ਭਵਿੱਖ ਵਿਚ ਦਲਿਤਾਂ ਦਾ ਚਿਹਰਾ ਮਾਇਆਵਤੀ ਹੋਣਗੇ ਜਾਂ ਕੋਵਿੰਦ?
Published : Jul 20, 2017, 4:53 am IST
Updated : Apr 5, 2018, 7:06 pm IST
SHARE ARTICLE
Mayawati and Kovind
Mayawati and Kovind

ਉੱਤਰ ਪ੍ਰਦੇਸ਼ ਵਿਚ ਨਵੇਂ ਮੁੱਖ ਮੰਤਰੀ ਯੋਗੀ ਨੂੰ ਮਿਲਣ ਤੋਂ ਪਹਿਲਾਂ ਦਲਿਤਾਂ ਨੂੰ ਸਰਕਾਰੀ ਅਫ਼ਸਰਾਂ ਵਲੋਂ ਸਾਬਣ ਦਿਤਾ ਗਿਆ ਸੀ ਤਾਕਿ ਉਹ ਸਾਫ਼ ਸੁਥਰੇ ਬਣ ਕੇ ਹੀ....

 

ਹੁਣ ਦਲਿਤ ਸਿਆਸਤ ਦਾ ਚਿਹਰਾ ਬਦਲਣ ਦੀਆਂ ਕੋਸ਼ਿਸ਼ਾਂ ਚਲ ਰਹੀਆਂ ਹਨ। ਭਾਜਪਾ ਵਲੋਂ ਸ੍ਰੀ ਕੋਵਿੰਦ ਨੂੰ ਰਾਸ਼ਟਰਪਤੀ ਪਦ ਦਾ ਉਮੀਦਵਾਰ ਬਣਾਉਣਾ ਅਪਣਾ ਦਲਿਤ ਵਿਰੋਧੀ ਅਕਸ ਠੀਕ ਕਰਨ ਵਾਲੇ ਪਾਸੇ ਇਕ ਕਦਮ ਹੈ ਪਰ ਇਸ ਮੁੱਦੇ ਉਤੇ ਅਪਣਾ ਸਾਰਾ ਜੀਵਨ ਕੁਰਬਾਨ ਕਰ ਦੇਣ ਵਾਲੀ ਮਾਇਆਵਤੀ ਅਪਣੇ ਤਾਜ ਨੂੰ ਏਨੀ ਛੇਤੀ ਖਿਸਕਣ ਨਹੀਂ ਦੇਵੇਗੀ। ਦਲਿਤਾਂ ਵਿਰੁਧ ਹੋਏ ਅਪਰਾਧਾਂ ਬਾਰੇ ਰਾਜ ਸਭਾ ਵਿਚ ਬੋਲਣ ਦੀ ਇਜਾਜ਼ਤ ਨਾ ਦੇਣ ਕਰ ਕੇ ਜਿਸ ਤਰ੍ਹਾਂ ਉਨ੍ਹਾਂ ਨੇ ਅਸਤੀਫ਼ਾ ਦਿਤਾ, ਉਹ ਕੋਵਿੰਦ ਕਦੇ ਨਹੀਂ ਕਰ ਸਕਦੇ। ਕੋਵਿੰਦ ਭਾਵੇਂ ਦਲਿਤ ਹਨ ਪਰ ਉਹ ਪਹਿਲਾਂ ਆਰ.ਐਸ.ਐਸ. ਦੇ ਕਾਰਕੁਨ ਹਨ ਅਤੇ ਅਪਣੀ ਪਾਰਟੀ ਦੇ ਕੰਮਾਂ ਵਿਰੁਧ ਕਦੇ ਇਕ ਲਫ਼ਜ਼ ਨਹੀਂ ਕਹਿਣਗੇ। ਮਾਇਆਵਤੀ ਭਾਵੇਂ ਦਲਿਤਾਂ ਦਾ ਸਿਆਸੀ ਚਿਹਰਾ ਬਣੇ ਰਹਿਣਗੇ ਪਰ ਭਾਰਤ ਕਦੋਂ ਤਕ ਅਪਣੀ ਜ਼ਮੀਨ ਉਤੇ ਦਲਿਤਾਂ ਵਿਰੁਧ ਚਲ ਰਹੇ ਅਪਰਾਧਾਂ ਨੂੰ ਚਲਦਾ ਰਹਿਣ ਦੇਵੇਗਾ? ਦਲਿਤ, ਜਿਸ ਤਰ੍ਹਾਂ ਦੀ ਜ਼ਿੰਦਗੀ ਭਾਰਤ ਵਿਚ ਬਤੀਤ ਕਰ ਰਹੇ ਹਨ ਉਹ ਗ਼ੁਲਾਮਾਂ ਵਾਲੀ ਜ਼ਿੰਦਗੀ ਤੋਂ ਘੱਟ ਨਹੀਂ ਹੁੰਦੀ। ਇਕ ਦਲਿਤ ਲਾੜਾ ਘੋੜੀ ਉਤੇ ਚੜ੍ਹ ਕੇ ਵਿਆਹ ਕਰਵਾਉਣ ਲਈ ਨਹੀਂ ਜਾ ਸਕਦਾ। ਜੇ ਚੜ੍ਹਦਾ ਹੈ ਤਾਂ ਉਸ ਨੂੰ ਕੁੱਟ-ਕੁੱਟ ਕੇ ਵਿਆਹ ਦੇ ਮੰਡਪ ਦੀ ਥਾਂ ਹਸਪਤਾਲ ਪਹੁੰਚਾ ਦਿਤਾ ਜਾਂਦਾ ਹੈ। ਰੋਹਿਤ ਵੇਮੁਲਾ ਦੀ ਜ਼ਿੰਦਗੀ ਨੂੰ ਸਿਆਸਤ ਦੇ ਨਾਂ ਉਤੇ ਕੁਰਬਾਨ ਕਰ ਕੇ ਉਸ ਦੀ ਮੌਤ ਤੋਂ ਬਾਅਦ ਦਲਿਤ ਕਹਾਉਣ ਦਾ ਹੱਕ ਵੀ ਖੋਹ ਲਿਆ ਜਾਂਦਾ ਹੈ। ਪਰ ਉਸ ਨੇ ਅਪਣੀ ਸਾਰੀ ਉਮਰ ਇਕ ਦਲਿਤ ਵਾਂਗ ਜੀਵਨ ਬਤੀਤ ਕੀਤੀ ਅਤੇ ਇਕ ਦਲਿਤ ਹੁੰਦਿਆਂ ਹੋਇਆਂ ਵੀ ਪੜ੍ਹਾਈ ਰਾਹੀਂ ਅਪਣੀ ਜ਼ਿੰਦਗੀ ਦਾ ਰੁਖ਼ ਬਦਲਣ ਦੀ ਕੋਸ਼ਿਸ਼ ਕੀਤੀ। ਪਰ ਉਹ ਸਮਾਜ ਦੀਆਂ ਜਾਤ-ਪਾਤ ਦੀਆਂ ਲਕੀਰਾਂ ਅੱਗੇ ਹਾਰ ਗਿਆ। ਰੋਹਿਤ ਵੇਮੁਲਾ ਦੀ ਜ਼ਿੰਦਗੀ ਸਿਰਫ਼ ਉਸ ਦੇ ਪ੍ਰਵਾਰ ਵਾਸਤੇ ਨਹੀਂ ਬਲਕਿ ਸਾਰੇ ਦਲਿਤ ਸਮਾਜ ਵਾਸਤੇ ਪ੍ਰੇਰਨਾ ਦਾ ਸੋਮਾ ਸੀ। ਅੱਜ ਇਕ ਆਮ ਦਲਿਤ ਅਪਣੀ ਪ੍ਰੰਪਰਾ ਦੀ ਕੈਦ ਵਿਚੋਂ ਹੀ ਬਾਹਰ ਨਹੀਂ ਨਿਕਲ ਸੱਕ ਰਿਹਾ। ਜਿਹੜੇ ਕੁੱਝ ਨਿਕਲੇ ਵੀ ਹਨ, ਉਹ ਅਪਣੇ ਆਪ ਵਿਚ ਇਕ ਖ਼ਾਸ ਵਰਗ ਬਣ ਕੇ ਬੈਠ ਗਏ ਹਨ ਜੋ ਅਗਲਾ ਸਾਰਾ ਫ਼ਾਇਦਾ ਅਪਣੇ ਪ੍ਰਵਾਰ ਤਕ ਹੀ ਸੀਮਤ ਰਖਣਾ ਲੋਚਦੇ ਹਨ।
ਉੱਤਰ ਪ੍ਰਦੇਸ਼ ਵਿਚ ਨਵੇਂ ਮੁੱਖ ਮੰਤਰੀ ਯੋਗੀ ਨੂੰ ਮਿਲਣ ਤੋਂ ਪਹਿਲਾਂ ਦਲਿਤਾਂ ਨੂੰ ਸਰਕਾਰੀ ਅਫ਼ਸਰਾਂ ਵਲੋਂ ਸਾਬਣ ਦਿਤਾ ਗਿਆ ਸੀ ਤਾਕਿ ਉਹ ਸਾਫ਼ ਸੁਥਰੇ ਬਣ ਕੇ ਹੀ ਮੁੱਖ ਮੰਤਰੀ ਕੋਲ ਜਾਣ। ਪਰ ਸਫ਼ਾਈ ਅਤੇ ਸ਼ੁੱਧੀ ਤਾਂ ਅਜਿਹੇ ਲੋਕਾਂ ਦੀ ਸੋਚ ਦੀ ਚਾਹੀਦੀ ਹੈ ਜਿਨ੍ਹਾਂ ਦੀ ਸੋਚ ਰੱਬ ਦੀ ਬਣਾਈ ਕੁਦਰਤੀ ਬਰਾਬਰੀ ਦਾ ਵਿਰੋਧ ਕਰਦੀ ਹੈ।
ਦਲਿਤਾਂ ਵਾਸਤੇ ਭਾਰਤ ਵਿਚ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਗਊ ਰਕਸ਼ਾ ਦੇ ਨਾਂ ਤੇ ਦਲਿਤਾਂ ਨੂੰ ਵਾਰ-ਵਾਰ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਦੀਆਂ ਤੋਂ ਮੈਲਾ ਚੁੱਕਣ ਦੇ ਕੰਮ ਤੇ ਲਾਏ ਗਏ ਦਲਿਤ ਪ੍ਰਵਾਰਾਂ ਨੂੰ ਅਜੇ ਵੀ, ਬਿਨਾਂ ਸੁਰੱਖਿਆ ਪ੍ਰਬੰਧਾਂ ਤੋਂ, ਨਾਲੀਆਂ ਸਾਫ਼ ਕਰਨ ਦਾ ਕੰਮ ਕਰਨਾ ਪੈ ਰਿਹਾ ਹੈ। ਇਹ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਦਲਿਤ ਜਾਂ ਪਛੜੀਆਂ ਜਾਤਾਂ ਦੇ ਹੁੰਦੇ ਹਨ। ਜਿਹੜੀਆਂ ਸਰਕਾਰਾਂ ਅੱਜ ਬੁਲੇਟ ਟਰੇਨਾਂ ਬਣਾਉਣ ਵਾਸਤੇ ਅਰਬਾਂ ਰੁਪਏ ਖ਼ਰਚ ਕਰ ਰਹੀਆਂ ਹਨ, ਉਹ ਅਜੇ ਤਕ ਨਾਲੀਆਂ ਸਾਫ਼ ਕਰਨ ਵਾਲਿਆਂ ਦੀ ਜਾਨ ਲਈ ਸੁਰੱਖਿਆ ਪ੍ਰਬੰਧਾਂ ਵਾਸਤੇ ਪੈਸਾ ਨਹੀਂ ਖ਼ਰਚ ਸਕੀਆਂ।
ਸਵੱਛਤਾ ਅਭਿਆਨ ਦੀ ਗੱਲ ਤਾਂ ਹਰ ਵੇਲੇ ਕੀਤੀ ਜਾਂਦੀ ਹੈ ਪਰ ਕੀ ਭਾਰਤ ਦੀ ਸੋਚ ਸਵੱਛ ਹੈ? 'ਚੂਹੜੇ' ਨੂੰ ਗਾਲੀ ਮੰਨਣ ਵਾਲੇ ਪੰਜਾਬੀ, ਗੁਰੂ ਨਾਨਕ ਦੀ ਸੋਚ ਦੀ ਬੇਅਦਬੀ ਕਰਦੇ ਹਨ। ਇਸ ਦੇਸ਼ ਵਿਚ ਦਲਿਤ ਅਜੇ ਆਜ਼ਾਦ ਨਹੀਂ ਹਨ। ਇਥੇ ਜਾਤ-ਪਾਤ ਦੀਆਂ ਬੇੜੀਆਂ ਦੇ ਭਾਰ ਹੇਠ ਜ਼ਿੰਦਗੀ ਦਾ ਹਰ ਪਲ ਬਤੀਤ ਹੁੰਦਾ ਹੈ। ਦਲਿਤ ਔਰਤਾਂ ਨੂੰ ਅਪਣੇ ਆਪ ਨੂੰ ਵੱਡੀ ਜਾਤ ਦੀ ਹਰ ਨਾਰਾਜ਼ਗੀ ਦੀ ਕੀਮਤ ਚੁਕਾਉਣੀ ਪੈਂਦੀ ਹੈ ਅਤੇ ਸੱਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਆਉਣ ਵਾਲੇ ਸਮੇਂ ਵਿਚ ਬਦਲਾਅ ਦੀ ਉਮੀਦ ਵੀ ਕੋਈ ਨਹੀਂ। ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼ ਵਿਚ ਦਲਿਤਾਂ ਵਿਰੁਧ ਅਪਰਾਧ ਸੱਭ ਤੋਂ ਵੱਧ ਸਨ ਅਤੇ ਹੁਣ ਸਰਕਾਰਾਂ ਬਦਲਣ ਨਾਲ ਅੰਕੜਿਆਂ ਵਿਚ ਵਾਧਾ ਹੀ ਹੁੰਦਾ ਨਜ਼ਰ ਆ ਰਿਹਾ ਹੈ।
ਸੁਧਾਰ ਕਿਸ ਤਰ੍ਹਾਂ ਆਵੇਗਾ? ਕੋਵਿੰਦ ਦੇ ਰਾਸ਼ਟਰਪਤੀ ਬਣਨ ਨਾਲ ਜਾਂ ਮਾਇਆਵਤੀ ਦੀ ਉਨ੍ਹਾਂ ਨੂੰ ਸਿਆਸੀ ਚਾਲ ਵਿਚ ਮਾਤ ਦੇਣ ਦੀ ਕੋਸ਼ਿਸ਼ ਨਾਲ? ਮਾਇਆਵਤੀ ਵੀ ਹੁਣ ਅਪਣੇ ਵਾਸਤੇ ਹੀ ਸਿਆਸਤ ਖੇਡਦੇ ਹਨ ਅਤੇ ਉਨ੍ਹਾਂ ਕਾਂਸ਼ੀ ਰਾਮ ਵਲੋਂ ਚਲਾਈ ਦਲਿਤ ਸੁਧਾਰ ਲਹਿਰ ਨੂੰ ਤਕਰੀਬਨ ਅਪਣੀ ਨਿਜੀ ਸਿਆਸਤ ਬਣਾ ਲਿਆ ਹੈ। ਬਦਲਾਅ ਸ਼ਾਇਦ ਰੋਹਿਤ ਵੇਮੁਲਾ ਵਰਗੇ ਨੌਜਵਾਨ ਲਿਆ ਸਕਦੇ ਹਨ ਪਰ ਤਾਂ ਜੇ ਸਮਾਜ ਉਨ੍ਹਾਂ ਦਾ ਸਾਥ ਦੇਵੇ, ਤਾਕਿ ਉਹ ਅਪਣੇ ਆਪ ਨੂੰ ਜਾਤ-ਪਾਤ ਦੀਆਂ ਬੇੜੀਆਂ ਤੋਂ ਆਜ਼ਾਦ ਕਰਵਾਉਂਦੇ ਕਰਵਾਉਂਦੇ ਥੱਕ ਕੇ ਜੀਵਨ ਤੋਂ ਹੀ ਹਾਰ ਨਾ ਮੰਨ ਲੈਣ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement