Editorial: ਦਹਿਸ਼ਤੀਆਂ ਦੀ ਪੁਸ਼ਤਪਨਾਹੀ ਤੋਂ ਨਹੀਂ ਟਲ ਰਿਹਾ ਪਾਕਿਸਤਾਨ
Published : Jun 4, 2025, 7:42 am IST
Updated : Jun 4, 2025, 7:42 am IST
SHARE ARTICLE
Pakistan is not shying away from protecting the Histians Editorial
Pakistan is not shying away from protecting the Histians Editorial

ਮਲਿਕ ਮੁਹੰਮਦ ਅਹਿਮਦ ਖ਼ਾਨ ਵਲੋਂ ਗੁੱਜਰਾਂਵਾਲਾ ਵਿਚ ਲਸ਼ਕਰ-ਇ-ਤਾਇਬਾ ਦੀ ਰੈਲੀ ਵਿਚ ਹਿੱਸਾ ਲੈਣਾ ਵਿਵਾਦਾਂ ਦਾ ਵਿਸ਼ਾ ਬਣ ਗਿਆ ਹੈ

Pakistan is not shying away from protecting the Histians Editorial: ਪਾਕਿਸਤਾਨੀ ਪੰਜਾਬ ਦੇ ਸਪੀਕਰ ਮਲਿਕ ਮੁਹੰਮਦ ਅਹਿਮਦ ਖ਼ਾਨ ਵਲੋਂ ਗੁੱਜਰਾਂਵਾਲਾ ਵਿਚ ਲਸ਼ਕਰ-ਇ-ਤਾਇਬਾ ਦੀ ਰੈਲੀ ਵਿਚ ਹਿੱਸਾ ਲੈਣਾ ਵਿਵਾਦਾਂ ਦਾ ਵਿਸ਼ਾ ਬਣ ਗਿਆ ਹੈ। ਪਾਕਿਸਤਾਨੀ ਮੀਡੀਆ ਅਨੁਸਾਰ ਮੁਲਕ ਦੇ ਅੰਦਰੂਨੀ ਸੁਰੱਖਿਆ ਮੰਤਰੀ ਮੋਹਸਿਨ ਨਕਵੀ ਨੇ ਹੁਕਮਰਾਨ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲਐਨ) ਨਾਲ ਸਬੰਧਤ ਸਾਰੇ ਕੌਮੀ ਅਸੈਂਬਲੀ ਮੈਂਬਰਾਂ (ਐਮਐਨਏਜ਼) ਅਤੇ ਸੂਬਾਈ ਅਸੈਂਬਲੀ ਮੈਂਬਰਾਂ (ਐਮਪੀਏਜ਼) ਨੂੰ ਹਦਾਇਤ ਕੀਤੀ ਹੈ ਕਿ ਉਹ ਸੰਯੁਕਤ ਰਾਸ਼ਟਰ ਸੰਘ (ਯੂ.ਐੱਨ) ਵਲੋਂ ਨਾਮਜ਼ਦ ਦਹਿਸ਼ਤਗ਼ਰਦਾਂ ਜਾਂ ਦਹਿਸ਼ਤੀ ਸੰਗਠਨਾਂ ਦੇ ਜਲਸਿਆਂ-ਜਲੂਸਾਂ ਵਿਚ ਹਾਜ਼ਰੀ ਭਰਨ ਤੋਂ ਪਰਹੇਜ਼ ਕਰਨ। ਨਕਵੀ ਵਲੋਂ ਜਾਰੀ ਹਦਾਇਤ ਅਨੁਸਾਰ ਸਿਆਸੀ ਆਗੂਆਂ, ਖ਼ਾਸ ਕਰ ਕੇ ਚੁਣੇ ਹੋਏ ਲੋਕ-ਨੁਮਾਇੰਦਿਆਂ ਦੀ ਅਜਿਹੇ ਮੰਚਾਂ ’ਤੇ ਹਾਜ਼ਰੀ ‘‘ਪਾਕਿਸਤਾਨ ਖ਼ਿਲਾਫ਼ ਕੁਪ੍ਰਚਾਰ ਦਾ ਵਸੀਲਾ ਬਣ ਸਕਦੀ ਹੈ।’’

ਨਕਵੀ ਨੇ ਇਹ ਹਦਾਇਤ ਅਮਰੀਕਾ ਦਾ ਦੌਰਾ ਕਰ ਰਹੇ ਤਿੰਨ ਮੈਂਬਰੀ ਉੱਚ-ਮਿਆਰੀ ਵਫ਼ਦ ਨੂੰ ਦਰਪੇਸ਼ ਮੁਸ਼ਕਿਲਾਂ ਦੇ ਮੱਦੇਨਜ਼ਰ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਅਪਰੇਸ਼ਨ ਸਿੰਧੂਰ ਦੀ ਜ਼ਰੂਰਤ ਅਤੇ ਕਾਮਯਾਬੀ ਨਾਲ ਜੁੜੇ ਸਾਰੇ ਪੱਖ, ਵਿਦੇਸ਼ੀ ਸਰਕਾਰਾਂ ਤੇ ਅਹਿਮ ਆਲਮੀ ਅਦਾਰਿਆਂ ਕੋਲ ਸਪਸ਼ਟ ਕਰਨ ਲਈ ਭਾਰਤ ਸਰਕਾਰ ਵਲੋਂ ਭੇਜੀਆਂ ਗਈਆਂ ਸਰਬ ਪਾਰਟੀ ਟੀਮਾਂ ਦੀ ਮੁਹਿੰਮ ਦੇ ਟਾਕਰੇ ਲਈ ਪਾਕਿਸਤਾਨ ਸਰਕਾਰ ਨੇ ਵੀ ਸਾਬਕਾ ਵਿਦੇਸ਼ ਮੰਤਰੀਆਂ ਤੇ ਸਾਬਕਾ ਸਫ਼ੀਰਾਂ ਉੱਤੇ ਆਧਾਰਿਤ ਵਫ਼ਦ, ਅਮਰੀਕਾ ਤੇ ਯੂਰੋਪ ਭੇਜੇ ਹਨ। ਨਿਊ ਯਾਰਕ ਪਹੁੰਚੇ ਅਜਿਹੇ ਤਿੰਨ-ਮੈਂਬਰੀ ਵਫ਼ਦ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਕਾਫ਼ੀ ਜਿੱਚ ਹੋਣਾ ਪਿਆ ਕਿਉਂਕਿ 28 ਮਈ ਦੀ ਗੁੱਜਰਾਂਵਾਲਾ ਰੈਲੀ ਦੀਆਂ ਕੁਝ ਵੀਡੀਓਜ਼ ਮੀਡੀਆ ਮੈਂਬਰਾਂ ਕੋਲ ਮੌਜੂਦ ਸਨ। ਉਨ੍ਹਾਂ ਨੇ ਪੰਜਾਬ ਅਸੈਂਬਲੀ ਦੇ ਸਪੀਕਰ ਵਲੋਂ ਲਸ਼ਕਰ-ਇ-ਤਾਇਬਾ ਦੇ ਮੌਅਕਿਫ਼ ਦੀ ਹਮਾਇਤ ਬਾਰੇ ਤਿੱਖੇ ਸਵਾਲ ਪਾਕਿਸਤਾਨੀ ਵਫ਼ਦ ਨੂੰ ਕੀਤੇ।

ਲਸ਼ਕਰ ਦੀ ਰੈਲੀ ਵਿਚ ਮਲਿਕ ਅਹਿਮਦ ਖ਼ਾਨ ਦੀ ਹਾਜ਼ਰੀ ਦਾ ਮਾਮਲਾ ਪਾਕਿਸਤਾਨੀ ਮੀਡੀਆ ਨੇ ਵੀ ਉਠਾਇਆ ਸੀ। ਰੈਲੀ ਵਿਚ ਮਲਿਕ, ਲਸ਼ਕਰ ਦੇ ਉਪ ਮੁਖੀ ਸੈਫ਼ਉੱਲਾ ਕਸੂਰੀ ਤੇ ਤਲ੍ਹਾ ਸਈਦ ਦੇ ਨਾਲ ਘੁਲਦਾ-ਮਿਲਦਾ ਨਜ਼ਰ ਆਇਆ। ਇਹ ਦੋਵੇਂ ਸੰਯੁਕਤ ਰਾਸ਼ਟਰ ਵਲੋਂ ਤੈਅਸ਼ੁਦਾ ਦਹਿਸ਼ਤਗ਼ਰਦ ਹਨ। ਤਲ੍ਹਾ ਸਈਦ, ਲਸ਼ਕਰ ਦੇ ਮੁਖੀ ਹਾਫ਼ਿਜ਼ ਸਈਦ ਦਾ ਬੇਟਾ ਹੈ। ਮਲਿਕ ਦਾ ਦਾਅਵਾ ਸੀ ਕਿ ਉਹ ਭਾਰਤੀ ਹਮਲਿਆਂ ਦੇ ‘ਸ਼ਹੀਦਾਂ’ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਗੁਜੱਰਾਂਵਾਲਾ ਆਇਆ ਸੀ। ਨਾਲ ਹੀ ਉਸ ਨੇ ਕਿਹਾ ਕਿ ਸੈਫ਼ਉੱਲਾ ਕਸੂਰੀ ਉਸ ਦੇ ਅਸੈਂਬਲੀ ਹਲਕੇ ਕਸੂਰ ਤੋਂ ਹੈ। ਇਸੇ ਕਾਰਨ ਉਹ ‘‘ਭਾਈਚਾਰਕ ਫ਼ਰਜ਼’’ ਵੀ ਨਿਭਾਉਣ ਆਇਆ ਸੀ। ਜਦੋਂ ਉਸ ਨੂੰ ਇਹ ਸਵਾਲ ਕੀਤਾ ਗਿਆ ਕਿ ਸੈਫ਼ਉੱਲਾ ਕਸੂਰੀ ਨੂੰ ਭਾਰਤ, ਪਹਿਲਗਾਮ ਦਹਿਸ਼ਤੀ ਹਮਲੇ ਦਾ ਮੁੱਖ ਸਾਜ਼ਿਸ਼ੀ ਦੱਸਦਾ ਆ ਰਿਹਾ ਹੈ ਤਾਂ ਮਲਿਕ ਅਹਿਮਦ ਖ਼ਾਨ ਦੀ ਜਵਾਬੀ ਦਲੀਲ ਸੀ, ‘‘ਕਿਹੜੀ ਅਦਾਲਤ ਨੇ ਸੈਫ਼ਉੱਲਾ ਨੂੰ ਮੁਜਰਿਮ ਠਹਿਰਾਇਆ ਹੈ? ਕਾਨੂੰਨ ਦੀਆਂ ਨਜ਼ਰਾਂ ਵਿਚ ਉਹ ਹੁਣ ਵੀ ਨਿਰਦੋਸ਼ ਹੈ ਅਤੇ ਪਹਿਲਾਂ ਵੀ ਨਿਰਦੋਸ਼ ਸੀ।’’


ਅਜਿਹੀ ਦੋਗ਼ਲੀ ਜ਼ੁਬਾਨ ਪਾਕਿਸਤਾਨੀ ਚਾਲਾਂ-ਕੁਚਾਲਾਂ ਦਾ ਮੁੱਖ ਹਿੱਸਾ ਹਮੇਸ਼ਾਂ ਹੀ ਰਹੀ ਹੈ। ਸੂਬਾ ਪੰਜਾਬ ਦੀ ਵਜ਼ੀਰੇ ਆਲ੍ਹਾ ਮਰੀਅਮ ਨਵਾਜ਼ ਨੇ ਮਲਿਕ ਅਹਿਮਦ ਖ਼ਾਨ ਖ਼ਿਲਾਫ਼ ਕਾਰਵਾਈ ਦੀ ਸੰਭਾਵਨਾ ਇਸ ਆਧਾਰ ’ਤੇ ਰੱਦ ਕਰ ਦਿਤੀ ਕਿ ਗੁੱਜਰਾਂਵਾਲਾ ਰੈਲੀ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀਐਮਐਮਐੱਲ) ਵਲੋਂ ਇੰਤਜ਼ਾਮੀ ਗਈ ਸੀ ਅਤੇ ਇਸ ਪਾਰਟੀ ਨੂੰ ਪਾਕਿਸਤਾਨ ਚੋਣ ਕਮਿਸ਼ਨ ਦੀ ਮਾਨਤਾ ਹਾਸਿਲ ਹੈ। ਲਿਹਾਜ਼ਾ, ਰੈਲੀ ਵਿਚ ਹਾਜ਼ਰੀ ਜਾਂ ਸੰਬੋਧਨ ਨੂੰ ਵਿਵਾਦਿਤ ਨਹੀਂ ਬਣਾਇਆ ਜਾਣਾ ਚਾਹੀਦਾ। ਮਰਕਜ਼ੀ ਮੁਸਲਿਮ ਲੀਗ, ਲਸ਼ਕਰ ਦਾ ਸਿਆਸੀ ਚਿਹਰਾ ਹੋਣ ਬਾਰੇ ਸਵਾਲ ਦਾ ਜਵਾਬ ਉਹ ਇਸ ਆਧਾਰ ’ਤੇ ਟਾਲ ਗਈ ਸੀ ਕਿ ਇਸ ਪਾਰਟੀ ਦਾ ਕੋਈ ਵੀ ਅਹੁਦੇਦਾਰ, ਪਾਬੰਦੀਸ਼ੁਦਾਵਾਂ ਦੀ ਸੂਚੀ ਵਿਚ ਸ਼ਾਮਲ ਨਹੀਂ। ਅਜਿਹੇ ਘਟਨਾਕ੍ਰਮ ਦੇ ਪ੍ਰਸੰਗ ਵਿਚ ਇਹੀ ਕਹਿਣਾ ਵਾਜਬ ਜਾਪਦਾ ਹੈ ਕਿ ਜਦੋਂ ਪਾਕਿਸਤਾਨ, ਦਹਿਸ਼ਤਵਾਦ ਨੂੰ ਹਥਿਆਰ ਵਜੋਂ ਵਰਤਣ ਦੀ ਨੀਤੀ ਤਿਆਗਣ ਦੀ ਰੌਂਅ ਵਿਚ ਹੀ ਨਹੀਂ ਤਾਂ ਭਾਰਤ ਨੂੰ ਵੀ ਉਸ ਦੇ ਖ਼ਿਲਾਫ਼ ਅਪਣੀ ਪ੍ਰਚਾਰ ਮੁਹਿੰਮ ਵੱਧ ਵਿਗਿਆਨਕ ਲੀਹਾਂ ’ਤੇ ਜਥੇਬੰਦ ਕਰਨੀ ਚਾਹੀਦੀ ਹੈ।

ਕੌਮਾਂਤਰੀ ਮਾਲੀ ਫ਼ੰਡ (ਆਈਐਮਐਫ਼) ਵਲੋਂ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਆਰਥਿਕ ਮਦਦ, ਭਾਰਤ ਪਿਛਲੇ ਮਹੀਨੇ ਰੁਕਵਾ ਨਹੀਂ ਸਕਿਆ ਕਿਉਂਕਿ ਆਈਐਮਐਫ਼ ਬੋਰਡ ਦੇ ਬਾਕੀ ਮੈਂਬਰ ਆਰਥਿਕ ਪੈਕੇਜ ਦੀ ਅਦਾਇਗੀ ਸਬੰਧੀ ਪਹਿਲਗਾਮ ਕਾਂਡ ਤੋਂ ਪਹਿਲਾਂ ਹੀ ਅਸੂਲਨ ਰਾਜ਼ੀ ਹੋ ਚੁੱਕੇ ਸਨ। ਉਹ ਐਨ ਆਖ਼ਰੀ ਮੌਕੇ ਪੈਰ ਪਿਛਾਂਹ ਖਿੱਚਣ ਵਾਸਤੇ ਤਿਆਰ ਨਹੀਂ ਹੋਏ। ਹੁਣ ਭਾਰਤ ਸਰਕਾਰ ਕੋਲ ਪਾਕਿਸਤਾਨ ਨੂੰ ਆਰਥਿਕ ਸੇਕ ਦੇਣ ਦਾ ਬਿਹਤਰ ਮੌਕਾ ਫਾਇਨੈਂਸ਼ਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ ਅਕਤੂਬਰ ਵਿਚ ਹੋਣ ਵਾਲੀ ਰੀਵਿਊ ਮੀਟਿੰਗ ਦੇ ਰੂਪ ਵਿਚ ਹੈ। ਇਹ ਸੰਸਥਾ ਪਾਕਿਸਤਾਨ ਲਈ ਆਲਮੀ ਵਿੱਤੀ ਮਦਦ ਬੰਦ ਕਰਵਾਉਣ ਦਾ ਮੌਕਾ ਪੈਦਾ ਕਰ ਸਕਦੀ ਹੈ। ਪਾਕਿਸਤਾਨ ਪਹਿਲਾਂ ਵੀ ਢਾਈ ਵਰ੍ਹੇ ਇਸ ਸੰਸਥਾ ਦੀ ਗ੍ਰੇਅ ਸੂਚੀ ਵਿਚ ਰਹਿਣ ਦੇ ਸਿੱਟੇ ਭੁਗਤ ਚੁੱਕਾ ਹੈ। ਹੁਣ ਇਸ ਨੂੰ ਮੁੜ ਉਸੇ ਸੂਚੀ ਵਿਚ ਲਿਆਉਣ ਦਾ ਬਿਹਤਰ ਮੌਕਾ ਹੈ। ਪਰ ਇਸ ਸੰਸਥਾ ਅੱਗੇ ਭਾਰਤ ਵਲੋਂ ਪੇਸ਼ ਕੀਤਾ ਜਾਣ ਵਾਲਾ ਕੇਸ ਪੁਖ਼ਤਾ ਸਬੂਤਾਂ ਨਾਲ ਲੈਸ ਹੋਣਾ ਚਾਹੀਦਾ ਹੈ, ਖ਼ਾਸ ਕਰ ਕੇ ਪਹਿਲਗਾਮ ਹਮਲੇ ਦੇ ਦੋਸ਼ੀਆਂ ਦੀ ਸ਼ਨਾਖ਼ਤ ਨੂੰ ਲੈ ਕੇ। ਸਿਰਫ਼ ਸਬੂਤ ਹੀ 39 ਮੈਂਬਰੀ ਸੰਸਥਾ ਨੂੰ ਫੌਰੀ ਕਾਰਵਾਈ ਦੇ ਰਾਹ ਪਾ ਸਕਦੇ ਹਨ, ਲੱਫ਼ਾਜ਼ੀ ਜਾਂ ਜੁਮਲੇਬਾਜ਼ੀ ਨਹੀਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement