
ਅੱਜ ਦੇ ਦੌਰ ਵਿਚ ਰੋਜ਼ਾਨਾ ਸਪੋਕਸਮੈਨ ਵਰਗੀ ਅਖ਼ਬਾਰ ਦੇ 17 ਸਾਲ ਪੂਰੇ ਹੋਣਾ ਕੋਈ ਛੋਟੀ ਜਹੀ ਗੱਲ ਨਹੀਂ।
ਅੱਜ ਦੇ ਦੌਰ ਵਿਚ ਰੋਜ਼ਾਨਾ ਸਪੋਕਸਮੈਨ ਵਰਗੀ ਅਖ਼ਬਾਰ ਦੇ 17 ਸਾਲ ਪੂਰੇ ਹੋਣਾ ਕੋਈ ਛੋਟੀ ਜਹੀ ਗੱਲ ਨਹੀਂ। ਹਾਕਮਾਂ, ਪੁਜਾਰੀਆ ਤੇ ਈਰਖਾਲੂਆਂ ਦੀ ਪਹਿਲੇ ਦਿਨ ਤੋਂ ਸ਼ੁਰੂ ਹੋਈ ਵਿਰੋਧਤਾ ਦਾ ਟਾਕਰਾ ਕਰ ਕੇ ਇਥੇ ਪੁਜਣਾ ਇਕ ਇਤਿਹਾਸਕ ਕਾਰਨਾਮਾ ਹੀ ਕਿਹਾ ਜਾ ਸਕਦਾ ਹੈ। ਸ: ਜੋਗਿੰਦਰ ਸਿੰਘ ਤੇ ਸਰਦਾਰਨੀ ਜਗਜੀਤ ਕੌਰ ਦੀ ਜ਼ਿੰਦਗੀ ਦੇ ਪਿਛਲੇ 53 ਸਾਲ ਪੰਜਾਬੀ ਪੱਤਰਕਾਰੀ ਨੂੰ ਇਕ ਰਾਸ਼ਟਰੀ ਬਲਕਿ ਅੰਤਰਰਾਸ਼ਟਰੀ ਮਿਆਰ ਦੇਣ ਦਾ ਸਫ਼ਰ ਬੜੀਆਂ ਔਕੜਾਂ ਤੇ ਚੁਨੌਤੀਆਂ ਨਾਲ ਭਰਿਆ ਰਿਹਾ ਹੈ, ਜਿਥੇ ਉਹ ਦੋਵੇਂ ਅਪਣੇ ਅਗਲੇ ਪੜਾਅ, ‘ਉਚਾ ਦਰ ਬਾਬੇ ਨਾਨਕ ਦਾ’ ਨੂੰ ਬੜੇ ਚਾਅ ਨਾਲ ਵੇਖਦੇ ਹਨ ਤੇ ਅਪਣੀ 82 ਤੇ 80 ਸਾਲਾਂ ਦੀ ਉਮਰ ਵਿਚ ਇਸ ਵਾਸਤੇ ਇਸ ਤਰ੍ਹਾਂ ਕੰਮ ਕਰਦੇ ਹਨ ਜਿਵੇਂ ਕਿ ਉਹ ਅਜੇ ਵੀ 40-42 ਸਾਲ ਦੇ ਹੋਣ। ਉਨ੍ਹਾਂ ਦਾ ਪ੍ਰਵਾਰ ਉਨ੍ਹਾਂ ਦੇ ਜਨੂਨ ਵਲ ਵੇਖ ਕੇ ਠੰਢੇ ਸਾਹ ਹੀ ਭਰਦਾ ਹੈ।
ਇਸ ਜੋੜੀ ਨੇ ਅਪਣੇ ਸੁੱਖ ਆਰਾਮ ਨੂੰ ਪੂਰੀ ਤਰ੍ਹਾਂ ਵਿਸਾਰ ਕੇ ਪੰਜਾਬ ਅਤੇ ਪੰਥ ਦੀ ਆਵਾਜ਼ ਬੁਲੰਦ ਕਰਨ ਵਿਚ ਹੀ ਸਾਰਾ ਸਮਾਂ ਜਿਸ ਤਰ੍ਹਾਂ ਲਗਾਈ ਰਖਿਆ ਹੈ, ਉਸ ਦੀ ਕੋਈ ਦੂਜੀ ਮਿਸਾਲ ਲਭਣੀ ਔਖੀ ਹੈ ਪਰ ਅੱਜ ਜਦ ਵਿਦੇਸ਼ਾਂ ਵਿਚ ਬੈਠੇ ਗਰਮ ਖ਼ਿਆਲਈਏ ਇਨ੍ਹਾਂ ਨੂੰ ਗਾਲਾਂ ਕਢਦੇ ਹਨ ਤੇ ਬਾਦਲਾਂ ਦੀਆਂ ਭੇਡਾਂ ਇਨ੍ਹਾਂ ’ਤੇ ਉਚਾ ਦਰ ਦੇ ਨਾਂ ਤੇ ਪੈਸਾ ਬਣਾਉਣ ਦਾ ਇਲਜ਼ਾਮ ਲਾਉਂਦੀਆਂ ਹਨ ਤਾਂ ਦਿਲ ਕਰਦਾ ਹੈ, ਇਨ੍ਹਾਂ ਨੂੰ ਆਖਾਂ ਇਨ੍ਹਾਂ ਦੀ ਕੁਲ ਮਿਲਾ ਕੇ ਇਕ ਲੱਖ ਦੀ ਜਾਇਦਾਦ ਦਾ ਵੀ ਕਿਸੇ ਨੂੰ ਪਤਾ ਹੋਵੇ ਤਾਂ ਜਨਤਕ ਕਰ ਦੇਵੇ ਤੇ ਜੇ ਨਹੀਂ ਕਰ ਸਕਦੇ ਤਾਂ ਸ਼ਰਮ ਨਾਲ ਸਿਰ ਨੀਵਾਂ ਹੀ ਕਰ ਲੈਣ। ਸ਼ਾਇਦ ਝੂਠ ਬੋਲਣ ਦਾ ਇਨ੍ਹਾਂ ਨੇ ਠੇਕਾ ਹੀ ਲੈ ਰਖਿਆ ਹੈ।
ਸਪੋਕਸਮੈਨ ਦੀ ਆਰਥਕ ਹਾਲਤ ਸੰਭਾਲੀ ਰੱਖਣ ਵਾਲੀ ਜਗਜੀਤ ਕੌਰ ਨੂੰ ਭੀਆਵਲੇ ਦਿਨਾਂ ਵਿਚ ਵੀ ਸੰਜਮ ਅਤੇ ਜ਼ਬਤ ਦੀ ਵਰਤੋਂ ਕਰ ਕੇ ਠੀਕ ਠਾਕ ਰੱਖਣ ਵਿਚ ਕਾਮਯਾਬ ਰਹਿਣ ਕਾਰਨ ਉਸ ਨੂੰ ਸਲਵਾਤਾਂ ਸੁਣਾਈਆਂ ਜਾ ਰਹੀਆਂ ਹਨ (ਉਹ ਗੌਰਮਿੰਟ ਕਾਲਜ ਚੰਡੀਗੜ੍ਹ ਵਿਚ ਈਕੋਨਾਮਿਕਸ (ਅਰਥ ਵਿਗਿਆਨ) ਦੇ ਪ੍ਰੌਫ਼ੈਸਰ ਰਹੇ ਹਨ ਤੇ ਜਾਣਦੇ ਹਨ ਆਰਥਕ ਡਸਿਪਲਨ ਨਾਲ ਡੁਬਦੇ ਜਹਾਜ਼ ਵੀ ਕਿਵੇਂ ਬਚਾਏ ਜਾ ਸਕਦੇ ਹਨ) ਇਹ ਬੇਗ਼ੈਰਤ ਰਵਈਆ ਵੇਖ ਕੇ ਦੋਹਾਂ ਦੀ ‘ਗ਼ਰੀਬੀ’ ਨੂੰ ਨੇੜਿਉਂ ਵੇਖਣ ਤੇ ਹੰਢਾਉਣ ਮਗਰੋਂ ਕ੍ਰੋਧ ਨਾਲ ਮਨ ਭਰ ਆਉਂਦਾ ਹੈ ਤੇ ਦਿਲ ਕਰਦਾ ਹੈ ਕਿ ਇਨ੍ਹਾਂ ਦੋਹਾਂ ਨੂੰ ਕਿਤੇ ਦੂਰ ਲੈ ਜਾਵਾਂ ਤਾਕਿ ਇਹ ਅਪਣੀ ਤੇ ਸਾਡੀ ਕਮਾਈ ਐਸੇ ਲੋਕਾਂ ਵਾਸਤੇ ਨਾ ਲਗਾਉਣ ਜਿਨ੍ਹਾਂ ਨੂੰ ਇਨ੍ਹਾਂ ਦੀ ਉਮਰ ਭਰ ਦੀ ਕੁਰਬਾਨੀ ਅਤੇ ਦੇਣ ਦੀ ਕਦਰ ਕਰਨੀ ਹੀ ਨਹੀਂ ਆਉਂਦੀ।
ਕਈ ਲੋਕ ਕਹਿ ਦੇਂਦੇ ਹਨ ਕਿ ਜੋਗਿੰਦਰ ਸਿੰਘ ਨੇ ਪੈਸਾ ਉਚਾ ਦਰ ਦੇ ਨਾਮ ’ਤੇ ਲਿਆ ਪਰ ਕਿਸੇ ਵਿਚ ਏਨੀ ਹਿੰਮਤ ਨਹੀਂ ਕਿ ਜਾ ਕੇ ਵੇਖ ਤਾਂ ਆਵੇ ਤੇ ਜਾਣਨ ਦੀ ਕੋਸ਼ਿਸ਼ ਤਾਂ ਕਰੇ ਕਿ ਕਿੰਨਾ ਲਿਆ ਤੇ ਉਸ ਦਾ 10 ਗੁਣਾ ਉਥੇ ਲੱਗਾ ਹੋਇਆ ਹੈ ਜਿਸ ਉਤੇ ਜੋਗਿੰਦਰ ਸਿੰਘ ਜਾਂ ਉਸ ਦੇ ਪ੍ਰਵਾਰ ਦਾ ਇਕ ਪੈਸਾ ਜਿੰਨਾ ਵੀ ਮਾਲਕਾਨਾ ਹੱਕ ਨਹੀਂ। ਜਿਹੜੇ ਜਾਣ ਦੀ ਹਿੰਮਤ ਕਰਨਗੇ, ਉਹ ਸਮਝ ਸਕਣਗੇ ਕਿ ਜੋਗਿੰਦਰ ਸਿੰਘ ਤੇ ਜਗਜੀਤ ਕੌਰ ਨੇ ਮਜ਼ਦੂਰਾਂ ਵਾਂਗ, ਅਪਣੀ 50 ਸਾਲ ਦੀ ਮੇਹਨਤ ਵਾਲੀ ਸਾਰੀ ਕਮਾਈ ਨਾਲ ਤੇ ਉਸ ਤੋਂ ਵੀ ਜ਼ਿਆਦਾ ਹੱਡਾਂ ਤੇ ਲਹੂ ਨਾਲ ਬਾਬਾ ਨਾਨਕ ਦੀ ਸੋਚ, ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਵਿਚ ਵਸਾਉਣ ਵਾਸਤੇ ਕੀ ਕੀਤਾ ਹੈ।
ਜਿਹੜੇ ਪੈਸੇ ਉਚਾ ਦਰ ਵਾਸਤੇ ਲੋਕਾਂ ਨੇ ਦਿਤੇ ਉਨਾਂ ’ਚੋਂ 75% ਉਨ੍ਹਾਂ ਨੇ ਸ਼ਾਹੂਕਾਰਾਂ ਵਾਂਗ 12 ਫ਼ੀ ਸਦੀ ਵਿਆਜ ਸਮੇਤ ਵਾਪਸ ਮੋੜਨ ਲਈ ਇਨ੍ਹਾਂ ਨੇ ਅਪਣਾ ਘਰ ਤਕ ਵੇਚ ਦਿਤਾ। ਜ਼ਿਆਦਾਤਰ ਲੋਕਾਂ ਨੇ ਜਿੰਨਾ ਪੈਸਾ ਲਗਾਇਆ, ਉਨ੍ਹਾਂ ਨੂੰ ਦੁਗਣਾ, ਤਿਗਣਾ ਵਾਪਸ ਕੀਤਾ। ਥੋੜਾ ਜਿਹਾ ਰਹਿ ਗਿਆ ਹੈ, ਉਹ ਵੀ ਹਰ ਹਾਲ ਵਿਚ ਵਾਪਸ ਕਰਨ ਲਈ ਦਿਨ ਰਾਤ ਇਕ ਕਰ ਕੇ ਮਜ਼ਦੂਰੀ ਕਰ ਰਹੇ ਹਨ। ਭਾਵੇਂ ਕੁੱਝ ਭਲੇ ਪੁਰਸ਼ ਐਸੇ ਵੀ ਨਿਤਰੇ ਜਿਨ੍ਹਾ ਨੇ ਉਨ੍ਹਾਂ ਨੂੰ ਮਜ਼ਦੂਰਾਂ ਵਾਂਗ ਕੰਮ ਕਰਦਿਆਂ ਵੇਖ ਕੇ ਸਾਰਾ ਕਰਜ਼ਾ ਦਾਨ ਵਜੋਂ ਉਚਾ ਦਰ ਨੂੰ ਦੇ ਦਿਤਾ।
