
ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਅਪਣੇ ਆਪ ਨੂੰ ਪੰਜਾਬ ਹਿਤੈਸ਼ੀ ਆਖਦੇ ਹਨ ਪਰ ਉਹ ਦੋਵੇਂ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਉਤੇ ਬੈਠ ਕੇ ਹੀ....
ਦੇਸ਼ ਦੇ ਐਗਜ਼ਿਟ ਪੋਲ ਦੇਸ਼ ਨੂੰ ਕੋਈ ਗ਼ਲਤ ਜਾਂ ਝੂਠਾ ਸੁਨੇਹਾ ਨਹੀਂ ਸਨ ਦੇ ਰਹੇ ਜਦ ਉਹ ਦਸਦੇ ਸਨ ਕਿ ਮੋਦੀ ਸਰਕਾਰ ਲੋਕਾਂ ਦਾ ਭਰੋਸਾ ਗਵਾ ਕੇ ਬਹੁਤ ਹੇਠਾਂ ਆ ਚੁੱਕੀ ਹੈ। ਉਪ ਚੋਣਾਂ ਵਿਚ 14 ਰਾਜਾਂ ਦੇ ਨਤੀਜੇ ਵੇਖ ਕੇ ਇਹ ਤਾਂ ਨਹੀਂ ਆਖ ਸਕਦੇ ਕਿ ਭਾਜਪਾ ਹਾਰ ਵਲ ਚਲ ਪਈ ਹੈ ਪਰ ਇਹ ਤਾਂ ਆਖ ਸਕਦੇ ਹਾਂ ਕਿ ਕਾਂਗਰਸ ਮੁੜ ਤੋਂ ਤਾਕਤ ਫੜ ਰਹੀ ਜਾਪਦੀ ਹੈ। ਪਰ ਜਿਹੜੀ ਕਾਂਗਰਸ ਰਾਜਸਥਾਨ, ਹਿਮਾਚਲ ਵਿਚ ਅਪਣੀ ਥਾਂ ਪੱਕੀ ਕਰ ਰਹੀ ਹੈ, ਉਹੀ ਕਾਂਗਰਸ ਕੀ ਪੰਜਾਬ ਵਿਚ ਵੀ ਜਿੱਤ ਸਕੇਗੀ? ਅੱਜ ਪੰਜਾਬ ਦੇ ਕਾਂਗਰਸੀਆਂ ਦੀ ਸਿਆਸਤ ਨੇ ਸਾਰੀਆਂ ਸੁਰਖ਼ੀਆਂ ਮੱਲੀਆਂ ਹੋਈਆਂ ਹਨ ਪਰ ਪੰਜਾਬ ਦੇ ਕਾਂਗਰਸੀਆਂ ਦਾ ਉਹ ਹਾਲ ਹੋ ਗਿਆ ਹੈ ਕਿ ਉਹ ਅਪਣਾ ਬਿਆਨ ਦੇਣ ਦੇ ਕੁੱਝ ਘੰਟਿਆਂ ਬਾਅਦ ਹੀ ਕਦਮ ਪਿੱਛੇ ਮੋੜਨ ਲੱਗ ਪੈਂਦੇ ਹਨ।
Charanjit Singh Channi
ਕਾਂਗਰਸ ਦੀ ਚੰਨੀ ਸਰਕਾਰ ਅਪਣੇ ਮੈਨੀਫ਼ੈਸਟੋ ਵਿਚ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਤੋਂ ਸੱਤਾ ਖੋਹ ਕੇ ਚੋਣਾਂ ਦੇ ਐਨ ਨੇੜੇ ਪੁਜ ਕੇ ਸੱਤਾ ਵਿਚ ਆਈ ਸੀ ਅਤੇ ਇਸ ਸਰਕਾਰ ਦੇ ਕਦਮ ਤਾਂ ਸਹੀ ਦਿਸ਼ਾ ਵਿਚ ਚਲਦੇ ਜਾਪਦੇ ਹਨ ਪਰ ਫਿਰ ਪਤਾ ਨਹੀਂ ਕਿਉਂ ਕਿਸੇ ਨਾ ਕਿਸੇ ਕਾਰਨ ਪਿਛੇ ਹਟਣ ਲੱਗ ਜਾਂਦੇ ਹਨ।
Amarinder Singh
ਜਿਵੇਂ ਨਵੇਂ ਐਡਵੋਕੇਟ ਜਨਰਲ ਦਾ ਮਾਮਲਾ ਲੈ ਲਉ ਤਾਂ ਧੱਕਾ ਸਟਾਰਟ ਪੁਰਾਣੀ ਫ਼ੀਏਟ ਤੋਂ ਵੀ ਜ਼ਿਆਦਾ ਝਟਕੇ ਇਸ ਕੇਸ ਨੂੰ ਝਲਣੇ ਪਏ। ਪਰ ਜਦ ਏ.ਜੀ. ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨਸ਼ਾ ਤਸਕਰੀ ਦੀ ਫ਼ਾਈਲ ਖੁਲ੍ਹਵਾਉਣ ਵਿਚ ਅਜਿਹਾ ਵਧੀਆ ਕੰਮ ਕੀਤਾ ਕਿ ਹੁਣ ਉਹ ਫ਼ਾਈਲ ਖੁਲ੍ਹਣ ਦੇ ਨੇੜੇ ਪੁਜ ਗਈ ਹੈ। ਪੀ.ਪੀ.ਏ. ਸਮਝੌਤੇ ਰੱਦ ਕਰਨ ਦਾ ਤਰੀਕਾ ਪਿਛਲਾ ਏ.ਜੀ. ਸਾਢੇ ਚਾਰ ਸਾਲ ਵਿਚ ਨਹੀਂ ਲੱਭ ਸਕਿਆ ਸੀ ਪਰ ਦਿਉਲ ਨੇ ਉਹ ਰਸਤਾ ਵੀ ਕੱਢ ਦਿਤਾ। ਫਿਰ ਵੀ ਇਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਸਿਰ ਉਤੇ ਨਵਜੋਤ ਸਿੰਘ ਸਿੱਧੂ ਨੇ ਅਪਣਾ ਹੱਥ ਨਹੀਂ ਰਖਿਆ।
Navjot Singh Sidhu
ਨਵਜੋਤ ਸਿੰਘ ਸਿੱਧੂ ਨੇ ਬੜੇ ਸਪੱਸ਼ਟ ਸ਼ਬਦਾਂ ਵਿਚ ਮੁੱਖ ਮੰਤਰੀ ਚੰਨੀ ਨੂੰ ‘‘ਪੈਰਾਸ਼ੂਟ ਮੁੱਖ ਮੰਤਰੀ’’ ਆਖ ਕੇ ਅਪਣੇ ਆਪ ਨੂੰ ਹੀ ਪੰਜਾਬ ਦਾ ਪੁੱਤਰ ਐਲਾਨਿਆ ਕਿ ਉਹ ਹੀ ਪੰਜਾਬ ਦੇ ਕਰਜ਼ੇ ਦਾ ਰਸਤਾ ਕੱਢ ਸਕਦੇ ਹਨ। ਵੈਸੇ ਤਾਂ ਮੁੱਖ ਮੰਤਰੀ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਨਾ ਸਿਰਫ਼ ਬਿਜਲੀ ਦੇ ਬਿਲ ਘਟਾਏ ਬਲਕਿ ਸੋਲਰ ਬਿਜਲੀ ਖ਼ਰੀਦ ਕੇ ਅਪਣੀ ਧਰਤੀ ਦਾ ਵੀ ਸਤਿਕਾਰ ਕੀਤਾ, ਪਰ ਕਾਂਗਰਸ ਪ੍ਰਧਾਨ ਉਨ੍ਹਾਂ ਦੀ ਹੀ ਨਿੰਦਾ ਕਰਦੇ ਹਨ। ਜੇ ਬਤੌਰ ਕਾਂਗਰਸ ਪ੍ਰਧਾਨ ਉਨ੍ਹਾਂ ਕੋਲ ਹੋਰ ਵੀ ਵਧੀਆ ਰਸਤੇ ਹਨ ਤਾਂ ਉਹ ਪੰਜਾਬ ਦਾ ਪੁੱਤਰ ਹੋਣ ਦੇ ਨਾਤੇ ਇਹ ਸੋਚ ਅਪਣੀ ਹੀ ਸਰਕਾਰ ਨਾਲ ਸਾਂਝੀ ਕਿਉਂ ਨਹੀਂ ਕਰਦੇ?
Amarinder Singh
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਐਲਾਨ ਦਿਤੀ ਹੈ ਅਤੇ ਆਖਦੇ ਹਨ ਕਿ ਸੂਬੇ ਨੂੰ ਪਾਕਿਸਤਾਨ ਤੋਂ ਖ਼ਤਰਾ ਹੈ ਅਤੇ ਕਾਂਗਰਸ ਦੇ ਐਮ.ਐਲ.ਏ. ਰੇਤਾ, ਸ਼ਰਾਬ ਮਾਫ਼ੀਆ ਚਲਾ ਰਹੇ ਹਨ। ਇਹ ਤਾਂ ਪੰਜਾਬ ਦਾ ਹਰ ਨਾਗਰਿਕ ਜਾਣਦਾ ਹੀ ਸੀ ਪਰ ਬਤੌਰ ਮੁੱਖ ਮੰਤਰੀ ਉਨ੍ਹਾਂ ਪਾਰਟੀ ਦੀ ਇੱਜ਼ਤ ਰੁਲਣ ਦੇ ਡਰੋਂ ਇਸ ਨੂੰ ਨਾ ਰੋਕਿਆ। ਮੁੱਖ ਮੰਤਰੀ ਚੰਨੀ ਦੀ ਇਥੇ ਵੀ ਸਿਫ਼ਤ ਕਰਨੀ ਬਣਦੀ ਹੈ ਕਿ ਉਨ੍ਹਾਂ ਲੋਕਾਂ ਦਾ ਭਾਰ ਘਟਾ ਦਿਤਾ ਅਤੇ ਜੋ ਰੇਤ ਦਾ ਟਰਾਲਾ 12-13 ਹਜ਼ਾਰ ਦਾ ਮਿਲਦਾ ਸੀ, 5 ਹਜ਼ਾਰ ਦੇ ਕਰੀਬ ਮਿਲਣਾ ਸ਼ੁਰੂ ਹੋ ਗਿਆ ਹੈ। ਉਹ ਅਜੇ ਸੂਬੇ ਦੀ ਰੇਤਾ ਕੰਪਨੀ ਨਹੀਂ ਬਣਾ ਸਕੇ (ਜਿਵੇਂ ਨਵਜੋਤ ਸਿੱਧੂ ਚਾਹੁੰਦੇ ਸਨ) ਪਰ ਇਸ ਤਰ੍ਹਾਂ ਮਾਫ਼ੀਆ ਤਾਂ ਬੰਦ ਹੋ ਗਿਆ ਜੋ ਕੈਪਟਨ ਨਹੀਂ ਸਨ ਕਰ ਸਕੇ ਤੇ ਆਮ ਪੰਜਾਬੀ ਨੂੰ ਵੀ ਅਰਾਮ ਮਿਲ ਗਿਆ।
Navjot Singh Sidhu
ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਅਪਣੇ ਆਪ ਨੂੰ ਪੰਜਾਬ ਹਿਤੈਸ਼ੀ ਆਖਦੇ ਹਨ ਪਰ ਉਹ ਦੋਵੇਂ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਉਤੇ ਬੈਠ ਕੇ ਹੀ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹਨ। ਕਿਉਂ ਨਹੀਂ ਉਹ ਇਸ ਨਵੀਂ ਟੀਮ ਨੂੰ ਸਮਰਥਨ ਦੇ ਕੇ ਪੰਜਾਬ ਦਾ ਭਲਾ ਕਰਦੇ ਤੇ ਅਪਣੀਆਂ ਰਣਨੀਤੀਆਂ ਤੇ ਤਜਰਬੇ ਸਾਂਝੇ ਕਰਦੇ ਤਾਕਿ ਪੰਜਾਬ ਵਿਚ ਸ਼ਾਂਤੀ ਤੇ ਵਿਕਾਸ ਆਵੇ? ਅਸਲ ਵਿਚ ਇਹ ਪੰਜਾਬ ਦੇ ਸਾਰੇ ਪੁੱਤਰ ਕੁਰਸੀ ਤੇ ਬੈਠ ਕੇ ਹੀ ਪੰਜਾਬ ਦਾ ਭਲਾ ਕਰ ਸਕਦੇ ਹਨ। ਪੰਜਾਬ ਨੂੰ ਕੁੱਝ ਦੇਣ ਤੋਂ ਪਹਿਲਾਂ ਇਹ ਪੰਜਾਬ ਤੋਂ ਉਸ ਦਾ ਤਾਜ ਮੰਗਦੇ ਹਨ। ਅੱਜ ਆਖੋ ਖ਼ੁਦਾ ਨੂੰ ਕਿ ਇਕ ਤਾਂ ਪੰਜਾਬ ਦਾ ਧੀ/ਪੁੱਤਰ ਅਜਿਹਾ ਭੇਜ ਦੇਵੇ ਜਿਹੜਾ ਕੁਰਸੀ ਬਿਨਾਂ ਵੀ ਪੰਜਾਬ ਦਾ ਭਲਾ ਕਰ ਸਕੇ।
-ਨਿਮਰਤ ਕੌਰ