
ਵਿਧਾਨ ਸਭਾ ਦੀਆਂ 243 ਸੀਟਾਂ 'ਤੇ ਮਹਾਗਠਬੰਧਨ ਦੇ 254 ਉਮੀਦਵਾਰ ਚੋਣ ਲੜ ਰਹੇ ਹਨ।
Civil war may cost Mahagathbandhan dearly in Bihar : ਬਿਹਾਰ ਵਿਚ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਸਿਰੇ ਚੜ੍ਹਨ ਮਗਰੋਂ ਹੁਕਮਰਾਨ ਐਨ.ਡੀ.ਏ. ਤੇ ਵਿਰੋਧੀ ਦਲਾਂ ਦੇ ‘ਮਹਾਗਠਬੰਧਨ’ ਦਰਮਿਆਨ ਟਕਰਾਅ ਦੀ ਤਸਵੀਰ ਸਪੱਸ਼ਟ ਹੋ ਗਈ ਹੈ। ਜਿੱਥੇ ਐਨ.ਡੀ.ਏ. ਅੰਦਰਲੇ ਮੁੱਖ ਭਾਈਵਾਲਾਂ - ਜਨਤਾ ਦਲ (ਯੂਨਾਈਟਿਡ), ਭਾਰਤੀ ਜਨਤਾ ਪਾਰਟੀ ਤੇ ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਨੇ ਸੀਟਾਂ ਦੀ ਵੰਡ ਥੋੜ੍ਹੀ-ਬਹੁਤ ਖਿੱਚੋਤਾਣ ਤੋਂ ਬਾਅਦ ਸਫ਼ਲਤਾਪੂਰਬਕ ਸਿਰੇ ਚਾੜ੍ਹ ਲਈ, ਉੱਥੇ ਮਹਾਗਠਬੰਧਨ ਦਰਮਿਆਨ ਰੇੜਕਾ ਮੰਗਲਵਾਰ ਵੀ ਬਰਕਰਾਰ ਰਿਹਾ।
ਜ਼ਾਹਰਾ ਤੌਰ ’ਤੇ ਇਹ ਜਾਪਦਾ ਹੈ ਕਿ ਵਿਧਾਨ ਸਭਾ ਦੀਆਂ 243 ਸੀਟਾਂ ’ਤੇ ਮਹਾਗਠਬੰਧਨ ਦੇ 254 ਉਮੀਦਵਾਰ ਚੋਣ ਲੜ ਰਹੇ ਹਨ। ਗਿਆਰਾਂ ਸੀਟਾਂ ’ਤੇ ਆਪਸੀ ਮੁਕਾਬਲਿਆਂ ਵਾਲੀ ਸਥਿਤੀ ਤੋਂ ਇਲਾਵਾ ਸੀਟਾਂ ਦੀ ਵੰਡ ਵਾਲੀ ਪ੍ਰਕਿਰਿਆ ਦੌਰਾਨ ਜੋ ਤਮਾਸ਼ਾ ਹੋਇਆ, ਉਸ ਨੇ ‘ਸਭ ਅੱਛਾ’ ਨਾ ਹੋਣ ਦਾ ਪ੍ਰਭਾਵ ਦਿਤਾ। ਇਸ ਤੋਂ ਐਨ.ਡੀ.ਏ. ਦੇ ਸਮਰਥਕਾਂ ਦੇ ਹੌਸਲੇ ਬੁਲੰਦ ਹੋਣੇ ਸੁਭਾਵਿਕ ਹੀ ਹਨ। ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜੱਸਵੀ ਯਾਦਵ ਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਦਖ਼ਲ ਨਾਲ ਸੀਟਾਂ ਦੀ ਵੰਡ ਦਾ ਰੇੜਕਾ ਖ਼ਤਮ ਹੋ ਜਾਵੇਗਾ, ਪਰ ਇਹ ਦਖ਼ਲ ਵੀ ਸਾਰਥਿਕ ਸਿੱਟੇ ਸਾਹਮਣੇ ਨਹੀਂ ਲਿਆ ਸਕਿਆ। ਨਤੀਜਾ ਇਹ ਨਿਕਲਿਆ ਹੈ ਕਿ ਆਰ.