
ਨਸ਼ਾ ਕਰਨ ਦਾ ਵੱਡਾ ਕਾਰਨ ਹੀ ਤਣਾਅ ਹੁੰਦਾ ਹੈ।
ਭਾਰਤ ਵਿਚ ਸੱਭ ਤੋਂ ਵੱਡੀ ਚਿੰਤਾ ਬੇਰੁਜ਼ਗਾਰੀ ਦੀ ਹੈ ਜਿਸ ਦਾ ਮਾੜਾ ਅਸਰ ਭਾਰਤ ਦੀ ਜਵਾਨੀ ਉਤੇ ਪੈ ਰਿਹਾ ਹੈ। ਅਜ ਦੇ ਨੌਜਵਾਨ ਤੇ ਜਿਸ ਤਰ੍ਹਾਂ ਦਾ ਬੋਝ ਪੈ ਰਿਹਾ ਹੈ, ਉਸ ਨਾਲ ਪੂਰੇ ਦੇਸ਼ ਵਿਚ ਉਦਾਸੀ ਅਤੇ ਮਾਨਸਕ ਪੀੜਾ ਦੇ ਕੇਸ ਵੀ ਵੱਧ ਰਹੇ ਹਨ ਤੇ ਨਾਲ ਹੀ ਨਸ਼ੇ ਦੀ ਵਰਤੋਂ ਵੀ ਵੱਧ ਰਹੀ ਹੈ। ਕਿਸੇ ਨੌਜਵਾਨ ਨਾਲ ਅੱਧਾ ਘੰਟਾ ਗੱਲ ਕਰ ਲਉ ਤਾਂ ‘ਡਿਪਰੈਸ਼ਨ’ ਦਾ ਸ਼ਬਦ ਉਸ ਦੇ ਮੂੰਹ ਵਿਚੋਂ ਨਿਕਲਦਾ ਵਾਰ ਵਾਰ ਸੁਣੋਗੇ। ਪੰਜਾਬ ਦੇ ਨੌਜਵਾਨ ਵੀ ਇਸੇ ਤਣਾਅ ਵਿਚੋਂ ਲੰਘ ਰਹੇ ਹਨ ਤੇ ਆਖਦੇ ਹਨ ਕਿ ਸਾਨੂੰ ਨਸ਼ਈ ਬਣਨ ਲਈ ਮਜਬੂਰ ਕੀਤਾ ਗਿਆ ਹੈ ਕਿਉਂਕਿ ਜੇ ਉਨ੍ਹਾਂ ਕੋਲ ਕੋਈ ਰੁਜ਼ਗਾਰ ਹੋਵੇ ਤਾਂ ਉਹ ਨਸ਼ਾ ਨਾ ਕਰਨ। ਨਸ਼ਾ ਕਰਨ ਦਾ ਵੱਡਾ ਕਾਰਨ ਹੀ ਤਣਾਅ ਹੁੰਦਾ ਹੈ।
ਜਦ ਨੌਜਵਾਨਾਂ ਨੂੰ ਅਪਣੀ ਪੜ੍ਹਾਈ ਮੁਤਾਬਕ ਨੌਕਰੀ ਨਹੀਂ ਮਿਲਦੀ ਤਾਂ ਉਨ੍ਹਾਂ ਦੀ ਮਾਯੂਸੀ ਅਤੇ ਉਦਾਸੀ ਸਿਖਰ ਤੇ ਪਹੁੰਚ ਜਾਂਦੀ ਹੈ। ਸਰਕਾਰ ਨੇ ਹਾਲ ਵਿਚ ਹੀ ਬੇਰੁਜ਼ਗਾਰੀ ਦੀ ਅੰਕੜੇ ਜਾਰੀ ਕੀਤੇ ਹਨ ਜਿਨ੍ਹਾਂ ਮੁਤਾਬਕ 20 ਸਾਲ ਪਹਿਲਾਂ ਨਾਲੋਂ ਵੀ ਅਜ ਜ਼ਿਆਦਾ ਨੌਕਰੀਆਂ ਮਿਲੀਆਂ ਹੋਈਆਂ ਹਨ। ਪਰ ਇਹ ਵੀ ਤਾਂ ਵੇਖਣਾ ਪਵੇਗਾ ਕਿ 20 ਸਾਲ ਪਹਿਲਾਂ ਕਿੰਨੇ ਨੌਜਵਾਨ ਨੌਕਰੀ ਦੀ ਆਸ ਵਿਚ ਦਰ ਦਰ ਦੀਆਂ ਠੋਕਰਾਂ ਖਾ ਰਹੇ ਸਨ ਤੇ ਅਜ ਕਿੰਨੇ ਹਨ। ਜਿਸ ਤਰ੍ਹਾਂ ਸਾਡੀ ਆਬਾਦੀ ਵੱਧ ਰਹੀ ਹੈ, ਉਸ ਤਰ੍ਹਾਂ ਸਾਡੇ ਦੇਸ਼ ਵਿਚ ਨੌਕਰੀਆਂ ਨਹੀਂ ਵੱਧ ਸਕੀਆਂ। ਅਜ ਦੇ ਅੰਕੜੇ ਇਹ ਦਰਸਾਉਂਦੇ ਹਨ ਕਿ ਜੀ.ਡੀ.ਪੀ. ਵੱਧ ਰਹੀ ਹੈ ਪਰ ਨੌਕਰੀਆਂ ਨਹੀਂ ਵੱਧ ਰਹੀਆਂ। ਜਿਹੜੇ ਮਾਪਦੰਡ ਜੀ.ਡੀ.ਪੀ. ਵਿਚ ਵਾਧੇ ਨੂੰ ਦਰਸਾਂਦੇ ਹਨ, ਉਹ ਸੰਪੂਰਨ ਤਸਵੀਰ ਨਹੀਂ ਵਿਖਾ ਰਹੇ।
ਕੁੱਝ ਦਿਨ ਪਹਿਲਾਂ ਹੀ ਇੰਗਲੈਂਡ ਵਿਚ ਪਟਰੌਲ ਪੰਪਾਂ ’ਤੇ ਲੰਮੀਆਂ ਕਤਾਰਾਂ ਲਗੀਆਂ ਹੋਈਆਂ ਸਨ। ਆਮ ਜਨਤਾ ਘਬਰਾ ਗਈ ਤੇ ਉਹ ਵੀ ਕਤਾਰਾਂ ਵਿਚ ਲੱਗ ਗਈ। ਤੁਸੀ ਸੋਚੋਗੇ ਕਿ ਕਤਾਰਾਂ ਪਟਰੌਲ ਦੀ ਕਮੀ ਜਾਂ ਕੀਮਤਾਂ ਘੱਟ ਕਰਨ ਲਈ ਸਨ ਪਰ ਅਸਲ ਵਿਚ ਕਮੀ ਡਰਾਈਵਰਾਂ ਦੀ ਸੀ ਤੇ ਫ਼ੌਜ ਬੁਲਾਉਣੀ ਪਈ ਤਾਕਿ ਵੱਡੇ ਟਰੱਕਾਂ ਵਿਚ ਪਟਰੌਲ ਪਾਇਆ ਜਾ ਸਕੇ ਕਿਉਂਕਿ ਸਰਹੱਦਾਂ ਬੰਦ ਹੋਈਆਂ ਪਈਆਂ ਹਨ ਤੇ ਸਾਡੇ ਵਰਗੇ ਦੇਸ਼ਾਂ ਤੋਂ ਲੇਬਰ ਉਥੇ ਨਹੀਂ ਜਾ ਸਕੀ ਜਿਸ ਤੇ ਉਹ ਲੋਕ ਨਿਰਭਰ ਹਨ। ਉਨ੍ਹਾਂ ਦੇ ਅਪਣੇ ਦੇਸ਼ ਵਿਚ ‘ਛੋਟੇ ਕੰਮ ਕਰਨ ਵਾਲੀ ਲੇਬਰ’ ਹੁਣ ਰਹੀ ਨਹੀਂ ਕਿਉਂਕਿ ਉਥੇ ਹਰ ਬੇਰੁਜ਼ਗਾਰ ਨੂੰ ਵੀ ਚੰਗਾ ਚੋਖਾ ਬੇਰੁਜ਼ਗਾਰੀ ਭੱਤਾ ਮਿਲ ਜਾਂਦਾ ਹੈ।
ਫਿਰ ਉਹ ‘ਹਲਕੇ’ ਕੰਮ ਲਈ ਮਜ਼ਦੂਰੀ ਕਿਉਂ ਕਰੇ? ਸੋ ਉਨ੍ਹਾਂ ਨੂੰ ਹਲਕੇ ਕੰਮਾਂ ਲਈ ‘ਲੇਬਰ’ ਦੂਜੇ ਦੇਸ਼ਾਂ ਤੋਂ ਮੰਗਵਾਉਣੀ ਪੈਂਦੀ ਹੈ। ਕੋਰੋਨਾ ਕਾਰਨ ਹਵਾਈ ਸੇਵਾਵਾਂ ਪਹਿਲਾਂ ਪੂਰੀ ਤਰ੍ਹਾਂ ਬੰਦ ਸਨ ਤੇ ਹੁਣ ਮਹਿੰਗੇ ਭਾਅ, ਅੱਧੀਆਂ ਪਚੱਧੀਆਂ ਹੀ ਚੱਲ ਰਹੀਆਂ ਹਨ। ਦੂਜੇ ਪਾਸੇ ਭਾਰਤ ਵਿਚ ਚਪੜਾਸੀ ਦੀਆਂ ਕੁੱਝ ਨੌਕਰੀਆਂ ਨਿਕਲਦੀਆਂ ਹਨ ਤਾਂ ਲੱਖਾਂ ਲੋਕ ਕਤਾਰਾਂ ਵਿਚ ਲੱਗ ਜਾਂਦੇ ਹਨ। ਅਜ ਦੀ ਸਥਿਤੀ ਇਹ ਹੈ ਕਿ ਸਰਕਾਰਾਂ ਵੀ ਇਸ ਵਿਸ਼ਾਲ ਆਬਾਦੀ ਨੂੰ ਸਰਕਾਰੀ ਨੌਕਰੀਆਂ ਨਹੀਂ ਦੇ ਸਕੀਆਂ। ਇਨ੍ਹਾਂ ਹਾਲਾਤ ਵਿਚ ਨੌਜਵਾਨ ਵਰਗ ਨੂੰ ਉਦਯੋਗਾਂ ਅਤੇ ਸਵੈ-ਰੁਜ਼ਗਾਰ ਦੇ ਖੇਤਰ ਵਿਚ ਕਦਮ ਰਖਣੇ ਪੈਣਗੇ ਕਿਉਂਕਿ ਇਕ ਪੜਿ੍ਹਆ ਲਿਖਿਆ ਨੌਜਵਾਨ 7-8 ਹਜ਼ਾਰ ਦੀ ਨੌਕਰੀ ਨਾਲ ਇਕ ਪ੍ਰਵਾਰ ਦਾ ਗੁਜ਼ਾਰਾ ਨਹੀਂ ਚਲਾ ਸਕਦਾ।
ਪਰ ਭਾਰਤ ਵਿਚ ਛੋਟੇ ਵੱਡੇ ਉਦਯੋਗਾਂ ਤੇ ਵਪਾਰ ਵਲ ਨੌਜੁਆਨਾਂ ਨੂੰ ਆਕਰਸ਼ਿਤ ਕਰਨ ਵਾਲਾ ਉਤਸ਼ਾਹ ਪੂਰੇ ਦੇਸ਼ ਵਿਚੋਂ ਹੀ ਗ਼ਾਇਬ ਹੈ। ਪੰਜਾਬ ਸਿਰਫ਼ ਕਿਸਾਨੀ ਦੇ ਸਿਰ ਤੇ ਹੀ ਚਲ ਰਿਹਾ ਹੈ। ਅਰਵਿੰਦ ਕੇਜਰੀਵਾਲ ਵਲੋਂ ਲੁਧਿਆਣਾ ਵਿਚ ਜਾਂ ਉਦਯੋਗਪਤੀਆਂ ਕੋਲ ਜਾ ਕੇ ਉਦਯੋਗ ਤੇ ਵਪਾਰ ਵਾਸਤੇ ਸਹੂਲਤਾਂ ਤੇ ਮਦਦ ਦੇਣ ਦਾ ਵਾਅਦਾ, ਉਨ੍ਹਾਂ ਦੀ ਆਮ ਲੋਕਾਂ ਦੀ ਪੀੜ ਸਮਝਣ ਦੀ ਕਾਬਲੀਅਤ ਵਜੋਂ ਵੇੇਖਿਆ ਜਾਣਾ ਚਾਹੀਦਾ ਹੈ। ਪਰ ਨਾਲ ਨਾਲ ਇਹ ਵੀ ਵੇਖਣਾ ਪਵੇਗਾ ਕਿ ਦਿੱਲੀ ਵਿਚ ਰੁਜ਼ਗਾਰ ਦੁਗਣਾ ਹੈ। ਦਿੱਲੀ ਵਿਚ ਬੇਰੁਜ਼ਗਾਰੀ 10.7 ਫ਼ੀ ਸਦੀ ਹੈ ਤੇ ਪੰਜਾਬ ਵਿਚ 6.8 ਫ਼ੀ ਸਦੀ ਹੈ। ਸੋ ਸੋਚ ਤਾਂ ਸਹੀ ਹੈ ਤੇ ਹੱਲ ਵੀ ਇਸੇ ਰਸਤੇ ਤੋਂ ਹੋ ਕੇ ਨਿਕਲਣਾ ਹੈ ਪਰ ਸਿਰਫ਼ ਸੋਚ ਨਾਲ ਨਹੀਂ, ਤਰਤੀਬ ਨਾਲ ਸਾਡੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇਗਾ।
-ਨਿਮਰਤ ਕੌਰ