
ਤਾਮਿਲ ਲੋਕ ਵੀ ਜਾਤ-ਪਾਤ ਦੀ ਬੁਰਾਈ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹਨ ਪਰ ਬਾਕੀ ਸੂਬਿਆਂ ਖ਼ਾਸ ਕਰ ਕੇ ਉੱਤਰ ਤੋਂ ਬਿਹਤਰ ਸਥਿਤੀ ਵਿਚ ਹਨ।
ਡੀਐਮਕੇ ਦੇ ਵਜ਼ੀਰ ਉਧੇਨਿਧੀ ਵਲੋਂ ਤਮਿਲ ਭਾਸ਼ਾ ਵਿਚ ਦਿਤੇ ਇਕ ਭਾਸ਼ਨ ਨੇ ਦੇਸ਼ ਦੀ ਸਿਆਸਤ ਨੂੰ ਗਰਮਾ ਦਿਤਾ ਹੈ। ਉਧੇਨਿਧੀ ਅਪਣੇ ਪਿਤਾ ਸਟਾਲਿਨ ਵਾਂਗ, ਪਿਛਲੇ 3-4 ਸਾਲ ਤੋਂ ਡੀਐਮਕੇ ਦੇ ਜਨਮਦਾਤਾ ਪੈਰੀਆਰ ਦੀਆਂ ਕਈ ਗੱਲਾਂ ਵਲ ਵਾਪਸ ਜਾ ਰਹੇ ਹਨ। ਭਾਵੇਂ ਅੱਜ ਦੀ ਡੀਐਮਕੇ ਸਿਆਸਤ ਨੇ ਕੱਟੜ ਰੀਤਾਂ ਨੂੰ ਪੈਰੀਆਰ ਦੀ ਸੋਚ ਵਿਰੁਧ ਅਪਣਾਇਆ ਹੈ ਪਰ ਉਹ ਜਾਤ-ਪਾਤ ਤੇ ਔਰਤਾਂ ਨਾਲ ਧੱਕੇ ਵਿਰੁਧ ਅੱਜ ਵੀ ਡੱਟ ਕੇ ਖੜੇ ਹਨ। ਤਾਮਿਲ ਭਾਸ਼ਾ ਸਮਝਣ ਵਾਲੇ ਆਖਦੇ ਹਨ ਕਿ ਤਾਮਿਲ ਵਿਚ ਸਨਾਤਨ ਧਰਮ ਇਕ ਅਧਿਆਤਮਕ ਫ਼ਿਲਾਸਫ਼ੀ ਨਹੀਂ ਬਲਕਿ ਜਾਤ-ਪਾਤ ਦਾ ਨਾਮ ਹੈ ਤੇ ਉਧੇਨਿਧੀ ਨੇ ਮੰਚ ’ਤੇ ਖੜੇ ਹੋ ਕੇ ਸਨਾਤਨ ਧਰਮ ਦੇ ਖ਼ਾਤਮੇ ਬਾਰੇ ਜੋ ਆਖਿਆ ਹੈ, ਉਹ ਹਿੰਦੂ ਧਰਮ ਬਾਰੇ ਨਹੀਂ ਬਲਕਿ ਜਾਤ ਪਾਤ ਬਾਰੇ ਬੋਲ ਰਹੇ ਸਨ। ਸ਼ਾਇਦ ਜੇ ਚਾਰ ਸੂਬਿਆਂ ਅਤੇ ਪੂਰੇ ਦੇਸ਼ ਦੀਆਂ ਚੋਣਾਂ ਸਿਰ ’ਤੇ ਨਾ ਹੁੰਦੀਆਂ ਤਾਂ ਇਹ ਮੁੱਦਾ ਨਾ ਉਠਦਾ ਕਿਉਂਕਿ ਇਹ ਤਾਂ ਸਾਫ਼ ਹੈ ਕਿ ਉਹ ਆਪ ਇਕ ਕੱਟੜ ਹਿੰਦੂ ਹੈ।
ਤਾਮਿਲਨਾਡੂ ਵਿਚ ਜਾਤ-ਪਾਤ ਤੇ ਔਰਤਾਂ ਦਾ ਜੋ ਮੁੱਦਾ ਹੈ, ਉਹ ਦਰਸਾਉਂਦਾ ਹੈ ਕਿ ਭਾਵੇਂ ਤਾਮਿਲ ਲੋਕ ਵੀ ਜਾਤ-ਪਾਤ ਦੀ ਬੁਰਾਈ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹਨ ਪਰ ਬਾਕੀ ਸੂਬਿਆਂ ਖ਼ਾਸ ਕਰ ਕੇ ਉੱਤਰ ਤੋਂ ਬਿਹਤਰ ਸਥਿਤੀ ਵਿਚ ਹਨ। ਜੇ ਸਾਡੇ ਸਿਆਸਤਦਾਨ ਸਿਆਣੇ ਹੁੰਦੇ ਤਾਂ ਉਹ ਆਖਦੇ ਕਿ ਜੇ ਇਸ ਸੂਬੇ ਵਿਚ ਔਰਤਾਂ ਦੀ ਸਥਿਤੀ ਬਿਹਤਰ ਹੈ ਜਾਂ ਇਥੇ ਜਾਤ-ਪਾਤ ਦਾ ਅਸਰ ਘੱਟ ਹੈ ਤਾਂ ਅਸੀ ਸਮਝੀਏ ਕਿ ਇਹ ਲੋਕ ਸੁਧਾਰ ਲਿਆਉਣ ਵਿਚ ਕਿਵੇਂ ਕਾਮਯਾਬ ਹੋਏ। ਪਰ ਅਫ਼ਸੋਸ ਅਸੀ ਅਪਣੇ ਸਿਆਸਤਦਾਨਾਂ ਤੋਂ ਇਹ ਆਸ ਨਹੀਂ ਰੱਖ ਸਕਦੇ।
ਇਹ ਨਹੀਂ ਕਿ ਸਿਰਫ਼ ਭਾਜਪਾ ਹੀ ਇਸ ਮੁੱਦੇ ਨੂੰ ਗ਼ਲਤ ਰੰਗਤ ਦੇ ਰਹੀ ਹੈ ਬਲਕਿ ‘ਇੰਡੀਆ’ ਦੇ ਕਈ ਆਗੂ ਅਪਣੇ ਭਾਈਵਾਲ, ਡੀਐਮਕੇ ਦੇ ਆਗੂ ਵੀ ਉਧੇਨਿਧੀ ਦੀ ਗੱਲ ਨਹੀਂ ਸਮਝ ਪਾ ਰਹੇ। ਸ਼ਿਵ ਸੈਨਾ ਠਾਕਰੇ ਵਲੋਂ ਬਹੁਤ ਤਿੱਖਾ ਵਿਰੋਧ ਹੋਇਆ ਕਿਉਂਕਿ ਜ਼ਿਆਦਾਤਰ ਸਿਆਸਤਦਾਨ ਹੀ ਵੰਡੀਆਂ ਪਾ ਪਾ ਕੇ ਕੰਮ ਚਲਾ ਰਹੇ ਹਨ। ਇਸ ਵਿਵਾਦ ਨਾਲ ਹੁਣ ਹਿੰਦੂ ਧਰਮ ਨੂੰ ਮੰਨਣ ਵਾਲੇ ਸਮਾਜ ਵਿਚ ਦਰਾੜਾਂ ਪੈ ਜਾਣਗੀਆਂ। ਕੱਟੜ ਜਾਤੀਵਾਦੀ ਇਹੀ ਕਹਿਣਗੇ ਕਿ ‘ਇੰਡੀਆ’ ਅਰਥਾਤ ਵਿਰੋਧੀ ਦਲਾਂ ਦਾ ਇਕੱਠ ਹਿੰਦੁਸਤਾਨ ਵਿਰੁਧ ਹੈ।
ਇੰਡੀਆ ਨਾਮ ਵਿਰੋਧੀ ਧਿਰ ਨਾਲ ਜੁੜ ਜਾਣ ਮਗਰੋਂ ਹੁਣ ਰਾਸ਼ਟਰਪਤੀ ਵਲੋਂ ਜੀ-20 ਅਤੇ ਖ਼ਾਸ ਸੱਦਿਆਂ ਤੇ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਬਜਾਏ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਲਿਖਣਾ ਸ਼ੁਰੂ ਕਰ ਦਿਤਾ ਗਿਆ ਹੈ। ਇਕ ਹੋਰ ਸਿਆਸੀ ਚਾਲ ਜੋ ਦੇਸ਼ ਨੂੰ ਭੰਬਲਭੂਸੇ ਵਿਚ ਪਾ ਰਹੀ ਹੈ। ਇੰਡੀਆ ਨਾਮ ਰੱਖ ਕੇ, ਵਿਰੋਧੀ ਧਿਰ ਨੇ ਜੋ ਕੀਤਾ, ਉਸ ਦੇ ਜਵਾਬ ਵਿਚ ਐਸਾ ਹੀ ਵਾਰ ਆਉਣਾ ਸੀ। ਪਰ ਜਦ ਲੜਾਈ ਸਿਆਸਤਦਾਨਾਂ ਵਿਚਕਾਰ ਹੋਵੇ ਤਾਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਹੀ।
ਆਉਣ ਵਾਲਾ ਸਮਾਂ ਦੇਸ਼ ਵਾਸਤੇ ਬੜਾ ਚੁਨੌਤੀਪੂਰਨ ਹੋਵੇਗਾ ਤੇ ਸਿਆਸਤਦਾਨਾਂ ਦੀ ਇਸ ਸੋਚ ਨੂੰ ਹਾਰ ਸਿਰਫ਼ ਵੋਟਰ ਹੀ ਦੇ ਸਕਦਾ ਹੈ ਜੋ ਸਿਰਫ਼ ਮੁੱਦੇ ਦੀ ਗੱਲ ਤੇ ਜਵਾਬ ਮੰਗੇ। ਆਮ ਭਾਰਤੀ ਅਪਣੇ ਭਵਿੱਖ, ਅਪਣੇ ਰੁਜ਼ਗਾਰ, ਅਪਣੇ ਆਮ ਜ਼ਿੰਦਗੀ ਦੇ ਅਸਲ ਮੁੱਦਿਆਂ ’ਤੇ ਜ਼ੋਰ ਦੇਵੇ ਤੇ ਇਹਨਾਂ ਮੁੱਦਿਆਂ ਤੋਂ ਕਿਸੇ ਨੂੰ ਵੀ ਭਟਕਣ ਨਾ ਦੇਵੇ। ਇਹ ਸਾਡਾ ਹਿੰਦੁਸਤਾਨ, ਭਾਰਤ, ਇੰਡੀਆ ਹੈ ਤੇ ਇਥੇ ਸਾਨੂੰ ਸੱਭ ਨੂੰ ਬਰਾਬਰੀ ਤੇ ਇੱਜ਼ਤ ਨਾਲ ਜੀਵਨ ਜਿਉਣ ਦਾ ਮੌਕਾ ਮਿਲਣਾ ਚਾਹੀਦਾ ਹੈ।
- ਨਿਮਰਤ ਕੌਰ