ਜੇ.ਡੀ. ਤੇ ਕਾਂਗਰਸ ਤੋਂ ਇਲਾਵਾ ਹੋਰ ਭਾਈਵਾਲ ਧਿਰਾਂ, ਜਿਵੇਂ ਕਿ ਸੀ.ਪੀ.ਆਈ. (ਮਾਰਕਸਿਸਟ-ਲੈਨਿਨਿਸਟ), ਸੀ.ਪੀ.ਆਈ., ਸੀ.ਪੀ.ਐਮ. ਦੇ ਹਮਾਇਤੀ ਵੀ ਆਪੋ ਅਪਣੀ ਥਾਂ ਨਾਖ਼ੁਸ਼ ਹਨ ਅਤੇ ਇਹ ਨਾਖ਼ੁਸ਼ੀ, ਚੋਣ ਪ੍ਰਚਾਰ ਦੇ ਅਗਲੇ ਪੜਾਵਾਂ ਦੌਰਾਨ ਹੋਰ ਤਿਖੇਰਾ ਰੂਪ ਅਖ਼ਤਿਆਰ ਕਰ ਸਕਦੀ ਹੈ।
ਮੰਗਲਵਾਰ ਨੂੰ ਜੋ ਤਸਵੀਰ ਸਾਹਮਣੇ ਆਈ, ਉਸ ਮੁਤਾਬਿਕ ਆਰ.ਜੇ.ਡੀ. ਨੇ 143 ਸੀਟਾਂ ਉੱਤੇ ਅਪਣੇ ਉਮੀਦਵਾਰ ਉਤਾਰੇ ਹਨ ਜਦੋਂਕਿ ਕਾਂਗਰਸ ਦੇ 61 ਉਮੀਦਵਾਰ ਚੋਣ ਪਿੜ ਵਿਚ ਹਨ। ਜ਼ਾਹਿਰ ਹੈ ਕਿ ਆਰ.ਜੇ.ਡੀ. ਉਮੀਦਵਾਰਾਂ ਦੀ ਗਿਣਤੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਕ ਘੱਟ ਹੈ ਜਦੋਂ ਕਿ ਕਾਂਗਰਸ ਨੇ ਚੋਣ ਪਿੜ ਵਿਚ ਇਸ ਵਾਰ 9 ਉਮੀਦਵਾਰ ਘੱਟ ਉਤਾਰੇ ਹਨ। ਇਸ ਦੇ ਬਾਵਜੂਦ ਘੱਟੋਘੱਟ ਪੰਜ ਸੀਟਾਂ ਉੱਤੇ ਆਰ.ਜੇ.ਡੀ. ਤੇ ਕਾਂਗਰਸ ਦੇ ਉਮੀਦਵਾਰ ਸਿੱਧੇ ਤੌਰ ’ਤੇ ਆਹਮੋ ਸਾਹਮਣੇ ਹਨ। ਸੀ.ਪੀ.ਆਈ. (ਮਾਰਕਸਿਸਟ-ਲੈਨਿਨਿਸਟ) ਦੇ 20, ਸੀ.ਪੀ.ਆਈ. ਦੇ 9 ਅਤੇ ਸੀ.ਪੀ.ਐਮ. ਦੇ 4 ਸੀਟਾਂ ’ਤੇ ਉਮੀਦਵਾਰ ਖੜ੍ਹੇ ਹਨ। ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੀ ਤਰਫ਼ੋਂ 6 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਸਨ, ਪਰ ਇਹ ਸਾਰੇ ਸੋਮਵਾਰ ਨੂੰ ਵਾਪਸ ਲੈ ਲਏ ਗਏ ਕਿਉਂਕਿ ਮਹਾਗਠਬੰਧਨ ਵਿਚ ਭਾਈਵਾਲ ਹੋਣ ਦੇ ਬਾਵਜੂਦ ਇਸ ਪਾਰਟੀ ਨੂੰ ਕੋਈ ਸੀਟ ਦੇਣ ਦਾ ਐਲਾਨ ਮਹਾਗਠਬੰਧਨ ਦੀ ਲੀਡਰਸ਼ਿਪ ਨੇ ਐਤਵਾਰ ਸ਼ਾਮ ਤਕ ਨਹੀਂ ਸੀ ਕੀਤਾ।
