
ਵਿਜੈ ਮਾਲਿਆ ਨੂੰ ਭਾਰਤ ਵਾਪਸ ਲਿਆਉਣ ਦੀ ਪਹਿਲੀ ਲੜਾਈ ਸਰਕਾਰ ਨੇ ਜਿੱਤ ਲਈ ਹੈ ਪਰ ਅਜੇ ਜੰਗ ਲੰਮੀ ਚੱਲਣ ਦੀ ਉਮੀਦ ਹੈ.....
ਵਿਜੈ ਮਾਲਿਆ ਨੂੰ ਭਾਰਤ ਵਾਪਸ ਲਿਆਉਣ ਦੀ ਪਹਿਲੀ ਲੜਾਈ ਸਰਕਾਰ ਨੇ ਜਿੱਤ ਲਈ ਹੈ ਪਰ ਅਜੇ ਜੰਗ ਲੰਮੀ ਚੱਲਣ ਦੀ ਉਮੀਦ ਹੈ। ਹੁਣ ਇੰਗਲੈਂਡ ਦੇ ਮੁੱਖ ਸਕੱਤਰ ਦੇ ਹੁਕਮ ਤੋਂ ਬਾਅਦ ਮਾਲਿਆ ਇੰਗਲੈਂਡ ਦੀ ਅਦਾਲਤ ਦਾ ਦਰਵਾਜ਼ਾ ਖਟਖਟਾਉਣਗੇ। ਜੇ ਉਥੇ ਉਨ੍ਹਾਂ ਦੀ ਜਿੱਤ ਹੋ ਗਈ ਤਾਂ ਉਨ੍ਹਾਂ ਵਾਸਤੇ ਇਕ ਲੰਮੀ ਅਦਾਲਤੀ ਲੜਾਈ ਦਾ ਰਸਤਾ ਖੁਲ੍ਹ ਜਾਵੇਗਾ ਨਹੀਂ ਤਾਂ ਭਾਰਤ ਸਰਕਾਰ ਦੀ ਜਿੱਤ ਹੋ ਜਾਵੇਗੀ। ਪਰ ਇਹ ਲੜਾਈ ਜਿਸ ਕਾਰਨ ਪਿੱਛੇ ਲੜੀ ਜਾ ਰਹੀ ਹੈ, ਉਸ ਦਾ ਮਕਸਦ ਸਾਫ਼ ਨਹੀਂ ਹੈ। ਜੇ ਪੈਸਾ ਵਸੂਲੀ ਦੀ ਗੱਲ ਹੈ ਤਾਂ ਬਾਕੀ ਰਹਿੰਦੀ ਵਸੂਲੀ ਦੀ ਰਕਮ ਤੋਂ ਵੱਧ ਦੀ ਮਾਲਿਆ ਦੀ ਜਾਇਦਾਦ ਬੈਂਕਾਂ ਦੇ ਕਬਜ਼ੇ ਹੇਠ ਹੈ।
ਮਾਲਿਆ ਵਾਰ ਵਾਰ ਬੈਂਕਾਂ ਨੂੰ ਬਕਾਇਆ ਦੇਣ ਦੀ ਗੱਲ ਕਰ ਰਹੇ ਹਨ ਪਰ ਇੰਜ ਜਾਪਦਾ ਹੈ ਕਿ ਸਰਕਾਰ ਉਨ੍ਹਾਂ ਦਾ ਪੈਸਾ ਵਾਪਸ ਨਹੀਂ ਲੈਣਾ ਚਾਹੁੰਦੀ।
ਇਹ ਹੁਣ ਭਾਰਤ ਦਾ ਪੈਸਾ ਲਿਆਉਣ ਦੀ ਗੱਲ ਨਹੀਂ ਬਲਕਿ ਮਾਮਲਾ ਕੁੱਝ ਹੋਰ ਹੀ ਬਣ ਗਿਆ ਹੈ। ਮਾਲਿਆ ਭਾਰਤ ਦੇ ਬੈਂਕ ਘਪਲੇ ਦਾ ਚਿਹਰਾ ਬਣ ਗਿਆ ਹੈ, ਸ਼ਾਇਦ ਇਸ ਕਰ ਕੇ ਕਿ ਉਸ ਦਾ ਅਕਸ ਅਯਾਸ਼ੀ ਵਾਲਾ ਸੀ ਅਤੇ ਇਸ ਤਰ੍ਹਾਂ ਦੇ ਅਯਾਸ਼ ਰਈਸ ਨੂੰ ਸਲਾਖ਼ਾਂ ਪਿੱਛੇ ਵੇਖ ਕੇ ਗ਼ਰੀਬਾਂ ਦੇ ਦਿਲਾਂ ਨੂੰ ਸਕੂਨ ਮਿਲਦਾ ਹੈ। ਨੋਟਬੰਦੀ ਪਿੱਛੇ ਵੀ ਤਾਂ ਇਹੀ ਸੋਚ ਕੰਮ ਕਰ ਰਹੀ ਸੀ। ਆਮ ਇਨਸਾਨ ਤੇ ਨੌਕਰੀਪੇਸ਼ਾ ਇਨਸਾਨ ਨੂੰ ਖ਼ੁਸ਼ੀ ਇਸ ਗੱਲ ਦੀ ਸੀ ਕਿ ਅਮੀਰ ਵੀ ਨੋਟਬੰਦੀ ਕਾਰਨ
ਪ੍ਰੇਸ਼ਾਨ ਹੋ ਗਿਆ ਸੀ। ਉਸ ਨੂੰ ਇਹ ਸਮਝ ਨਾ ਆ ਸਕੀ ਕਿ ਅਸਲ ਨੁਕਸਾਨ ਉਸ ਦਾ ਅਪਣਾ ਹੋ ਰਿਹਾ ਸੀ। ਜਿਨ੍ਹਾਂ ਨੇ ਨੋਟਬੰਦੀ ਕੀਤੀ, ਜਿਨ੍ਹਾਂ ਨੇ ਵਿਜੈ ਮਾਲਿਆ ਨੂੰ ਦੇਸ਼ 'ਚੋਂ ਜਾਣ ਦਿਤਾ, ਉਹ ਗ਼ਰੀਬ ਦੀ ਇਸ ਵਕਤੀ ਖ਼ੁਸ਼ੀ ਉਤੇ ਸਿਆਸਤ ਖੇਡ ਗਏ। ਮਾਲਿਆ ਨੂੰ ਛੱਡ ਕੇ ਪਿਛਲੇ ਪੰਜ ਸਾਲਾਂ ਵਿਚ ਹੋਰ ਲੋਕ ਵੀ ਦੇਸ਼ 'ਚੋਂ ਭਗੌੜੇ ਹੋਏ ਹਨ। ਉਨ੍ਹਾਂ ਵਿਚ ਲਲਿਤ ਮੋਦੀ, ਨੀਰਵ ਮੋਦੀ, ਮੇਹੁਲ ਚੌਕਸੀ ਵਰਗੇ ਵੀ ਹਨNirav Modiਜਿਨ੍ਹਾਂ ਨੇ ਅਪਣੇ ਕਰਜ਼ੇ ਵਾਪਸ ਕਰਨ ਦੀ ਗੱਲ ਵੀ ਨਹੀਂ ਕੀਤੀ। ਚੌਕਸੀ ਨੇ ਤਾਂ ਭਾਰਤ ਦੀ ਨਾਗਰਿਕਤਾ ਹੀ ਛੱਡ ਦਿਤੀ ਹੈ। ਇਹ ਤਿੰਨ ਜਣੇ ਅਜਿਹੇ ਹਨ ਜਿਨ੍ਹਾਂ ਘਪਲੇ ਕੀਤੇ, ਕੰਮ ਵਿਚ ਹੇਰਾਫੇਰੀ ਕੀਤੀ ਅਤੇ ਫਿਰ
ਸਜ਼ਾ ਤੋਂ ਬਚਣ ਲਈ ਦੇਸ਼ 'ਚੋਂ ਬਾਹਰ ਭੱਜ ਗਏ। ਮਾਲਿਆ ਦੀ ਰਿਹਾਇਸ਼ ਵਿਚ ਅਯਾਸ਼ੀ ਹੁੰਦੀ ਸੀ ਪਰ ਉਸ ਦਾ ਰਹਿਣ ਸਹਿਣ ਉਸ ਵਿਰੁਧ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਮਾਲਿਆ ਨੇ ਭਾਰਤ ਵਿਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਦੇਸ਼ ਵਿਚ ਅਪਣੀ ਸੋਚ ਮੁਤਾਬਕ ਇਕ ਨਵੀਂ ਹਵਾਈ ਸੇਵਾ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਕਈ ਨੌਕਰੀਆਂ ਪੈਦਾ ਕੀਤੀਆਂ। ਉਸ ਨੇ ਠੱਗੀ ਨਹੀਂ ਸੀ ਮਾਰੀ ਅਤੇ ਨਾ ਘਪਲੇ ਹੀ ਕੀਤੇ ਸਨ। ਅੱਜ ਜਦੋਂ ਉਹ ਕਰਜ਼ਾ ਵਾਪਸ ਕਰਨ ਨੂੰ ਤਿਆਰ ਹੈ ਤਾਂ ਭਾਰਤ ਸਰਕਾਰ ਅਪਣਾ ਨੁਕਸਾਨ ਪੂਰਾ ਕਰਨ ਨੂੰ ਪਹਿਲ ਕਿਉਂ ਨਹੀਂ ਦੇਂਦੀ?
ਮਾਲਿਆ ਵਾਪਸ ਆ ਜਾਏ ਤਾਂ 'ਮੋਦੀ ਮਾਰਕਾ ਪ੍ਰਚਾਰ' ਨਾਲ 2019 ਦੀ ਚੋਣ-ਜੰਗ ਜਿੱਤੀ ਜਾ ਸਕਦੀ ਹੈ¸ਅਜਿਹਾ ਭਾਜਪਾ ਸੋਚਦੀ ਹੈ। ਮਾਲਿਆ ਵਾਪਸ ਆ ਜਾਏ ਤਾਂ ਭਾਜਪਾ ਇਸ ਦਾ ਸਿਹਰਾ ਅਪਣੇ ਸਿਰ ਤੇ ਸਜਾ ਕੇ, ਵੋਟਾਂ ਮੰਗ ਸਕਦੀ ਹੈ। ਪਰ ਮਾਲਿਆ, ਨੀਰਵ ਮੋਦੀ, ਚੌਕਸੀ ਨੂੰ ਦੇਸ਼ ਵਿਚ ਹੀ ਰੋਕ ਲੈਣ ਦਾ ਕੰਮ ਇਨ੍ਹਾਂ ਨੇ ਨਹੀਂ ਸੀ ਕੀਤਾ। ਸਹਾਰਾ ਦੇ ਮੁਖੀ ਸੁਬਰਾਤਾ ਰਾਏ ਨੂੰ 2013 ਵਿਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਸਮੇਂ ਸਿਰ ਫੜ ਕੇ ਲੋਕਾਂ ਦਾ ਪੈਸਾ ਵਸੂਲਣ ਦਾ ਕੰਮ ਸ਼ੁਰੂ ਕਰ ਦਿਤਾ ਸੀ ਕਿਉਂਕਿ ਸੇਬੀ ਚੌਕਸ ਸੀ। ਨਾ ਰਾਏ ਦੇਸ਼ 'ਚੋਂ ਭੱਜ ਸਕਿਆ ਅਤੇ ਨਾ ਦੇਸ਼ ਨੂੰ ਕੋਈ ਨੁਕਸਾਨ ਹੀ ਹੋਇਆ।
ਮਾਲਿਆ ਦੇ ਕੇਸ ਵਿਚ ਭਾਰਤ ਨੂੰ ਹੀ ਨੁਕਸਾਨ ਹੋਇਆ। ਇਸ ਕੇਸ ਉਤੇ ਕਰੋੜਾਂ ਦਾ ਖ਼ਰਚਾ ਕੀਤਾ ਜਾ ਰਿਹਾ ਹੈ ਅਤੇ ਮਕਸਦ ਸਿਰਫ਼ ਚੋਣ ਪ੍ਰਚਾਰ ਲਈ ਜ਼ਿੰਦਾ ਮਾਲਿਆ ਭਾਰਤ ਦੀ ਜੇਲ ਵਿਚ ਚਾਹੀਦਾ ਹੋਵੇਗਾ। ਜਦੋਂ ਮਾਲਿਆ ਪੈਸਾ ਮੋੜਨ ਨੂੰ ਤਿਆਰ ਹੈ ਤਾਂ ਪਹਿਲਾ ਮਕਸਦ ਬੈਂਕਾਂ ਦਾ ਬਕਾਇਆ ਵਾਪਸ ਲੈਣਾ ਹੋਣਾ ਚਾਹੀਦਾ ਹੈ। ਬੈਂਕ ਦਾ ਕਰਜ਼ਾ ਘਟਣ ਨਾਲ ਸਰਕਾਰ ਨੂੰ ਐਨ.ਪੀ.ਏ. ਉਤੇ ਪੈਸਾ ਨਹੀਂ ਖ਼ਰਚਣਾ ਪਵੇਗਾ ਅਤੇ ਉਹ ਪੈਸਾ ਖ਼ੁਦ ਭਾਰਤ ਦੇ ਵਿਕਾਸ ਵਾਸਤੇ ਵਰਤ ਸਕਦੀ ਹੈ। ਪਰ ਸ਼ਾਇਦ ਦੇਸ਼ ਦੀ ਆਰਥਕ ਸਥਿਤੀ ਸੁਲਝਾਉਣ ਨਾਲੋਂ, ਚੋਣ ਪ੍ਰਚਾਰ ਵਾਸਤੇ ਅਸਲਾ ਬਾਰੂਦ ਇਕੱਠਾ ਕਰਨਾ ਜ਼ਿਆਦਾ ਜ਼ਰੂਰੀ ਹੈ। -ਨਿਮਰਤ ਕੌਰ