
ਅੱਜ ਵੀ ਕਿਸਾਨੀ ਸੰਘਰਸ਼-2 ਦਾ ਨੁਕਸਾਨ ਸਿਰਫ਼ ਪੰਜਾਬ ਨੂੰ ਹੀ ਚੁਕਣਾ ਪੈ ਰਿਹਾ ਹੈ।
Farmers Protest: ਸ਼ੁਭਕਰਨ ਦੀ ਮੌਤ ਕਿਉਂ ਹੋਈ? ਇਹ ਸਵਾਲ ਪੰਜਾਬ ਦੇ ਹੁਣ ਦੇ ਭਾਜਪਾ ਪ੍ਰਧਾਨ ਤੇ ਸਾਬਕਾ ਕਾਂਗਰਸ ਪ੍ਰਧਾਨ ਜੋ ਇਕ ਸਿਆਣੇ ਅਤੇ ਪੰਜਾਬ-ਪ੍ਰੇਮ ਵਿਚ ਗੜੁੱਚ ਦਿਲ ਦੇ ਮਾਲਕ ਇਨਸਾਨ ਹਨ ਅਰਥਾਤ ਸੁਨੀਲ ਜਾਖੜ ਨੇ ਚੁਕਿਆ ਹੈ। ਬਤੌਰ ਭਾਜਪਾ ਪ੍ਰਧਾਨ ਉਨ੍ਹਾਂ ਦਾ ਇਹ ਸਵਾਲ ਚੁਕਣਾ ਬੜਾ ਜ਼ਰੂਰੀ ਸੀ। ਅਪਣੀਆਂ ਸਿਆਸੀ ਜ਼ਿੰਮੇਵਾਰੀਆਂ ਕਾਰਨ ਉਹ ਇਲਜ਼ਾਮ ਨੂੰ ਸਹੀ ਰਾਹੇ ਤਾਂ ਨਹੀਂ ਪਾ ਸਕੇ ਪਰ ਉਨ੍ਹਾਂ ਨੇ ਪੰਜਾਬ ਵਾਸਤੇ ਬੜੀ ਜ਼ਰੂਰੀ ਗੱਲ ਆਖ ਦਿਤੀ ਹੈ।
ਇਹ ਸਵਾਲ ਦਿੱਲੀ ਵਲ ਕੂਚ ਕਰਨਾ ਚਾਹ ਰਹੇ ਕਿਸਾਨਾਂ ਵਾਸਤੇ ਵੀ ਜ਼ਰੂਰੀ ਹੈ ਜੋ ਹੁਣ ਗੱਡੀਆਂ, ਬਸਾਂ ਭਰ ਕੇ ਦਿੱਲੀ ਪਹੰਚੁਣ ਦੀ ਤਿਆਰੀ ਵਿਚ ਹਨ। ਜੇ ਕਲ ਦੇ ਦਿਨ ਇਹ ਜੋਸ਼ ਸਿਰਫ਼ ਪੰਜਾਬ ਦੀਆਂ ਟਰੇਨਾਂ ਤੇ ਗੱਡੀਆਂ ਵਿਚ ਹੀ ਨਜ਼ਰ ਆਇਆ ਤਾਂ ਜਿਵੇਂ ਜਾਖੜ ਜੀ ਨੇ ਯਾਦ ਕਰਵਾਇਆ ਹੈ, ਨੁਕਸਾਨ ਸਿਰਫ਼ ਪੰਜਾਬ ਨੂੰ ਹੀ ਭੁਗਤਣਾ ਪਵੇਗਾ। ਅੱਜ ਵੀ ਕਿਸਾਨੀ ਸੰਘਰਸ਼-2 ਦਾ ਨੁਕਸਾਨ ਸਿਰਫ਼ ਪੰਜਾਬ ਨੂੰ ਹੀ ਚੁਕਣਾ ਪੈ ਰਿਹਾ ਹੈ।
ਪੰਜਾਬ ਦੀਆਂ ਦਿੱਲੀ ਵਲ ਜਾਂਦੀਆਂ ਵੱਡੀਆਂ ਸੜਕਾਂ ਬੰਦ ਹਨ ਤੇ ਇਸ ਦਾ ਨੁਕਸਾਨ ਸਿਰਫ਼ ਆਮ ਆਵਾਜਾਈ ਨੂੰ ਨਹੀਂ ਬਲਕਿ ਪੰਜਾਬ ਦੀ ਆਰਥਕਤਾ ਨੂੰ ਵੀ ਹੋ ਰਿਹਾ ਹੈ। ਜੇ ਕਲ ਨੂੰ ਟਰੇਨਾਂ ਵੀ ਬੰਦ ਹੋ ਗਈਆਂ ਤਾਂ ਪੰਜਾਬ ਅਪਣੀ ਰਾਜਧਾਨੀ ਨਾਲੋਂ ਵੀ ਕਟਿਆ ਜਾਵੇਗਾ। ਕਿਸਾਨੀ ਆਗੂਆਂ ਦੀ ਸੋਚ ਤਾਂ ਇਹ ਸੀ ਕਿ ਉਹ ਕੇਂਦਰ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਘੇਰ ਕੇ ਸ਼ਾਇਦ ਅਪਣੀਆਂ ਮੰਗਾਂ ਮਨਵਾਉਣ ਵਿਚ ਦਬਾਅ ਪਾ ਕੇ ਮਨਾ ਲੈਣਗੇ ਪਰ ਕੇਂਦਰ ਨੇ ਉਨ੍ਹਾਂ ਦੀ ਵਿਉਂਤਬੰਦੀ ਭਾਂਪ ਲਈ।
ਸਾਡੇ ਭੋਲੇ ਕਿਸਾਨਾਂ ਦੇ ਮੂੰਹੋਂ ਗ਼ਲਤੀ ਨਾਲ ਇਹ ਗੱਲ ਪਹਿਲਾਂ ਹੀ ਨਿਕਲ ਗਈ ਤੇ ਕੇਂਦਰ ਨੇ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਤਾਂ ਰੋਕ ਲਿਆ ਪਰ ਪੰਜਾਬ ਨੂੰ ਤਾਂ ਪੂਰੀ ਤਰ੍ਹਾਂ ਦੇਸ਼ ਨਾਲੋਂ ਕੱਟ ਹੀ ਦਿਤਾ। ਕਲ ਦੇ ਦਿਨ ਪੰਜਾਬ ਦੇ ਕਿਸਾਨਾਂ ਨੂੰ ਸਾਰੇ ਦੇਸ਼ ਦੇ ਕਿਸਾਨਾਂ ਨੂੰ ਆਵਾਜ਼ ਦੇਣੀ ਚਾਹੀਦੀ ਹੈ ਕਿ ਪਹਿਲੀਆਂ ਗੱਡੀਆਂ ਬਾਕੀ ਸੂਬਿਆਂ ’ਚੋਂ ਆਉਣੀਆਂ ਚਾਹੀਦੀਆਂ ਹਨ।
ਜੇ ਮਹਾਰਾਸ਼ਟਰ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਕੇਰਲ ਤੇ ਬਾਕੀ ਸੂਬਿਆਂ ਦੇ ਕਿਸਾਨਾਂ ਕੋਲੋਂ ਸੈਂਕੜਿਆਂ ਦੀ ਗਿਣਤੀ ਵਿਚ ਵੀ ਦਿੱਲੀ ਵਲ ਕੂਚ ਨਹੀਂ ਹੁੰਦਾ, ਫਿਰ ਪੰਜਾਬ ਦੀਆਂ ਗੱਡੀਆਂ ਨੂੰ ਭਰ ਕੇ ਕੇਂਦਰ ਨਾਲ ਦੁਸ਼ਮਣੀ ਨਹੀਂ ਲੈਣੀ ਚਾਹੀਦੀ। ਅੱਜ ਦੇ ਦਿਨ ਸਾਰਾ ਦੇਸ਼ ਇਸ ਨੂੰ ਕਿਸਾਨੀ ਮਸਲੇ ਵਜੋਂ ਨਹੀਂ ਲੈਂਦਾ ਬਲਕਿ ਉਨ੍ਹਾਂ ਦੀ ਨਜ਼ਰ ਵਿਚ, ਕਿਸਾਨੀ ਮਸਲਾ, ਹੁਣ ਨਿਰਾਪੁਰਾ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਬਣ ਚੁੱਕਾ ਹੈ।
ਕਿਸਾਨੀ ਮੁੱਦੇ ਦੀ ਭਾਜਪਾ ਵਾਸਤੇ ਅਹਿਮੀਅਤ ਏਨੀ ਕੁ ਹੀ ਹੈ ਕਿ ਕਿਸਾਨਾਂ ਨੂੰ ਕੁਚਲਣ ਵਾਲੇ ਮਿਸ਼ਰਾ ਨੂੰ ਐਮ.ਪੀ. ਦੀ ਟਿਕਟ ਦੇ ਦਿਤੀ ਗਈ ਹੈ ਤੇ ਉਹ ਅਪਣੀ ਸੀਟ ਜਿੱਤ ਵੀ ਸਕੇਗਾ ਤੇ ਉਸ ਨੂੰ ਵੋਟ ਪਾਉਣ ਵਾਲੇ ਕਿਸਾਨ ਹੀ ਹੋਣਗੇ। ਹੁਣ ਸ਼ਾਇਦ ਕਿਸਾਨ ਨੂੰ ਸੁਨੀਲ ਜਾਖੜ ਦਾ ਹੱਥ ਫੜ ਕੇ ਦੁਬਾਰਾ ਕੇਂਦਰ ਨਾਲ ਗੱਲਬਾਤ ਸ਼ੁਰੂ ਕਰਨ ਦੀ ਲੋੜ ਹੈ। ਉਨ੍ਹਾਂ ਅੰਦਰ ਦਾ ਕਾਂਗਰਸੀ ਖ਼ੂਨ ਖ਼ਤਮ ਨਹੀਂ ਹੋ ਗਿਆ ਜੋ ਅਪਣੀ ਹਾਈ ਕਮਾਂਡ ਸਾਹਮਣੇ ਪੰਜਾਬ ਦੇ ਮੁੱਦਿਆਂ ਤੇ ਡਟ ਕੇ ਖੜਾ ਹੋ ਜਾਣ ਦਾ ਆਦੀ ਹੈ ਤੇ ਉਨ੍ਹਾਂ ਦੇ ਪੰਜਾਬ-ਪ੍ਰੇਮ ਤੇ ਵਿਸ਼ਵਾਸ ਕਰਨਾ ਕਿਸਾਨਾਂ ਵਾਸਤੇ ਬਿਹਤਰ ਸਾਬਤ ਹੋਵੇਗਾ।
ਪੰਜਾਬ ਦੇ ਹੋਰ ‘ਸ਼ੁਭਕਰਨ’ ਮਾਰੇ ਗਏ ਤਾਂ ਸਿਰਫ਼ ਪੰਜਾਬ ਨੂੰ ਹੀ ਦਰਦ ਹੋਣਾ ਹੈ। ਇਸ ਦੇਸ਼ ਨੂੰ ਸਾਡੇ ਨੌਜੁਆਨਾਂ ਦੀ ਕੁਰਬਾਨੀ ਵੇਖ ਕੇ ਮੂੰਹ ਪਰਲੇ ਪਾਸੇ ਕਰ ਲੈਣ ਦੀ ਐਸੀ ਆਦਤ ਪੈ ਗਈ ਹੈ ਕਿ ਉਨ੍ਹਾਂ ਨੂੰ ਹੁਣ ਇਨ੍ਹਾਂ ਦੀ ਕੁਰਬਾਨੀ ਦਾ ਦਰਦ ਹੀ ਮਹਿਸੂਸ ਨਹੀਂ ਹੁੰਦਾ। ਅਪਣੇ ਸ਼ੁਭਕਰਨਾਂ ਨੂੰ ਬਚਾਉਣ ਵਾਸਤੇ ਕਿਸਾਨਾਂ ਨੂੰ ਅਪਣਾ ਰਸਤਾ ਬਦਲਣਾ ਚਾਹੀਦਾ ਹੈ, ਖ਼ਾਸ ਕਰ ਕੇ ਜੇ ਬਾਕੀ ਦੇਸ਼ ਦੀਆਂ ਟਰੇਨਾਂ ਕਿਸਾਨਾਂ ਨਾਲ ਭਰ ਕੇ ਦਿੱਲੀ ਨਹੀਂ ਪਹੁੰਚਦੀਆਂ।
- ਨਿਮਰਤ ਕੌਰ