ਅਗਲੇ ਹੀ ਦਿਨ ਝਾਰਖੰਡ ਪੁਲੀਸ ਨੇ ਬਿਹਾਰ ਤੋਂ ਆਰ.ਜੇ.ਡੀ. ਉਮੀਦਵਾਰ ਸਤੇਂਦਰ ਸ਼ਾਹ ਨੂੰ 21 ਵਰ੍ਹੇ ਪੁਰਾਣੇ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ। ਸਮਝਿਆ ਜਾਂਦਾ ਹੈ ਕਿ ਅਜਿਹਾ ਕਰ ਕੇ ਝਾਰਖੰਡ ਦੇ ਮੁਖ ਮੰਤਰੀ ਹੇਮੰਤ ਸੋਰੇਨ ਨੇ ਇਹ ਸੰਕੇਤ ਦਿਤਾ ਕਿ ਮਹਾਗਠਬੰਧਨ ਦੇ ਆਗੂਆਂ ਪਾਸੋਂ ਅਪਣੀ ਪਾਰਟੀ ਦੀ ਨਾਕਦਰੀ ਉਹ ਬਰਦਾਸ਼ਤ ਨਹੀਂ ਕਰੇਗਾ। ਸੀਟਾਂ ਦੀ ਵੰਡ ਬਾਰੇ ਰਸਮੀ ਐਲਾਨ ਵੀ ਅਣਹੋਂਦ ਤੋਂ ਇਲਾਵਾ ਮਹਾਗਠਬੰਧਨ ਮੁੱਖ ਮੰਤਰੀ ਦੇ ਚਿਹਰੇ ਬਾਰੇ ਵੀ ਕੋਈ ਨਿਰਣਾ ਲੈਣ ਵਿਚ ਨਾਕਾਮ ਰਿਹਾ ਹੈ। ਦੂਜੇ ਪਾਸੇ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਪੈਦਾ ਕੀਤੇ ਕੁੱਝ ਭੰਬਲਭੂਸੇ ਦੇ ਬਾਵਜੂਦ ਐਨ.ਡੀ.ਏ. ਨੇ ਸਪੱਸ਼ਟ ਕਰ ਦਿਤਾ ਹੈ ਕਿ 14 ਨਵੰਬਰ ਨੂੰ ਆਉਣ ਵਾਲੇ ਚੋਣ ਨਤੀਜੇ ਜੇਕਰ ਐਨ.ਡੀ.ਏ. ਦੇ ਪੱਖ ਵਿਚ ਰਹਿੰਦੇ ਹਨ ਤਾਂ ਨਿਤੀਸ਼ ਕੁਮਾਰ ਹੀ 10ਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਦਾ ਹਲਫ਼ ਲੈਣਗੇ।
ਅਜਿਹੀ ਦ੍ਰਿਸ਼ਾਵਲੀ ਦੌਰਾਨ ਸਾਬਕਾ ਚੋਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਵਾਲੀ ਜਨ ਸੁਰਾਜ ਪਾਰਟੀ ਵਲੋਂ ਤੀਜੀ ਧਿਰ ਵਜੋਂ ਉਭਰਨ ਦੇ ਯਤਨ ਅਤੇ ਇਨ੍ਹਾਂ ਯਤਨਾਂ ਨੂੰ ਮਿਲ ਰਿਹਾ ਲੋਕ ਹੁੰਗਾਰਾ ਚੁਣਾਵੀ ਤਸਵੀਰ ਨੂੰ ਧੁੰਦਲਾ ਬਣਾ ਰਿਹਾ ਹੈ। ਪ੍ਰਸ਼ਾਂਤ ਕਿਸ਼ੋਰ ਅਪਣੀਆਂ ਰੈਲੀਆਂ ਦੌਰਾਨ ਤੇਜੱਸਵੀ ਤੋਂ ਇਲਾਵਾ ਨਿਤੀਜ਼ ਕੁਮਾਰ ਉੱਤੇ ਵੀ ਸਿਆਸੀ ਹਮਲੇ ਕਰਦੇ ਹਨ। ਇਸ ਲਈ ਇਹ ਯਕੀਨੀ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੜੀ ਰਾਜਸੀ ਧਿਰ ਨੂੰ ਢਾਹ ਲਾਉਣਗੇ। ਜਨ ਸੁਰਾਜ ਪਾਰਟੀ ਤੋਂ ਇਲਾਵਾ ਅਸਦੂਦੀਨ ਓਵਾਇਸੀ ਦੀ ਪਾਰਟੀ ਮਜਲਿਸ-ਇ-ਇਤਿਹਾਦੁਲ ਮੁਸਲਮੀਨ (ਐਮ.ਆਈ.ਐਮ.) ਵੀ ਘੱਟੋਘੱਟ 21 ਸੀਟਾਂ ਦੇ ਨਤੀਜਿਆਂ ਉੱਤੇ ਅਸਰ ਪਾ ਸਕਦੀ ਹੈ।
ਇਹ ਪਾਰਟੀ ਮਹਾਗਠਬੰਧਨ ਦਾ ਹਿੱਸਾ ਬਣਨਾ ਚਾਹੁੰਦੀ ਸੀ, ਪਰ ਇਸ ਨੂੰ ਨਾ ਤੇਜੱਸਵੀ ਯਾਦਵ ਨੇ ਹੁੰਗਾਰਾ ਦਿਤਾ ਅਤੇ ਨਾ ਹੀ ਕਾਂਗਰਸ ਨੇ। ਭਾਰਤੀ ਜਨਤਾ ਪਾਰਟੀ ਇਨ੍ਹਾਂ ਚੋਣਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਨਾਮ ਰਾਹੁਲ ਗਾਂਧੀ ਵਾਲਾ ਅਕਸ ਬਖ਼ਸ਼ ਕੇ ਸਥਾਨਕ ਮੁੱਦਿਆਂ ਉੱਤੋਂ ਫੋਕਸ ਹਟਾਉਣਾ ਚਾਹੁੰਦੀ ਹੈ। ਇਸੇ ਲਈ ਪ੍ਰਧਾਨ ਮੰਤਰੀ ਦੀਆਂ 10 ਦੇ ਕਰੀਬ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਸ ਦੀ ਇਸ ਸੋਚ ਤੇ ਪ੍ਰਧਾਨ ਮੰਤਰੀ ਦੇ ਕ੍ਰਿਸ਼ਮੇ ਦੇ ਬਾਵਜੂਦ ਰਵਾਇਤੀ ਸੂਝ ਇਹੋ ਦਰਸਾਉਂਦੀ ਹੈ ਕਿ ਸਥਾਨਕ ਮੁੱਦਿਆਂ ਦੀ ਅਣਦੇਖੀ ਰਾਜਸੀ ਧਿਰਾਂ, ਖ਼ਾਸ ਕਰ ਕੇ ਹੁਕਮਰਾਨ ਧਿਰ ਨੂੰ ਮਹਿੰਗੀ ਪੈਂਦੀ ਆਈ ਹੈ। ਇਹੀ ਕੁੱਝ ਫੁੱਟ-ਪਾਊ ਰਾਜਨੀਤੀ ਬਾਰੇ ਵੀ ਕਿਹਾ ਜਾ ਸਕਦਾ ਹੈ। ਚੁਣਾਵੀ ਪਰਿਪੇਖ ਤੇ ਪ੍ਰਚਾਰ ਪੱਖੋਂ ਐਨ.ਡੀ.ਏ., ਮਹਾਗਠਬੰਧਨ ਨਾਲੋਂ ਬਿਹਤਰ ਸਥਿਤੀ ਵਿਚ ਹੈ। ਇਸ ਨੂੰ ਇਸ ਸਥਿਤੀ ਦਾ ਲਾਭ ਲੈਣਾ ਚਾਹੀਦਾ ਹੈ।