Editorial: ‘ਮੇਰੇ ਪਿਤਾ ਜੀ ਦੀ ਅਸਲੀ ਦੌਲਤ, ਉਨ੍ਹਾਂ ਦਾ ਕਿਰਦਾਰ ਸੀ'
Published : Aug 4, 2025, 7:40 am IST
Updated : Aug 4, 2025, 7:56 am IST
SHARE ARTICLE
S.joginder Singh first death anniversary Editorial
S.joginder Singh first death anniversary Editorial

Editorial: ਜੋਗਿੰਦਰ ਸਿੰਘ ਜੀ ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋਇਆਂ ਪੂਰਾ ਸਾਲ ਹੋ ਗਿਆ

S.joginder Singh first death anniversary Editorial:  ਸਪੋਕਸਮੈਨ ਅਖ਼ਬਾਰ ਦੇ ਬਾਨੀ, ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਸਰਪ੍ਰਸਤ, ਮੇਰੇ ਪਿਤਾ ਸ. ਜੋਗਿੰਦਰ ਸਿੰਘ ਜੀ ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋਇਆਂ ਪੂਰਾ ਸਾਲ ਹੋ ਗਿਆ ਹੈ ਪਰ ਸਾਨੂੰ ਰੋਜ਼ਾਨਾ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਦੀ ਘਾਟ ਮਹਿਸੂਸ ਹੁੰਦੀ ਰਹਿੰਦੀ ਹੈ। ਕਦੇ ਮਾਰਗ ਦਰਸ਼ਕ, ਕਦੇ ਗਿਆਨ ਦੇ ਸਾਗਰ ਜਿਸ ’ਚੋਂ ਹਰ ਜਾਣਕਾਰੀ ਮਿਲ ਜਾਂਦੀ ਸੀ, ਕਦੇ ਉਹ ਹਮਦਰਦ ਪਿਤਾ ਜਿਸ ਨਾਲ ਹਰ ਗੱਲ ਸਾਂਝੀ ਹੋ ਜਾਂਦੀ ਸੀ। ਉਹ ਇਕ ਅਜਿਹੇ ਥੰਮ੍ਹ ਸਨ ਜਿਨ੍ਹਾਂ ਨੇ ਹਰ ਜ਼ਿੰਮੇਵਾਰੀ ਚੁੱਕੀ ਹੋਈ ਸੀ ਤੇ ਕਦੇ ਇਹ ਅਹਿਸਾਸ ਵੀ ਨਹੀਂ ਸੀ ਹੋਣ ਦੇਂਦੇ ਕਿ ਉਹ ਇਕ ਨਹੀਂ ਬਲਕਿ ਕਈ ਬੰਦਿਆਂ ਦਾ ਭਾਰ ਚੁੱਕੀ ਬੈਠੇ ਸਨ।

ਅਜੀਬੋ ਗ਼ਰੀਬ ਅਖ਼ਬਾਰ ਦਾ ਦਫ਼ਤਰ ਸੀ, ਜੋ ਉਹ ਅਪਣੇ ਕਮਰੇ ਦੇ ਪਲੰਘ ਤੋਂ ਚਲਾਉਂਦੇ ਸਨ। ਨਾ ਕਿਸੇ ਨੂੰ ਮਿਲਣਾ, ਨਾ ਬਾਹਰ ਜਾਣਾ ਪਰ ਉਨ੍ਹਾਂ ਨੂੰ ਹਰ ਖ਼ਬਰ ਦੀ ਜਾਣਕਾਰੀ ਹੁੰਦੀ। ਐਸੀ ਦੂਰ-ਅੰਦੇਸ਼ੀ ਸੋਚ ਸੀ ਕਿ ਅਸੀ ਅੱਜ ਵੀ ਹਰ ਐਤਵਾਰ ਨੂੰ ਛਾਪਣ ਲਈ ਉਨ੍ਹਾਂ ਦੇ ਲੇਖਾਂ ’ਚੋਂ ਕੋਈ ਨਾ ਕੋਈ ਅਜਿਹਾ ਲੇਖ ਕੱਢ ਲੈਂਦੇ ਹਾਂ ਜੋ ਅੱਜ ਦੇ ਸਮੇਂ ’ਤੇ ਸਹੀ ਢੁਕਦਾ ਹੁੰਦਾ ਹੈ। ਜੋ ਕੁੱਝ ਧਾਰਮਕ ਤੇ ਸਿਆਸਤ ਵਿਚ ਬੀਤੇ ਸਾਲ ਵਾਪਰਿਆ, ਉਸ ਬਾਰੇ ਉਹ ਪਹਿਲਾਂ ਹੀ ਚੇਤਾਵਨੀ ਦੇਂਦੇ ਆ ਰਹੇ ਸਨ ਤੇ ਉਨ੍ਹਾਂ ਦੀਆਂ ਗੱਲਾਂ ਸਹੀ ਸਾਬਤ ਵੀ ਹੋਈਆਂ। ਪਰ ਇਹ ਪਤਾ ਹੈ ਕਿ ਜੇ ਉਹ ਅੱਜ ਸਾਡੇ ਨਾਲ ਹੁੰਦੇ ਤਾਂ ਉਨ੍ਹਾਂ ਤੋਂ ਜ਼ਿਆਦਾ ਦੁਖੀ ਕਿਸੇ ਨੇ ਨਹੀਂ ਸੀ ਹੋਣਾ। ਬਾਦਲ ਪ੍ਰਵਾਰ ਨੇ ਨਿਜੀ ਰੰਜ਼ਿਸ਼ ਕਾਰਨ ਉਨ੍ਹਾਂ ਨੂੰ ਹਰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਪਰ ਸ. ਜੋਗਿੰਦਰ ਸਿੰਘ ਜੀ ਦੇ ਦਿਲ ਵਿਚ ਕੋਈ ਨਿਜੀ ਨਫ਼ਰਤ ਨਹੀਂ ਸੀ ਬਲਕਿ ਉਹ ਤਾਂ ਇਕ ਸਿਧਾਂਤਕ ਜੰਗ ਲੜ ਰਹੇ ਸੀ। 

ਜਿਥੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਤੇ ਉਨ੍ਹਾਂ ਦੀ ਤਾਰੀਫ਼ ਕਰਦੇ ਕਈ ਲੋਕ ਮੇਰੇ ਨਾਲ ਦੁੱਖ ਸਾਂਝਾ ਕਰਦੇ ਹਨ ਉਥੇ ਹੀ ਮੈਨੂੰ ਹੈਰਾਨੀ ਇਕ ਉਸ ਬਾਗ਼ੀ ਅਕਾਲੀ ’ਤੇ ਹੋਈ ਜੋ ਮਦਦ ਮੰਗਣ ਆਇਆ ਸੀ ਤੇ ਆਖਦਾ, ‘‘ਮੈਂ ਤੁਹਾਡੇ ਪਿਤਾ ਖ਼ਿਲਾਫ਼ ਹੁਕਮਨਾਮਾ ਪੜ੍ਹ ਲਿਆ ਹੈ ਤੇ ਜੇ ਤੁਸੀ ਇਕ ਚਿੱਠੀ ਲਿਖ ਕੇ ਦੇ ਦੇਵੋ ਕਿ ਇਹ ਹੁਕਮਨਾਮਾ ਤਾਂ ਮੇਰੇ ਪਿਤਾ ਜੀ ਦੇ ਵਿਰੁਧ ਸੀ, ਪ੍ਰਵਾਰ ਜਾਂ ਚੈਨਲ ਵਿਰੁਧ ਨਹੀਂ ਤਾਂ ਅਸੀ ਖੁਲ੍ਹ ਕੇ ਤੁਹਾਡੇ ਚੈਨਲ ’ਤੇ ਆਵਾਂਗੇ।’’ ਗੁੱਸਾ ਬੜਾ ਆਇਆ ਪਰ ਮੈਂ ਹੱਸ ਕੇ ਆਖ ਦਿਤਾ ਕਿ ਮੈਂ ਅਪਣੇ ਪਿਤਾ ਤੋਂ ਵਖਰੀ ਨਹੀਂ ਹਾਂ ਤੇ ਜੇ ਲੋੜ ਪਈ ਤਾਂ ਉਨ੍ਹਾਂ ਦਾ ਨਾਮ ਮੈਂ ਅਪਣੇ ਨਾਲ ਜ਼ਰੂਰ ਜੋੜ ਲਵਾਂਗੀ। ਮੈਂ ਬਹੁਤਾ ਕੁੱਝ ਨਾ ਆਖਿਆ ਕਿਉਂਕਿ ਉਸ ਦੇ ਕਿਰਦਾਰ ਦੀ ਬਣਤਰ ’ਤੇ ਮੈਨੂੰ ਤਰਸ ਆ ਗਿਆ।

ਉਹ ਅਜੇ ਵੀ ਨਹੀਂ ਸਮਝਿਆ ਕਿ ਸਿੱਖ ਧਰਮ ਵਿਚ ਸਿਆਸੀ ਤੇ ਆਰਥਕ ਮੁਨਾਫ਼ੇ ਦੀ ਸੋਚ ਵਿਰੁਧ ਜੇ ਮੇਰੇ ਪਿਤਾ ਜੀ ਆਵਾਜ਼ ਚੁੱਕਣ ਦਾ ਸਾਹਸ ਨਾ ਕਰਦੇ ਤਾਂ ਅੱਜ ਵੀ ਉਹ ਬਾਦਲ ਪ੍ਰਵਾਰ ਦੇ ਥੱਲੇ ਲੱਗੇ ਹੁੰਦੇ। ਮੇਰੇ ਪਿਤਾ ਵਿਰੁਧ ਹੁਕਮਨਾਮਾ ਇਕ ਸਿਆਸੀ ਹੱਥਕੰਡਾ ਸੀ ਤਾਕਿ ਅਕਾਲੀ ਦਲ ਬਾਦਲ ਦੀਆਂ ਗ਼ਲਤੀਆਂ ਨੂੰ ਕੋਈ ਸਾਹਮਣੇ ਨਾ ਲਿਆ ਸਕੇ। ਸੌਦਾ ਸਾਧ ਦੀ ਸੋਚ, ਧਰਮੀ ਫ਼ੌਜੀਆਂ ਦਾ ਸਾਥ, ਨਸ਼ੇ ਦਾ ਵਪਾਰ, ਗੁਰੂ ਘਰਾਂ ਵਿਚ ਚੱਲ ਰਹੀ ਸਿਆਸੀ ਮਨਮਰਜ਼ੀ, ਦਰਬਾਰ ਸਾਹਿਬ ਗੁਰਬਾਣੀ ਪ੍ਰਸਾਰਣ ’ਤੇ ਬਾਦਲ ਪ੍ਰਵਾਰ ਦਾ ਏਕਾਧਿਕਾਰ, ’84 ਦੇ ਪੀੜਤਾਂ ਦੀ ਆਵਾਜ਼ ਤੋਂ ਲੈ ਕੇ ਬਰਗਾੜੀ ਦੇ ਗੋਲੀਕਾਂਡ ਦੀ ਗੂੰਜ, ਪੰਜਾਬ ਦੇ ਪਾਣੀ, ਰਾਜਧਾਨੀ ਦੀ ਆਵਾਜ਼ ਤੇ ਸੈਂਕੜੇ ਅਜਿਹੇ ਮੁੱਦੇ ਸਨ, ਜੋ ਉਨ੍ਹਾਂ ਨੇ ਬੇਖ਼ੌਫ਼ ਚੁੱਕੇ ਪਰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ, ਉਨ੍ਹਾਂ ਦੇ ਪੰਜਾਬ ਅਤੇ ਸਿੱਖੀ ਵਾਸਤੇ ਪਿਆਰ ਨੂੰ ਸਮਝਣਾ ਸੌਖਾ ਨਹੀਂ ਹੈ। 

ਮੇਰੇ ਪਿਤਾ ਦੀ ਅਸਲੀ ਦੌਲਤ ਉਨ੍ਹਾਂ ਦਾ ਕਿਰਦਾਰ ਸੀ। ਉਨ੍ਹਾਂ ਵਿਚ ਅਪਣੇ ਲਫ਼ਜ਼ਾਂ ’ਤੇ ਅਮਲ ਕਰਨ ਦੀ ਤਾਕਤ ਸੀ। ਉਨ੍ਹਾਂ ਵਿਚ ਪਿਆਰ ਕਰਨ ਤੇ ਨਿਭਾਉਣ ਦੀ ਤਾਕਤ ਸੀ। ਉਨ੍ਹਾਂ ਵਿਚ ਪਿਆਰ ਤੇ ਇਬਾਦਤ ਕਰਨ ਦੀ ਤਾਕਤ ਤੇ ਦ੍ਰਿੜਤਾ ਸੀ। ਜੇ ਉਨ੍ਹਾਂ ਗੁਰੂ ਨਾਲ ਪਿਆਰ ਕੀਤਾ ਤਾਂ ਪੂਰੀ ਸ਼ਿਦਤ ਨਾਲ ਇਬਾਦਤ ਵੀ ਕੀਤੀ ਅਤੇ ਸੱਭ ਕੁੱਝ ਗਵਾਉਣ ਲਈ ਤਿਆਰ ਰਹਿੰਦੇ ਸਨ ਤਾਕਿ ਉਹ ਕਦੇ ਵੀ ਗੁਰੂ ਅੱਗੇ ਝੂਠੇ ਨਾ ਪੈਣ। ਜੇ ਅਪਣੀ ਜੀਵਨ ਸਾਥਣ ਜਗਜੀਤ ਕੌਰ ਨਾਲ ਪਿਆਰ ਕੀਤਾ ਤਾਂ ਅਖ਼ੀਰ ਤਕ ਪੂਰੀ ਸ਼ਿੱਦਤ ਨਾਲ ਨਿਭਾਇਆ ਤੇ ਇਸ ਤਰ੍ਹਾਂ ਕੀਤਾ ਕਿ ਹੀਰ-ਰਾਂਝੇ ਦੀ ਕਹਾਣੀ ਵੀ ਫਿੱਕੀ ਪੈ ਜਾਂਦੀ ਸੀ। ਜੇ ਬੇਟੀ ਨਾਲ ਪਿਆਰ ਕੀਤਾ ਤਾਂ ਅਪਣੀ ਜ਼ਿੰਦ ਜਾਨ ਨਾਲ ਐਸਾ ਪਿਆਰ ਕੀਤਾ ਕਿ ਉਹ ਸਹੀ ਅਰਥਾਂ ਵਿਚ ਕੌਰ, ਇਕ ਤਾਕਤਵਰ ਸ਼ਹਿਜ਼ਾਦੀ ਬਣ ਸਕੇ। ਬੜੇ ਘੱਟ ਲੋਕਾਂ ’ਤੇ ਗੁਰੂ ਦੀ ਕ੍ਰਿਪਾ ਹੁੰਦੀ ਹੈ, ਜਿਸ ਨਾਲ ਉਹ ਇਕ ਤਰ੍ਹਾਂ ਦੇ ਕਿਰਦਾਰ ਦੇ ਮਾਲਕ ਹੁੰਦੇ ਹਨ।

ਮੇਰੀ ਖ਼ੁਸ਼ਨਸੀਬੀ ਹੈ ਕਿ ਮੈਂ ਉਨ੍ਹਾਂ ਦੀ ਛੱਤਰ ਛਾਇਆ ’ਚ 48 ਸਾਲ ਜੀਅ ਸਕੀ। ਸਾਡੀ ਦੁਨੀਆਂ ਉਨ੍ਹਾਂ ਦੇ ਆਲੇ-ਦੁਆਲੇ ਹੀ ਚਲਦੀ ਸੀ। ਕਈ ਵਾਰ ਜਾਪਦਾ ਹੈ ਕਿ ਨਾ ਸਾਡੇ ਸਿਰ ’ਤੇ ਆਸਮਾਨ ਹੈ ਅਤੇ ਨਾ ਪੈਰਾਂ ਹੇਠ ਜ਼ਮੀਨ ਰਹਿ ਗਈ ਹੈ ਪਰ ਜਦੋਂ ਵੀ ਸ਼ੋਰ ਤੇਜ਼ ਹੁੰਦਾ ਹੈ ਤਾਂ ਯਾਦ ਆ ਜਾਂਦਾ ਹੈ ਕਿ ਮੈਂ ਤਾਂ ਸ. ਜੋਗਿੰਦਰ ਸਿੰਘ ਦਾ ਬਿਨੂੰ ਸਿੰਘ ਸਰਦਾਰ ਹਾਂ, ਮੈਂ ਕਦੇ ਵੀ ਹਾਰ ਨਹੀਂ ਸਕਦੀ। ਮੈਂ, ਮੇਰੇ ਮੰਮੀ ਜੀ ਅਤੇ ਸਪੋਕਸਮੈਨ ਦੀ ਸਾਰੀ ਟੀਮ ਉਨ੍ਹਾਂ ਦੀ ਕਮੀ ਨੂੰ ਪੂਰਾ ਕਰਨ ਦੇ ਯਤਨ ਕਰਦੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਉਨ੍ਹਾਂ ਦੀ ਸੋਚ ਮੁਤਾਬਕ ਹੀ ਸਪੋਕਸਮੈਨ ਹਮੇਸ਼ਾ ਚਲਦਾ ਤੇ ਫਲਦਾ ਰਹੇ।
- ਨਿਮਰਤ ਕੌਰ

 


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement