
ਭਾਰਤ ਦੀ ਅਰਥ ਵਿਵਸਥਾ ਨੇ 23.9 ਫ਼ੀ ਸਦੀ ਤਕ ਥੱਲੇ ਡਿਗ ਕੇ ਇਤਿਹਾਸ ਸਿਰਜ ਦਿਤਾ ਹੈ।
ਭਾਰਤ ਦੀ ਅਰਥ ਵਿਵਸਥਾ ਨੇ 23.9 ਫ਼ੀ ਸਦੀ ਤਕ ਥੱਲੇ ਡਿਗ ਕੇ ਇਤਿਹਾਸ ਸਿਰਜ ਦਿਤਾ ਹੈ। ਅੱਜ ਤਕ ਭਾਰਤ ਨੇ ਕਦੇ ਇਸ ਤਰ੍ਹਾਂ ਦੀ ਗਿਰਾਵਟ ਦਾ ਸਾਹਮਣਾ ਨਹੀਂ ਕੀਤਾ ਸੀ। ਜੇ ਇਸ ਗਿਰਾਵਟ ਦਾ ਕਾਰਨ ਕੋਰੋਨਾ ਨੂੰ ਵੀ ਮੰਨੀਏ ਤਾਂ ਇਸ ਸਵਾਲ ਦਾ ਜਵਾਬ ਦੇਣਾ ਪਵੇਗਾ ਕਿ ਭਾਰਤੀ ਅਰਥ ਵਿਵਸਥਾ ਤਾਂ ਕੋਵਿਡ ਤੋਂ ਪਹਿਲਾਂ ਹੀ ਸੁੰਗੜਦੀ ਜਾ ਰਹੀ ਸੀ, ਤਾਂ ਫਿਰ ਕੋਰੋਨਾ ਨੂੰ ਓਹਲਾ ਕਿਉਂ ਬਣਾਇਆ ਜਾ ਰਿਹਾ ਹੈ?
Economy growth
ਫਿਰ ਇਸ ਮਹਾਂ ਗਿਰਾਵਟ ਦਾ ਕਾਰਨ ਕੀ ਹੈ? ਕੀ ਕੋਵਿਡ ਦਾ ਅਸਰ ਭਾਰਤ ਉਤੇ ਜ਼ਿਆਦਾ ਇਸ ਲਈ ਹੋਇਆ ਕਿਉਂਕਿ ਇਹ ਅਰਥ ਵਿਵਸਥਾ ਪਹਿਲਾਂ ਹੀ ਡਾਂਵਾਡੋਲ ਸੀ ਜਾਂ ਇਸ ਸਾਲ ਦੌਰਾਨ ਕੇਂਦਰ ਸਰਕਾਰ ਵਲੋਂ ਚੁਕੇ ਗਏ ਕਦਮ ਕੋਰੋਨਾ ਦੇ ਅਸਰ ਤੋਂ ਭਾਰਤ ਨੂੰ ਬਚਾਅ ਨਾ ਸਕੇ? ਅੱਜ ਭਾਰਤ ਵਿਚ ਕੋਵਿਡ 19 ਦੇ ਸੱਭ ਤੋਂ ਵੱਧ ਕੇਸ ਆ ਰਹੇ ਹਨ ਜਿਸ ਨਾਲ ਭਾਰਤ ਦੀ ਅਰਥ ਵਿਵਸਥਾ ਨੂੰ ਸੱਭ ਤੋਂ ਵੱਡਾ ਨੁਕਸਾਨ ਹੋਇਆ ਹੈ।
China
ਭਾਰਤ ਅੱਜ ਤੋਂ ਛੇ ਮਹੀਨੇ ਪਹਿਲਾਂ ਚੀਨ ਦਾ ਮੁਕਾਬਲਾ ਕਰਨ ਦੀ ਗੱਲ ਕਰ ਰਿਹਾ ਸੀ ਤੇ ਅੱਜ ਜੇਕਰ ਅਸੀ ਚੀਨ ਵਲ ਵੇਖੀਏ ਤਾਂ ਚੀਨ ਦੀ ਅਰਥ ਵਿਵਸਥਾ 3.41 ਫ਼ੀ ਸਦੀ ਵਧੀ ਹੈ। ਉਸ ਨੇ ਕੋਵਿਡ ਦੀ ਜੰਗ ਵਿਚ ਵੀ ਕਾਫ਼ੀ ਸਫ਼ਲਤਾ ਹਾਸਲ ਕੀਤੀ ਹੈ ਅਤੇ ਚੀਨ ਵਿਚ ਅੱਜ ਦੀ ਤਰੀਕ ਸਕੂਲ ਵੀ ਖੁਲ੍ਹ ਚੁੱਕੇ ਹਨ। ਸਾਡੇ ਭਾਰਤ ਵਿਚ ਤਾਂ ਅਦਾਲਤਾਂ ਵੀ ਖੁਲ੍ਹਣ ਨੂੰ ਤਿਆਰ ਨਹੀਂ ਹਨ।
