
ਭਾਵੇਂ ਭਾਰਤ ਨੇ ‘ਇਸ ਫ਼ੌਜੀ ਜਵਾਬ’ ਦੌਰਾਨ ਪਾਕਿਸਤਾਨੀ ਪਾਸੇ ਕੋਈ ਜਾਨ ਜਾਣ ਜਾਂ ਜ਼ਖ਼ਮੀ ਹੋਣ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ
Editorial: ਪਾਕਿਸਤਾਨੀ ਫ਼ੌਜੀ ਟੋਲੀ ਦਾ ਮੰਗਲਵਾਰ ਨੂੰ ਕੰਟਰੋਲ ਰੇਖਾ (ਐਲ.ਓ.ਸੀ.) ਦੇ ਭਾਰਤੀ ਪਾਸੇ ਦਾਖ਼ਲਾ ਇਕ ਚਿੰਤਾਜਨਕ ਘਟਨਾ ਹੈ ਜਿਸ ਦੀ ਨਿੰਦਾ ਵੀ ਹੋਣੀ ਚਾਹੀਦੀ ਹੈ ਅਤੇ ਜਿਸ ਨੂੰ ਭਵਿੱਖੀ ਪੇਸ਼ਬੰਦੀਆਂ ਦਾ ਆਧਾਰ ਵੀ ਬਣਾਇਆ ਜਾਣਾ ਚਾਹੀਦਾ ਹੈ। ਪੁਣਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਵਾਪਰੀ ਇਸ ਘਟਨਾ ਨੂੰ ਭਾਰਤੀ ਰੱਖਿਆ ਮੰਤਰਾਲੇ ਨੇ ਗੋਲੀਬੰਦੀ ਸਮਝੌਤੇ ਦੀ ਉਲੰਘਣਾ ਦਸਿਆ ਹੈ ਅਤੇ ਨਾਲ ਹੀ ਕਿਹਾ ਹੈ ਕਿ ਪਾਕਿਸਤਾਨੀ ਹਰਕਤ ਦਾ ਭਾਰਤੀ ਫ਼ੌਜ ਨੇ ‘‘ਢੁਕਵਾਂ ਤੇ ਫ਼ੌਜੀ ਨਿਯਮਾਵਲੀ ਦੇ ਮਾਕੂਲ’’ ਜਵਾਬ ਦੇ ਦਿਤਾ।
ਭਾਵੇਂ ਭਾਰਤ ਨੇ ‘ਇਸ ਫ਼ੌਜੀ ਜਵਾਬ’ ਦੌਰਾਨ ਪਾਕਿਸਤਾਨੀ ਪਾਸੇ ਕੋਈ ਜਾਨ ਜਾਣ ਜਾਂ ਜ਼ਖ਼ਮੀ ਹੋਣ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ, ਫਿਰ ਵੀ ਗ਼ੈਰ-ਸਰਕਾਰੀ ਹਲਕਿਆਂ ਦਾ ਦਾਅਵਾ ਹੈ ਕਿ ਪਾਕਿਸਤਾਨੀ ਟੋਲੀ ਦੇ ਦਾਖ਼ਲੇ ਸਮੇਂ ਇਕ ਬਾਰੂਦੀ ਸੁਰੰਗ ਫਟਣ ਅਤੇ ਭਾਰਤੀ ਫ਼ੌਜੀ ਮੋਰਚਿਆਂ ਵਲੋਂ ਕੀਤੀ ਗਈ ਗੋਲੀਬਾਰੀ ਕਾਰਨ ਘੱਟੋ-ਘੱਟ ਪੰਜ ਪਾਕਿਸਤਾਨੀ ਜ਼ਖ਼ਮੀ ਹੋ ਗਏ।
ਪਾਕਿਸਤਾਨੀ ਮੀਡੀਆ ਦੇ ਬਹੁਤੇ ਹਿੱਸਿਆਂ ਨੇ ਇਸ ਖ਼ਬਰ ਦੀ ਅਣਦੇਖੀ ਕੀਤੀ ਹੈ। ਪਾਕਿਸਤਾਨੀ ਫ਼ੌਜ ਦੀਆਂ ਤਿੰਨਾਂ ਸ਼ਾਖ਼ਾਵਾਂ ਦੀ ਸਾਂਝੀ ਜਨ ਸੰਪਰਕ ਏਜੰਸੀ ‘ਆਈ.ਐੱਸ.ਪੀ.ਆਰ.’ ਨੇ ਵੀ ਇਸ ਬਾਰੇ ਖ਼ਾਮੋਸ਼ੀ ਅਖ਼ਤਿਆਰ ਕੀਤੀ ਹੋਈ ਹੈ। ਪਰ ਜਿਨ੍ਹਾਂ ਮੀਡੀਆ ਮੰਚਾਂ ਨੇ ਇਸ ਘਟਨਾ ਨੂੰ ਖ਼ਬਰ ਬੁਲਿਟਨਾਂ ਦਾ ਹਿੱਸਾ ਬਣਾਇਆ ਹੈ, ਉਨ੍ਹਾਂ ਨੇ ਗੋਲੀਬੰਦੀ ਤੋੜਨ ਲਈ ਭਾਰਤ ਨੂੰ ਹੀ ਕਸੂਰਵਾਰ ਦਸਿਆ ਹੈ।
ਜ਼ਿਕਰਯੋਗ ਹੈ ਕਿ ਦੋਵਾਂ ਮੁਲਕਾਂ ਦੇ ਡਾਇਰੈਕਟਰ ਜਨਰਲ, ਮਿਲਟਰੀ ਅਪਰੇਸ਼ਨਜ਼ (ਡੀ.ਜੀ.ਐਮ.ਓਜ਼) ਦਰਮਿਆਨ 25 ਅਕਤੂਬਰ, 2021 ਨੂੰ ਹੋਈ ਫ਼ੋਨ ਵਾਰਤਾ ਰਾਹੀਂ 2003 ਦਾ ਗੋਲੀਬੰਦੀ ਸਮਝੌਤਾ ਸੁਰਜੀਤ ਕੀਤਾ ਗਿਆ ਸੀ। ਇਹ ਅਹਿਦ ਪਿਛਲੇ ਮਹੀਨੇ ਦੇ ਪਹਿਲੇ ਅੱਧ ਤਕ ਕਾਰਗਰ ਸਾਬਤ ਹੋਇਆ। ਇਸ ਨੇ ਕੰਟਰੋਲ ਰੇਖਾ ਦੇ ਆਰ-ਪਾਰ ਵਸੇ ਲੋਕਾਂ ਨੂੰ ਤਕਰੀਬਨ ਤਿੰਨ ਵਰਿ੍ਹਆਂ ਤਕ ਸੁੱਖ ਦਾ ਸਾਹ ਲੈਣ ਦਿਤਾ। ਪਰ ਪਿਛਲੇ 17 ਦਿਨਾਂ ਦੌਰਾਨ ਪਹਿਲਾਂ ਰਾਜੌਰੀ ਅਤੇ ਹੁਣ ਪੁਣਛ ਸੈਕਟਰ ਵਿਚ ਗੋਲੀਬੰਦੀ ਦੀਆਂ ਉਲੰਘਣਾਵਾਂ ਨੇ ਸਮਝੌਤਾ ਤਿੜਕਣ ਦੇ ਸੰਕੇਤ ਦੇਣੇ ਸ਼ੁਰੂ ਕਰ ਦਿਤੇ ਹਨ।
ਕੰਟਰੋਲ ਰੇਖਾ ਦੇ ਭਾਰਤੀ ਪਾਸੇ ਵੀ ਬਾਰੂਦੀ ਸੁਰੰਗਾਂ ਵਿਛੀਆਂ ਹੋਈਆਂ ਹਨ ਅਤੇ ਪਾਕਿਸਤਾਨੀ ਪਾਸੇ ਵੀ। ਇਹ ਭਾਰਤੀ ਪਾਸੇ ਦਹਿਸ਼ਤਗਰਦਾਂ ਦੀ ਘੁਸਪੈਠ ਰੋਕਣ ਵਾਸਤੇ ਹਨ ਅਤੇ ਪਾਕਿਸਤਾਨੀ ਪਾਸੇ ਭਾਰਤ ਨੂੰ ਜਵਾਬੀ ਕਾਰਵਾਈ ਤੋਂ ਵਰਜਣ ਵਾਸਤੇ। ਇਨ੍ਹਾਂ ਸੁਰੰਗਾਂ ਦੀ ਮੌਜੂਦਗੀ ਕੰਟਰੋਲ ਰੇਖਾ ਦੇ ਨਾਲ-ਨਾਲ ਗ਼ਸ਼ਤ ਕਰਨ ਵਾਲੀਆਂ ਫ਼ੌਜੀ ਜਾਂ ਬੀ.ਐਸ.ਐੱਫ਼. ਦੀਆਂ ਗਸ਼ਤੀ ਪਾਰਟੀਆਂ ਤੋਂ ਵੱਧ ਚੌਕਸੀ, ਵੱਧ ਇਹਤਿਆਤ ਦੀ ਮੰਗ ਕਰਦੀ ਹੈ।
ਪਾਕਿਸਤਾਨੀ ਫ਼ੌਜੀ ਪਾਰਟੀ ਨਾਲ ਜੋ ਕੁੱਝ ਵਾਪਰਿਆ, ਉਹ ਇਹਤਿਆਤ ਦੀ ਘਾਟ ਦਾ ਨਤੀਜਾ ਸੀ। ਤਕਰੀਬਨ ਇਕ ਪੰਦਰਵਾੜਾ ਪਹਿਲਾਂ ਰਾਜੌਰੀ ਖੇਤਰ ਵਿਚ ਅਜਿਹੀ ਹੀ ਕੋਤਾਹੀ ਕਾਰਨ ਇਕ ਕੈਪਟਨ ਸਮੇਤ ਦੋ ਭਾਰਤੀ ਫ਼ੌਜੀ ਜਾਨਾਂ ਗੁਆ ਬੈਠੇ ਸਨ। ਉਸ ਘਟਨਾ ਦੇ ਬਾਅਦ ਦੁਵੱਲੀ ਗੋਲੀਬਾਰੀ ਸ਼ੁਰੂ ਹੋ ਗਈ ਸੀ ਜੋ ਘੰਟਾ-ਸਵਾ ਘੰਟਾ ਚਲਦੀ ਰਹੀ। ਅਜਿਹੀਆਂ ਘਟਨਾਵਾਂ ਦਾ ਵਿਕਰਾਲ ਰੂਪ ਧਾਰਨਾ ਕੋਈ ਅਸਾਧਾਰਨ ਵਰਤਾਰਾ ਨਹੀਂ। ਲਿਹਾਜ਼ਾ, ਦੋਵਾਂ ਦੇਸ਼ਾਂ ਦੇ ਸੈਕਟਰ ਕਮਾਂਡਰਾਂ ਨੂੰ ਚਾਹੀਦਾ ਹੈ ਕਿ ਉਹ ਦੁਵੱਲੀ ਹੌਟਲਾਈਨ ਰਾਹੀਂ ਯਕੀਨੀ ਬਣਾਉਣ ਕਿ ਗਸ਼ਤ ਦੌਰਾਨ ਕੰਟਰੋਲ ਰੇਖਾ ਦੀ ਅਵੱਗਿਆ ਨਾ ਹੋਵੇ।
ਚੂੰਕਿ ਹੁਣ ਗਰਮੀਆਂ ਦੀ ਆਮਦ ਹੋ ਰਹੀ ਹੈ ਅਤੇ ਬਰਫ਼ਾਂ ਪਿਘਲਣੀਆਂ ਸ਼ੁਰੂ ਹੋ ਚੁਕੀਆਂ ਹਨ, ਇਸ ਲਈ ਪਾਕਿਸਤਾਨੀ ਪਾਸਿਉਂ ਦਹਿਸ਼ਤੀਆਂ ਦੀ ਘੁਸਪੈਠ ਵਧਣ ਦੇ ਇਮਕਾਨ ਵੀ ਵੱਧ ਗਏ ਹਨ। ਇਹ ਸੰਭਾਵਨਾਵਾਂ ਵੀ ਮੁਕਾਮੀ ਕਮਾਂਡਰਾਂ ਦੀ ਆਪਸੀ ਗੱਲਬਾਤ ਦਾ ਹਿੱਸਾ ਬਣਨੀਆਂ ਚਾਹੀਦੀਆਂ ਹਨ। ਇਨ੍ਹਾਂ ਕਾਲਮਾਂ ਵਿਚ ਕੁੱਝ ਦਿਨ ਪਹਿਲਾਂ ਇਹ ਚਿੰਤਾ ਪ੍ਰਗਟਾਈ ਗਈ ਸੀ ਕਿ ਬਲੋਚਿਸਤਾਨ ਤੇ ਖ਼ੈਬਰ-ਪਖ਼ਤੂਨਖ਼ਵਾ ਸੂਬਿਆਂ ਵਿਚ ਲਗਾਤਾਰ ਜ਼ੋਰ ਫੜ ਰਹੀ ਬਾਗ਼ੀਆਨਾ ਹਿੰਸਾ ਵਲੋਂ ਪਾਕਿਸਤਾਨੀ ਆਵਾਮ ਦਾ ਧਿਆਨ ਹਟਾਉਣ ਲਈ ਪਾਕਿਸਤਾਨੀ ਸੈਨਾ ਜੰਮੂ-ਕਸ਼ਮੀਰ ਵਿਚ ਦਹਿਸ਼ਤੀ ਹਿੰਸਾ ਨੂੰ ਹਵਾ ਦੇ ਸਕਦੀ ਹੈ। ਅਜਿਹੇ ਖ਼ਦਸ਼ਿਆਂ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਭਾਰਤੀ ਪਾਸੇ ਚੌਕਸੀ ਲਗਾਤਾਰ ਬਰਕਰਾਰ ਰੱਖੀ ਜਾਵੇ। ‘ਸੰਕਟ ਨਾਲੋਂ ਇਹਤਿਆਤ ਭਲੀ’ ਵਾਲਾ ਦਸਤੂਰ ਹਰ ਸਰਹੱਦ ’ਤੇ ਲਾਗੂ ਹੁੰਦਾ ਹੈ। ਹਿੰਦ-ਪਾਕਿ ਤਨਾਜ਼ੇ ਦੇ ਪ੍ਰਸੰਗ ਵਿਚ ਇਸ ਦਸਤੂਰ ਉੱਤੇ ਵੱਧ ਕਰੜਾਈ ਨਾਲ ਪਹਿਰਾ ਦੇਣ ਵਿਚ ਹੀ ਰਾਸ਼ਟਰ ਦਾ ਭਲਾ ਹੈ।