
Editorial:ਇਸ ਨਵੇਂ ਕਾਨੂੰਨ ਵਿਚ ਉਨ੍ਹਾਂ ਔਰਤਾਂ ਵਾਸਤੇ ਜਾਂ ਤਾਂ ਇਕ ਮਹਿਲਾ ਅਫ਼ਸਰ ਹੋਵੇਗੀ ਜਾਂ ਕੋਈ ਮਹਿਲਾ ਹੋਵੇਗੀ ਜੋ ਮਦਦ ਕਰ ਸਕੇਗੀ।
The laws of the British era were given a new color according to Indian needs Editorial: ਅੰਗਰੇਜ਼ਾਂ ਦੇ ਦੌਰ ਦੇ ਕਾਨੂੰਨ ਵੈਸੇ ਤਾਂ ਆਜ਼ਾਦੀ ਤੋਂ ਬਾਅਦ ਹੀ ਖ਼ਤਮ ਕਰ ਦੇਣੇ ਚਾਹੀਦੇ ਸਨ ਪਰ ਕਿਤੇ ਨਾ ਕਿਤੇ ਸਾਡੇ ਆਗੂਆਂ ਦੇ ਜ਼ਿਹਨ ਵਿਚ ਇਹ ਵਿਚਾਰ ਡੂੰਘਾ ਧਸਿਆ ਪਿਆ ਸੀ ਕਿ ਅੰਗਰੇਜ਼ਾਂ ਦੇ ਤੌਰ ਤਰੀਕੇ ਹੀ ਸਹੀ ਸਨ ਜਦਕਿ ਅੱਜ ਅੰਗਰੇਜ਼ ਵੀ ਅਪਣੇ ਤੌਰ ਤਰੀਕੇ ਬਦਲ ਚੁੱਕੇ ਹਨ ਤੇ ਸਾਨੂੰ ਵੀ ਅਪਣੇ ਤਰੀਕੇੇ ਬਦਲਣੇ ਚਾਹੀਦੇ ਸਨ। ਜਿਹੜੇ ਇਹ ਨਵੇਂ ਕਾਨੂੰਨ ਆਏ ਹਨ, ਉਹ ਨਵੇਂ ਆਧੁਨਿਕ ਦੌਰ ਦੀਆਂ ਤੇ ਆਮ ਨਾਗਰਿਕ ਦੀਆਂ ਤਕਲੀਫ਼ਾਂ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਜਾਪਦੇ ਹਨ। ਇਨ੍ਹਾਂ ਵਿਚ ਔਰਤਾਂ ਤੇ ਬੱਚੀਆਂ ਵਾਸਤੇ ਖ਼ਾਸ ਕਾਨੂੰਨ ਹਨ ਜਿਨ੍ਹਾਂ ਦੀ ਸਖ਼ਤ ਲੋੜ ਸੀ। ਅਜੇ ਇਸ ਵਿਚ ਹੋਰ ਵੀ ਡੂੰਘਾਈ ਦੀ ਲੋੜ ਸੀ ਪਰ ਚਲੋ ਇਹ ਪਹਿਲਾ ਕਦਮ ਹੀ ਮੁਬਾਰਕ। ਅਸੀ ਅਪਣੇ ਆਸ ਪਾਸ ਵੇਖ ਰਹੇ ਹਾਂ ਕਿ ਕ੍ਰਾਈਮ ਬੜਾ ਸੰਗਠਤ ਰੂਪ ਧਾਰ ਗਿਆ ਹੈ। ਸੰਗਠਤ ਕਰਾਈਮ ਨੂੰ ਕਦੀ ਅਸੀ ਵਿਦੇਸ਼ਾਂ ਦੀਆਂ ਕਹਾਣੀਆਂ ਵਿਚ ਮਾਫ਼ੀਆ ਵਜੋਂ ਵੇਖਦੇ ਸੀ ਤੇ ਅੱਜ ਸਾਡੀਆਂ ਗਲੀਆਂ, ਮੁਹੱਲਿਆਂ ਅਤੇ ਸਾਡੀਆਂ ਜੇਲਾਂ ਵਿਚ ਮਾਫ਼ੀਆ ਚਲ ਰਿਹਾ ਹੈ, ਉਸ ਵਾਸਤੇ ਵੀ ਕਾਨੂੰਨ ਸਖ਼ਤ ਕੀਤਾ ਗਿਆ ਹੈ।
ਪਰ ਇਸ ਵਿਚ ਸੱਭ ਤੋਂ ਵੱਡੀ ਜਿਹੜੀ ਤਬਦੀਲੀ ਲਿਆਂਦੀ ਗਈ ਹੈ, ਉਹ ਹੈ ਪੁਲਿਸ ਥਾਣਿਆਂ ਵਿਚ ਵੀਡੀਉ ਲਗਾਉਣ ਦੀ, ਕਿਉਂਕਿ ਇਕ ਵਾਰੀ ਥਾਣੇ ਵਿਚ ਚਲੇ ਜਾਉ ਤਾਂ ਉਸ ਤੋਂ ਬਾਅਦ ਕਈ ਵਾਰੀ ਅਸਲ ਅਪਰਾਧ ਤੋਂ ਵੀ ਵੱਧ ਅਪਰਾਧ ਥਾਣੇ ਦੀਆਂ ਹਨੇਰੀਆਂ ਚਾਰ ਦੀਵਾਰਾਂ ਅੰਦਰ ਹੁੰਦਾ ਹੈ। ਉਹ ਔਰਤਾਂ ਬਹੁਤ ਸਾਹਸੀ ਹੁੰਦੀਆਂ ਹਨ ਜਿਹੜੀਆਂ ਥਾਣਿਆਂ ਵਿਚ ਜਾ ਕੇ ਅਪਣੀ ਸ਼ਿਕਾਇਤ ਦਰਜ ਕਰਵਾ ਸਕਦੀਆਂ ਹਨ। ਤੇ ਇਸ ਨਵੇਂ ਕਾਨੂੰਨ ਵਿਚ ਉਨ੍ਹਾਂ ਔਰਤਾਂ ਵਾਸਤੇ ਜਾਂ ਤਾਂ ਇਕ ਮਹਿਲਾ ਅਫ਼ਸਰ ਹੋਵੇਗੀ ਜਾਂ ਕੋਈ ਮਹਿਲਾ ਹੋਵੇਗੀ ਜੋ ਮਦਦ ਕਰ ਸਕੇਗੀ।
ਵੀਡੀਉ ਗ੍ਰਾਫ਼ੀ ਦੇ ਨਾਲ-ਨਾਲ ਹੁਣ ਸਬੂਤ ਇਕੱਠੇ ਕਰਨ ਲਈ ਜਿਸ ਤਰ੍ਹਾਂ ਦੇ ਕਦਮ ਚੁੱਕੇ ਗਏ ਹਨ, ਉਨ੍ਹਾਂ ਦੀ ਵੀ ਬੜੀ ਲੋੜ ਸੀ। ਅੱਜ ਦੀ ਆਧੁਨਿਕ ਜ਼ਿੰਦਗੀ ਵਿਚ ਅਸੀ ਵੇਖਦੇ ਹਾਂ ਕਿ ਸੋਸ਼ਲ ਮੀਡੀਆ ਰਾਹੀਂ ਝੂਠ ਫੈਲਾਉਣ ਦੀ, ਕੁੱਝ ਵੀ ਮਨਘੜਤ ਬੋਲਣ ਦੀ ਜਿਹੜੀ ਆਦਤ ਪੈ ਗਈ ਹੈ, ਉਸ ’ਤੇ ਵੀ ਨਜ਼ਰ ਰੱਖੀ ਜਾ ਸਕੇਗੀ। ਪਰ ਇਹ ਤਬਦੀਲੀ ਉਦੋਂ ਹੀ ਕਾਰਗਰ ਸਾਬਤ ਹੋ ਸਕਦੀ ਹੈ ਜਦੋਂ ਇਸ ’ਤੇ ਅਮਲ ਕੀਤਾ ਜਾਵੇਗਾ।
ਸਾਡੀ ਅੱਜ ਦੀ ਪੁਲਿਸ ਕੋਲ ਵੀ ਨਿਯਮ ਹਨ ਤੇ ਅਸੂਲ ਨੇ ਪਰ ਜੋ ਸੱਭ ਤੋਂ ਵੱਡੀ ਕਮੀ ਅਸੀ ਵੇਖ ਰਹੇ ਹਾਂ ਕਿ ਸਾਡੇ ਸੁਰੱਖਿਆ ਬਲਾਂ ਕੋਲ ਨਿਯਮਾਂ ਤੋਂ ਜ਼ਿਆਦਾ ਅਪਣੀ ਤਾਕਤ ਦੀ ਦੁਰਵਰਤੋਂ ਦੀ ਆਦਤ ਜੋ ਇਕ ਛੋਟੇ ਵਰਗ ਨੂੰ ਪੈ ਗਈ ਹੈ, ਉਸ ਨੇ ਸਾਰੇ ਸਿਸਟਮ ਨੂੰ ਗੰਦਾ ਕਰ ਦਿਤਾ ਹੈ। ਇਹ ਨਵੇਂ ਕਾਨੂੰਨ ਹੋਣ ਜਾਂ ਪੁਰਾਣੇ ਕਾਨੂੰਨ, ਸੱਭ ਤੋਂ ਵੱਡੀ ਤਬਦੀਲੀ ਸਾਨੂੰ ਅਪਣੀ ਸੁਰੱਖਿਆ ਦੀ ਸੋਚ ਵਿਚ ਲਿਆਉਣੀ ਪਵੇਗੀ। ਜੇ ਅਸੀ ਉਨ੍ਹਾਂ ਤੋਂ ਕੰਮ ਲੈਣਾ ਚਾਹੁੰਦੇ ਹਾਂ ਤੇ ਨਿਯਮਾਂ ਦੀ ਈਮਾਨਦਾਰੀ ਨਾਲ ਪਾਲਣਾ ਦੀ ਆਸ ਰਖਦੇ ਹਾਂ ਕਿ ਚਲੋ ਸੌ ਨਹੀਂ ਤਾਂ 90 ਫ਼ੀਸਦੀ ਹੀ ਅਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਕੰਮ ਕਰਨਾ ਸ਼ੁਰੂ ਕਰ ਦੇਣਗੇ ਤਾਂ ਕਾਨੂੰਨਾਂ ਦੀ ਤਬਦੀਲੀ ਨਾਲ, ਉਨ੍ਹਾਂ ਨੂੰ ਤਿਆਰ ਕਰਨ ਦੇ ਨਾਲ-ਨਾਲ, ਉਨ੍ਹਾਂ ਦੀ ਜੋ ਜ਼ਿੰਦਗੀ ਹੈ, ਉਸ ਵਿਚ ਵੀ ਤਬਦੀਲੀ ਆ ਸਕਦੀ ਹੈ।
ਜੇ ਅਸੀ ਉਨ੍ਹਾਂ ਤੋਂ ਅਪਣੇ ਲਈ ਇਕ ਉਚ ਜੀਵਨ ਮਿਆਰ ਮੰਗਦੇ ਹਾਂ ਤਾਂ ਉਨ੍ਹਾਂ ਨੂੰ ਵੀ ਜੀਵਨ ਦਾ ਇਕ ਉਚ ਮਿਆਰ ਦੇਣਾ ਪਵੇਗਾ ਕਿਉਂਕਿ ਨਾਗਰਿਕਾਂ ਦੀ ਸੁਰੱਖਿਆ ਉਨ੍ਹਾਂ ਦੇ ਹੱਥਾਂ ਵਿਚ ਹੁੰਦੀ ਹੈ। ਉਨ੍ਹਾਂ ਦੀ ਜ਼ਿੰਦਗੀ ਨੂੰ ਉਹ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਜਿਹੜੀਆਂ ਅਸੀ ਵੇਖਦੇ ਹਾਂ ਕਿ ਸਿਆਸਤਦਾਨ ਅਪਣੇ ਹੱਥ ਵਿਚ ਰੱਖ ਕੇ ਉਨ੍ਹਾਂ ਦੀ ਦੁਰਵਰਤੋਂ ਕਰਦਾ ਹੈ ਤੇ ਬਹੁਤੇ ਸਿਆਸਤਦਾਨ ਅਪਣੀ ਸ਼ਾਨ ਲਈ, ਕਰਮਚਾਰੀਆਂ ਦਾ ਇਸਤੇਮਾਲ ਕਰਦੇ ਹਨ ਪਰ ਜੇ ਉਹੀ ਪੈਸਾ ਸੁਰੱਖਿਆ ਕਰਮਚਾਰੀਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਲਗਾ ਦਿਤਾ ਜਾਵੇ ਤੇ ਜੇ ਉਨ੍ਹਾਂ ਦੀ ਜ਼ਿੰਦਗੀ ਦਾ ਮਿਆਰ ਵੀ ਬਦਲ ਦਿਤਾ ਜਾਵੇ ਤਾਂ ਉਹ ਵੀ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਵਿਚ, ਹੋਰ ਸ਼ਿੱਦਤ ਨਾਲ ਕੰਮ ਕਰਨਗੇ।
ਸੋ ਉਨ੍ਹਾਂ ਨੂੰ ਇਕ ਸੌਖੀ ਜ਼ਿੰਦਗੀ ਦੇਣੀ ਚਾਹੀਦੀ ਹੈ। ਇਹ ਜਿਹੜੇ ਨਵੇਂ ਕਾਨੂੰਨ ਹਨ ਇਹ ਅੰਗਰੇਜ਼ਾਂ ਨੇ ਅਪਣੇ ਗ਼ੁਲਾਮਾਂ ਤੋਂ ਕੰਮ ਕਰਵਾਉਣ ਲਈ ਬਣਾਏ ਸਨ। ਸੋ ਜਦੋਂ ਅਸੀ ਅਪਣਿਆਂ ਤੋਂ ਕੁੱਝ ਚਾਹੁੰਦੇ ਹਾਂ ਤਾਂ ਅਪਣਿਆਂ ਨੂੰ ਅਪਣਾ ਸਮਝ ਕੇ ਉਨ੍ਹਾਂ ਦੀ ਹਰ ਸਹੂਲਤ ਨੂੰ ਧਿਆਨ ਵਿਚ ਰਖਣਾ ਚਾਹੀਦਾ ਹੈ। ਫਿਰ ਹੀ ਅਸੀ ਉਨ੍ਹਾਂ ਤੋਂ ਆਸ ਰੱਖ ਸਕਦੇ ਹਾਂ ਕਿ ਉਹ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਸਹੀ ਤਰੀਕੇ ਨਾਲ ਕਰਨਗੇ।
- ਨਿਮਰਤ ਕੌਰ