
ਭਾਰਤ-ਪਾਕਿਸਤਾਨ ਮੁਹਾਜ਼ ’ਤੇ ਖਿਚਾਅ ਵਧਦਾ ਜਾ ਰਿਹਾ ਹੈ
Editorial: ਭਾਰਤ-ਪਾਕਿਸਤਾਨ ਮੁਹਾਜ਼ ’ਤੇ ਖਿਚਾਅ ਵਧਦਾ ਜਾ ਰਿਹਾ ਹੈ। ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ (ਐਲ.ਓ.ਸੀ.) ਤੇ ਕੌਮਾਂਤਰੀ ਸਰਹੱਦ ਉੱਤੇ ਗੋਲੀਬੰਦੀ ਭੰਗ ਕਰਨ ਦੀਆਂ ਘਟਨਾਵਾਂ ਲਗਾਤਾਰ ਛੇਵੇਂ ਦਿਨ ਜਾਰੀ ਰਹਿਣ ਮਗਰੋਂ ਦੋਵਾਂ ਦੇਸ਼ਾਂ ਦੇ ਡੀ.ਜੀ.ਐਮ.ਓਜ਼ (ਡਾਇਰੈਕਟਰ ਜਨਰਲ ਮਿਲਟਰੀ ਅਪਰੇਸ਼ਨਜ਼) ਦਰਮਿਆਨ ਬੁੱਧਵਾਰ ਹੋਈ ਫ਼ੋਨ-ਵਾਰਤਾ ਤਲਖ਼ੀ ਘਟਾਉਣ ਵਿਚ ਮਦਦਗਾਰ ਨਹੀਂ ਹੋਈ। ਭਾਰਤ ਸਰਕਾਰ ਨੇ ਬੁੱਧਵਾਰ ਨੂੰ ਭਾਰਤੀ ਹਵਾਈ ਮੰਡਲ, ਪਾਕਿਸਤਾਨੀ ਸਿਵਲੀਅਨ ਉਡਾਣਾਂ ਲਈ ਬੰਦ ਕਰ ਦਿਤਾ। ਇਹ ਫ਼ੈਸਲਾ ਕੌਮੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀ.ਸੀ.ਐਸ.) ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਦਾਰਤ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ।
ਮੀਟਿੰਗ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪ੍ਰਸੰਗ ਵਿਚ ਭਾਰਤ ਵਲੋਂ ਪਾਕਿਸਤਾਨ ਖ਼ਿਲਾਫ਼ ਚੁੱਕੇ ਗਏ ਕਦਮਾਂ ਦੇ ਅਸਰਾਤ ਦਾ ਜਾਇਜ਼ਾ ਵੀ ਲਿਆ ਅਤੇ ਨਾਲ ਹੀ ਭਵਿੱਖ ਵਿਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰਾਂ ਵੀ ਕੀਤੀਆਂ। ਦੂਜੇ ਪਾਸੇ, ਪਾਕਿਸਤਾਨੀ ਵਜ਼ੀਰੇ-ਆਜ਼ਮ ਸ਼ਹਿਬਾਜ਼ ਸ਼ਰੀਫ਼ ਨੇ ਵੀ ਪਹਿਲਗਾਮ ਹਮਲੇ ਵਿਚ ਪਾਕਿਸਤਾਨ ਦੀ ਭੂਮਿਕਾ ਨਾ ਹੋਣ ਦੇ ਦਾਅਵੇ ਦੁਹਰਾਉਂਦਿਆਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਭਾਰਤ ਉੱਤੇ ਬੇਲੋੜੀ ਭੜਕਾਹਟ ਪੈਦਾ ਕਰਨ ਅਤੇ ‘‘ਦਹਿਸ਼ਤਵਾਦੀ ਗੁੱਟਾਂ ਦਾ ਸਫ਼ਾਇਆ ਕਰਨ ਦੀ ਪਾਕਿਸਤਾਨੀ ਮੁਹਿੰਮ’’ ਵਿਚ ਵਿਘਨ ਪਾਉਣ ਦੇ ਦੋਸ਼ ਲਾਏ।
ਰੂਬੀਓ ਅਤੇ ਕੁੱਝ ਹੋਰ ਯੂਰੋਪੀਅਨ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਦੋਵਾਂ ਮੁਲਕਾਂ ਨੂੰ ‘ਪਾਰਾ ਹੇਠਾਂ ਲਿਆਉਣ’ ਦਾ ਮਸ਼ਵਰਾ ਦੇਣ ਵਾਲੇ ਬਿਆਨ ਜ਼ਰੂਰ ਜਾਰੀ ਕੀਤੇ ਹਨ, ਪਰ ਇਹ ਮਹਿਜ਼ ਰਸਮੀ ਹਨ। ਅਮਰੀਕਾ ਸਮੇਤ ਸਾਰੇ ਮੁਲਕ ਜਾਣਦੇ ਹਨ ਕਿ ਭਾਰਤ, ਪਹਿਲਗਾਮ ਹਮਲੇ ਬਾਰੇ ਜਵਾਬਦੇਹੀ ਚਾਹੁੰਦਾ ਹੈ ਅਤੇ ਠੰਢ-ਠੰਢਾਰਾ ਪਾਕਿਸਤਾਨ ਵਲੋਂ ਕੁੱਝ ਝੁਕੇ ਜਾਣ ਸਦਕਾ ਹੀ ਸੰਭਵ ਹੋ ਸਕਦਾ ਹੈ।
ਜਿਥੋਂ ਤਕ ਪਾਕਿਸਤਾਨ ਨੂੰ ਸੇਕ ਪਹੁੰਚਾਉਣ ਦਾ ਮਾਮਲਾ ਹੈ, ਉਸ ਵਿਚ ਭਾਰਤੀ ਹਵਾਈ ਮੰਡਲ, ਪਾਕਿਸਤਾਨੀ ਸਿਵਲੀਅਨ ਉਡਾਣਾਂ ਲਈ ਬੰਦ ਕਰਨ ਦਾ ਫ਼ੈਸਲਾ ਸਿਰਫ਼ ਪ੍ਰਤੀਕਾਤਮਕ ਹੀ ਹੈ। ਭਾਰਤੀ ਹਵਾਬਾਜ਼ੀ ਕੰਪਨੀਆਂ, ਖ਼ਾਸ ਕਰ ਕੇ ਏਅਰ ਇੰਡੀਆ ਤੇ ਇੰਡੀਗੋ ਦੀਆਂ ਯੂਰੋਪ, ਅਮਰੀਕਾ-ਕੈਨੇਡਾ ਅਤੇ ਮੱਧ ਏਸ਼ਿਆਈ ਮੁਲਕਾਂ ਵਲ ਉਡਾਣਾਂ ਦੀ ਹਫ਼ਤਾਵਾਰੀ ਗਿਣਤੀ 450 ਦੇ ਆਸ-ਪਾਸ ਸੀ। ਉੱਤਰੀ ਭਾਰਤ ਤੋਂ ਪਾਕਿਸਤਾਨੀ ਹਵਾਈ ਮੰਡਲ ਰਾਹੀਂ ਇਹ ਉਡਾਣਾਂ ਬਹੁਤ ਛੇਤੀ ਅਪਣੀ ਮੰਜ਼ਿਲ ਤਕ ਪਹੁੰਚ ਜਾਂਦੀਆਂ ਸਨ। ਹੁਣ ਇਨ੍ਹਾਂ ਨੂੰ ਦਿੱਲੀ-ਅੰਮ੍ਰਿਤਸਰ ਆਦਿ ਤੋਂ ਗੁਜਰਾਤ ਜਾਂ ਮੁੰਬਈ ਵਲ ਜਾਣਾ ਪੈਂਦਾ ਹੈ।
ਉੱਥੋਂ ਅੱਗੇ ਖਾੜੀ ਦੇਸ਼ਾਂ ਦੇ ਗਗਨ ਮੰਡਲ ਰਾਹੀਂ ਯੂਰੋਪ ਤੇ ਕੈਨੇਡਾ-ਅਮਰੀਕਾ, ਮਾਸਕੋ, ਅਲਮਾਤੀ, ਤਾਸ਼ਕੰਦ, ਸਮਰਕੰਦ ਤੇ ਤਬਲਿਸੀ ਆਦਿ ਵਲ ਰੁਖ਼ ਕਰਨਾ ਪੈਂਦਾ ਹੈ। ਇਹ ਅਮਲ ਉਡਾਣਾਂ ਦਾ ਸਮਾਂ ਇਕ ਤੋਂ ਤਿੰਨ ਘੰਟਿਆਂ ਤਕ ਵਧਾਉਣ ਤੋਂ ਇਲਾਵਾ ਤੇਲ ਵੀ ਵੱਧ ਖਪਾਉਣ ਵਾਲਾ ਹੈ। ਇਸ ਦਾ ਅਸਰ ਭਾਰਤੀ ਹਵਾਬਾਜ਼ੀ ਕੰਪਨੀਆਂ ਦੇ ਅਰਥਚਾਰੇ ਉੱਤੇ ਪੈਣਾ ਸੁਭਾਵਿਕ ਹੀ ਹੈ। ਦੂਜੇ ਪਾਸੇ, ਪਾਕਿਸਤਾਨ ਦਾ ਹਵਾਬਾਜ਼ੀ ਸੈਕਟਰ ਬਹੁਤਾ ਪ੍ਰਫੁਲਤ ਕਦੇ ਵੀ ਨਹੀਂ ਰਿਹਾ।
ਸਰਕਾਰੀ ਕੈਰੀਅਰ ਪੀ.ਆਈ.ਏ. (ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼) ਤੇ ਕੁੱਝ ਹੋਰ ਛੋਟੀਆਂ ਹਵਾਬਾਜ਼ੀ ਕੰਪਨੀਆਂ ਦੀਆਂ ਉਡਾਣਾਂ ਅਮੂਮਨ ਖਾੜੀ ਦੇਸ਼ਾਂ, ਯੂ.ਕੇ. ਜਾਂ ਕੈਨੇਡਾ-ਅਮਰੀਕਾ ਤੱਕ ਹੀ ਜਾਂਦੀਆਂ ਹਨ। ਪੂਰਬ ਵਲ ਬੰਗਲਾਦੇਸ਼ ਜਾਂ ਨੇਪਾਲ ਵਲ ਕੁੱਝ ਹਫ਼ਤਾਵਾਰੀ ਉਡਾਣਾਂ ਨੂੰ ਛੱਡ ਕੇ ਉਨ੍ਹਾਂ ਦੀ ਬਾਕੀ ਹਵਾਈ ਆਵਾਜਾਈ ਥਾਈਲੈਂਡ, ਮਲੇਸ਼ੀਆ ਜਾਂ ਜਕਾਰਤਾ (ਇੰਡੋਨੇਸ਼ੀਆ) ਤਕ ਮਹਿਦੂਦ ਹੈ। ਇਸ ਨੂੰ ਭਾਰਤ ਦੀ ਥਾਂ ਸ੍ਰੀਲੰਕਾ ਦੇ ਬਰਾਸਤਾ ਭੇਜਣਾ ਬਹੁਤਾ ਮਹਿੰਗਾ ਸੌਦਾ ਨਹੀਂ।
ਲਿਹਾਜ਼ਾ, ਭਾਰਤੀ ਹਵਾਈ ਮੰਡਲ ਬੰਦ ਕਰਨਾ ਪਾਕਿਸਤਾਨ ਨੂੰ ਬਹੁਤਾ ਮਹਿੰਗਾ ਨਹੀਂ ਪੈਣ ਵਾਲਾਾ। ਹਾਂ, ਸਿੰਧ ਜਲ ਸੰਧੀ ਮੁਅੱਤਲ ਕਰਨ ਦੇ ਭਾਰਤੀ ਨਿਰਣੇ ਦਾ ਅਸਰ ਪਾਕਿਸਤਾਨ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ। ਮੁਅੱਤਲੀ ਦੇ ਤਹਿਤ ਪਿਛਲੇ ਇਕ ਹਫ਼ਤੇ ਤੋਂ ਸਿੰਧ, ਚਨਾਬ ਤੇ ਜਿਹਲਮ ਦਰਿਆਵਾਂ ਵਿਚ ਪਾਣੀ ਦੀ ਆਮਦ ਤੇ ਰਿਲੀਜ਼ ਸਬੰਧੀ ਅੰਕੜੇ ਭਾਰਤ ਵਲੋਂ ਹਰ ਰੋਜ਼ ਪਾਕਿਸਤਾਨ ਜਲ ਅਥਾਰਟੀ ਨਾਲ ਸਾਂਝੇ ਨਹੀਂ ਕੀਤੇ ਜਾ ਰਹੇ।