Corona virus
ਸੱਭ ਤੱਥਾਂ ਨੂੰ ਵੇਖ ਕੇ ਇਕ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਸਾਡੀ ਸਰਕਾਰ ਬਿਆਨਬਾਜ਼ੀ ਅਤੇ ਪ੍ਰਚਾਰ ਸਾਧਨਾਂ ਦੀ ਵਰਤੋਂ ਕਰ ਕੇ ਕਾਲੇ ਨੂੰ 'ਚਿੱਟਾ' ਸਾਬਤ ਕਰਨ ਦੀ ਕਲਾ ਨੂੰ ਹੀ ਰਾਜਨੀਤੀ ਸਮਝਦੀ ਹੈ ਪਰ ਕੋਰੋਨਾ ਉਤੇ ਨਾ ਤਾਂ ਬਿਆਨਬਾਜ਼ੀ ਦਾ ਅਸਰ ਹੁੰਦਾ ਹੈ, ਨਾ ਪ੍ਰਚਾਰ ਸਾਧਨਾਂ ਦਾ। ਇਸੇ ਲਈ ਇਥੇ ਸਰਕਾਰ ਦਾ ਹਰ ਤੀਰ ਅਸਲ ਨਿਸ਼ਾਨੇ ਤੋਂ ਚੂਕ ਗਿਆ ਹੈ।
Rahul Gandhi
ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ਦੇ ਦੌਰ ਵਿਚ ਜੀ.ਡੀ.ਪੀ. ਦੀ 23.9 ਫ਼ੀ ਸਦੀ ਦੀ ਗਿਰਾਵਟ ਨੂੰ ਭਾਜਪਾ ਦੀ ਗ਼ੈਰ ਜਥੇਬੰਦ ਅਰਥ ਵਿਵਸਥਾ ਨੂੰ ਤਬਾਹ ਕਰਨ ਦੀ ਯੋਜਨਾਬੱਧ ਸਫ਼ਲਤਾ ਆਖਿਆ ਹੈ। ਭਾਰਤ ਵਿਚ ਦੋ ਅਰਥ ਵਿਵਸਥਾਵਾਂ ਹਨ। ਇਕ ਨੂੰ ਕਾਲਾ ਧੰਨ ਆਖ ਲਵੋ, ਇਕ ਨੂੰ ਗ਼ਰੀਬ ਦੀ ਕੁੰਜੀ ਆਖ ਲਵੋ, ਇਕ ਨੂੰ ਟੈਕਸ ਚੋਰੀ ਦਾ ਰਸਤਾ ਆਖ ਲਵੋ, ਇਹ ਭਾਰਤ ਦੀ ਹਕੀਕਤ ਹੈ।
Note Bandi
ਇਹੀ ਕਾਰਨ ਹੈ ਕਿ ਜਦ 2004 ਵਿਚ ਅਮਰੀਕਾ 'ਚ ਅਰਥ ਵਿਵਸਥਾ ਬੇਹਿਸਾਬੀ ਢੰਗ ਨਾਲ ਡਗਮਗਾਈ ਤਾਂ ਭਾਰਤ ਸਾਬਤ ਕਦਮ ਹੀ ਰਿਹਾ। ਇਹ ਗੱਲ ਆਮ ਆਦਮੀ ਸਮਝ ਸਕਦਾ ਹੈ ਕਿਉਂਕਿ ਉਸ ਸਮੇਂ ਕਿਸੇ ਦੇ ਰੋਜ਼ਗਾਰ ਖ਼ਤਮ ਨਹੀਂ ਸਨ ਹੋਏ। ਪਰ ਨੋਟਬੰਦੀ, ਮਹਿੰਗਾਈ ਤੇ ਬੇਧਿਆਨੀ ਨਾਲ ਤਿਆਰ ਕੀਤੀ ਜੀ.ਐਸ.ਟੀ. ਨੇ ਦੇਸ਼ ਦੀ ਗ਼ੈਰ ਜਥੇਬੰਦ ਅਰਥ ਵਿਵਸਥਾ ਨੂੰ ਤਬਾਹ ਕਰ ਦਿਤਾ ਹੈ।
Economy
ਅੱਜ ਹਰ ਸੈਕਟਰ ਕਮਜ਼ੋਰ ਹੋ ਚੁੱਕਾ ਹੈ, ਸਿਰਫ਼ ਇਕ ਕਿਸਾਨੀ ਖੇਤਰ ਨੂੰ ਛੱਡ ਕੇ, ਭਾਵੇਂ ਇਸ ਸਰਕਾਰ ਦੀ ਨਜ਼ਰ ਉਸ ਨੂੰ ਵੀ ਗੋਡਿਆਂ ਭਾਰ ਕਰ ਕੇ ਵੱਡੇ ਵਪਾਰੀਆਂ ਦੀ ਦਇਆ ਉਤੇ ਨਿਰਭਰ ਕਰ ਕੇ ਖ਼ਤਮ ਕਰਨ 'ਤੇ ਲੱਗੀ ਹੋਈ ਹੈ। ਨਵੀਆਂ ਮੰਡੀਆਂ ਬਾਰੇ ਆਰਡੀਨੈਂਸ ਕਿਸਾਨਾਂ ਨੂੰ ਵੀ ਆਉਣ ਵਾਲੇ ਸਮੇਂ ਵਿਚ ਕਮਜ਼ੋਰ ਕਰ ਸਕਦੇ ਹਨ।
Rahul Gandhi
ਰਾਹੁਲ ਗਾਂਧੀ ਵਿਰੋਧੀ ਪਾਰਟੀ ਵਿਚ ਹਨ। ਉਨ੍ਹਾਂ ਨੂੰ ਵਿਕਾਸ ਵਿਚ ਆਈ ਗਿਰਾਵਟ, ਗ਼ਰੀਬਾਂ ਨੂੰ ਮਾਰਨ ਦੀ ਰਣਨੀਤੀ ਜਾਪਦੀ ਹੈ, ਪਰ ਅਸਲੀਅਤ ਵਿਚ ਇਹ ਰਣਨੀਤੀ ਹੈ ਜਾਂ ਕਮਜ਼ੋਰੀ, ਇਹ ਭਾਜਪਾ ਹੀ ਦਸ ਸਕਦੀ ਹੈ। ਜੇ ਇਹ ਸਾਜ਼ਸ਼ ਨਹੀਂ ਤਾਂ ਅੱਜ ਭਾਜਪਾ ਨੂੰ ਅਪਣੀ ਨੀਤੀ ਬਣਾਉਣ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਉਣ ਦੀ ਜ਼ਰੂਰਤ ਹੈ। ਭਾਜਪਾ ਨੂੰ ਦੇਸ਼ ਦੇ ਸਿਸਟਮ ਨੂੰ ਸਮਝਣ ਵਾਸਤੇ ਇਸ ਨੂੰ ਕਾਂਗਰਸ ਨਾਲ ਨਫ਼ਰਤ ਤੋਂ ਅਲੱਗ ਕਰ ਕੇ ਵੇਖਣ ਦੀ ਲੋੜ ਹੈ।
Ambani
ਉਨ੍ਹਾਂ ਨੂੰ ਅੱਜ ਇਹ ਸਵਾਲ ਪੁਛਣਾ ਪਵੇਗਾ ਕਿ ਉਨ੍ਹਾਂ ਦੀਆਂ ਨੀਤੀਆਂ ਵਿਚ ਕੀ ਕਮਜ਼ੋਰੀ ਹੈ ਕਿ ਜਿਥੇ ਸੱਭ ਤੋਂ ਕਮਜ਼ੋਰ ਦੇਸ਼ ਅੱਜ ਭਾਰਤ ਹੈ, ਉਥੇ ਅੰਬਾਨੀ ਦੁਨੀਆਂ ਦਾ ਚੌਥਾ ਅਮੀਰ ਆਦਮੀ ਕਿਸ ਤਰ੍ਹਾਂ ਬਣ ਗਿਆ? ਅੰਬਾਨੀ ਇਕ ਮਾਮੂਲੀ ਅਬੋਰਟ ਦੀ ਬੋਲੀ ਕਿਸ ਤਰ੍ਹਾਂ ਬੋਲ ਸਕਦਾ ਹੈ? ਭਾਜਪਾ ਦੀਆਂ ਨੀਤੀਆਂ ਦਾ ਸੇਕ ਸਿਰਫ਼ ਆਮ ਭਾਰਤੀ ਨੂੰ ਮਹਿਸੁਸ ਕਿਉਂ ਹੋ ਰਿਹਾ ਹੈ? -ਨਿਮਰਤ ਕੌਰ