
ਭਾਰਤੀ ਕ੍ਰਿਕਟ ਟੀਮ ਨੇ ਪੰਜਵੇਂ ਤੇ ਆਖਰੀ ਟੈਸਟ ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ ਜਿਸ ਤਰ੍ਹਾਂ ਮਹਿਜ਼ 6 ਦੌੜਾਂ ਦੇ ਫ਼ਰਕ ਨਾਲ ਹਰਾਇਆ,
Indian team's extraordinary performance against England Editorial: ਭਾਰਤੀ ਕ੍ਰਿਕਟ ਟੀਮ ਨੇ ਸੋਮਵਾਰ ਨੂੰ ਓਵਲ (ਲੰਡਨ) ਵਿਚ ਪੰਜਵੇਂ ਤੇ ਆਖਰੀ ਟੈਸਟ ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ ਜਿਸ ਤਰ੍ਹਾਂ ਮਹਿਜ਼ 6 ਦੌੜਾਂ ਦੇ ਫ਼ਰਕ ਨਾਲ ਹਰਾਇਆ, ਉਸ ਨੂੰ ਚਮਤਕਾਰੀ ਜਿੱਤ ਹੀ ਕਿਹਾ ਜਾ ਸਕਦਾ ਹੈ। ਇੰਗਲੈਂਡ ਨੂੰ ਇਹ ਮੈਚ ਜਿੱਤਣ ਲਈ ਉਸ ਦਿਨ ਮਹਿਜ਼ 35 ਦੌੜਾਂ ਬਣਾਉਣ ਦੀ ਲੋੜ ਸੀ ਅਤੇ ਉਸ ਦੀਆਂ ਚਾਰ ਵਿਕਟਾਂ ਸਲਾਮਤ ਸੀ। ਮੈਚ ਦੇ ਚੌਥੇ ਦਿਨ ਦੀ ਖੇਡ ਵਿਚ ਹੈਰੀ ਬਰੁੱਕ ਅਤੇ ਤਜਰਬੇਕਾਰ ਬੱਲੇਬਾਜ਼ ਜੋਅ ਰੂਟ ਨੇ ਸੈਂਕੜੇ ਜੜ ਕੇ ਮੈਚ ਨੂੰ ਲਗਭਗ ਇੰਗਲੈਂਡ ਦੇ ਪੱਖ ਵਿਚ ਕਰ ਦਿਤਾ ਸੀ। ਉਨ੍ਹਾਂ ਦੋਵਾਂ ਨੇ ਚੌਥੀ ਵਿਕਟ ਲਈ 195 ਦੌੜਾਂ ਦੀ ਭਾਈਵਾਲੀ ਰਾਹੀਂ ਇੰਗਲੈਂਡ ਨੂੰ ਜਿੱਤ ਦੇ ਕੰਢੇ ’ਤੇ ਲਿਆ ਖੜਾ ਕੀਤਾ ਸੀ। ਚੌਥੇ ਦਿਨ ਦੀ ਖੇਡ ਦੀ ਸਮਾਪਤੀ ਵੇਲੇ ਇੰਗਲੈਂਡ ਦੇ ਪ੍ਰਸ਼ੰਸਕਾਂ ਤੇ ਕ੍ਰਿਕਟ ਮਾਹਿਰਾਂ ਤੋਂ ਇਲਾਵਾ ਭਾਰਤ ਦੇ ਪ੍ਰਸ਼ੰਸਕਾਂ ਨੂੰ ਵੀ ਇਹ ਯਕੀਨ ਹੋ ਚੁੱਕਾ ਸੀ ਕਿ ਪੰਜਵੇਂ ਦਿਨ ਦੀ ਖੇਡ ਮਹਿਜ਼ ਰਸਮ ਸਾਬਤ ਹੋਵੇਗੀ ਅਤੇ ਇੰਗਲੈਂਡ ਇਹ ਮੈਚ ਸਹਿਜੇ ਹੀ ਜਿੱਤ ਜਾਵੇਗਾ; ਭਲੇ ਹੀ ਇਹ ਜਿੱਤ ਇਕ-ਦੋ ਵਿਕਟਾਂ ਦੀ ਹੋਵੇ।
ਅਜਿਹੇ ਨਾਂਹ-ਪੱਖੀ ਮਾਹੌਲ ਦੇ ਬਾਵਜੂਦ ਭਾਰਤੀ ਟੀਮ ਦੇ ਜੁਝਾਰੂਆਂ, ਖ਼ਾਸ ਕਰ ਕੇ ਗੇਂਦਬਾਜ਼ਾਂ ਨੂੰ ਭਰੋਸਾ ਸੀ ਕਿ ਜੇਕਰ ਮੌਸਮ ਤੇਜ਼ ਗੇਂਦਬਾਜ਼ੀ ਲਈ ਸਾਜ਼ਗਾਰ ਰਿਹਾ ਤਾਂ ਮੈਚ ਜਿੱਤਿਆ ਜਾ ਸਕੇਗਾ। ਇਸੇ ਭਰੋਸੇ ਸਦਕਾ ਉਨ੍ਹਾਂ ਨੇ ਪੰਜਵੇਂ ਦਿਨ ਦੀ ਸਵੇਰ ਵੇਲੇ ਮਹਿਜ਼ 53 ਮਿੰਟਾਂ ਦੇ ਅੰਦਰ ਇੰਗਲੈਂਡ ਦੀਆਂ ਚਾਰ ਵਿਕਟਾਂ ਦਬੋਚ ਲਈਆਂ। ਸਿਰਫ਼ 6 ਦੌੜਾਂ ਨਾਲ ਜਿੱਤ ਟੈਸਟ ਕ੍ਰਿਕਟ ਵਿਚ ਭਾਰਤ ਦੀ ਸਭ ਤੋਂ ਘੱਟ ਅੰਤਰ ਵਾਲੀ ਜਿੱਤ ਹੈ, ਪਰ ਇਸ ਨੇ ਪੰਜ ਮੈਚਾਂ ਦੀ ਲੜੀ 2-2 ਦੀ ਬਰਾਬਰੀ ਨਾਲ ਮੁਕੰਮਲ ਕਰਵਾਈ। ਇਸ ਤੋਂ ਵੀ ਵੱਧ ਅਹਿਮ ਗੱਲ ਇਹ ਰਹੀ ਕਿ ਸੁਪਰ ਸਟਾਰਾਂ ਦੀ ਅਣਹੋਂਦ ਵਾਲੀ ਯੁਵਾ ਟੀਮ ਨੇ ਨਾ ਸਿਰਫ਼ ਕ੍ਰਿਕਟ ਪੰਡਿਤਾਂ ਨੂੰ ਗ਼ਲਤ ਸਾਬਤ ਕੀਤਾ ਬਲਕਿ ਕਪਤਾਨ ਸ਼ੁਭਮਨ ਗਿੱਲ, ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤੇ ਹਰਫ਼ਨਮੌਲਾ ਵਾਸ਼ਿੰਗਟਨ ਸੁੰਦਰ ਵਰਗੇ ਨਵੇਂ ਸੁਪਰਸਟਾਰ ਵੀ ਪੈਦਾ ਕੀਤੇ। ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਰਵੀਚੰਦਰਨ ਅਸ਼ਵਿਨ ਵਰਗੇ ਹੰਢੇ-ਵਰਤੇ ਨਾਇਕਾਂ ਦੀ ਗ਼ੈਰ-ਸ਼ਮੂਲੀਅਤ ਕਾਰਨ ਜਿਸ ਯੁਵਾ ਟੀਮ ਦੀ 5-0 ਮੈਚਾਂ ਨਾਲ ਹਾਰ ਦੀਆਂ ਪੇਸ਼ੀਨਗੋਈਆਂ ਕੀਤੀਆਂ ਜਾ ਰਹੀਆਂ ਸਨ, ਉਹ ਟੀਮ ਪੰਜਾਂ ਟੈਸਟਾਂ ਦੇ ਬਹੁਤੇ ਸੈਸ਼ਨਾਂ ਦੌਰਾਨ ਇੰਗਲੈਂਡ ਉੱਤੇ ਗ਼ਾਲਬ ਰਹੀ।
ਇਹੋ ਜਿਹੀ ਕਾਮਯਾਬੀ ਇਸ ਹਕੀਕਤ ਦੀ ਤਸਦੀਕ ਹੈ ਕਿ ਕ੍ਰਿਕਟ ਜਗਤ ਵਿਚ ਭਾਰਤ ਨਾ ਸਿਰਫ਼ ਮਾਇਕ ਪੱਖੋਂ ਮਹਾਂਸ਼ਕਤੀ ਹੈ ਸਗੋਂ ਪ੍ਰਤਿਭਾ ਦੀ ਬਹੁਲਤਾ ਪੱਖੋਂ ਵੀ ਇਹ ਇਸ ਵੇਲੇ ਸਭ ਤੋਂ ਧਨੀ ਹੈ। ਭਾਰਤ ਕੋਲ ਇੰਗਲੈਂਡ ਦੇ ਸਿਆਹਫ਼ਾਸ ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ ਵਰਗਾ ਇਕ ਵੀ ਅਜਿਹਾ ਤੇਜ਼ ਗੇਂਦਬਾਜ਼ ਨਹੀਂ ਜੋ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਾਂ ਸੁੱਟ ਕੇ ਬੱਲੇਬਾਜ਼ਾਂ ਦੇ ਨੱਕ ਵਿਚ ਦਮ ਕਰ ਸਕੇ, ਪਰ ਇਸ ਕੋਲ ਜਸਪ੍ਰੀਤ ਬੁਮਰਾਹ ਜਾਂ ਮੁਹੰਮਦ ਸਿਰਾਜ ਵਰਗੇ ਸਿਰੜੀ ਗੇਂਦਬਾਜ਼ ਮੌਜੂਦ ਹਨ ਜੋ 145 ਕਿਲੋਮੀਟਰ ਦੀ ਰਫ਼ਤਾਰ ਨਾਲ ਸਧੀ-ਸਿਧਾਈ ਗੇਂਦਬਾਜ਼ੀ ਕਰ ਕੇ ਵਿਰੋਧੀ ਟੀਮ ਨੂੰ ਵਖ਼ਤ ਪਾਈ ਰੱਖਣ ਦੀ ਸਮਰਥਾ ਲਗਾਤਾਰ ਦਰਸਾਉਣ। ਸਿਰਾਜ 23 ਵਿਕਟਾਂ ਨਾਲ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼ ਸਾਬਤ ਹੋਇਆ।
ਪੰਜਵੇਂ ਟੈਸਟ ਦੇ ਆਖ਼ਰੀ ਦਿਨ ਆਖ਼ਰੀ ਚਾਰ ਵਿਕਟਾਂ ਵਿਚੋਂ ਤਿੰਨ ਉਸ ਨੇ ਹੀ ਲਈਆਂ। ਭਾਰਤ ਨੇ ਇਸ ਲੜੀ ਦੌਰਾਨ ਜਿਹੜੇ ਦੋ ਟੈਸਟ ਮੈਚ ਜਿੱਤੇ, ਉਨ੍ਹਾਂ ਵਿਚ ਬੁਮਰਾਹ ਦੀ ਗ਼ੈਰਹਾਜ਼ਰੀ ਕਾਰਨ ਸਿਰਾਜ ਹੀ ਭਾਰਤੀ ਗੇਂਦਬਾਜ਼ੀ ਦਾ ਕਰਣਧਾਰ ਸਾਬਤ ਹੋਇਆ। ਉਸ ਦੀ ਫਿੱਟਨੈੱਸ ਤੇ ਫਰਜ਼ਸ਼ੱਨਾਸੀ ਨੂੰ ਇੰਗਲੈਂਡ ਦੇ ਸਾਬਕਾ ਕਪਤਾਨ (ਤੇ ਹੁਣ ਬੀਬੀਸੀ ਦੇ ਕਮੈਂਟੇਟਰ) ਐਲਿਏਸਟਰ ਕੁੱਕ ਨੇ ਇਨ੍ਹਾਂ ਸ਼ਬਦਾਂ ਨਾਲ ਸਿਜਦਾ ਪੇਸ਼ ਕੀਤਾ - ‘‘ਇਹ ਬੰਦਾ ਪੰਜੋ ਟੈਸਟ ਮੈਚ ਖੇਡਿਆ ਹੈ। ਲਗਾਤਾਰ ਖੇਡਣ ਦੇ ਬਾਵਜੂਦ ਆਖ਼ਰੀ ਟੈਸਟ ਮੈਚ ਦੇ ਆਖ਼ਰੀ ਦਿਨ ਵੀ 145 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਿਹਾ ਹੈ; ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਅਪਣੇ ਮੁਲਕ ਤੇ ਟੀਮ ਦੀ ਕਾਮਯਾਬੀ ਦੀ ਖ਼ਾਤਿਰ ਇਹ ਕਿਸ ਹੱਦ ਤਕ ਵਚਨਬੱਧ ਹੈ।’’
ਟੈਸਟ ਲੜੀ ਭਾਵੇਂ ਬਰਾਬਰ ਰਹੀ, ਪਰ ਇਸ ਬਰਾਬਰੀ ਦੇ ਬਾਵਜੂਦ ਇਖ਼ਲਾਕੀ ਜਿੱਤ ਭਾਰਤ ਦੀ ਹੋਈ। ਇਸ ਹਕੀਕਤ ਨੂੰ ਇੰਗਲੈਂਡ ਦੇ ਕੋਚ ਬ੍ਰੈਂਡਨ ਮੈਕੁੱਲਮ ਨੇ ਬੇਝਿਜਕ ਹੋ ਕੇ ਤਸਲੀਮ ਕੀਤਾ। ਉਸ ਨੇ ਕਿਹਾ, ‘‘ਸਾਨੂੰ ਜਾਪਦਾ ਸੀ ਕਿ ਅਸੀਂ ਇਹ ਲੜੀ ਸਹਿਜੇ ਹੀ ਜਿੱਤ ਲਵਾਂਗੇ, ਪਰ ਭਾਰਤੀ ਖਿਡਾਰੀ ਬਹੁਤ ਸਖ਼ਤ-ਜਾਨ ਸਾਬਤ ਹੋਏ। ਕ੍ਰਿਕਟ ਪੇ੍ਰਮੀਆਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੇ ਨੰਬਰ ਵੱਧ ਬਣੇ, ਸਾਡੇ ਘੱਟ।’’ ਅਜਿਹੀ ਕਾਮਯਾਬੀ ਤੋਂ ਬਾਅਦ ਖਿਡਾਰੀਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਅਪਣੇ ਪੈਰ ਧਰਤੀ ’ਤੇ ਟਿਕਾਈ ਰੱਖਣ, ਹਵਾ ਵਿਚ ਉੱਡਣ ਤੋਂ ਹਰ ਹਾਲ ਬਚਣ। ਭਾਰਤੀ ਕ੍ਰਿਕਟ ਦੇ ਸੁਖ਼ਦ ਵਰਤਮਾਨ ਅਤੇ ਹੋਰ ਸੁਖਾਵੇਂ ਭਵਿੱਖ ਲਈ ਅਜਿਹੀ ਪਹੁੰਚ ਨਿਹਾਇਤ ਜ਼ਰੂਰੀ ਹੈ।