ਇਸੇ ਤਰ੍ਹਾਂ ਛੱਡੇ ਜਾਣ ਵਾਲੀ ਪਾਣੀ ਦੀ ਮਿਕਦਾਰ ਘਟਾਉਣੀ ਵੀ ਉਸ ਮੁਲਕ ਵਿਚ ਗ਼ੈਰ-ਯਕੀਨੀ ਤੇ ਬੇਚੈਨੀ ਦਾ ਬਾਇਜ਼ ਬਣਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਕਿਸੇ ਤੀਜੀ ਧਿਰ ਦੀ ਦਖ਼ਲ-ਅੰਦਾਜ਼ੀ ਜਾਂ ਵਿਚੋਲਗਿਰੀ ਲਈ ਤਰਲੋਮੱਛੀ ਹੋਣ ਲੱਗਾ ਹੈ। ਸ਼ਹਿਬਾਜ਼ ਸ਼ਰੀਫ਼ ਦੀ ਮਾਰਕੋ ਰੂਬੀਓ ਨਾਲ ਫ਼ੋਨ ਵਾਰਤਾ ਨੂੰ ਕੌਮਾਂਤਰੀ ਮਾਹਿਰ ਇਸੇ ਨਜ਼ਰੀਏ ਨਾਲ ਦੇਖ ਰਹੇ ਹਨ।
ਦੋਵਾਂ ਮੁਲਕਾਂ ਦਰਮਿਆਨ ਜੰਗ ਵਾਲੀ ਫ਼ਿਜ਼ਾ ਬਣੀ ਹੋਣ ਦੇ ਬਾਵਜੂਦ ਦੋਵਾਂ ਦਾ ਭਲਾ ਜੰਗ ਟਾਲਣ ਵਿਚ ਹੈ। ਭਾਰਤ ਪਹਿਲਗਾਮ ਹਮਲੇ ਬਾਰੇ ਜਵਾਬਦੇਹੀ ਅਤੇ ਜੰਮੂ-ਕਸ਼ਮੀਰ ਵਿਚ ਦਹਿਸ਼ਤੀਆਂ ਦੀ ਘੁਸਪੈਠ ਰੋਕੇ ਜਾਣਾ ਮੰਗਦਾ ਹੈ। ਦੂਜੇ ਪਾਸੇ, ਪਾਕਿਸਤਾਨੀ ਸਿਵਲੀਅਨ ਹੁੱਕਾਮ ਦੀ ਮਜਬੂਰੀ ਇਹ ਹੈ ਕਿ ਉਸ ਨੂੰ ਪਾਕਿਸਤਾਨੀ ਫ਼ੌਜ ਦੇ ਆਦੇਸ਼ ਮੰਨਣੇ ਪੈਂਦੇ ਹਨ। ਉਹ ਖ਼ੁਦ ਫ਼ੈਸਲੇ ਲੈਣ ਦੀ ਜੁਰਅੱਤ ਹੀ ਨਹੀਂ ਕਰ ਸਕਦੀ।
ਸਾਬਕਾ ਵਜ਼ੀਰੇ-ਆਜ਼ਮ ਨਵਾਜ਼ ਸ਼ਰੀਫ਼ ਨੇ ਅਪਣੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ਼ ਨੂੰ ਬਿਆਨਬਾਜ਼ੀ ਦੀ ਤੁਰਸ਼ੀ ਘਟਾਉਣ ਅਤੇ ਭਾਰਤ ਪ੍ਰਤੀ ਰੁਖ਼ ਨੂੰ ਨਰਮ ਬਣਾਉਣ ਦਾ ਮਸ਼ਵਰਾ ਦਿਤਾ ਹੈ। ਇਸ ਮਸ਼ਵਰੇ ’ਤੇ ਗੰਭੀਰਤਾ ਨਾਲ ਅਮਲ ਮੌਜੂਦਾ ਤਲਖ਼ੀ ਘਟਾਉਣ ਵਿਚ ਸਾਜ਼ਗਾਰ ਹੋ ਸਕਦਾ ਹੈ। ਪਹਿਲਗਾਮ ਹਮਲੇ ਤੋਂ ਭਾਰਤ ਵਿਚ ਗੁੱਸਾ ਬਹੁਤ ਹੈ, ਪਰ ਭਲਾਈ ਤੱਤੇ ਦਿਮਾਗ਼ਾਂ ਨੂੰ ਕਾਬੂ ਵਿਚ ਰੱਖਣ ਤੇ ਸਿੱਧੀ ਜੰਗ ਤੋਂ ਬਚਣ ਵਿਚ ਹੀ ਹੈ। ਮੌਜੂਦਾ ਸਮੇਂ ਦੀ ਲੋੜ ਵੀ ਇਹੋ ਹੀ ਹੈ।