਲਿਤ ਨਾ ਸਿਰਫ਼ ਭਾਜਪਾ, ਕਾਂਗਰਸ ਅਤੇ ਸੱਜੇ ਪੱਖੀ ਕੱਟੜ ਸੰਸਥਾਵਾਂ ਤੋਂ ਨਿਰਾਸ਼ ਹੋ ਰਿਹਾ ਹੈ ਸਗੋਂ ਅਪਣੇ ਆਪ ਨੂੰ ਅਗਾਂਹਵਧੂ ਅਖਵਾਉਣ ਵਾਲੇ ਖੱਬੇ ਪੱਖੀਆਂ ਤੋਂ ਵੀ ਨਿਰਾਸ਼ ਹੋ ਰਿਹਾ ਹੈ। ਹੁਣ ਅਗਾਂਹਵਧੂ ਸੰਸਥਾਵਾਂ ਨੂੰ ਵੀ ਇਕ ਖ਼ਾਲਸ ਦਲਿਤ ਚੇਤਨਾ ਵਰਗ ਦੀ ਸਥਾਪਤੀ ਬਰਦਾਸ਼ਤ ਨਹੀਂ ਹੋਵੇਗੀ। ਜੇ 70 ਸਾਲਾਂ ਦੇ ਆਜ਼ਾਦ ਭਾਰਤ ਵਿਚ 'ਉੱਚੀਆਂ' ਜਾਤਾਂ ਨੇ ਦਲਿਤਾਂ ਨਾਲ ਮਾੜਾ ਸਲੂਕ ਕੀਤਾ ਹੈ ਤਾਂ ਖ਼ਾਲਸ ਦਲਿਤਾਂ ਨੇ ਵੀ ਗ਼ਰੀਬ ਦਲਿਤਾਂ ਨੂੰ ਅਪਣੀ ਚੜ੍ਹਤ ਲਈ ਪੌੜੀ ਵਜੋਂ ਹੀ ਵਰਤਿਆ ਹੈ। ਮੱਧ ਪ੍ਰਦੇਸ਼ ਵਿਚ ਪੁਲਿਸ ਭਰਤੀ ਵਿਚ ਦਲਿਤਾਂ ਦੀ ਛਾਤੀ ਉਤੇ 'ਐਸ.ਸੀ.' ਦਾ ਠੱਪਾ ਲਾ ਕੇ ਮੈਡੀਕਲ ਜਾਂਚ ਕੀਤੀ ਗਈ। ਇਸ ਤਰ੍ਹਾਂ ਦੀਆਂ ਸੋਚਾਂ ਨੇ ਸਾਬਤ ਕਰ ਦਿਤਾ ਹੈ ਕਿ ਆਜ਼ਾਦੀ ਸੱਭ ਵਾਸਤੇ ਬਰਾਬਰ ਨਹੀਂ ਆਈ ਸੀ। ਭਾਰਤ ਨੂੰ ਅੱਜ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਪਹਿਲਾਂ ਦੇ ਸਮੇਂ ਵਿਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਦਲਿਤ ਗ਼ੁਲਾਮ ਤੋਂ ਵੀ ਬਦਤਰ ਜ਼ਿੰਦਗੀ ਜੀ ਰਹੇ ਸਨ ਅਤੇ ਮੁਗ਼ਲ ਸਾਡੇ ਦੁਸ਼ਮਣ ਸਨ। ਅੱਜ ਲੋੜ ਹੈ ਤਾਂ ਅਸਲ ਅਗਾਂਹਵਧੂ ਸੋਚ ਵਾਲੇ ਲੋਕਾਂ ਦੀ ਜੋ ਸੰਵਿਧਾਨ ਅਤੇ ਉਸ ਦੇ ਨਿਰਮਾਤਾ ਵਜੋਂ ਪ੍ਰਚਾਰੇ ਜਾਣ ਵਾਲੇ ਡਾ. ਅੰਬੇਦਕਰ ਦੇ ਨਾਂ ਤੇ ਕੋਈ ਇਤਰਾਜ਼ ਨਾ ਕਰਨ। -ਨਿਮਰਤ ਕੌਰ