ਨਿਤੀਸ਼ ਨੇ ਲੋਕਾਂ ਨੂੰ ਯਕੀਨ ਕਰਵਾ ਦਿਤਾ ਕਿ ਕੋਈ ਇਕ ਵੀ ਸਿਆਸਤਦਾਨ ਲੋਭ ਲਾਲਚ ਤੋਂ ਮੁਕਤ ਨਹੀਂ
Published : Jul 28, 2017, 5:02 pm IST
Updated : Apr 3, 2018, 5:16 pm IST
SHARE ARTICLE
Narendra Modi
Narendra Modi

ਬਿਹਾਰ ਵਿਚ ਨਿਤੀਸ਼ ਕੁਮਾਰ ਵਲੋਂ ਦਿਤੇ ਧੋਖੇ ਬਾਰੇ ਰਾਹੁਲ ਗਾਂਧੀ ਨੇ ਟਿਪਣੀ ਕੀਤੀ ਹੈ ਕਿ ਭਾਰਤੀ ਸਿਆਸਤ ਦੀ ਕਮਜ਼ੋਰੀ ਹੀ ਇਹ ਹੈ ਕਿ ਸਿਆਸਤਦਾਨ ਸੱਤਾ ਪ੍ਰਾਪਤੀ ਵਾਸਤੇ...

ਬਿਹਾਰ ਵਿਚ ਨਿਤੀਸ਼ ਕੁਮਾਰ ਵਲੋਂ ਦਿਤੇ ਧੋਖੇ ਬਾਰੇ ਰਾਹੁਲ ਗਾਂਧੀ ਨੇ ਟਿਪਣੀ ਕੀਤੀ ਹੈ ਕਿ ਭਾਰਤੀ ਸਿਆਸਤ ਦੀ ਕਮਜ਼ੋਰੀ ਹੀ ਇਹ ਹੈ ਕਿ ਸਿਆਸਤਦਾਨ ਸੱਤਾ ਪ੍ਰਾਪਤੀ ਵਾਸਤੇ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ ਤੇ ਅਜਿਹਾ ਕਰਦੇ ਸਮੇਂ, ਉਨ੍ਹਾਂ ਲਈ ਦੀਨ-ਈਮਾਨ ਵਰਗੀਆਂ ਚੀਜ਼ਾਂ ਕੋਈ ਅਹਿਮੀਅਤ ਨਹੀਂ ਰਖਦੀਆਂ। ਨਹਿਰੂ ਪ੍ਰਵਾਰ ਦੇ ਯੁਵਰਾਜ ਨੇ ਇਹ ਗੱਲ ਤਾਂ ਸਹੀ ਆਖੀ, ਪਰ ਹੁਣ ਜਨਤਾ ਕੀ ਕਰੇ? ਅੱਜ ਸਿਆਸਤਦਾਨ ਜਿਵੇਂ  ਅਪਣੀ ਕੁਰਸੀ ਖ਼ਾਤਰ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹੋ ਜਾਂਦੇ ਹਨ, ਉਸ ਨੂੰ ਵੇਖ ਕੇ ਜਨਤਾ ਵਾਸਤੇ ਇਕ ਨੈਤਿਕ ਸੰਕਟ ਖੜਾ ਹੋ ਗਿਆ ਹੈ। ਬਿਹਾਰ ਵਿਚ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ਵਿਚ ਅਪਣਾ ਬਹੁਮਤ ਵੀ ਸਾਬਤ ਕਰ ਦਿਤਾ ਹੈ ਪਰ ਕੀ ਇਹ ਅਸਲ ਵਿਚ ਜਨਤਾ ਦਾ ਫ਼ੈਸਲਾ ਮੰਨਿਆ ਜਾ ਸਕਦਾ ਹੈ? ਜੇ ਅੱਜ ਫਿਰ ਤੋਂ ਬਿਹਾਰ ਵਿਚ ਚੋਣਾਂ ਕਰਵਾਈਆਂ ਜਾਣ ਤਾਂ ਕੀ ਜਨਤਾ ਨਿਤੀਸ਼ ਜਾਂ ਮੁਲਾਇਮ ਨੂੰ ਮੁੜ ਤੋਂ ਮੌਕਾ ਦੇਵੇਗੀ? ਕੀ ਚਮਗਾਦੜ ਵਾਂਗ ਅਪਣੀ ਕੁਰਸੀ ਬਚਾਉਣ ਵਾਲੇ ਨਿਤੀਸ਼ ਨੂੰ ਕੋਈ ਸਮਰਥਨ ਦੇਵੇਗਾ? ਕੀ ਸੀਬੀਆਈ ਦੀ ਜਾਂਚ ਦੇ ਚਲਦਿਆਂ, ਦਾਗ਼ੀ ਯਾਦਵ ਪ੍ਰਵਾਰ ਨੂੰ ਵੋਟ ਪਵੇਗੀ? ਕੀ ਸ਼ਤਰੰਜ ਦੀ ਸਲੇਟ ਵਾਂਗ, ਸਿਆਸੀ ਦਾਅ ਪੇਚ ਖੇਡਦੀ ਭਾਜਪਾ ਹੁਣ ਲੋਕਾਂ ਦੇ ਮਨ ਜਿੱਤ ਸਕੇਗੀ? ਕੀ ਕਾਂਗਰਸ ਨੂੰ ਕਦੇ ਬਿਹਾਰ ਵਿਚ ਸੱਤਾ ਦੇ ਸਿੰਘਾਸਨ ਲਈ ਯੋਗ ਮੰਨਿਆ ਜਾ ਸਕੇਗਾ?
ਜਨਤਾ ਸਾਹਮਣੇ ਹੁਣ ਸਾਰੇ ਆਗੂਆਂ ਦੇ ਚੇਹਰਿਆਂ ਤੋਂ ਨਕਾਬ ਉਤਰ ਗਈ ਹੈ ਤੇ ਉਹ ਇਕੋ ਜਹੇ ਭੱਦੇ ਚਿਹਰਿਆਂ ਵਾਲੇ ਹੀ ਲਗਦੇ ਹਨ। ਫਿਰ ਜਨਤਾ ਕਰੇ ਵੀ ਤਾਂ ਕੀ ਕਰੇ? ਕਿਸ ਨੂੰ ਜਿਤਾ ਕੇ ਦੇਸ਼ ਦੀ ਅਗਵਾਈ ਕਰਨ ਵਾਸਤੇ ਭੇਜਿਆ ਜਾਵੇ? ਭ੍ਰਿਸ਼ਟਾਚਾਰ ਤੋਂ ਦੁਖੀ ਹੋ ਕੇ ਭਾਜਪਾ ਨੂੰ ਸੱਤਾ ਵਿਚ ਬਹੁਮਤ ਨਾਲ ਭੇਜਿਆ ਗਿਆ ਸੀ ਪਰ ਅੱਜ ਹਰ ਆਮ ਇਨਸਾਨ ਜਾਣਦਾ ਹੈ ਕਿ ਕਾਲੇ ਧਨ ਵਿਚੋਂ ਕਿਸੇ ਦੇ ਖਾਤੇ ਵਿਚ 15 ਲੱਖ ਤਾਂ ਕੀ, 10 ਹਜ਼ਾਰ ਰੁਪਿਆ ਵੀ ਨਹੀਂ ਆਉਣ ਵਾਲਾ ਪਰ ਇਹ ਵੀ ਸੱਚ ਹੈ ਕਿ ਭਾਜਪਾ ਸਰਕਾਰ ਵਲੋਂ ਉਸ ਤੋਂ ਕਈ ਗੁਣਾਂ ਵੱਧ ਖੋਹ ਕੇ ਵੱਡੇ ਉਦਯੋਗ ਘਰਾਣਿਆਂ ਨੂੰ ਦਿਤਾ ਜਾ ਰਿਹਾ ਹੈ। ਫਿਰ ਵੀ ਉਮੀਦ ਅਜੇ ਕਾਇਮ ਹੈ ਕਿਉਂਕਿ ਅੱਛੇ ਦਿਨਾਂ ਦਾ ਢੰਡੋਰਾ ਅਜੇ ਭੁਲਿਆ ਨਹੀਂ। ਪਰ ਕੀ ਭ੍ਰਿਸ਼ਟਾਚਾਰ ਜਾਂ ਧਰਮ ਨਿਰਪੱਖਤਾ ਤੇ ਬਰਾਬਰੀ ਵਿਚੋਂ ਇਕ ਨੂੰ ਚੁਣਨਾ ਹੀ ਭਾਰਤ ਦੀ ਮਜਬੂਰੀ ਬਣ ਗਈ ਹੈ?
ਸਰਕਾਰਾਂ ਦਾ ਵਿਕਾਸ ਕਰਨ ਦਾ ਢੰਗ ਵਖਰਾ ਹੋ ਸਕਦਾ ਹੈ। ਭਾਜਪਾ ਵੱਡੇ ਉਦਯੋਗਿਕ ਘਰਾਣਿਆਂ ਨੂੰ ਪਹਿਲਾਂ ਵੱਡਾ ਕਰਨਾ ਚਾਹੁੰਦੀ ਹੈ ਤੇ ਕਾਂਗਰਸ ਛੋਟੇ ਭਾਰਤੀ ਨੂੰ ਤਰੱਕੀ ਦੇ ਕੇ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਦੋਹਾਂ ਦੀ ਸੋਚ ਤੇ ਕੰਮ ਕਰਨ ਦੇ ਢੰਗ ਤੋਂ ਭਾਰਤੀ ਲੋਕ ਜਾਣੂ ਹਨ ਪਰ ਅੱਜ ਭਾਰਤ ਨੂੰ ਕਿਉਂ ਧਰਮ ਤੇ ਚੰਗੇ ਰਾਜ ਪ੍ਰਬੰਧ ਵਿਚੋਂ ਇਕ ਚੁਣਨਾ ਪੈ ਰਿਹਾ ਹੈ? ਜਿਥੇ ਭ੍ਰਿਸ਼ਟਾਚਾਰ ਦੀ ਗੱਲ ਆਉਂਦੀ ਹੈ, ਭਾਜਪਾ ਦੇ ਰਾਜ ਵਿਚ ਹੁਣ ਵੀ ਭ੍ਰਿਸ਼ਟਾਚਾਰ ਹੋ ਰਿਹਾ ਹੈ ਪਰ ਉਹ ਸਮਾਂ ਪਾ ਕੇ ਹੀ ਬਾਹਰ ਆਵੇਗਾ।
ਵਯਾਪਮ ਸਕੈਂਡਲ ਵਿਚ ਅੱਜ ਇਕ ਹੋਰ ਮੌਤ, ਇਕ ਵੱਡੇ ਘੁਟਾਲੇ ਬਾਰੇ ਦਸਦੀ ਹੈ, ਪਰ ਹੁਣ ਸੀਬੀਆਈ ਸਰਕਾਰ ਦੇ ਮੋਢੇ ਨਾਲ ਮੋਢਾ ਜੋੜੀ, ਗੁੰਗੀ ਬਣੀ ਬੈਠੀ ਹੈ। ਨਿਤੀਸ਼ ਕੁਮਾਰ ਨੇ 'ਭ੍ਰਿਸ਼ਟ ਯਾਦਵ' ਪ੍ਰਵਾਰ ਦਾ ਹੱਥ ਛੱਡ ਕੇ ਉਨ੍ਹਾਂ ਦੇ ਸ਼ਬਦਾਂ ਵਿਚ 'ਹਿਟਲਰ ਤੇ ਗੋਧਰਾ ਦੇ ਗੁਨਾਹਗਾਰ' ਮੋਦੀ ਦਾ ਹੱਥ ਫੜ ਲਿਆ ਹੈ। ਤਾਂ ਕੀ ਹੁਣ ਲੋਕਾਂ ਨੂੰ ਵੀ ਇਹ ਚੋਣ ਕਰਨੀ ਪਵੇਗੀ?
ਨਿਤੀਸ਼ ਕੁਮਾਰ ਜੇ ਅਪਣੀ ਕੁਰਸੀ ਦਾ ਪ੍ਰੇਮ ਛੱਡ, ਅਸਤੀਫ਼ਾ ਦੇ ਦੇਂਦਾ ਤਾਂ ਲੋਕਾਂ ਵਾਸਤੇ ਵੀ ਦੋ ਬੁਰਾਈਆਂ 'ਚੋਂ ਇਕ ਦੀ ਚੋਣ ਕਰ ਲੈਣ ਦਾ ਸਵਾਲ ਨਾ ਉਠਦਾ। ਪਰ ਨਿਤੀਸ਼ ਕੁਮਾਰ ਨੇ ਨੈਤਿਕਤਾ ਛੱਡ, ਤਾਕਤ ਵਾਸਤੇ ਉਹ ਚੋਣ ਕੀਤੀ ਜਿਸ ਨੂੰ ਉਹ ਫ਼ਿਰਕੂ ਜਾਂ ਧਰਮ ਨਿਰਪੱਖਤਾ ਦੇ ਅਸੂਲਾਂ ਦੀ ਵਿਰੋਧੀ ਮੰਨਦੇ ਸਨ। ਆਮ ਇਨਸਾਨ ਵੀ ਅਪਣੇ ਪ੍ਰਵਾਰ ਤੇ ਜੀਵਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਚਾਹ ਵਿਚ ਇਹ ਚੋਣ ਕਰਨ ਲਈ ਮਜਬੂਰ ਹੋ ਰਿਹਾ ਹੈ। ਅੱਜ ਆਮ ਭਾਰਤੀ ਅਪਣੇ ਰਾਸ਼ਟਰਵਾਦ ਦਾ ਸਬੂਤ ਦੂਜੇ ਧਰਮ ਵਾਸਤੇ ਨਫ਼ਰਤ ਦੇ ਰੂਪ ਵਿਚ ਪ੍ਰਦਰਸ਼ਤ ਕਰਨ  ਲਈ ਮਜਬੂਰ ਹੋ ਗਿਆ ਹੈ। ਫ਼ਿਰਕੂ, ਹਿੰਸਕ ਰਾਜਨੀਤੀ, ਭ੍ਰਿਸ਼ਟ ਸਿਆਸਤ ਦਾ ਦੂਜਾ ਪੱਖ ਨਹੀਂ ਹੈ। ਸੱਤਾ ਨਾਲ ਮਿਲੀ ਤਾਕਤ ਸਦਕਾ ਬੜੇ ਕਮਜ਼ੋਰ ਲੋਕ ਭ੍ਰਿਸ਼ਟ ਬਣ ਜਾਂਦੇ ਹਨ। ਪੰਜਾਬ ਵਿਚ ਖ਼ਾਲੀ ਖ਼ਜ਼ਾਨੇ ਭ੍ਰਿਸ਼ਟ ਸਰਕਾਰਾਂ ਦੀ ਹੀ ਦੇਣ ਹਨ ਤੇ ਕਾਂਗਰਸ ਅੱਜ ਭਾਵੇਂ ਨਿਰਪੱਖ, ਗ਼ਰੀਬ ਪ੍ਰਵਰ ਬਣ ਗਈ ਹੈ, ਪਰ ਸਿੱਖਾਂ ਨਾਲ ਜੋ ਸਲੂਕ ਇੰਦਰਾ ਗਾਂਧੀ ਨੇ ਕੀਤਾ, ਉਹ ਸ਼ਾਇਦ ਗੋਧਰਾ ਤੋਂ ਵੱਧ ਸੀ।
ਅੱਜ ਆਮ ਭਾਰਤੀ ਨੂੰ ਫ਼ਿਰਕੂ ਅਤੇ ਭ੍ਰਿਸ਼ਟਾਚਾਰੀ ਰਾਜਨੀਤੀ ਵਿਚੋਂ ਇਕ ਦੀ ਚੋਣ ਕਰ ਲੈਣ ਲਈ ਕਹਿਣਾ ਹੀ ਗ਼ਲਤ ਹੈ। ਭਾਰਤ ਵਿਚ ਹਰ ਚੱਪੇ ਚੱਪੇ ਤੇ ਨਵੀਂ ਭਾਸ਼ਾ, ਨਵਾਂ ਭੇਸ ਸ਼ੁਰੂ ਹੋ ਜਾਂਦੇ ਹਨ ਤੇ ਇਸ ਰੰਗੀਨ ਸਮਾਜ ਨੂੰ ਉਸ ਦੀ ਸਹਿਣਸ਼ੀਲਤਾ ਵਾਸਤੇ ਹੀ ਮੰਨਿਆ ਜਾਂਦਾ ਸੀ। ਅੱਜ ਦੇ ਭਾਰਤੀ ਅੱਗੇ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਕਿਹੜਾ ਸਿਆਸਤਦਾਨ ਭਾਰਤ ਦੀ ਵਿਸ਼ਾਲ ਅਬਾਦੀ ਨੂੰ ਅਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕਿਹੜਾ ਭਾਰਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਿਹਾ ਹੈ? ਝੂਠੀ ਨਾਅਰੇਬਾਜ਼ੀ ਤੋਂ ਹੱਟ ਕੇ ਤੱਥਾਂ ਵਿਚੋਂ ਹੀ ਸਵਾਲ ਵੀ ਆਪੇ ਲਭਣੇ ਪੈਣਗੇ ਤੇ ਜਵਾਬ ਵੀ। ਸਿਰਫ਼ ਨਿਤੀਸ਼ ਹੀ ਨਹੀਂ, ਸਾਰੇ ਦੇ ਸਾਰੇ ਸਿਆਸਤਦਾਨ ਕਿਸੇ ਨਾ ਕਿਸੇ ਹੱਦ ਤਕ ਮੌਕਾਪ੍ਰਸਤ ਹਨ ਤੇ ਉਨ੍ਹਾਂ ਦੇ ਪਿੱਛੇ ਲੱਗ ਕੇ ਜਨਤਾ ਬਰਬਾਦ ਹੀ ਹੋਵੇਗੀ।  -ਨਿਮਰਤ ਕੌਰ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement