ਜਦ ਅਕਾਲ ਤਖ਼ਤ ਦਾ 'ਜਥੇਦਾਰ' ਆਪ ਮੰਨ ਲਵੇ ਕਿ 'ਗ਼ਲਤ ਹੁਕਮਨਾਮਾ ਜਾਰੀ ਹੋਇਆ ਸੀ'....
Published : Jul 26, 2017, 4:24 pm IST
Updated : Apr 3, 2018, 5:31 pm IST
SHARE ARTICLE
Jathedar
Jathedar

ਅਜਿਹੀ ਸ਼੍ਰੋਮਣੀ ਕਮੇਟੀ ਦੇ ਹਜ਼ਾਰ ਬਿਆਨ ਸਿੱਖਾਂ ਦਾ ਜ਼ਰਾ ਜਿੰਨਾ ਵੀ ਭਲਾ ਨਹੀਂ ਕਰ ਸਕਦੇ। ਪਾਰਟੀ ਦੀ ਤਾਕਤ ਹੀ ਅੱਜ ਕੌਮ ਨੂੰ ਕੁੱਝ ਲੈ ਕੇ ਦੇ ਸਕਦੀ ਹੈ, ਇਸੇ ਲਈ...

 


ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਨੂੰ ਜਨਮ ਨਹੀਂ ਸੀ ਦਿਤਾ ਬਲਕਿ ਸ਼੍ਰੋਮਣੀ ਕਮੇਟੀ ਨੇ, ਅਪਣਾ ਦਾਇਰਾ ਧਰਮ ਦੇ ਮਸਲਿਆਂ ਤਕ ਸੀਮਤ ਕਰਦਿਆਂ ਹੋਇਆਂ, ਫ਼ੈਸਲਾ ਲਿਆ ਕਿ ਪੰਥ ਦੇ ਰਾਜਸੀ ਤੇ ਦੂਜੇ ਮਸਲਿਆਂ ਦਾ ਹੱਲ 'ਗੁਰਦਵਾਰਾ ਪ੍ਰਬੰਧਕ ਕਮੇਟੀ' ਨਹੀਂ ਕਰ ਸਕਦੀ ਤੇ ਉਨ੍ਹਾਂ ਵੱਡੇ ਕੰਮਾਂ ਲਈ, ਵਕਤ ਦੀ ਲੋੜ ਅਨੁਸਾਰ, ਇਕ ਮਜ਼ਬੂਤ ਰਾਜਸੀ ਪਾਰਟੀ ਜ਼ਰੂਰ ਹੋਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ। ਹਰ ਪੰਥਕ ਮਸਲੇ ਨੂੰ ਅਗਵਾਈ, ਪਾਰਟੀ ਹੀ ਦੇਂਦੀ ਰਹੀ, ਸ਼੍ਰੋਮਣੀ ਕਮੇਟੀ ਨਹੀਂ। ਸ਼੍ਰੋਮਣੀ ਕਮੇਟੀ, ਵੱਧ ਤੋਂ ਵੱਧ ਗੁਰਦਵਾਰਾ ਪਲੇਟਫ਼ਾਰਮ ਅਤੇ ਲੰਗਰ ਜਾਂ ਮਾਇਆ, ਅਕਾਲੀਆਂ ਦੀ ਮਦਦ ਲਈ, ਦੇ ਦੇਂਦੀ ਰਹੀ। ਅਜਿਹਾ ਕਰਨਾ ਵੀ ਠੀਕ ਨਹੀਂ ਸੀ ਕਿਉਂਕਿ ਪੁਲੀਟੀਕਲ ਪਾਰਟੀ (ਅਕਾਲੀ ਦਲ) ਨੇ ਸ਼੍ਰੋਮਣੀ ਕਮੇਟੀ ਅਤੇ ਦੂਜੇ ਗੁਰਦਵਾਰਿਆਂ ਨੂੰ ਅਪਣੇ ਮਕਸਦ ਲਈ ਖ਼ੂਬ ਵਰਤਿਆ ਜਿਸ ਨਾਲ ਗੁਰਦਵਾਰੇ ਵੀ ਖ਼ਾਹਮਖ਼ਾਹ ਦੇ ਵਿਵਾਦ ਦਾ ਕਾਰਨ ਬਣਦੇ ਗਏ ਤੇ ਇਸ ਦਾ ਮੁੱਲ 1984 ਵਿਚ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਮੇਤ, ਸੈਂਕੜੇ ਗੁਰਦਵਾਰਿਆਂ ਨੂੰ, ਬੇਪਤੀ ਕਰਵਾ ਕੇ, ਤਾਰਨਾ ਪਿਆ। ਜੋ ਕੁੱਝ ਸਰਕਾਰ ਨੇ ਕੀਤਾ, ਉਹ ਵਹਿਸ਼ੀਆਨਾ ਕਾਰਵਾਈ ਸੀ ਤੇ ਉਸ ਦੀ ਹਮਾਇਤ ਵਿਚ ਇਕ ਲਫ਼ਜ਼ ਵੀ ਬੋਲਣਾ ਗੁਨਾਹ ਹੋਵੇਗਾ। ਪਰ ਜੇ ਗੁਰਦਵਾਰਿਆਂ ਨੂੰ ਸਿਆਸਤ ਲਈ ਏਨਾ ਜ਼ਿਆਦਾ ਨਾ ਵਰਤਿਆ ਗਿਆ ਹੁੰਦਾ ਤਾਂ 1984 ਦਾ ਸਾਕਾ ਸ਼ਾਇਦ ਮੌਜੂਦਾ ਰੂਪ ਵਿਚ ਨਾ ਵਾਪਰਦਾ।
ਜਦੋਂ ਸਿਆਸਤਦਾਨ ਨੂੰ ਰੋਕਣ ਟੋਕਣ ਵਾਲਾ ਕੋਈ ਨਾ ਹੋਵੇ ਤਾਂ ਉਹ ਤਾਨਾਸ਼ਾਹ ਬਣ ਜਾਂਦਾ ਹੈ। ਇਸ 'ਤਾਨਸ਼ਾਹੀ' ਦਾ ਪ੍ਰਤੱਖ ਰੂਪ ਉਦੋਂ ਵੇਖਣ ਨੂੰ ਮਿਲਿਆ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਅਕਾਲੀ ਸੁਪ੍ਰੀਮੋ ਦੇ ਲਿਫ਼ਾਫ਼ੇ ਵਿਚੋਂ ਨਿਕਲਣ ਲੱਗ ਪਿਆ ਤੇ ਅਕਾਲ ਤਖ਼ਤ ਦਾ 'ਜਥੇਦਾਰ' ਵੀ ਹਾਕਮ ਦਾ ਖ਼ਾਸਮ ਖ਼ਾਸ ਤੇ ਚਹੇਤਾ ਬੰਦਾ ਹੀ ਲਾਇਆ ਜਾਣ ਲੱਗ ਪਿਆ ਜੋ 'ਹੁਕਮਨਾਮੇ' ਵੀ ਉਪਰੋਂ ਆਏ ਹੁਕਮਾਂ ਅਨੁਸਾਰ ਹੀ ਦੇਣ ਲੱਗ ਪਏ। ਸਿਆਸਤਦਾਨ ਨੇ, ਅਪਣੀ 'ਸਰਦਾਰੀ' ਦਾ ਝੰਡਾ ਝੂਲਦਾ ਰੱਖਣ ਲਈ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ, ਦੁਹਾਂ ਨੂੰ ਅਤਿ ਕਮਜ਼ੋਰ ਬਣਾ ਕੇ ਰੱਖ ਦਿਤਾ, ਭਾਵੇਂ ਜ਼ਾਹਰਾ ਤੌਰ ਤੇ, ਉਹ ਇਹ ਦੋਸ਼ ਉਨ੍ਹਾਂ ਲੋਕਾਂ ਉਤੇ ਹੀ ਲਾਉਂਦਾ ਰਿਹਾ ਜਿਨ੍ਹਾਂ ਲਈ ਅਕਾਲ ਤਖ਼ਤ ਦੇ ਨਾਂ ਤੇ, ਘੋਰ ਬੇਇਨਸਾਫ਼ੀ ਕੀਤੀ ਜਾਂਦੀ ਵੇਖ ਕੇ ਚੁੱਪ ਰਹਿਣਾ ਔਖਾ ਹੋ ਗਿਆ ਸੀ ਪਰ ਜੋ ਆਪ ਹਜ਼ਾਰ ਖ਼ਤਰੇ ਸਹੇੜ ਕੇ ਵੀ, ਅਕਾਲ ਤਖ਼ਤ ਦਾ ਝੰਡਾ ਉੱਚਾ ਰੱਖਣ ਲਈ, ਸੱਚ ਬੋਲਣੋਂ ਨਾ ਖੁੰਝੇ। ਯਾਦ ਰਹੇ, ਝੂਠ ਦੀਆਂ ਫ਼ੌਜਾਂ ਤੇ ਹਾਥੀ ਘੋੜਿਆਂ ਦੇ ਮੁਕਾਬਲੇ ਤੇ, ਸੱਚ ਦਾ ਝੰਡਾ ਬੁਲੰਦ ਕਰਨ ਵਾਲਾ ਇਕ 'ਬੋਤਾ ਸਿੰਘ' ਇਤਿਹਾਸ ਵਿਚ ਵੱਡਾ ਮੰਨਿਆ ਗਿਆ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਮਜ਼ੋਰ ਹਾਲਤ ਨੂੰ ਵੇਖਣਾ ਹੋਵੇ ਤਾਂ ਇਥੋਂ ਹੀ ਵੇਖਿਆ ਜਾ ਸਕਦਾ ਹੈ ਤੇ ਜਥੇਦਾਰ ਅਕਾਲ ਤਖ਼ਤ ਗਿ. ਗੁਰਬਚਨ ਸਿੰਘ ਨੇ ਆਪ ਇਸ ਅਖ਼ਬਾਰ ਦੇ ਸੰਪਾਦਕ ਨੂੰ ਫ਼ੋਨ ਕਰ ਕੇ ਕਿਹਾ, ''ਮੈਂ ਬਤੌਰ ਜਥੇਦਾਰ ਅਕਾਲ ਤਖ਼ਤ ਐਲਾਨ ਕਰਦਾ ਹਾਂ ਕਿ ਤੁਸੀ ਕੋਈ ਭੁਲ ਨਹੀਂ ਸੀ ਕੀਤੀ ਤੇ ਭੁੱਲ ਸਾਰੀ ਵੇਦਾਂਤੀ ਦੀ ਸੀ, ਜਿਸ ਨੇ ਕਾਲਾ ਅਫ਼ਗਾਨਾ ਨਾਲ ਨਿਜੀ ਰੰਜਿਸ਼ ਕੱਢਣ ਲਈ ਤੁਹਾਡੇ ਵਿਰੁਧ ਗੁੱਸਾ ਕੱਢ ਲਿਆ ਕਿਉਂਕਿ ਤੁਸੀ ਕਾਲਾ ਅਫ਼ਗਾਨਾ ਦੇ ਹੱਕ ਵਿਚ ਲਿਖਦੇ ਸੀ।'' ਪਰ... ਪਰ... ਪਰ ਗ਼ਲਤੀ ਦਾ ਸੁਧਾਰ ਕਰਨ ਲਈ ਮੈਂ ਕਰ ਕੁੱਝ ਨਹੀਂ ਸਕਦਾ ਕਿਉਂਕਿ ਸੱਭ ਕੁੱਝ ਬਾਦਲ ਸਾਹਿਬ ਹੀ ਕਰ ਸਕਦੇ ਨੇ।''
ਇਹ ਹੈ ਸਾਡੀ ਸ਼੍ਰੋਮਣੀ ਕਮੇਟੀ ਦੇ 'ਸ਼੍ਰੋਮਣੀ' ਹੋਣ ਦਾ ਹਾਲ ਤੇ ਅਕਾਲ ਤਖ਼ਤ ਦੇ 'ਸੁਪ੍ਰੀਮ' ਹੋਣ ਦਾ ਹਾਲ! ਦੁਨੀਆਂ ਭਰ ਦੇ ਇਤਿਹਾਸ ਵਿਚ ਕਦੇ ਕਿਸੇ 'ਹੁਕਮਨਾਮੇ' ਜਾਰੀ ਕਰਨ ਵਾਲੇ ਧਾਰਮਕ ਆਗੂ ਨੇ ਖੁਲ੍ਹ ਕੇ ਇਹ ਨਹੀਂ ਆਖਿਆ ਹੋਵੇਗਾ ਕਿ ਭੁੱਲ ਵੀ ਉਸ ਪਾਸੇ ਵਾਲਿਆਂ ਦੀ ਹੈ ਪਰ ਕਰ ਵੀ ਉਹ ਕੁੱਝ ਨਹੀਂ ਸਕਦੇ ਤੇ ਸਿਆਸੀ ਨੇਤਾ ਹੀ ਸੱਭ ਸ਼ਕਤੀਆਂ ਦਾ ਮਾਲਕ ਹੈ। ਜਿੰਨਾ ਮਰਜ਼ੀ ਰੌਲਾ ਪਾ ਲਉ ਪਰ ਦੁਨੀਆਂ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੀ ਕਮਜ਼ੋਰ ਹਾਲਤ ਦਾ ਪਤਾ ਲਗਣੋਂ ਨਹੀਂ ਰਹਿ ਸਕਿਆ। ਦਿੱਲੀ ਦੇ ਹਾਕਮਾਂ ਨੂੰ ਵੀ ਸੱਭ ਕੁੱਝ ਪਤਾ ਹੁੰਦਾ ਹੈ। ਫਿਰ ਉਹ ਕਿਉਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਜਥੇਦਾਰ ਦੀਆਂ ਗੱਲਾਂ ਵਲ ਧਿਆਨ ਦੇਣਗੇ?
ਸੱਚੀ ਗੱਲ ਇਹ ਹੈ ਕਿ ਪਿਛਲੇ 'ਜਥੇਦਾਰ' ਦੇ 'ਗ਼ਲਤ ਹੁਕਮਨਾਮੇ' ਨੂੰ ਵਾਪਸ ਲੈਣ ਨਾਲ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਦੀ 'ਤਾਕਤ' ਅਤੇ ਭਰੋਸੇਯੋਗਤਾ ਬਣ ਸਕਦੀ ਸੀ ਪਰ ਉਹ ਤਾਂ 'ਸੁਪ੍ਰੀਮੋ ਲੀਡਰ' ਦੇ ਰੋਹਬ ਥੱਲੇ ਹੀ ਏਨੇ ਦੱਬੇ ਹੋਏ ਹਨ ਕਿ ਦੁਨੀਆਂ ਨੂੰ ਉਨ੍ਹਾਂ ਦੀ ਸਿਰੀ ਵੀ ਧਰਤੀ ਤੋਂ ਬਾਹਰ ਕਿਤੇ ਨਹੀਂ ਦਿਸਦੀ। ਉਨ੍ਹਾਂ ਨੂੰ ਅਖ਼ਬਾਰਾਂ ਵਿਚ ਬਿਆਨਾਂ ਦੀ ਝੜੀ ਲਾ ਦੇਣ ਤੋਂ ਪਹਿਲਾਂ ਅਪਣੀ ਤਾਕਤ ਬਣਾਉਣੀ ਚਾਹੀਦੀ ਹੈ ਤੇ ਸਿਆਸਤਦਾਨਾਂ ਵਲ ਵੇਖਣ ਦੀ ਬਜਾਏ ਸੱਚ ਵਲ, ਗੁਰਬਾਣੀ ਵਲ ਤੇ ਗੁਰੂ ਗ੍ਰੰਥ ਸਾਹਿਬ ਵਲ ਵੇਖਣ ਦੀ ਜਾਚ ਸਿਖਣੀ ਚਾਹੀਦੀ ਹੈ। ਫਿਰ ਉਨ੍ਹਾਂ ਦੇ ਆਖੇ ਦਾ ਅਸਰ ਵੀ ਕੋਈ ਕਬੂਲੇਗਾ। ਉਸ ਤੋਂ ਪਹਿਲਾਂ ਉਨ੍ਹਾਂ ਦੇ ਬਿਆਨ ਹਵਾ ਦੇ ਗੋਲਿਆਂ ਤੋਂ ਵੱਧ ਕੋਈ ਤਾਕਤ ਨਹੀਂ ਰਖਣਗੇ ਤੇ ਸਿੱਖਾਂ ਦਾ ਕੁੱਝ ਨਹੀਂ ਸਵਾਰ ਸਕਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement