
ਪੰਥਕ ਵੋਟ ਦੇ ਕਾਬਲ ਸਿਰਫ਼ ਸਰਬਜੀਤ ਸਿੰਘ ਖ਼ਾਲਸਾ ਨੂੰ ਮੰਨਿਆ ਗਿਆ
Editorial: ਚੋਣਾਂ ਖ਼ਤਮ ਤਾਂ ਹੋ ਗਈਆਂ ਨੇ ਪਰ ਅਜੇ ਇਸ ਸਵਾਲ ਦਾ ਜਵਾਬ ਆਉਣਾ ਬਾਕੀ ਹੈ ਕਿ ਪ੍ਰਧਾਨ ਮੰਤਰੀ ਕੌਣ ਬਣੇਗਾ ? ਹੁਣ ਸਿਰਫ਼ 30 ਦਾ ਅੰਕੜਾ ਤਹਿ ਕਰੇਗਾ ਕਿ ਪ੍ਰਧਾਨ ਮੰਤਰੀ ਕਿਹੜੀ ਪਾਰਟੀ ਦਾ ਹੋਵੇਗਾ ਤੇ ਇਹ ਚਾਬੀ ਨਿਤੀਸ਼ ਕੁਮਾਰ ਅਤੇ ਚੰਦਰ ਬਾਬੂ ਨਾਇਡੂ ਕੋਲ ਹੈ। ਇਨ੍ਹਾਂ ਦੋਵਾਂ ਦੀ ਸਿਆਸੀ ਤਾਕਤ ਵੀ ਅਸਲ ਨਾਲੋਂ ਦੁਗਣੀ ਹੋ ਗਈ ਹੈ ਤੇ ਲੋਕਾਂ ਨੇ ਇਨ੍ਹਾਂ ਨੂੰ ਸਮਰਥਨ ਦੇ ਕੇ ਇਨ੍ਹਾਂ ਦੇ ਕਿਲ੍ਹੇ ਮਜ਼ਬੂਤ ਬਣਾਈ ਰੱਖੇ ਹਨ।
ਪਰ ਸਾਡੇ ਪੰਜਾਬ ਨੇ ਜੋ ਫ਼ੈਸਲਾ ਦਿਤਾ ਹੈ ਉਹ ਬੜੇ ਵਖਰੇ ਸੰਦੇਸ਼ ਦੇ ਰਿਹਾ ਹੈ। ਜਿਸ ਮਿਤੀ ਨੂੰ ਵੋਟਾਂ ਪਈਆਂ, 40 ਸਾਲ ਪਹਿਲਾਂ, ਉਸੇ ਮਿਤੀ ਨੂੰ ਸਵੇਰੇ 4 ਵਜੇ, 1984 ਵਿਚ ਇੰਦਰਾ ਨੇ ਹਮਲਾ ਕੀਤਾ ਤੇ ਕਈਆਂ ਵਲੋਂ ਕਾਂਗਰਸ ਵਿਰੁਧ ਇਸੇ ਗੱਲ ਨੂੰ ਲੈ ਕੇ ਪ੍ਰਚਾਰ ਵੀ ਕੀਤਾ ਗਿਆ। ਖ਼ਾਸ ਕਰ ਕੇ ਅਕਾਲੀ ਦਲ ਦੀ ਦਲੀਲ ਇਹੀ ਸੀ ਪਰ ਅਕਾਲੀ ਦਲ (ਬਾਦਲ) ਸਿਰਫ਼ 13.42% ਵੋਟ ਲੈ ਸਕਿਆ ਜਦਕਿ ਕਾਂਗਰਸ ਸਾਰੇ ਪੰਜਾਬ 'ਚ ਸੱਭ ਤੋਂ ਵੱਧ ਵੋਟਾਂ ਲੈਣ ਵਿਚ ਕਾਮਯਾਬ ਹੋਈ ਤੇ 26.30% ਵੋਟ ਸ਼ੇਅਰ ਲੈ ਸਕੀ ਜੋ ਕਿ ‘ਆਪ’ ਦੀ ਵੋਟ ਤੋਂ ਸਿਰਫ਼ .2% ਹੀ ਘੱਟ ਸੀ।
ਪੰਥਕ ਵੋਟ ਦੇ ਕਾਬਲ ਸਿਰਫ਼ ਸਰਬਜੀਤ ਸਿੰਘ ਖ਼ਾਲਸਾ ਨੂੰ ਮੰਨਿਆ ਗਿਆ ਤੇ ਅੰਮ੍ਰਿਤਪਾਲ ਦੇ ਪ੍ਰਚਾਰ ਵਿਚ ਲੱਗੀ ਬੀਬੀ ਖਾਲੜਾ ਨੇ ਵੀ ਉਸ ਨੂੰ ਜੇਲ ਵਿਚ ਬੈਠਿਆਂ ਹੀ ਜਿਤਾ ਦਿਤਾ। ਜੇ ਅੰਮ੍ਰਿਤਪਾਲ ਸਿੰਘ ਨੂੰ ਡਿਬੜੂਗੜ੍ਹ ਜੇਲ੍ਹ ਵਿਚ ਐਨਐਸਏ ਹੇਠ ਨਾ ਰਖਿਆ ਹੁੰਦਾ ਤੇ ਇਕ ਆਮ ਪੰਜਾਬੀ ਵਾਂਗ ਪੰਜਾਬ ਵਿਚ ਉਸ ਵਿਰੁਧ ਮਾਮਲਾ ਦਰਜ ਹੁੰਦਾ ਤਾਂ ਨਤੀਜਾ ਹੋਰ ਹੋਣਾ ਸੀ।
ਚਰਚਾਵਾਂ ਬੜੀਆਂ ਹਨ ਕਿ ਅੰਮ੍ਰਿਤਪਾਲ ਨੂੰ ਸੋਚ ਸਮਝ ਕੇ ਇਸ ਲਈ ਤਿਆਰ ਕੀਤਾ ਗਿਆ ਪਰ ਇਹ ਹੁਣ ਸਮਾਂ ਹੀ ਤਹਿ ਕਰੇਗਾ ਕਿ ਸੱਚ ਕੀ ਹੈ। ਅਕਾਲੀ ਪਾਰਟੀ (ਬਾਦਲ) ਸਾਰੀਆਂ ਪਾਰਟੀਆਂ ਤੇ ਅਪਣੀ ਪੁਰਾਣੀ ਭਾਈਵਾਲ ਭਾਜਪਾ ਦੇ 18.56% ਦੇ ਵੋਟ ਸ਼ੇਅਰ ਤੋਂ ਵੀ ਘੱਟ 'ਤੇ ਜਾ ਡਿੱਗੀ। ਪੰਜਾਬ ਦੀ ਸੌ ਸਾਲ ਪੁਰਾਣੀ ਪੰਥਕ ਪਾਰਟੀ ਵਾਸਤੇ ਇਹ ਬੜੀ ਦਰਦਨਾਕ ਤੇ ਸ਼ਰਮਨਾਕ ਘੜੀ ਹੈ ਜਿਸ ਬਾਰੇ ਉਨ੍ਹਾਂ ਨੂੰ ਮੰਥਨ ਕਰਨਾ ਹੀ ਪਵੇਗਾ।
ਦੂਜੇ ਪਾਸੇ ‘ਆਪ’ ਪਾਰਟੀ ਭਾਵੇਂ ਤਿੰਨ ਸੀਟਾਂ 'ਤੇ ਜਿੱਤੀ ਤੇ ਦੂਜੇ ਨੰਬਰ 'ਤੇ ਆਈ ਪਰ ਉਹ ਇਸ ਨੂੰ ਪਿਛਲੀ ਵਾਰ ਦੀ ਇਕ ਸੀਟ ਤੋਂ ਵੱਧ ਮੰਨ ਰਹੇ ਹਨ। ਇਹ ਉਨ੍ਹਾਂ ਦਾ ਵੱਡਾ ਨੁਕਸਾਨ ਹੈ। ਅਜੇ ਦੋ ਸਾਲ ਪਹਿਲਾਂ ਹੀ ਪੰਜਾਬ ਨੇ 42% ਵੋਟ ਸ਼ੇਅਰ “ਆਪ ਨੂੰ ਦਿਤਾ ਸੀ ਤੇ ਹੁਣ ਕਾਂਗਰਸ ਨੇ ਉਨ੍ਹਾਂ ਕੋਲੋਂ ਖੋਹ ਲਿਆ ਹੈ ਅਤੇ ਦੋ ਸਾਲਾਂ ਵਿਚ ‘ਆਪ’ ਨੇ ਲੋਕਾਂ ਦਾ ਵਿਸ਼ਵਾਸ ਕਮਜ਼ੋਰ ਕਰ ਦਿਤਾ ਹੈ। ਕਾਂਗਰਸ ਦੀਆਂ 7 ਸੀਟਾਂ ਅਤੇ ਚਰਨਜੀਤ ਸਿੰਘ ਚੰਨੀ ਦਾ ਅਪਣੇ ਹਲਕੇ ਤੋਂ ਬਾਹਰ ਜਾ ਕੇ ਜਲੰਧਰ ਵਿਚ ਕਾਂਗਰਸ ਦੇ ਅੰਦਰੂਨੀ ਕਲੇਸ਼ਾਂ ਦੇ ਬਾਵਜੂਦ 1,75,993 ਵੋਟਾਂ ਨਾਲ ਜਿੱਤਣਾ ਪੰਜਾਬ ਦੇ ਵੋਟਰਾਂ ਵਲੋਂ ਇਕ ਵੱਡਾ ਸੁਨੇਹਾ ਦਿਤਾ ਗਿਆ ਹੈ।
‘ਆਪ’ ਪਾਰਟੀ ਇੰਡੀਆ ਗਠਜੋੜ ਦਾ ਇਕ ਹਿੱਸਾ ਹੈ ਜਿਸ ਕਾਰਨ ਉਹ ਜਸ਼ਨ ਮਨਾ ਰਹੀ ਹੈ ਪਰ ਪੰਜਾਬ ਵਿਚ ਕਾਂਗਰਸ ਤੋਂ ਵੱਖ ਲੜਦੀ ਪਾਰਟੀ ਵਾਸਤੇ ਇਹ ਵੱਡੀ ਹਾਰ ਹੈ। 13- 0 ਦਾ ਦਾਅਵਾ ਅੱਜ 3 'ਤੇ ਖੜਾ ਵੱਡੀ ਸੋਚ ਮੰਗਦਾ ਹੈ। ਅਕਾਲੀ ਦਲ ਨੂੰ ਡਿਗਦਿਆਂ ਦਿਨ ਲੱਗੇ ਤੇ ਬੜੇ ਵੱਡੇ ਕਸੂਰ ਉਨ੍ਹਾਂ ਦੇ ਮੱਥੇ ਲੱਗੇ ਹਨ ਪਰ ‘ਆਪ’ ਦੇ ਦੋ ਸਾਲ ਦੇ ਰਾਜ ਵਿਚ ਕਾਂਗਰਸ ਦਾ ਤਾਕਤਵਰ ਹੋਣਾ ‘ਆਪ’ ਲਈ ਚਿੰਤਾ ਦਾ ਵਿਸ਼ਾ ਹੈ। ਭਾਵੇਂ ਸੀਟਾਂ ਜ਼ੀਰੋ ਹਨ, ਭਾਜਪਾ ਵਾਸਤੇ ਵੀ ਖ਼ੁਸ਼ ਹੋਣ ਦਾ ਸਮਾਂ ਹੈ ਕਿਉਂਕਿ ਅਪਣੇ ਪੁਰਾਣੇ ਸਾਥੀ ਦੇ ਬਿਨਾਂ ਪਹਿਲੀ ਵਾਰ ਲੜੀ ਭਾਜਪਾ ਨੇ ਸੂਬੇ ਦੀਆਂ 18.56% ਵੋਟਾਂ ਪ੍ਰਾਪਤ ਕਰ ਲਈਆਂ ਹਨ
ਤੇ ਇਸ ਦੀ ਕਾਮਯਾਬੀ ਦੇ ਸਿਹਰਾ ਸੁਨੀਲ ਜਾਖੜ ਸਿਰ ਬਝਦਾ ਹੈ। ਕਿਸਾਨਾਂ ਵਲੋਂ ਭਾਜਪਾ ਦੇ ਖੁਲ੍ਹੇ ਵਿਰੋਧ ਦੇ ਬਾਵਜੂਦ ਉਸ ਵਲੋਂ ਪ੍ਰਾਪਤ ਕੀਤੀ ਵੋਟ ਆਉਣ ਵਾਲੇ ਸਮੇਂ ਵਿਚ ਭਾਜਪਾ ਨੂੰ ਚੰਗਾ ਦਿਖ ਵਿਖਾਉਂਦੀ ਹੈ। ਪ੍ਰਧਾਨ ਮੰਤਰੀ ਨੂੰ ਕੇਰਲ ਵਿਚ 16.68% ਵੋਟ ਲੈਣ ਵਾਸਤੇ ਕਿੰਨੇ ਪਾਪੜ ਵੇਲਣੇ ਪਏ ਜੋ ਕਿ ਪੰਜਾਬ ਵਿਚ ਸੁਨੀਲ ਜਾਖੜ ਨੇ ਆਸਾਨੀ ਨਾਲ ਕਰ ਵਿਖਾਇਆ। ਪੰਜਾਬ ਵਿਚ ਇਕ ਗੱਲ ਸਾਫ਼ ਹੈ ਕਿ ਲੋਕ ਸਭ ਵੰਡੇ ਪਏ ਹਨ ਤੇ 2027 ਵਿਚ ਕੁੱਝ ਵੀ ਮੁਮਕਿਨ ਹੈ।
ਨਿਮਰਤ ਕੌਰ