ਸਿੱਖ ਕੌਮ ਸਿਆਸਤਦਾਨਾਂ ਦੀ ਮੁੱਠੀ ਵਿਚ ਬੰਦ!
Published : May 5, 2018, 10:30 am IST
Updated : May 5, 2018, 10:30 am IST
SHARE ARTICLE
sikh
sikh

ਬਾਕੀ ਕੌਮਾਂ ਦੇ ਵਿਦਵਾਨ ਤੇ ਖੋਜੀ ਲੋਕ ਉਨ੍ਹਾਂ ਮਸਲਿਆਂ ਦਾ ਹੱਲ ਲਭਦੇ ਹਨ ਤੇ ਖੋਜ ਕਰ ਕੇ ਤੱਥ ਪੇਸ਼ ਕਰਦੇ ਹਨ

ਸਿੱਖ ਕੌਮ ਦੀ ਹਾਲਤ ਬੜੀ ਅਜੀਬ ਜਹੀ ਬਣੀ ਹੋਈ ਹੈ। ਬਾਕੀ ਕੌਮਾਂ ਵਾਂਗ ਇਸ ਦੇ ਅਪਣੇ ਮਸਲੇ ਵੀ ਉਠਦੇ ਰਹਿੰਦੇ ਹਨ। ਬਾਕੀ ਕੌਮਾਂ ਦੇ ਵਿਦਵਾਨ ਤੇ ਖੋਜੀ ਲੋਕ ਉਨ੍ਹਾਂ ਮਸਲਿਆਂ ਦਾ ਹੱਲ ਲਭਦੇ ਹਨ ਤੇ ਖੋਜ ਕਰ ਕੇ ਤੱਥ ਪੇਸ਼ ਕਰਦੇ ਹਨ। ਸਿੱਖਾਂ ਦੇ ਮਾਮਲਿਆਂ ਵਿਚ, ਵਿਦਵਾਨਾਂ ਦੀ ਵੁੱਕਤ ਹੀ ਕੋਈ ਨਹੀਂ ਰਹਿਣ ਦਿਤੀ ਗਈ ਹੋਈ। ਜਿਹੜਾ ਬੋਲੇ, ਉਸ ਨੂੰ ਅਕਾਲ ਤਖ਼ਤ ਦੇ 'ਥਾਣੇਦਾਰਾਂ' ਵਲੋਂ ਦਬਕਾ ਮਾਰ ਕੇ ਬਿਠਾ ਦਿਤਾ ਜਾਂਦਾ ਹੈ।
ਡਾ. ਪਿਆਰ ਸਿੰਘ ਨੇ ਅਕਾਲ ਤਖ਼ਤ ਦੇ ਪੁਜਾਰੀਆਂ ਅੱਗੇ ਜਾ ਸਿਰ ਨਿਵਾਇਆ ਤੇ ਹੱਥ ਜੋੜ ਕੇ ਆਖਿਆ, ''ਮੈਨੂੰ ਦਸ ਤਾਂ ਦਿਉ, ਮੇਰੇ ਕੋਲੋਂ ਗ਼ਲਤੀ ਕੀ ਹੋ ਗਈ ਏ?'' ਇਕ ਕਮੇਟੀ ਇਹ ਜਾਣਨ ਲਈ ਬਣਾ ਦਿਤੀ ਗਈ ਕਿ ਖੋਜ ਕਰ ਕੇ ਦੱਸੇ, ਪ੍ਰੋ. ਪਿਆਰ ਸਿੰਘ ਨੇ 'ਗ਼ਲਤੀ' ਕੀ ਕੀਤੀ ਸੀ? ਉਸ ਵਿਚਾਰੇ ਤੋਂ ਮਾਫ਼ੀ ਤਾਂ ਪਹਿਲਾਂ ਮੰਗਵਾ ਲਈ ਗਈ ਤੇ 'ਗ਼ਲਤੀ' ਲੱਭਣ ਵਾਲੀ ਕਮੇਟੀ ਦੀ ਮੀਟਿੰਗ ਅੱਜ ਤਕ ਨਹੀਂ ਹੋਈ¸ਭਾਵੇਂ ਕਿ ਡਾ. ਪਿਆਰ ਸਿੰਘ ਚਲਾਣਾ ਵੀ ਕਰ ਗਏ।
ਗੁਰੂ ਨਾਨਕ ਯੂਨੀਵਰਸਟੀ ਦੇ ਗੁਰੂ ਨਾਨਕ ਸਿੱਖ ਸਟੱਡੀਜ਼ ਡੀਪਾਰਟਮੈਂਟ ਦੇ ਸਾਬਕਾ ਮੁਖੀ ਡਾ. ਗੁਰਸ਼ਰਨਜੀਤ ਸਿੰਘ, ਵਿਦਵਾਨਾਂ ਪ੍ਰਤੀ ਅੰਬਰਸਰ ਦੇ 'ਧਰਮੀ ਬਾਬਲਾਂ' ਦਾ ਰਵਈਆ ਵੇਖ ਕੇ ਏਨੇ ਦੁਖੀ ਹੋ ਗਏ ਕਿ ਅੱਜ ਉਹ 'ਵਿਦਵਾਨੀ' ਕਰਨ ਦੀ ਬਜਾਏ, ਕੈਨੇਡਾ ਵਿਚ ਬੱਸ ਡਰਾਈਵਰੀ ਕਰਨੀ ਜ਼ਿਆਦਾ ਚੰਗੀ ਸਮਝਦੇ ਹਨ। ਇਹੋ ਜਹੀਆਂ ਮਿਸਾਲਾਂ ਸੈਂਕੜਿਆਂ ਵਿਚ ਦਿਤੀਆਂ ਜਾ ਸਕਦੀਆਂ ਹਨ। ਨਤੀਜੇ ਵਜੋਂ ਆਜ਼ਾਦ ਸਿੱਖ ਵਿਦਵਾਨਾਂ ਦੀ ਨਸਲ ਹੀ ਖ਼ਤਮ ਹੋਣ ਤੇ ਆ ਗਈ ਹੈ। ਦੂਜੇ ਤੀਜੇ ਦਰਜੇ ਦੇ 'ਵਿਦਵਾਨ' 'ਧਰਮੀ ਬਾਬਲਾਂ' ਦੀ ਛਤਰੀ ਹੇਠ ਜਾ ਕੇ ਉਂਜ ਹੀ ਵਿਦਵਾਨ ਹੋਣ ਦਾ ਹੱਕ ਗਵਾ ਬੈਠਦੇ ਹਨ।
ਕਦੇ ਕਦੇ ਵਿਦਵਾਨਾਂ ਦੀ ਗੱਲ ਮੰਨ ਲੈਣ ਦਾ ਦਾਅਵਾ ਵੀ ਕੀਤਾ ਜਾਂਦਾ ਹੈ। ਮਿਸਾਲ ਵਜੋਂ ਨਾਨਕਸ਼ਾਹੀ ਕੈਲੰਡਰ ਵਿਦਵਾਨਾਂ ਨੇ, ਲੰਮੀ ਜੱਦੋਜਹਿਦ ਮਗਰੋਂ, ਸ਼੍ਰੋਮਣੀ ਕਮੇਟੀ ਤੋਂ ਪਾਸ ਕਰਵਾ ਲਿਆ, ਅਕਾਲ ਤਖ਼ਤ ਤੋਂ 2003 ਵਿਚ ਲਾਗੂ ਵੀ ਕਰਵਾ ਦਿਤਾ ਪਰ 2010 ਵਿਚ ਚੁੱਪਚਾਪ 'ਸੰਗਰਾਂਦ ਮਸਿਆ ਬਰੀਗੇਡ' ਨੇ ਸਿਆਸਤਦਾਨਾਂ ਨਾਲ ਗਠਜੋੜ ਕਰ ਕੇ, ਉਸ ਦੀ ਥਾਂ ਨਵਾਂ 'ਬਿਕਰਮੀ ਨਾਨਕਸ਼ਾਹੀ ਕੈਲੰਡਰ' ਲਾਗੂ ਕਰਵਾ ਦਿਤਾ। ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ। ਕੀ ਰਹਿ ਗਈ ਵਿਦਵਾਨਾਂ ਦੀ? ਇਥੇ ਤਾਂ ਵੋਟਾਂ ਤੇ ਨੋਟਾਂ ਵਾਲੇ ਅਨਪੜ੍ਹ ਸਾਧ ਜ਼ਿਆਦਾ ਮਹੱਤਵ ਰਖਦੇ ਹਨ ਜੋ ਸਿਆਸਤਦਾਨਾਂ ਨੂੰ ਉਂਗਲੀਆਂ ਤੇ ਨਚਾਉਣਾ ਖ਼ੂਬ ਜਾਣਦੇ ਹਨ।
ਅਤੇ ਹੁਣ ਮਸਲਾ ਉਠ ਖੜਾ ਹੋਇਆ ਹੈ, ਸਕੂਲੀ ਕਿਤਾਬਾਂ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਦਾ, ਗ਼ਲਤ ਸ਼ਬਦਾਵਲੀ ਦਾ (ਜਿਵੇਂ ਸ਼ਹੀਦੀ ਨੂੰ 'ਫਾਹੇ ਲਾ ਦਿਤਾ' ਲਿਖਣਾ) ਅਤੇ ਆਨੇ ਬਹਾਨੇ ਭਗਵੀਂ ਸੋਚ ਦੀ ਛਾਪ ਬੱਚਿਆਂ ਦੇ ਦਿਲੋ ਦਿਮਾਗ਼ ਤੇ ਬਿਠਾ ਦੇਣ ਦੇ ਯਤਨਾਂ ਦਾ, ਤਾਂ ਵਿਦਵਾਨ ਬਿਲਕੁਲ ਚੁਪ ਹਨ ਤੇ ਕਾਵਾਂ ਰੌਲੀ ਚਾਰੇ ਪਾਸੇ ਤੋਂ ਕੇਵਲ ਸਿਆਸਤਦਾਨਾਂ ਦੀ ਹੀ ਸੁਣਾਈ ਦੇ ਰਹੀ ਹੈ। ਸਿਆਸਤਦਾਨ ਜਦੋਂ ਬੋਲਦੇ ਹਨ ਤਾਂ ਸੱਚ ਨੂੰ ਉਜਾਗਰ ਕਰਨ ਲਈ ਨਹੀਂ ਬੋਲਦੇ, ਅਪਣੇ ਰਾਜਸੀ ਹਿਤਾਂ ਨੂੰ ਸੁਰੱਖਿਅਤ ਕਰਨ ਲਈ ਹੀ ਬੋਲਦੇ ਹਨ। ਉਹ ਸੌਦਾ ਸਾਧ ਕੋਲ ਵੀ ਮੱਥੇ ਟੇਕਣ ਜਾਂਦੇ ਹਨ, ਆਸਾਰਾਮ ਨੂੰ ਪੰਥਕ ਸਟੇਜਾਂ ਦਾ ਹੀਰੋ ਬਣਾ ਕੇ ਖ਼ੁਸ਼ ਹੁੰਦੇ ਰਹੇ ਹਨ ਤੇ 'ਹਿੰਦੁਤਵ' ਵਾਲਿਆਂ ਦੇ ਜਨਮ ਜਨਮ ਦੇ ਸਾਥੀ ਵੀ ਬਣੇ ਹੋਏ ਹਨ ਪਰ ਜਦ ਕਿਸੇ ਵਿਰੋਧੀ ਵਿਰੁਧ ਗੋਲੀਬਾਰੀ ਕਰਨ ਲਗਦੇ ਹਨ ਤਾਂ ਇਹੀ ਪ੍ਰਗਟ ਕਰਦੇ ਹਨ ਕਿ 'ਪੰਥ' ਦਾ ਉਨ੍ਹਾਂ ਤੋਂ ਵੱਡਾ ਹਿਤੈਸ਼ੀ ਹੋਰ ਕੋਈ ਹੋ ਹੀ ਨਹੀਂ ਸਕਦਾ। 'ਗੁਰਬਿਲਾਸ ਪਾਤਸ਼ਾਹੀ 6' ਤੋਂ ਲੈ ਕੇ ਦਰਜਨਾਂ ਕਿਤਾਬਾਂ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਵਿਦਵਾਨਾਂ ਨੇ ਹੀ ਦਸਿਆ ਸੀ ਕਿ ਇਹ ਗੁਰੂਆਂ ਦਾ ਅਪਮਾਨ ਕਰਨ ਵਾਲੀਆਂ ਹਨ, ਇਨ੍ਹਾਂ ਉਤੇ ਪਾਬੰਦੀ ਲਾ ਦਿਉ¸ਪਰ ਇਨ੍ਹਾਂ ਦੇ ਮੱਥੇ ਤੇ ਸ਼ਿਕਨ ਵੀ ਨਹੀਂ ਸੀ ਪਈ ਤੇ ਵਿਦਵਾਨਾਂ ਨੂੰ ਇਨ੍ਹਾਂ ਨੇ ਜੁੱਤੀ ਵਿਖਾ ਕੇ ਘਰ ਭੇਜ ਦਿਤਾ ਸੀ।
ਪਰ ਚਲੋ ਸਿਆਸਤਦਾਨ ਤਾਂ ਇਹੋ ਜਹੇ ਹੀ ਹੁੰਦੇ ਹਨ। ਅਸਲ ਸੋਚਣ ਵਾਲੀ ਗੱਲ ਇਹ ਹੈ ਕਿ ਜਦ 'ਹਿੰਦੂਤਵਾ' ਵਾਲੇ, ਮੁਸਲਮਾਨਾਂ ਵਿਰੁਧ ਛੁਰੀਆਂ ਤਿੱਖੀਆਂ ਕਰੀ ਬੈਠੇ ਹਨ ਤੇ ਸਿੱਖਾਂ ਸਮੇਤ ਬਾਕੀ ਦੀਆਂ ਘੱਟ-ਗਿਣਤੀਆਂ ਨੂੰ ਮਿੱਠੀਆਂ ਜੱਫ਼ੀਆਂ ਵਿਚ ਲੈ ਕੇ ਉਹੀ ਕੁੱਝ ਕਰ ਰਹੇ ਹਨ ਅਰਥਾਤ 'ਹਿੰਦੂ ਭਾਰਤ' ਦਾ ਏਜੰਡਾ ਲਾਗੂ ਕਰਨ ਦਾ ਯਤਨ ਕਰ ਰਹੇ ਹਨ ਤਾਂ ਇਸ ਸਥਿਤੀ ਤੋਂ ਬਚਣ ਲਈ ਕੀਤਾ ਕੀ ਜਾਏ? ਲੱਖ ਯਤਨ ਕਰ ਲਉ, ਜੇ ਸਿਆਸਤਦਾਨਾਂ ਕੋਲੋਂ ਕੁੱਝ ਆਸ ਰਖਦੇ ਹੋ ਤਾਂ ਬੜੇ ਭੋਲੇ ਹੋ। ਪਰ ਕਬਜ਼ਾ ਹਰ ਥਾਂ ਸਿਆਸਤਦਾਨਾਂ ਦਾ ਹੀ ਹੈ ਤੇ ਕੋਈ ਥਾਂ ਉਨ੍ਹਾਂ ਕੋਲੋਂ ਬਚੀ ਰਹਿ ਹੀ ਨਹੀਂ ਗਈ। ਉਹ ਰੌਲਾ ਗੌਲਾ ਪਾ ਕੇ ਤੁਹਾਡੇ ਜਜ਼ਬਾਤ ਨੂੰ ਉਭਾਰਨ ਵਿਚ ਬਹੁਤ ਮਾਹਰ ਹੁੰਦੇ ਹਨ ਪਰ ਪ੍ਰਾਪਤ ਵੀ ਕੱਖ ਨਹੀਂ ਹੋਣ ਦੇਂਦੇ। ਜਦੋਂ ਉਨ੍ਹਾਂ ਨੂੰ ਮੁਆਫ਼ਕ ਬੈਠਦਾ ਹੈ, ਉਹ ਸ਼ੇਰ ਨਾਲੋਂ ਉੱਚੀ ਦਹਾੜ ਮਾਰਨ ਲੱਗ ਜਾਣਗੇ ਤੇ ਜਦੋਂ ਉਨ੍ਹਾਂ ਨੂੰ ਚੁੱਪ ਰਹਿਣ ਵਿਚ ਫ਼ਾਇਦਾ ਮਹਿਸੂਸ ਹੋਇਆ, ਉਹ ਭਿੱਜੀ ਬਿੱਲੀ ਵਾਂਗ ਚੁਪ ਕਰ ਜਾਣਗੇ ਤੇ ਫਿਰ ਪੰਥ ਦਾ ਨਾਂ ਵੀ ਜ਼ੁਬਾਨ ਤੇ ਨਹੀਂ ਆਉਣ ਦੇਣਗੇ।
ਫਿਰ ਸਿੱਖ ਮਸਲਿਆਂ ਦਾ ਹੱਲ ਕੀ ਨਿਕਲੇ? ਜੇ ਸਿਆਸਤਦਾਨਾਂ ਤੋਂ ਵੀ ਉਮੀਦ ਨਾ ਰੱਖੀ ਜਾਏ, ਗੋਲ ਪੱਗਾਂ ਵਾਲਿਆਂ ਵਲ ਵੀ ਨਾ ਵੇਖਿਆ ਜਾਏ ਤਾਂ ਫਿਰ ਵੇਖਿਆ ਕਿਧਰ ਜਾਏ? ਸਾਡਾ ਜਵਾਬ ਹੈ ਕਿ ਸਕੂਲ ਬੋਰਡ ਦੀਆਂ ਕਿਤਾਬਾਂ ਦੇ ਮਾਮਲੇ ਵਿਚ ਵੀ ਤੁਹਾਨੂੰ ਕੁੱਝ ਨਹੀਂ ਸੀ ਪਤਾ ਲਗਣਾ ਜੇ ਕੁੱਝ ਪਬਲਿਸ਼ਰ, ਜਿਨ੍ਹਾਂ ਦੀਆਂ ਕਿਤਾਬਾਂ ਦੀ ਵਿਕਰੀ ਬੰਦ ਹੋ ਗਈ ਸੀ ਤੇ ਸਰਕਾਰ ਆਪ ਕਿਤਾਬਾਂ ਛਾਪਣ ਲੱਗੀ ਸੀ, ਉਹ ਤੁਹਾਨੂੰ 'ਅੰਦਰ ਦੀ ਗੱਲ' ਵਧਾ ਚੜ੍ਹਾ ਕੇ ਨਾ ਦਸਦੇ। ਉਨ੍ਹਾਂ ਵਧਾ ਚੜ੍ਹਾ ਕੇ ਦਸਣਾ ਹੀ ਸੀ ਕਿਉਂਕਿ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਜਾ ਰਿਹਾ ਸੀ। ਉਹ ਮਹਿੰਗੀਆਂ ਪਰ ਹਲਕੀਆਂ ਗਾਈਡਾਂ ਛਾਪ ਕੇ ਖ਼ੂਬ ਤਜੋਰੀਆਂ ਭਰ ਰਹੇ ਸਨ ਤੇ ਆਪ ਇਹੀ ਕੁੱਝ ਛਾਪ ਰਹੇ ਸਨ।
ਤੁਹਾਡੇ ਕੋਲ ਪੰਥਕ ਸੋਚ ਵਾਲੇ ਵਿਦਵਾਨਾਂ ਦਾ ਇਕ ਨਿਰਪੱਖ ਬੋਰਡ ਹੋਣਾ ਚਾਹੀਦੈ ਜਿਸ ਕੋਲ ਅਪਣਾ ਦਫ਼ਤਰ ਤੇ ਸਕੱਤਰੇਤ ਹੋਵੇ ਤੇ ਉਹ ਕਿਸੇ ਪਬਲਿਸ਼ਰ ਤੋਂ ਲੈ ਕੇ ਨਹੀਂ, ਅਪਣੇ ਸ੍ਰੋਤਾਂ ਕੋਲੋਂ ਹਰ ਥਾਂ ਦੀ ਸੂਚਨਾ, ਆਪ ਹਰ ਵੇਲੇ ਇਕੱਤਰ ਕਰਦਾ ਰਹਵੇ ਤੇ ਕੌਮ ਨੂੰ ਜਾਗਰੂਕ ਕਰਦਾ ਰਹੇ। ਜਦ ਇਹ ਬੋਰਡ ਦੋ-ਤਿੰਨ ਸੂਚਨਾਵਾਂ ਹੀ ਪ੍ਰਾਪਤ ਕਰ ਕੇ ਸਾਜ਼ਸ਼ ਨੂੰ ਨੰਗਿਆਂ ਕਰੇਗਾ ਤਾਂ ਇਸ ਕੋਲ ਅਪਣੇ ਆਪ ਅੰਦਰ ਦੀਆਂ ਗੱਲਾਂ ਦੇ ਢੇਰ ਲੱਗ ਜਾਣਗੇ। ਹਾਂ, ਇਸ ਬੋਰਡ ਦੇ ਵਿਦਵਾਨ ਮੈਂਬਰ ਪੂਰੀ ਤਰ੍ਹਾਂ ਨਿਰਪੱਖ ਹੋਣੇ ਚਾਹੀਦੇ ਹਨ ਜੋ ਨਾ ਕਾਂਗਰਸ ਵਲ ਝਾਕਣ, ਨਾ ਅਕਾਲੀਆਂ ਤੋਂ ਡਰਨ, ਨਾ ਸ਼੍ਰੋਮਣੀ ਕਮੇਟੀ ਤੇ ਨਾ ਹੀ ਅਕਾਲ ਤਖ਼ਤ ਤੋਂ। ਉਹ ਕੇਵਲ ਪੰਥ-ਪ੍ਰਸਤ ਹੋਣੇ ਚਾਹੀਦੇ ਹਨ ਤੇ ਪੰਥ ਦੇ ਬਾਜ਼ ਬਣ ਕੇ ਹਰ ਸਾਜ਼ਸ਼ ਦਾ ਆਪ ਪਤਾ ਲਾਉਣ ਅਤੇ ਉਸ ਦੇ ਅੰਤਰੀਵ (ਗੁੱਝੇ) ਭਾਵ ਸਮਝਣ ਦੇ ਸਮਰੱਥ ਹੋਣੇ ਚਾਹੀਦੇ ਹਨ। ਵੇਖੋ ਫਿਰ ਕੌਣ ਹਿੰਮਤ ਕਰਦਾ ਹੈ ਸਿੱਖਾਂ ਨਾਲ ਪੰਗਾ ਲੈਣ ਦੀ। 'ਉੱਚਾ ਦਰ ਬਾਬੇ ਨਾਨਕ ਦਾ' ਵਿਚ ਅਸੀ ਅਜਿਹਾ ਪ੍ਰਬੰਧ ਪੱਕੇ ਤੌਰ ਤੇ ਕਰਨ ਜਾ ਰਹੇ ਹਾਂ ਪਰ ਜੇ ਉਸ ਤੋਂ ਪਹਿਲਾਂ ਵੀ ਨਿਰਪੱਖ ਤੇ ਪੰਥਕ ਵਿਦਵਾਨਾਂ ਦਾ ਬੋਰਡ ਬਣ ਸਕੇ ਤਾਂ ਸਿਆਸਤਦਾਨਾਂ, ਸਾਜ਼ਸ਼ੀਆਂ ਤੇ ਸਿੱਖ ਵਿਰੋਧੀਆਂ ਦੀਆਂ ਚਾਲਾਂ ਨੂੰ ਨਾਕਾਮ ਕਰਨ ਦਾ ਇਸ ਤੋਂ ਚੰਗਾ ਢੰਗ ਹੋਰ ਕੋਈ ਨਹੀਂ ਹੋ ਸਕਦਾ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement