
ਅਸਲ ਵਿਚ ਅਸੀਂ ਜਦ ਕਮਜ਼ੋਰ ਹੁੰਦੇ ਹਾਂ ਤਾਂ ਅਸੀਂ ਇਨ੍ਹਾਂ ਬਹਿਰੂਪੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ
ਜਦ ਵੀ ਬਾਬਿਆਂ ਵਲੋਂ ‘ਚਮਤਕਾਰ’ ਕੀਤੇ ਜਾਂਦੇ ਵੇਖੇ, ਜਿਵੇਂ ਕਿਸੇ ਘਰਵਾਲੀ ਦਾ ਨਾਂ ਦਸਣਾ ਜਾਂ ਫ਼ੋਨ ਦਾ ਪਾਸਵਰਡ, ਤਾਂ ਸੋਚਣਾ ਕਿ ਇਹ ਪਹਿਲਾਂ ਹੀ ਜਾਣਦੇ ਸਨ ਤੇ ਸ਼ਾਇਦ ਇਨ੍ਹਾਂ ਦੀ ਮਿਲੀ-ਭੁਗਤ ਨਾਲ ਇਹ ‘ਚਮਤਕਾਰ’ ਕਰਨ ਦਾ ਸਵਾਂਗ ਰਚਿਆ ਜਾਂਦਾ ਹੈ। ਪਰ ਪਿਛਲੇ ਦਿਨ ਦਫ਼ਤਰ ਵਿਚ ਇਕ ਸ਼ਖ਼ਸ ਆਏ ਜਿਨ੍ਹਾਂ ਨੇ ਮੇਰੇ ਦਿਮਾਗ਼ ਵਿਚ ਚਲ ਰਹੀਆਂ ਸੋਚਾਂ ਪੜ੍ਹ ਲਈਆਂ ਤੇ ਕਿਸੇ ਦੇ ਫ਼ੋਨ ਦਾ ਪਾਸਵਰਡ ਖੋਲ੍ਹ ਲਿਆ। ਉਸ ਨੇ ਪਹਿਲਾਂ ਇਕ ਲਿਫ਼ਾਫ਼ਾ ਟੇਬਲ ’ਤੇ ਰਖਿਆ ਤੇ ਫਿਰ ਇਕ ਸਵਾਲ ਦਾ ਜਵਾਬ ਤਕਰੀਬਨ 25 ਬੰਦਿਆਂ ਨੂੰ ਲਿਖਣ ਵਾਸਤੇ ਆਖਿਆ।
ਜਵਾਬ ਸੱਭ ਨੇ ਇਕ ਬੰਦ ਡੱਬੇ ਵਿਚ ਪਾ ਦਿਤਾ ਤੇ ਜਦ ਲਿਫ਼ਾਫ਼ਾ ਖੋਲ੍ਹਿਆ ਤਾਂ ਜਵਾਬ ਉਹੀ ਸੀ ਜੋ ਸੱਭ ਨੇ ਲਿਖਿਆ ਸੀ। ਸਾਡੀਆਂ ਅੱਖਾਂ ਇਨ੍ਹਾਂ ਸਾਰੇ ਕਰਤਬਾਂ ਨੂੰ ਵੇਖ ਕੇ ਦੰਗ ਰਹਿ ਗਈਆਂ। ਪਰ ਇਹ ਕਰਤਬ ਕਲਾ ਦੀ ਪਰਦਰਸ਼ਨੀ ਸੀ ਨਾਕਿ ਚਮਤਕਾਰ। ਕਰਤਬ ਕਰਨ ਵਾਲਾ 25 ਸਾਲ ਦਾ ਮੁੰਡਾ ਅਪਣੇ ਆਪ ਨੂੰ ਮੱਥੇ ਨਹੀਂ ਟਿਕਵਾਉਂਦਾ ਸੀ ਸਗੋਂ ਇਸ ਕਲਾ ਦੀ ਪਰਦਰਸ਼ਨੀ ਨੂੰ ਮਨੋਰੰਜਨ ਵਾਸਤੇ ਇਸਤੇਮਾਲ ਕਰਦਾ ਸੀ। ਉਸ ਨੇ ਇਹ ਕਲਾ ਕਾਫ਼ੀ ਮਿਹਨਤ, ਪੜ੍ਹਾਈ ਤੇ ਤਜਰਬੇ ਮਗਰੋਂ ਹਾਸਲ ਕੀਤੀ ਸੀ ਤੇ ਇਸ ਪੇਸ਼ੇ ਨੂੰ ‘ਮਾਨਸਿਕ ਵਿਗਿਆਨੀ’ (mentalist) ਆਖਦੇ ਹਨ।
ਉਸ ਨੂੰ ਪੁਛਿਆ ਗਿਆ ਕਿ ਕਦੇ ਇਸ ਕਲਾ ਵਿਚ ਮਿਲੀ ਮਹਾਰਤ ਦੇ ਆਸਰੇ, ਲੋਕਾਂ ਵਿਚ ਗੋਲ ਚੋਲਾ ਪਾ ਕੇ ਅਪਣੇ ਆਪ ਨੂੰ ਇਕ ਕਰਾਮਾਤੀ ‘ਬਾਬੇ’ ਵਜੋਂ ਪੇਸ਼ ਕਰਨ ਬਾਰੇ ਨਹੀਂ ਸੋਚਿਆ? ਤਾਂ ਉਸ ਨੇ ਆਖਿਆ ਕਿ ਨਹੀਂ, ਮੇਰਾ ਦਿਲ ਲੋਕਾਂ ਨੂੰ ਗ਼ਲਤ ਪਾਸੇ ਲਿਜਾਣ ਵਾਸਤੇ ਕਦੇ ਨਹੀਂ ਮੰਨੇਗਾ। ਮੈਂ ਤਾਂ ਬਸ ਮਨੋਰੰਜਨ ਕਰਨਾ ਚਾਹੁੰਦਾ ਹਾਂ।
ਜਿਹੜੇ ਅਪਣੇ ਆਪ ਨੂੰ ਪਾਦਰੀ ਬਾਬੇ ਦੀ ਪੁਸ਼ਾਕ ਪਾ ਕੇ ਤੁਹਾਡੇ ਮੰਨ ਨੂੰ ਪੜ੍ਹਨ ਦਾ ਛਲ ਕਰਦੇ ਹਨ, ਉਹ ਅਸਲ ਵਿਚ ਇਸ ਕਲਾ ਦੇ ਜਾਣੂ ਹੁੰਦੇ ਹਨ ਜਿਸ ਨਾਲ ਉਹ ਤੁਹਾਡੇ ਚਿਹਰੇ, ਤੁਹਾਡੀਆਂ ਅੱਖਾਂ, ਤੁਹਾਡੇ ਜਿਸਮ ਤੇ ਜ਼ੁਬਾਨ ਨਾਲ ਤੁਹਾਡਾ ਮੰਨ ਪੜ੍ਹ ਲੈਂਦੇ ਹਨ। ਉਸ ਨੇ ਮੋਬਾਈਲ ਦਾ ਪਾਸਵਰਡ ਸਾਡੀਆਂ ਅੱਖਾਂ ’ਤੇ ਗਲੇ ਦੀ ‘ਮੂਵਮੈਂਟ’ ਨਾਲ ਪੜ੍ਹ ਲਿਆ। ਉਸ ਨੂੰ ਸਵਾਲ ਦਾ ਜਵਾਬ ਇਸ ਲਈ ਆਉਂਦਾ ਸੀ ਕਿਉਂਕਿ ਉਸ ਨੇ ਸਵਾਲ ਪੁਛਣ ਸਮੇਂ ਅਪਣੇ ਲਫ਼ਜ਼ਾਂ ਨਾਲ ਸਾਡੇ ਮੰਨ ਦੀ ਸੋਚ ਉਸ ਪਾਸੇ ਖਿਚ ਦਿਤੀ ਜੋ ਉਸ ਵਲੋਂ ਪੁੱਛੇ ਸਵਾਲ ਵਲ ਜਾਂਦੀ ਸੀ। ਇਹੀ ਕਲਾ ਬਹਿਰੂਪੀਏ ਸਾਧ ਵੀ ਵਰਤਦੇ ਹਨ ਤੇ ਨਾਲ ਹੋਰ ਵੀ ਕਈ ਕਰਤਬ ਜਾਣਦੇ ਹਨ। ਜਿਵੇਂ ਇਕ ਬੜੇ ਪ੍ਰਚਲਤ ‘ਗੁਰੂ’ ਸਨ ਜੋ ਲੋਕਾਂ ਦੇ ਘਰ ਜਾ ਕੇ ਵਿਗਿਆਨ ਨਾਲ ਬਣੀ ਪਾਊਡਰ ਦੀ ਐਸੀ ਪੁੜੀ ਖਲੇਰ ਆਉਂਦੇ ਸਨ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਉਥੇ ‘ਗੁਰੂ’ ਦੀ ਖ਼ੁਸ਼ਬੂ ਆਉਂਦੀ ਰਹਿੰਦੀ ਤੇ ਲੋਕ ਸੋਚਦੇ ਕਿ ਗੁਰੂ ਜੀ ਅਜੇ ਵੀ ਹਾਜ਼ਰ ਹਨ।
ਹੁਣ ਇਸ ਕਲਾ ਦੀ ਵਰਤੋਂ ਮਨੋਰੰਜਨ ਦੀ ਥਾਂ ਗੁਮਰਾਹ ਕਰਨ ਵਾਲੇ ਕਈ ਲੋਕ, ਗੋਲ ਚੋਲਾ ਪਾ ਲੈਂਦੇ ਹਨ ਤੇ ਫਿਰ ਇਸ ਤਰ੍ਹਾਂ ਦੀ ਕਲਾ ਨਾਲ ਕਿਸੇ ਦੁਖੀ, ਬੇਬਸ ਬੰਦੇ ਨੂੰ ਅਪਣੇ ਸ਼ਿਕੰਜੇ ਵਿਚ ਫਸਾ ਲੈਂਦੇ ਹਨ। ਜਿਹੜਾ ਦੁਖੀ ਹੁੰਦਾ ਹੈ, ਉਹ ਕੁੱਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ, ਜੇ ਇਸ ਨਾਲ ਬਲਾ ਟਲ ਸਕਦੀ ਹੋਵੇ ਜਿਵੇਂ ਅਸੀ ਕੁੱਝ ਮਹੀਨੇ ਪਹਿਲਾਂ ਇਕ ‘ਪਾਦਰੀ’ ਕੋਲ ਇਕ ਸ਼ਖ਼ਸ ਨੂੰ ਅਪਣੇ ਆਪ ਨੂੰ ਕੈਂਸਰ-ਮੁਕਤ ਕਰਵਾਉਂਦੇ ਵੇਖਿਆ ਸੀ। ਕਲ ਉਸ ਦੀ ਮੌਤ ਹੋ ਗਈ ਜੋ ਉਂਜ ਵੀ ਹੋਣੀ ਹੀ ਸੀ ਪਰ ਉਸ ਝੂਠੀ ਉਮੀਦ ਖ਼ਾਤਰ ਉਸ ਨੇ ਸ਼ਾਇਦ ਕੁੱਝ ਕੀਮਤ ਵੀ ਜ਼ਰੂਰ ਚੁਕਾਈ ਹੋਵੇਗੀ।
ਅਸਲ ਵਿਚ ਅਸੀਂ ਜਦ ਕਮਜ਼ੋਰ ਹੁੰਦੇ ਹਾਂ ਤਾਂ ਅਸੀਂ ਇਨ੍ਹਾਂ ਬਹਿਰੂਪੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਪਰ ਸੋਚੋ ਇਹ ਚਮਤਕਾਰ ਵਿਖਾਉਣ ਦਾ ਦਾਅਵਾ ਕਰਨ ਵਾਲੇ, ਕਾਲੇ ਜਾਦੂ ਤੇ ਹੋਰ ਕਰਤਬ ਵਿਖਾਉਣ ਵਾਲੇ ਕਿੰਨੀ ਹੀ ਕਾਲੀ ਤੇ ਹੈਵਾਨੀ ਰੂਹ ਦੇ ਮਾਲਕ ਹਨ ਜੋ ਕਿਸੇ ਬੇਬਸ ਦਾ ਸ਼ਿਕਾਰ ਕਰ ਕੇ ਉਸ ਦੀ ਦੌਲਤ ’ਤੇ ਡਾਕਾ ਰੱਬ ਦੇ ਨਾਂ ’ਤੇ ਮਾਰਦੇ ਹਨ। ਇਹ ਪ੍ਰੋਗਰਾਮ ਵੇਖ ਕੇ ਕਲਾ ਅਤੇ ਛਲ ਵਿਚਲੇ ਅੰਤਰ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ।
- ਨਿਮਰਤ ਕੌਰ