ਜਿਨ੍ਹਾਂ ਨੇ ਦੋਹਾਂ ਨੂੰ ਨੇੜਿਉਂ ਵੇਖਿਆ, ਉਨ੍ਹਾਂ ਦਾ ਪ੍ਰਤੀਕਰਮ ਤਾਂ ਇਹੀ ਸੀ ਪਰ ਗਾਲੀ ਗਲੋਚ ਤੇ ਝੂਠੀ ਤੋਹਮਤਬਾਜ਼ੀ ਕਰਨ ਵਾਲੇ ਉਹ ਲੋਕ ਹਨ ਜਿਨ੍ਹਾਂ ਨੂੰ ਇਨ੍ਹਾਂ ਦੋਹਾਂ ਨੂੰ ਨੇੜਿਉਂ ਵੇਖਣ ਦਾ ਕਦੇ ਸ਼ਰਫ ਹੀ ਹਾਸਲ ਨਹੀਂ ਹੋਇਆ। ਇਨ੍ਹਾਂ ਨਾਲ ਹਾਕਮਾਂ ਦੇ ਪਾਲਤੂ ਸਿਆਸਤਦਾਨਾਂ ਤੇ ਹੱਥਠੋਕੇ ਪੁਜਾਰੀਆਂ ਦੇ ਵਿਤਕਰੇ, ਜੋਗਿੰਦਰ ਸਿੰਘ ਨੂੰ ਤਨਖਾਹੀਆ ਐਲਾਨਣ ਦੀ ਸਾਜ਼ਸ਼ ਨਾਲ ਜਿੰਨਾ ਗੁੱਸਾ ਤੇ ਰੋਸ ਪ੍ਰਵਾਰ ਦੇ ਮਨਾਂ ਵਿਚ ਹੈ, ਉਹ ਇਨ੍ਹਾਂ ਦੋਹਾਂ ਵਿਚ ਨਜ਼ਰ ਨਹੀਂ ਆਉਂਦਾ। ਇਹ ਦੋਵਂੇ ਏਨੇ ਵਿਚ ਹੀ ਖ਼ੁਸ਼ ਰਹਿੰਦੇ ਹਨ ਕਿ ਬਾਬਾ ਨਾਨਕ ਹਮੇਸ਼ਾ ਇਨ੍ਹਾਂ ਨਾਲ ਰਿਹਾ ਹੈ ਤੇ ਇਹ ਬਾਬਾ ਨਾਨਕ ਵਾਸਤੇ ਹੀ ਸੱਭ ਕੁੱਝ ਕਰਦੇ ਹਨ। ਸਪੋਕਸਮੈਨ ਨਾ ਹੁੰਦਾ ਤਾਂ ਕਦੇ ਦਿੱਲੀ ਦੇ ਪੀੜਤਾਂ ਨੂੰ ਆਵਾਜ਼ ਨਾ ਮਿਲਦੀ, ਧਰਮੀ ਫ਼ੌਜੀਆਂ ਦੀ ਗੱਲ ਕੋਈ ਨਾ ਕਰਦਾ, ਸੌਦਾ ਸਾਧ ਮਾਫ਼ ਹੋ ਜਾਂਦਾ, ਬਰਗਾੜੀ ਦਾ ਮੁੱਦਾ ਚੁਕਿਆ ਨਾ ਜਾਂਦਾ, ਕਿਸਾਨਾਂ ਨਾਲ ਕੋਈ ਖੜਾ ਨਾ ਹੁੰਦਾ। ਅੱਜ ਦੇ ਪੱਤਰਕਾਰ ਤਾਂ ਝੱਟ ਪਾਸੇ ਪਲਟ ਜਾਂਦੇ ਹਨ ਤੇ ਜਿਥੇ ਐਨਡੀਟੀਵੀ ਵਰਗੇ ਹਾਰ ਗਏ, ਸਪੋਕਸਮੈਨ ਸ਼ਾਇਦ ਖੜਾ ਰਹੇਗਾ ਕਿਉਂਕਿ ਇਸ ਦੇ ਸਿਰ ਤੇ ਬਾਬੇ ਨਾਨਕ ਦਾ ਹੱਥ ਹੈ। ਈਰਖਾ ਵਿਚ ਸੜਦੇ ਲੋਕ ਕੁੱਝ ਵੀ ਕਹਿੰਦੇ ਰਹਿਣ, ਮੈਨੂੰ ਪੂਰਾ ਯਕੀਨ ਹੈ ਕਿ ਜਿਸ ਦਿਨ ਇਹ ਦੋਵਂੇ ਰੱਬ ਦੇ ਘਰ ਪੇਸ਼ ਹੋਣਗੇ, ਇਨ੍ਹਾਂ ਨੂੰ ਸ਼ਾਬਾਸ਼ੀ ਹੀ ਮਿਲੇਗੀ। ‘ਸੱਚ ਸੁਣਾਇਸੀ ਸੱਚ ਕੀ ਬੇਲਾ’ ਵਾਲਾ ਪੂਰਾ ਸੱਚ ਕੀ ਹੈ, ਇਹ ਰੱਬ ਹੀ ਤੈਅ ਕਰੇਗਾ.... - ਨਿਮਰਤ ਕੌਰ