ਸ਼੍ਰੋਮਣੀ ਕਮੇਟੀ ਅੰਦਰਲੀ ਲੜਾਈ ਲੜਨ ਵਾਲੇ ਕੁੱਝ ਸਵਾਲਾਂ ਦੇ ਜਵਾਬ ਜ਼ਰੂਰ ਦੇਣ
Published : Nov 4, 2022, 7:30 am IST
Updated : Nov 4, 2022, 8:26 am IST
SHARE ARTICLE
Bibi Jagir Kaur
Bibi Jagir Kaur

ਹੱਥ ਲਿਖਤ ਗ੍ਰੰਥ ਗ਼ਾਇਬ ਹੋਏ ਬੀਬੀ ਜੀ ਦੀ ਨਿਗਰਾਨੀ ਵਿਚ ਹੀ ਤੇ SIT ਦੀ ਪੜਤਾਲ ਵਿਚ ਵੀ ਬੀਬੀ ਜੀ ਹੀ ਹਨ ਪਰ ਗਵਾਚੇ ਗ੍ਰੰਥਾਂ ਦਾ ਸੱਚ ਸਾਹਮਣੇ ਨਹੀਂ ਆਉਣ ਦਿਤਾ ਗਿਆ।

 

ਸ਼੍ਰੋਮਣੀ ਕਮੇਟੀ ਦੀਆਂ ਅੰਦਰੂਨੀ ਚੋਣਾਂ ਵਿਚ ਜਿਸ ਤਰ੍ਹਾਂ ਦੇ ਧੜੇ ਬਣ ਗਏ ਹਨ, ਉਨ੍ਹਾਂ ਦੇ ਬਣਨ ਦੇ ਸੰਕੇਤ ਤਾਂ ਕਾਫ਼ੀ ਦੇਰ ਤੋਂ ਮਿਲ ਰਹੇ ਸਨ ਪਰ ਜਿਸ ਤਰ੍ਹਾਂ ਇਸ ਵਿਰੋਧ ਨਾਲ ਸੁਖਬੀਰ ਬਾਦਲ ਨਜਿੱਠ ਰਹੇ ਹਨ, ਉਸ ਨੂੰ ਵੇਖ ਕੇ, ਵਿਰੋਧ ਦਾ ਕਾਰਨ ਵੀ ਹੁਣ ਹਰ ਸਿਆਣੇ ਬੰਦੇ ਨੂੰ ਸਮਝ ਆ ਗਿਆ ਹੈ। ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਉਹ ਲੋਕਾਂ ਸਾਹਮਣੇ ਇਹ ਵਿਚਾਰ ਰਖਣਾ ਚਾਹੁੰਦੇ ਸਨ ਕਿ ਹੁਣ ਉਹ ਲਿਫ਼ਾਫ਼ੇ ’ਚੋਂ ਨਹੀਂ ਨਿਕਲਿਆ ਕਰਨਗੇ। ਉਨ੍ਹਾਂ ਦੀ ਇਸ ਬਗ਼ਾਵਤ ਪਿੱਛੇ ਉਨ੍ਹਾਂ ਨਾਲ ਅਕਾਲੀ ਕਾਰਕੁਨਾਂ ਤੇ ਐਸ.ਜੀ.ਪੀ.ਸੀ. ਦੇ ਮੈਂਬਰਾਂ ਦਾ ਇਕ ਵੱਡਾ ਤਬਕਾ ਹੈ ਜੋ ਹੁਣ ਬਾਦਲ ਪ੍ਰਵਾਰ ਦੇ ਹੇਠ ਲੱਗ ਕੇ ਕੰਮ ਕਰਨ ਨੂੰ ਤਿਆਰ ਨਹੀਂ। ਇਸ ਅੰਦਰੋਂ ਉਪਜੇ ਵਿਰੋਧ ਦਾ (ਛੋਟਾ ਜਾਂ ਵੱਡਾ, ਇਸ ਬਾਰੇ ਸਮਗਰੋਂ ਪਤਾ ਲੱਗੇਗਾ) ਮਕਸਦ ਪਾਰਟੀ ਨੂੰ ਗ਼ਲਤ ਰਸਤੇ ਜਾਣੋ ਰੋਕਣਾ ਹੀ ਹੈ। ਕਈ ਵਾਰ ਸਵੇਰ ਦਾ ਭੁਲਿਆ ਕਦੇ ਸ਼ਾਮ ਨੂੰ ਘਰ ਵਾਪਸ ਆ ਵੀ ਜਾਂਦਾ ਹੈ, ਇਹ ਸੋਚ ਕੇ ਹੀ ਉਹ ਹੱਥ ਮਿਲਾਈ ਜਾ ਰਹੇ ਹਨ।

ਅਕਾਲੀ ਦਲ ਬਾਦਲ ਨਾਲੋਂ ਪਹਿਲਾਂ ਢੀਂਡਸਾ ਪ੍ਰਵਾਰ ਟੁਟਿਆ, ਫਿਰ ਦਿੱਲੀ ਤੋਂ ਮਨਜਿੰਦਰ ਸਿਰਸਾ ਟੁੱਟੇ। ਮਨਪ੍ਰੀਤ ਅਯਾਲੀ ਨੇ ਅਪਣਾ ਰੋਸ ਵਿਖਾਇਆ ਤੇ ਹੁਣ ਬੀਬੀ ਜਗੀਰ ਕੌਰ ਵਲੋਂ ਵੀ ਇਕ ਵੱਡੀ ਬਗ਼ਾਵਤ ਸਿਰ ਚੁੱਕ ਰਹੀ ਹੈ। ਬੀਬੀ ਹਿੰਮਤੀ ਤਾਂ ਹੈ ਹੀ ਕਿਉਂਕਿ ਉਹ ਐਸ.ਜੀ.ਪੀ.ਸੀ. ਵਿਚ ਰਹਿੰਦਿਆਂ ਵੀ, ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਦੇ ਰਹੇ ਹਨ ਤੇ ਉਹ ਹੁਣ ਪਿੱਛੇ ਹਟਣ ਵਾਲੇ ਵੀ ਨਹੀਂ ਲਗਦੇ। ਪਰ ਗੱਲ ਇਸ ਚੋਣ ਤਕ ਦੀ ਹੀ ਨਹੀਂ। ਇਸ ਚੋਣ ਵਿਚ ਸਿਰਫ਼ ਇਹੀ ਗੱਲ ਸਾਫ਼ ਹੋਵੇਗੀ ਕਿ ਕਿੰਨੇ ਲੋਕ ਅਜੇ ਵੀ ਮਲੂਕਾ ਵਾਂਗ ਬਾਦਲ ਪ੍ਰਵਾਰ ਦੇ ਵਫ਼ਾਦਾਰ ਹਨ।

ਬਾਦਲ ਪ੍ਰਵਾਰ ਅਜੇ ਵੀ ਸਿੱਖਾਂ ਦੇ ਵੱਡੇ ਧਾਰਮਕ ਅਦਾਰੇ ਉਪਰ ਅਪਣੀ ਪਕੜ ਢਿੱਲੀ ਕਰਨ ਵਾਸਤੇ ਤਿਆਰ ਨਹੀਂ ਹਨ। ਬਾਦਲ ਪ੍ਰਵਾਰ ਤੇ ਉਨ੍ਹਾਂ ਦੇ ਵਫ਼ਾਦਾਰਾਂ ਨਾਲ ਪੰਜਾਬ ਨੇ ਜਿੰਨੀ ਨਾਰਾਜ਼ਗੀ ਪੰਜਾਬ ਦੀਆਂ ਅਸੈਂਬਲੀ ਚੋਣਾਂ ਵਿਚ ਵਿਖਾਈ ਹੈ, ਉਸ ਤੋਂ ਕਿਤੇ ਜ਼ਿਆਦਾ ਨਾਰਾਜ਼ਗੀ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵਿਖਾਉਣ ਲਈ ਤਿਆਰ ਹਨ। ਪਰ ਇਹ ਲੜਾਈ ਸਿਰਫ਼ ਏਨਾ ਹੀ ਸਪਸ਼ਟ ਕਰੇਗੀ ਕਿ ਲੋਕ ਰਾਏ ਦੇ ਉਲਟ, ਕਿਹੜੇ ਕਿਹੜੇ ਬੰਦੇ ਬਾਦਲਾਂ ਨੂੰ ਪੰਥ ਨਾਲੋਂ ਵੱਡਾ ਸਮਝਦੇ ਹਨ।

ਪਰ ਜਦ ਐਸ.ਜੀ.ਪੀ.ਸੀ. ਚੋਣਾਂ ਕਰਾਈਆਂ ਜਾਣਗੀਆਂ ਤਾਂ ਅਸਲ ਇਮਤਿਹਾਨ ਉਦੋਂ ਹੋਵੇਗਾ। ਉਸ ਵਕਤ ਜੇ ਵੋਟਰ, ਪੈਸੇ ਜਾਂ ਸ਼ਰਾਬ ਨਾਲ ਵਿਕ ਗਏ ਤਾਂ ਸਮਝ ਲਉ ਸਾਰੇ ਸਿੱਖ ਗੁਰੂ ਸਾਹਮਣੇ ਕਮਜ਼ੋਰ ਪੈ ਗਏ ਹਨ। ਪਰ ਜੇ ਸਿੱਖ ਅਪਣੀ ਤਾਕਤ ਅਤੇ ਸੂਝ ਦਾ ਇਸਤੇਮਾਲ ਕਰਨਗੇ ਤਾਂ ਕੁੱਝ ਸਵਾਲ ਪੁਛਣੋਂ ਨਹੀਂ ਚੂਕਣਗੇ। ਬੀਬੀ ਜਗੀਰ ਕੌਰ ਨੂੰ ਅਪਣੀ ਹਿੰਮਤ ਨਹੀਂ ਬਲਕਿ ਪੰਥ ਪ੍ਰਤੀ ਅਪਣੀ ਈਮਾਨਦਾਰੀ ਦਾ ਹਿਸਾਬ ਦੇਣਾ ਪਵੇਗਾ। ਇਨ੍ਹਾਂ ਸਾਰੇ ਬਾਗ਼ੀ ਅਕਾਲੀਆਂ ਨੂੰ ਦਸਣਾ ਪਵੇਗਾ ਕਿ ਉਹ ਪਹਿਲਾਂ ਕਦੇ ਕਿਉਂ ਨਹੀਂ ਬੋਲੇ ਜਦ ਲਿਫ਼ਾਫ਼ੇ ਵਿਚ ਉਨ੍ਹਾਂ ਦੇ ਨਾਮ ਨਿਕਲਦੇ ਸਨ? ਉਹ ਕਿਉਂ ਨਹੀਂ ਬੋਲੇ ਜਦ ਸੌਦਾ ਸਾਧ ਨੂੰ ਮਾਫ਼ੀ ਦਿਤੀ ਗਈ ਤੇ ਫਿਰ ਐਸ.ਜੀ.ਪੀ.ਸੀ. ਨੇ 94 ਲੱਖ ਦੇ ਇਸ਼ਤਿਹਾਰ ਅਖ਼ਬਾਰਾਂ ਨੂੰ ਦਿਤੇ ਤਾਕਿ ਉਸ ਦੀ ਫ਼ਿਲਮ ਚੰਗੀ ਤਰ੍ਹਾਂ ਚਲ ਸਕੇ?

ਬਾਦਲ ਪ੍ਰਵਾਰ ਵਲੋਂ ਕੀਤੀਆਂ ਜਾ ਰਹੀਆਂ ਪੰਥ ਵਿਰੋਧੀ ਕਾਰਵਾਈਆਂ ਤੋਂ ਪਰਦਾ ਚੁਕਣ ’ਤੇ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਨੂੰ ਤਨਖ਼ਾਹੀਆ ਕਰਾਰ ਦਿਵਾ ਕੇ, ਸਿੱਖਾਂ ਦੀ ਆਜ਼ਾਦ ਪੰਥਕ ਆਵਾਜ਼ ਦਾ ਗਲ ਘੋਟਣ ਦਾ ਯਤਨ ਕੀਤਾ ਗਿਆ ਤਾਂ ਇਹ ਕਿਉਂ ਨਾ ਬੋਲੇ? ਇਸੇ ਤਰ੍ਹਾਂ ਪਟਿਆਲਾ ਦੀ ਅਕਾਲੀ ਸਟੇਜ ਤੇ ਬੀਬੀ ਜੀ ਪ੍ਰੈਸ ਦੀ ਆਜ਼ਾਦੀ ਉਤੇ ਹੋਈ ਹਮਲਾਵਾਰ ਭੀੜ ਵਿਚ ਇਹ ਕਹਿਣ ਲਈ ਸੱਭ ਤੋਂ ਅੱਗੇ ਸਨ ਕਿ ‘ਪਿਤਾ ਸਮਾਨ’ ਪ੍ਰਕਾਸ਼ ਸਿੰਘ ਬਾਦਲ ਦੀ ਆਲੋਚਨਾ ਕਰਨ ਵਾਲੇ ਜੋਗਿੰਦਰ ਸਿੰਘ ਦਾ ਸਿਰ ਕਲਮ.....।

ਹੱਥ ਲਿਖਤ ਗ੍ਰੰਥ ਗ਼ਾਇਬ ਹੋਏ ਬੀਬੀ ਜੀ ਦੀ ਨਿਗਰਾਨੀ ਵਿਚ ਹੀ ਤੇ ਐਸ.ਆਈ.ਟੀ. ਦੀ ਪੜਤਾਲ ਵਿਚ ਵੀ ਬੀਬੀ ਜੀ ਹੀ ਹਨ ਪਰ ਗਵਾਚੇ ਗ੍ਰੰਥਾਂ ਦਾ ਸੱਚ ਸਾਡੇ ਸਾਹਮਣੇ ਨਹੀਂ ਆਉਣ ਦਿਤਾ ਗਿਆ। ਇਹ ਸੱਭ ਉਹ ਕੁੱਝ ਅਪਣੀਆਂ ਅੱਖਾਂ ਸਾਹਮਣੇ ਵੇਖਦੇ ਰਹੇ ਕਿ ਦਰਬਾਰ ਸਾਹਿਬ ਵਿਚ ਨਕਾਸ਼ੀ ਕਰਨ ਵੇਲੇ ਸਿੱਖ ਫ਼ਲਸਫ਼ੇ ਵਿਰੋਧੀ ਸੋਚ ਦਾਖ਼ਲ ਕੀਤੀ ਜਾ ਰਹੀ ਹੈ। ਪਰ ਕੋਈ ਕੁੱਝ ਨਾ ਬੋਲਿਆ। ਕਿਉਂ ਆਖ਼ਰ ? ਸੋ ਜਦ ਇਹ ਲੋਕਾਂ ਵਿਚ ਆਉਣ ਨਹੀਂ ਤਾਂ ਇਨ੍ਹਾਂ ਗੱਲਾਂ ਦੀ ਸਚਾਈ ਦੱਸਣ ਦੀ ਹਿੰਮਤ ਜੁਟਾ ਕੇ ਆਉਣ ਵਰਨਾ ਇਹੀ ਸਮਝਿਆ ਜਾਵੇਗਾ ਤਾਂ ਇਨ੍ਹਾਂ ਦੀ ਅੰਦਰੂਨੀ ਸੱਤਾ ਦੀ ਲੜਾਈ ਹੀ ਹੈ, ਬਦਲਣਾ ਕੁੱਝ ਵੀ ਨਹੀਂ।                                        - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM

Rajvir Jawanda Cremation Video : ਸਾਰਿਆਂ ਨੂੰ ਰੋਂਦਾ ਛੱਡ ਗਿਆ ਰਾਜਵੀਰ ਜਵੰਦਾ Rajvir Jawanda Antim Sanskar

09 Oct 2025 3:23 PM

AAP Big PC Live On Sukhwinder Singh Calcutta Murder case |Raja warring |Former sarpanch son murder

06 Oct 2025 3:31 PM
Advertisement