ਨੋਟਬੰਦੀ ਬਾਰੇ ਫ਼ੈਸਲੇ ਤੋਂ ਭਾਰਤ ਨਿਰਾਸ਼ ਪਰ ਇਕ ਮਹਿਲਾ ਜੱਜ ਬੀ ਵੀ ਨਾਗਾਰਤਨਾ ਨੇ ਆਸ ਬਣਾਈ ਰੱਖੀ...
Published : Jan 4, 2023, 7:08 am IST
Updated : Jan 4, 2023, 9:34 am IST
SHARE ARTICLE
Justice B. V. Nagarathna
Justice B. V. Nagarathna

ਅਦਾਲਤ ਦੇ ਫ਼ੈਸਲੇ ਵਿਚੋਂ ਜੋ ਟਿਪਣੀਆਂ 4 ਜੱਜਾਂ ਨੇ ਕੀਤੀਆਂ, ਉਨ੍ਹਾਂ ਨੂੰ ਪੜ੍ਹ ਕੇ ਇਹ ਲਗਦਾ ਹੈ ਕਿ ਅਦਾਲਤ ਚੰਗੀ ਨੀਅਤ ਨਾਲ ਜ਼ਿੰਮੇਵਾਰੀ ਹੋਣਾ ਵੀ ਜ਼ਰੂਰੀ ਨਹੀਂ ਸਮਝਦੀ।

 

ਮੁੰਡਾ ਪ੍ਰਾਪਤ ਕਰਨ ਦੀ ਚਾਹਤ ਵਿਚ ਮਾਪਿਆਂ ਦਾ ਇਕ ਜੋੜਾ ਤਾਂਤਰਿਕ ਕੋਲ ਜਾਂਦਾ ਹੈ ਤੇ ਆਖਦਾ ਹੈ ਕਿ ਸਾਨੂੰ ਮੁੰਡਾ ਚਾਹੀਦਾ ਹੈ। ਸੱਸ ਵਲੋਂ ਵਹੁਟੀ ਨੂੰ ਤਾਹਨੇ ਮਿਹਣੇ ਦਿਤੇ ਜਾਂਦੇ ਹਨ, ਰਿਸ਼ਤੇਦਾਰ ਤੋਹਮਤਾਂ ਲਗਾਉਂਦੇ ਹਨ ਤੇ ਜੇ ਮੁੰਡਾ ਨਾ ਹੋਇਆ ਤਾਂ ਉਨ੍ਹਾਂ ਦੇ ਪ੍ਰਵਾਰ ਦਾ ਨਾਮ ਖ਼ਤਮ ਹੋ ਜਾਵੇਗਾ। ਤਾਂਤਰਿਕ ਨੇ ਪੁਛਿਆ ਕਿ ਤੁਹਾਡੀਆਂ ਕਿੰਨੀਆਂ ਬੇਟੀਆਂ ਹਨ? ਮਾਂ-ਬਾਪ ਦਾ ਉਤਰ ਸੀ ਕਿ ਉਨ੍ਹਾਂ ਦੀਆਂ ਪੰਜ ਬੇਟੀਆਂ ਹਨ। ਤਾਂਤਰਿਕ ਬੋਲਿਆ, ‘‘ਇਕ ਬੇਟੀ ਦੀ ਬਲੀ ਦੇਣੀ ਪਵੇਗੀ ਤੇ ਉਸ ਦਾ ਖ਼ੂਨ ਮਾਂ ਨੂੰ ਪੀਣਾ ਪਵੇਗਾ ਜਿਸ ਤੋਂ ਬਾਅਦ ਜੋੜੇ ਨੂੰ ਮੁੰਡਾ ਹੋਣਾ ਨਿਸ਼ਚਿਤ ਹੈ।’’

ਮਾਂ-ਬਾਪ ਨੇ ਸੱਸ ਨੂੰ ਪੁਛਿਆ ਤਾਂ ਉਸ ਨੇ ਕਿਹਾ ਕਿ ਕੁੜੀਆਂ ਤਾਂ ਬੋਝ ਹਨ, ਇਕ ਘੱਟ ਗਈ ਤਾਂ ਬੋਝ ਘੱਟ ਜਾਵੇਗਾ। ਦਾਦੇ ਨੇ ਆਖਿਆ ਕਿ ਇਹ ਸਹੀ ਨਹੀਂ ਪਰ ਉਸ ਦੀ ਗੱਲ ਨਜ਼ਰ-ਅੰਦਾਜ਼ ਕਰ ਦਿਤੀ ਗਈ। ਮਾਂ-ਬਾਪ ਨੇ ਰਾਤੋ ਰਾਤ ਇਕ ਕਮਜ਼ੋਰ ਬੱਚੀ ਨੂੰ ਕਤਲ ਕਰ ਕੇ ਮਾਂ ਨੂੰ ਖ਼ੂਨ ਪਿਆਇਆ। ਮਹੀਨੇ ਬਾਅਦ ਮਾਂ ਗਰਭਵਤੀ ਹੋਈ ਪਰ ਜਦ ਨੌਂ ਮਹੀਨੇ ਬਾਅਦ ਬੱਚੇ ਦਾ ਜਨਮ ਹੋਇਆ ਤਾਂ ਫਿਰ ਇਕ ਕੁੜੀ ਹੀ ਪੈਦਾ ਹੋਈ।

ਹੁਣ ਕੁੱਝ ਲੋਕ ਆਖਣਗੇ ਕਿ ਮਾਂ-ਬਾਪ ਦਾ ਇਰਾਦਾ ਤਾਂ ਠੀਕ ਸੀ ਤੇ ਉਸ ਬੱਚੀ ਦੀ ਬਲੀ ਸਾਰੇ ਪ੍ਰਵਾਰ ਦੇ ਭਲੇ ਵਾਸਤੇ ਕੀਤੀ ਗਈ। ਦਾਦਾ ਆਖੇਗਾ ਕਿ ਮੈਂ ਤਾਂ ਰੋਕਿਆ ਸੀ ਤੇ ਪੁੱਛੇਗਾ ਕਿ ਫ਼ਾਇਦਾ ਕੀ ਹੋਇਆ? ਅੱਜ ਵੀ ਤੁਹਾਡੇ ਕੋਲ ਪੰਜ ਕੁੜੀਆਂ ਹੀ ਹਨ। ਜਦ ਇਹ ਮੁਕੱਦਮਾ ਅਦਾਲਤ ਵਿਚ ਪਹੁੰਚੇਗਾ, ਕੀ ਅਦਾਲਤ ਦਾ ਫ਼ੈਸਲਾ ਮਾਂ-ਬਾਪ ਦੀ ਨੀਅਤ ਵੇਖੇਗਾ ਜਾਂ ਉਸ ਦਾ ਅੰਜਾਮ ਵੇਖੇਗਾ? ਕੀ ਅਦਾਲਤ ਆਖ ਸਕੇਗੀ ਕਿ ਇਸ ਕਾਰੇ ਨੂੰ ਬਹੁਤ ਸਮਾਂ ਗੁਜ਼ਰ ਗਿਆ ਹੈ ਤੇ ਹੁਣ ਕੀ ਫ਼ੈਸਲਾ ਕੀਤਾ ਜਾਵੇ? ਭਾਵੇਂ ਇਕ ਜੱਜ ਆਖਦਾ ਰਹੇ ਕਿ ਦਾਦੇ ਨੇ ਆਖਿਆ ਸੀ ਕਿ ਇਹ ਗ਼ਲਤ ਹੈ, ਦੂਜਾ ਜੱਜ ਆਖੇਗਾ ਕਿ ਦਾਦੀ ਦੀ ਸਹਿਮਤੀ ਤਾਂ ਸੀ। ਜਿਹੜੀ ਬੱਚੀ ਕਤਲ ਕਰ ਦਿਤੀ ਗਈ, ਉਸ ਦਾ ਹਿਸਾਬ ਕੌਣ ਦੇਵੇਗਾ?

ਇਸ਼ਾਰਾ ਸਮਝ ਗਏ ਹੋਵੋਗੇ ਕਿ ਮਾਂ-ਬਾਪ ਦਾ ਫ਼ੈਸਲਾ ਨੋਟਬੰਦੀ ਬਾਰੇ ਹੈ ਤੇ ਦਾਦਾ ਆਰ.ਬੀ.ਆਈ. ਹੈ। ਤਦ ਰੀਜ਼ਰਵ ਬੈਂਕ ਦਾ ਗਵਰਨਰ ਰਘੂਰਾਮ ਰਾਜਨ ਸੀ। ਮਾਂ-ਬਾਪ ਤੇ ਦਾਦੀ ਭਾਜਪਾ ਸਰਕਾਰ ਦੇ ਅਹਿਮ ਅਹੁਦੇਦਾਰ ਹਨ ਜਿਨ੍ਹਾਂ ਦੀ ਨੀਅਤ ਸਹੀ ਸੀ ਤੇ ਮਨ ਦੀ ਨੀਅਤ ਸੀ ਦੇਸ਼ ’ਚੋਂ ਕਾਲਾ ਧਨ ਖ਼ਤਮ ਕਰਨ ਦੀ, ਅਤਿਵਾਦ ਲਈ ਪੈਸਾ ਨਾ ਮਿਲਣ ਦਾ ਪ੍ਰਬੰਧ ਕਰਨ ਦੀ, ਬਲੈਕ ਦੇ ਧਨ ਤੋਂ ਰਹਿਤ ਆਰਥਕਤਾ ਖੜੀ ਕਰਨ ਦੀ ਪਰ ਅੱਜ ਕਾਲਾ ਧਨ ਵੀ ਹੈ ਤੇ ਇਸ ਹੱਦ ਤਕ ਹੈ ਕਿ ਭਾਜਪਾ ਦੇ ਅਪਣੇ ਵਿਧਾਇਕ 2000 ਦੇ ਨੋਟ ’ਤੇ ਪਾਬੰਦੀ ਦੀ ਮੰਗ ਕਰ ਰਹੇ ਹਨ। ਨਕਲੀ ਨੋਟਾਂ ਦੀ ਵਰਤੋਂ ਓਨੀ ਹੀ ਹੈ ਜਾਂ ਸ਼ਾਇਦ ਵੱਧ ਗਈ ਹੈ। ਹਰ ਰੋਜ਼ ਦੇ ਅਤਿਵਾਦੀ ਹਮਲਿਆਂ ਤੋਂ ਜ਼ਾਹਰ ਹੈ ਕਿ ਇਹ ਮਨਸ਼ਾ ਵੀ ਪੂਰੀ ਨਹੀਂ ਹੋਈ। ਕਮਜ਼ੋਰ ਕੁੜੀ ਵਾਂਗ ਭਾਰਤਦਾ ਛੋਟਾ ਵਪਾਰੀ ਤਬਾਹ ਹੋ ਗਿਆ ਹੈ ਤੇ ਅੱਜ ਜਿਹੜਾ ਚੀਨ ਤੋਂ ਆਯਾਤ ਵਿਚ ਵਾਧਾ ਹੋਇਆ ਹੈ, ਉਸ ਦੀ ਸ਼ੁਰੂਆਤ ਨੋਟਬੰਦੀ ਤੋਂ ਹੀ ਹੁੰਦੀ ਹੈ।

ਭਾਵੇਂ ਨੀਅਤ ’ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ, ਸਿਆਸਸਤਦਾਨ ਜਨਤਾ ਦੇ ਸੇਵਾਦਾਰ ਹੁੰਦੇ ਹਨ, ਉਸ ਦੇ ਮਾਲਕ ਨਹੀਂ। ਅਦਾਲਤ ਦੇ ਇਸ ਫ਼ੈਸਲੇ ਵਿਚੋਂ ਜੋ ਟਿਪਣੀਆਂ ਚਾਰ ਜੱਜਾਂ ਨੇ ਕੀਤੀਆਂ, ਉਨ੍ਹਾਂ ਨੂੰ ਪੜ੍ਹ ਕੇ ਇਹ ਲਗਦਾ ਹੈ ਕਿ ਅਦਾਲਤ ਚੰਗੀ ਨੀਅਤ ਨਾਲ ਜ਼ਿੰਮੇਵਾਰੀ ਹੋਣਾ ਵੀ ਜ਼ਰੂਰੀ ਨਹੀਂ ਸਮਝਦੀ। ਇਕ ਆਮ ਭਾਰਤੀ ਲਈ ਜਿਹੜੀਆਂ ਮੁਸ਼ਕਲਾਂ ਪੈਦਾ ਹੋਈਆਂ, ਜਿਨ੍ਹਾਂ ਦੇ ਉਦਯੋਗ ਤਬਾਹ ਹੋਏ, ਜਿਨ੍ਹਾਂ ਦੀਆਂ ਮੌਤਾਂ ਹੋਈਆਂ, ਉਸ ਬਾਰੇ ਕੋਈ ਟਿਪਣੀ ਨਾ ਕਰਨਾ, ਕੋਈ ਫਟਕਾਰ ਨਾ ਲਗਾਣੀ, ਬੜੀ ਹੈਰਾਨੀਜਨਕ ਸੋਚ ਹੈ। ਇਕ ਮਹਿਲਾ ਜੱਜ ਨੇ ਆਮ ਇਨਸਾਨ ਦੀ ਪੀੜ ਸਮਝਣ ਦੀ ਕਾਬਲੀਅਤ ਵਿਖਾਈ ਤੇ  ਉਸ ਦੀ ਹਿੰਮਤ ਨੂੰ ਸਲਾਮ। ਉਡੀਕ ਹੈ 2027 ਦੀ ਜਦ ਅਜਿਹੀ ਸਾਹਸੀ ਜੱਜ ਸੁਪ੍ਰੀਮ ਕੋਰਟ ਦੀ ਵਾਂਗਡੋਰ ਲੰਭਾਲੇਗੀ। ਨੋਟਬੰਦੀ ਦੇ ਇਸ ਫ਼ੈਸਲੇ ਤੋਂ ਹਿੰਦੁਸਤਾਨ ਉਦਾਸ ਤੇ ਨਿਰਾਸ਼ ਹੈ।                            - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement