
ਪੀ.ਡੀ.ਪੀ. ਦਾ, ਭਾਜਪਾ ਨਾਲ ਗਠਜੋੜ ਕਰ ਕੇ, ਦੋ ਵੱਖ ਵੱਖ ਬੇੜੀਆਂ ਵਿਚ ਸਵਾਰ ਹੋਣ ਦਾ ਫ਼ੈਸਲਾ, ਕਸ਼ਮੀਰ ਵਾਸਤੇ ਸਹੀ ਸਾਬਤ ਨਹੀਂ ਹੋਇਆ।
ਪਿਛਲੇ ਸਾਲ ਪ੍ਰਧਾਨ ਮੰਤਰੀ ਵਲੋਂ ਕਸ਼ਮੀਰ ਵਾਸਤੇ ਐਲਾਨੀ ਗਈ ਰਕਮ ਵਿਚੋਂ ਸਿਰਫ਼ 22% ਰਕਮ ਹੀ ਕਸ਼ਮੀਰ ਵਿਚ ਪੁੱਜੀ ਹੈ। ਇਹ ਪ੍ਰਗਟਾਵਾ ਸੰਸਦ ਦੇ ਇਕ ਪੈਨਲ ਨੇ ਕੀਤਾ ਹੈ ਅਤੇ ਆਖਿਆ ਹੈ ਕਿ ਇਸ ਤਰ੍ਹਾਂ ਦੀ ਹੌਲੀ ਰਫ਼ਤਾਰ ਕਾਰਨ ਜੰਮੂ ਅਤੇ ਕਸ਼ਮੀਰ ਵਿਚ ਕੋਈ ਵਿਕਾਸ ਨਹੀਂ ਹੋ ਸਕਿਆ। ਪੀ.ਡੀ.ਪੀ. ਦਾ, ਭਾਜਪਾ ਨਾਲ ਗਠਜੋੜ ਕਰ ਕੇ, ਦੋ ਵੱਖ ਵੱਖ ਬੇੜੀਆਂ ਵਿਚ ਸਵਾਰ ਹੋਣ ਦਾ ਫ਼ੈਸਲਾ, ਕਸ਼ਮੀਰ ਵਾਸਤੇ ਸਹੀ ਸਾਬਤ ਨਹੀਂ ਹੋਇਆ। ਨਾ ਉਹ ਕਸ਼ਮੀਰੀਆਂ ਨੂੰ ਅਪਣੇ ਨਾਲ ਜੋੜੀ ਰੱਖ ਸਕੇ ਅਤੇ ਨਾ ਵਿਕਾਸ ਹੀ ਕਰ ਸਕੇ।
ਪਾਕਿਸਤਾਨੀ ਕ੍ਰਿਕੇਟਰ ਸ਼ਾਹਿਦ ਅਫ਼ਰੀਦੀ ਅਤੇ ਭਾਰਤੀ ਕ੍ਰਿਕੇਟਰ ਗੌਤਮ ਗੰਭੀਰ ਵਿਚਕਾਰ ਟਵਿੱਟਰ ਉਤੇ ਕਸ਼ਮੀਰ ਬਾਰੇ ਹੋਈ ਝੜਪ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਕਈ ਲੋਕ ਦੂਰ ਬੈਠੇ, ਕਸ਼ਮੀਰ ਬਾਰੇ ਟਿਪਣੀਆਂ ਕਰ ਕੇ ਇਕ-ਦੂਜੇ ਨੂੰ ਨੀਵਾਂ ਵਿਖਾਉਣ ਵਿਚ ਲੱਗੇ ਰਹਿੰਦੇ ਹਨ ਪਰ ਸਮੱਸਿਆ ਦਾ ਅਸਲ ਹੱਲ ਲੱਭਣ ਵਲ ਕੋਈ ਧਿਆਨ ਨਹੀਂ ਦੇਂਦੇ। ਸ਼ਾਹਿਦ ਅਫ਼ਰੀਦੀ ਨੇ ਕਸ਼ਮੀਰ ਵਿਚ ਫ਼ੌਜ ਨੂੰ ਅਤਿਵਾਦੀਆਂ ਪ੍ਰਤੀ ਨਰਮੀ ਵਿਖਾਉਣ ਅਤੇ ਸੰਯੁਕਤ ਰਾਸ਼ਟਰ ਨੂੰ, ਦਹਾਕਿਆਂ ਤੋਂ ਚਲਦੇ ਵਿਵਾਦ ਨੂੰ ਹੱਲ ਕਰਨ ਲਈ ਆਖਿਆ ਹੈ। ਇਕਦਮ ਪਲਟਵਾਰ ਕਰਦਿਆਂ ਗੌਤਮ ਗੰਭੀਰ ਨੇ ਸ਼ਾਹਿਦ ਦਾ ਮਜ਼ਾਕ ਉਡਾਇਆ ਹੈ। ਅਸਲ ਵਿਚ ਗੌਤਮ ਗੰਭੀਰ ਨੇ ਅਪਣੇ ਦਿਲ ਵਿਚ ਵਸੀ ਕਸ਼ਮੀਰੀਆਂ ਪ੍ਰਤੀ ਕਠੋਰਤਾ ਦਾ ਪ੍ਰਦਰਸ਼ਨ ਹੀ ਕੀਤਾ ਹੈ। ਅੱਜ ਕਈ ਲੋਕਾਂ ਨੂੰ ਦੇਸ਼ਪ੍ਰੇਮ ਦਾ ਨਕਲੀ ਬੁਖ਼ਾਰ ਇਸ ਤਰ੍ਹਾਂ ਸਿਰ ਚੜ੍ਹ ਚੁੱਕਾ ਹੈ ਕਿ ਕਸ਼ਮੀਰ ਦੇ ਨਾਗਰਿਕਾਂ ਦੇ ਹੱਕ ਵਿਚ ਬੋਲਣ ਦਾ ਮਤਲਬ ਇਹ ਲਿਆ ਜਾਂਦਾ ਹੈ ਕਿ ਤੁਸੀ ਪਾਕਿਸਤਾਨ ਦੇ ਹੱਕ ਵਿਚ ਬੋਲ ਰਹੇ ਹੋ। ਕਸ਼ਮੀਰੀਆਂ ਦੇ ਹੱਕ ਵਿਚ ਪਾਕਿਸਤਾਨੀਆਂ ਨੂੰ ਬੋਲਣਾ ਪੈ ਰਿਹਾ ਹੈ ਤਾਂ ਇਹ ਸ਼ਰਮ ਵਾਲੀ ਗੱਲ ਹੀ ਤਾਂ ਹੈ।ਜਿਸ ਵਾਰਦਾਤ ਦਾ ਹਵਾਲਾ ਦੇ ਕੇ ਅਫ਼ਰੀਦੀ ਬੋਲੇ, ਉਸ ਵਿਚ 4 ਆਮ ਨਾਗਰਿਕ ਵੀ ਮਾਰੇ ਗਏ ਸਨ। ਉਸ ਦਾ ਦਰਦ ਕਸ਼ਮੀਰ ਵਿਚ ਵੀ ਮਹਿਸੂਸ ਹੋਇਆ ਕਿਉਂਕਿ ਅੱਜ ਕਸ਼ਮੀਰ ਵਿਚ ਤਣਾਅ ਰਿਹਾ ਅਤੇ ਗੁੱਸੇ ਨਾਲ ਭੜਕੀ ਇਕ ਭੀੜ ਨੇ ਸੈਲਾਨੀਆਂ ਅਤੇ ਫ਼ੌਜ ਉਤੇ ਪੱਥਰਬਾਜ਼ੀ ਸ਼ੁਰੂ ਕਰ ਦਿਤੀ। ਆਖ਼ਰ ਜਿਸ ਦੇ ਘਰ ਵਿਚ ਸਾਰੇ ਲੋਕ ਹਰ ਪਲ ਡਰ ਹੇਠ ਜਿਊਂਦੇ ਹੋਣ, ਉਨ੍ਹਾਂ ਨੂੰ ਸੈਲਾਨੀਆਂ ਦੀ ਖ਼ੁਸ਼ੀ ਕਿਵੇਂ ਬਰਦਾਸ਼ਤ ਹੋ ਸਕਦੀ ਹੈ?
ਸੰਯੁਕਤ ਰਾਸ਼ਟਰ ਦੀ ਦਖ਼ਲਅੰਦਾਜ਼ੀ ਦੀ ਮੰਗ ਗ਼ਲਤ ਨਹੀਂ ਪਰ ਭਾਰਤ-ਪਾਕਿਸਤਾਨ ਵਿਚਕਾਰ ਨਹੀਂ, ਬਲਕਿ ਕਸ਼ਮੀਰ ਅਤੇ ਭਾਰਤ ਦੇ ਲੋਕਾਂ ਵਿਚਕਾਰ ਪਈਆਂ ਦਰਾੜਾਂ ਪਹਿਲਾਂ ਖ਼ਤਮ ਕਰਨ ਦੀ ਜ਼ਰੂਰਤ ਹੈ। ਅੱਜ ਕਸ਼ਮੀਰੀਆਂ ਨੂੰ ਅਹਿਸਾਨ ਫ਼ਰਾਮੋਸ਼ ਆਖਿਆ ਜਾ ਰਿਹਾ ਹੈ ਜੋ ਭਾਰਤ ਤੋਂ ਆਜ਼ਾਦੀ ਮੰਗ ਰਹੇ ਹਨ। ਪਰ ਸੱਚ ਇਹ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਗ਼ਲਤ ਮਦਦ ਲੈਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਸਿਆਸਤਦਾਨ ਕਸ਼ਮੀਰ ਨੂੰ ਇਕ ਖੇਡ ਸਮਝਦੇ ਹੋਏ, ਉਥੇ ਜਾ ਕੇ ਤੇ ਕਈ ਵਾਅਦੇ ਕਰ ਕੇ ਅਪਣੀਆਂ ਸੀਟਾਂ ਜਿੱਤ ਲੈਂਦੇ ਹਨ ਪਰ ਅਪਣੇ ਵਾਅਦਿਆਂ ਉਤੇ ਅਮਲ ਨਹੀਂ ਕਰਦੇ। ਪਿਛਲੇ ਸਾਲ ਪ੍ਰਧਾਨ ਮੰਤਰੀ ਵਲੋਂ ਕਸ਼ਮੀਰ ਵਾਸਤੇ ਐਲਾਨੀ ਗਈ ਰਕਮ ਵਿਚੋਂ ਸਿਰਫ਼ 22% ਰਕਮ ਹੀ ਕਸ਼ਮੀਰ ਵਿਚ ਪੁੱਜੀ ਹੈ। ਇਹ ਪ੍ਰਗਟਾਵਾ ਸੰਸਦ ਦੇ ਇਕ ਪੈਨਲ ਨੇ ਕੀਤਾ ਹੈ ਅਤੇ ਆਖਿਆ ਹੈ ਕਿ ਇਸ ਤਰ੍ਹਾਂ ਦੀ ਹੌਲੀ ਰਫ਼ਤਾਰ ਕਾਰਨ ਜੰਮੂ ਅਤੇ ਕਸ਼ਮੀਰ ਵਿਚ ਕੋਈ ਵਿਕਾਸ ਨਹੀਂ ਹੋ ਸਕਿਆ। ਪੀ.ਡੀ.ਪੀ. ਦਾ, ਭਾਜਪਾ ਨਾਲ ਗਠਜੋੜ ਕਰ ਕੇ, ਦੋ ਵੱਖ ਵੱਖ ਬੇੜੀਆਂ ਵਿਚ ਸਵਾਰ ਹੋਣ ਦਾ ਫ਼ੈਸਲਾ, ਕਸ਼ਮੀਰ ਵਾਸਤੇ ਸਹੀ ਸਾਬਤ ਨਹੀਂ ਹੋਇਆ।
Mehbooba Army
ਨਾ ਉਹ ਕਸ਼ਮੀਰੀਆਂ ਨੂੰ ਅਪਣੇ ਨਾਲ ਜੋੜੀ ਰੱਖ ਸਕੇ ਅਤੇ ਨਾ ਵਿਕਾਸ ਹੀ ਕਰ ਸਕੇ।ਪਿਛਲੇ 15 ਸਾਲਾਂ ਵਿਚ ਕਸ਼ਮੀਰ ਅੰਦਰ 318 ਬੱਚੇ ਮਾਰੇ ਜਾ ਚੁੱੱਕੇ ਹਨ, ਜਿਨ੍ਹਾਂ ਵਿਚੋਂ ਸੱਭ ਤੋਂ ਛੋਟਾ 10 ਮਹੀਨਿਆਂ ਦਾ ਸੀ। 144 ਫ਼ੌਜ ਅਤੇ ਪੁਲਿਸ ਵਲੋਂ ਮਾਰੇ ਗਏ ਸਨ, 12 ਅਤਿਵਾਦੀਆਂ ਹੱਥੋਂ ਅਤੇ 147 ਦੇ ਕਾਤਲਾਂ ਦੀ ਪਛਾਣ ਨਹੀਂ ਹੋ ਸਕੀ। ਸੈਂਕੜੇ ਨੌਜੁਆਨ ਬੱਚੇ ਬੱਚੀਆਂ ਅਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਹਨ। ਕਸ਼ਮੀਰ ਵਿਚ ਨੌਜਵਾਨਾਂ ਦੀ ਇਕ ਅਜਿਹੀ ਪੀੜ੍ਹੀ ਵੱਡੀ ਹੋ ਰਹੀ ਹੈ ਜਿਸ ਨੇ ਕਦੇ ਸ਼ੱਕ-ਰਹਿਤ, ਆਜ਼ਾਦ ਹਵਾ ਵਿਚ ਸਾਹ ਹੀ ਨਹੀਂ ਲਿਆ। ਹਰ ਪਲ ਫ਼ੌਜ ਦੀ ਬੰਦੂਕ ਦੇ ਸਾਏ ਹੇਠ ਜੀਵਨ ਬਤੀਤ ਕਰਦਿਆਂ, ਉਹ ਪਾਕਿਸਤਾਨ ਤੋਂ ਆਉਣ ਵਾਲੀਆਂ ਤੱਤੀਆਂ ਹਵਾਵਾਂ ਦੇ ਸੇਕ ਦੇ ਅਸਰ ਹੇਠ, ਭਾਰਤ ਤੋਂ ਮੂੰਹ ਫੇਰ ਲੈਂਦੇ ਹਨ। ਕੁੱਝ ਅਜਿਹੇ ਵੀ ਹਨ ਜੋ ਭਾਰਤ ਦੇ ਬਾਕੀ ਸੂਬਿਆਂ ਵਿਚ ਪੜ੍ਹਾਈ ਕਰਨ ਆਉਂਦੇ ਹਨ ਪਰ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਉਨ੍ਹਾਂ ਨੂੰ ਸਰਕਾਰ ਵਲੋਂ ਵਾਅਦੇ ਅਨੁਸਾਰ ਦਿਤੀ ਆਰਥਕ ਮਦਦ ਨਾ ਦੇ ਕੇ ਸੜਕ ਤੇ ਸੁੱਟ ਦਿਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੀ ਕ੍ਰਿਕਟ ਟੀਮ ਵਲੋਂ ਵਿਖਾਈ ਚੰਗੀ ਖੇਡ ਦੀ ਪ੍ਰਸ਼ੰਸਾ ਕਰਨ ਤੇ ਦੇਸ਼ਧ੍ਰੋਹੀ ਆਖਿਆ ਜਾਂਦਾ ਹੈ।ਉਨ੍ਹਾਂ ਦੇ ਹੱਕ ਵਿਚ ਆਵਾਜ਼ ਉੱਚੀ ਕਰਨ ਵਾਲੇ ਪੱਤਰਕਾਰ ਜਾਂ ਮੀਡੀਆ ਨੂੰ ਦੇਸ਼ਧ੍ਰੋਹੀ ਕਰਾਰ ਦਿਤਾ ਜਾਂਦਾ ਹੈ। ਕਿਸੇ ਮਾਸੂਮ ਨਾਗਰਿਕ ਨੂੰ ਅਪਣੀ ਮਨੁੱਖੀ ਢਾਲ ਬਣਾਉਣ ਵਾਲੇ ਫ਼ੌਜੀ ਦੀ ਸ਼ਲਾਘਾ ਕੀਤੀ ਜਾਂਦੀ ਹੈ। ਫਿਰ ਸਾਰਾ ਭਾਰਤ ਸਵਾਲ ਪੁਛਦਾ ਹੈ ਕਿ ਕਸ਼ਮੀਰ ਦੇ ਨੌਜਵਾਨ ਅਤਿਵਾਦੀ ਬਣਨਾ ਕਿਉਂ ਚੁਣ ਰਹੇ ਹਨ? ਇਹ ਉਨ੍ਹਾਂ ਦੀ ਚੋਣ ਨਹੀਂ, ਉਨ੍ਹਾਂ ਦੀ ਹਾਰ ਹੈ। ਉਨ੍ਹਾਂ ਮਾਪਿਆਂ ਤੋਂ ਪੁੱਛੋ ਜੋ ਹਰ ਰੋਜ਼ ਅਪੀਲਾਂ ਕਰਦੇ ਹਨ ਕਿ ਬੱਚੇ ਵਾਪਸ ਪਰਤ ਆਉਣ। ਸਰਕਾਰ ਵਲੋਂ ਇਕ ਚੰਗਾ ਕਦਮ ਜ਼ਰੂਰ ਪੁਟਿਆ ਗਿਆ ਹੈ ਅਤੇ ਪਹਿਲੀ ਵਾਰੀ ਪੱਥਰਬਾਜ਼ੀ ਕਰਨ ਵਾਲੇ 4 ਨਾਗਰਿਕਾਂ ਨੂੰ ਮਾਫ਼ ਕੀਤਾ ਗਿਆ ਹੈ ਪਰ ਕੀ ਇਹ ਇਕ ਕਦਮ ਅਨੇਕਾਂ ਗ਼ਲਤੀਆਂ ਦਾ ਸੁਧਾਰ ਕਰ ਸਕਦਾ ਹੈ?
ਸ਼ਾਇਦ ਕਿਸੇ ਸਿਆਣੇ ਨੂੰ ਵਿਚ ਬਿਠਾ ਕੇ, ਕਸ਼ਮੀਰ ਅਤੇ ਬਾਕੀ ਭਾਰਤ ਵਿਚਕਾਰ ਰਿਸ਼ਤੇ ਠੀਕ ਕਰਵਾਉਣਾ ਬੁਰੀ ਗੱਲ ਨਹੀਂ ਕਿਉਂਕਿ ਸਾਡੀਆਂ ਅਪਣੀਆਂ ਸਾਰੀਆਂ ਕੋਸ਼ਿਸ਼ਾਂ ਤਾਂ ਹਾਰ ਹੀ ਚੁਕੀਆਂ ਹਨ। -ਨਿਮਰਤ ਕੌਰ