
ਸੱਤ ਬੰਦੇ ਕਾਰ ਥੱਲੇ ਦਰੜ ਦੇਣ ਵਾਲਾ ਸਲਮਾਨ ਬਰੀ ਪਰ ਇਕ ਹਿਰਨ ਦਾ ਸ਼ਿਕਾਰ ਕਰਨ ਵਾਲਾ ਸਲਮਾਨ ਸੀਖਾਂ ਪਿੱਛੇ!
ਅੱਖਾਂ ਤੇ ਪੱਟੀ ਬੰਨ੍ਹੀ ਰੱਖਣ ਵਾਲੇ ਕਾਨੂੰਨ ਦੇ ਹਿਸਾਬ ਨਾਲ ਵੇਖਿਆ ਜਾਏ ਤਾਂ ਅਦਾਲਤੀ ਫ਼ੈਸਲਾ ਜਾਇਜ਼ ਵੀ ਹੈ। ਇਕ ਬਾਲੀਵੁਡ ਹਸਤੀ ਨੂੰ ਸਜ਼ਾ ਮਿਲ ਗਈ, ਭਾਵੇਂ ਉਹ ਗ਼ਲਤ ਸੀ ਜਾਂ ਨਹੀਂ, ਭਾਵੇਂ ਉਸ ਨਾਲ ਫ਼ਿਲਮ ਉਦਯੋਗ ਦਾ 800 ਕਰੋੜ ਦਾ ਨੁਕਸਾਨ ਹੋ ਜਾਵੇਗਾ ਤੇ ਭਾਵੇਂ ਉਸ ਨਾਲ ਇਸ ਹਸਤੀ ਵਲੋਂ ਚਲਾਏ ਗਏ ਸਮਾਜ ਭਲਾਈ ਦੇ ਕੰਮਾਂ ਤੇ ਰੋਕ ਲੱਗ ਜਾਵੇਗੀ। ਚਲੋ ਫਿਰ ਕੀ ਹੋਇਆ, ਹਿਰਨ ਨੂੰ ਨਿਆਂ ਤਾਂ ਮਿਲਿਆ!! ਹਿਰਨ ਨੂੰ 'ਮਰਨੋਪ੍ਰਾਂਤ' ਮਿਲੇ ਨਿਆਂ ਪਿੱਛੇ ਕਾਨੂੰਨ ਨਹੀਂ, ਬਲਕਿ ਬਿਸ਼ਨੋਈ ਸਮਾਜ ਹੈ ਜੋ ਜਾਨਵਰਾਂ ਅਤੇ ਕੁਦਰਤ ਨੂੰ ਪੂਜਦਾ ਹੈ। ਉਨ੍ਹਾਂ ਦਾ ਅਪਣੇ ਧਰਮ ਵਾਸਤੇ ਪਿਆਰ, ਸਲਮਾਨ ਖ਼ਾਨ ਵਾਸਤੇ ਉਸ ਦੀ ਆਜ਼ਾਦੀ ਦਾ ਖ਼ਾਤਮਾ ਸਾਬਤ ਹੋਇਆ। ਪਰ ਕੀ ਨਿਆਂ ਦੇ ਇਸ ਸਿਸਟਮ ਵਿਚ ਕੁੱਝ ਕਮੀਆਂ ਨਹੀਂ? ਜੱਜ, ਰੱਬ ਬਣ ਕੇ ਸਾਡੀਆਂ ਜ਼ਿੰਦਗੀਆਂ ਦੀ ਡੋਰ ਫੜੀ ਬੈਠੇ ਹਨ। ਕਿਹੜਾ 'ਰੱਬ' ਗਰਮੀਆਂ ਦੀਆਂ ਛੁੱਟੀਆਂ ਤੇ ਜਾਂਦਾ ਹੈ ਅਤੇ ਬਾਦਸ਼ਾਹਾਂ ਦੀ ਤਾਕਤ ਵੇਖ ਕੇ ਝੁਕ ਜਾਂਦਾ ਹੈ?
Black Duck
ਸਲਮਾਨ ਖ਼ਾਨ ਅਤੇ ਸੰਜੇ ਦੱਤ, ਫ਼ਿਲਮੀ ਜਗਤ ਦੇ ਉਹ ਸਿਤਾਰੇ ਹਨ ਜਿਨ੍ਹਾਂ ਦਾ ਬਚਪਨ ਬੜੇ ਵਿਵਾਦਾਂ 'ਚ ਘਿਰਿਆ ਰਿਹਾ ਹੈ। ਸੰਜੇ ਨੇ ਤਾਂ ਅਪਣਾ ਕਾਨੂੰਨੀ ਕਰਜ਼ਾ ਚੁਕਤਾ ਕਰ ਕੇ ਅਪਣੀ ਜ਼ਿੰਦਗੀ ਨੂੰ ਪ੍ਰਵਾਰਕ ਲੀਹਾਂ ਤੇ ਪਾ ਲਿਆ ਹੈ ਪਰ ਸਲਮਾਨ ਖ਼ਾਨ ਦੇ ਜੀਵਨ ਵਿਚ ਅਜੇ ਬੜੀਆਂ ਹੋਰ ਚੁਨੌਤੀਆਂ ਉਸ ਦਾ ਮੂੰਹ ਚਿੜਾ ਰਹੀਆਂ ਹਨ। ਜਿਸ ਕੇਸ ਵਿਚ ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਕੈਦ ਮਿਲੀ ਹੈ, ਉਹ ਕੇਸ ਬਲੈਕ ਬੱਕ ਹਿਰਨ ਦੇ ਸ਼ਿਕਾਰ ਦਾ ਹੈ ਜਿਸ ਵਿਚ ਗਵਾਹਾਂ ਮੁਤਾਬਕ ਸਲਮਾਨ ਜੀਪ ਚਲਾ ਰਹੇ ਸਨ ਅਤੇ ਨਾਲ ਸੈਫ਼ ਅਲੀ ਖ਼ਾਨ, ਤੱਬੂ, ਸੋਨਾਲੀ ਬੇਂਦਰੇ ਅਤੇ ਨੀਲਮ ਵੀ ਸਨ। ਸੱਭ ਨੂੰ ਬਰੀ ਕਰ ਕੇ ਸਿਰਫ਼ ਸਲਮਾਨ ਖ਼ਾਨ ਨੂੰ ਸਜ਼ਾ ਮਿਲੀ ਹੈ। ਕਿਉਂ? ਸਲਮਾਨ ਨੂੰ ਇਕ ਆਦਤਨ ਮੁਜਰਮ ਵਾਂਗ ਵੇਖਿਆ ਗਿਆ ਹੈ ਸ਼ਾਇਦ।ਹਰ ਕੇਸ ਵਖਰਾ ਹੁੰਦਾ ਹੈ, ਨਿਆਂ ਕਾਨੂੰਨ ਦੇ ਮੁਤਾਬਕ ਹੁੰਦਾ ਹੈ, ਕਾਨੂੰਨ ਦੀ ਦੇਵੀ ਅੰਨ੍ਹੀ ਹੁੰਦੀ ਹੈ ਅਤੇ ਸੱਭ ਨੂੰ ਬਰਾਬਰ ਵੇਖਦੀ ਹੈ। ਪਰ ਅੱਜ ਸਾਡੇ ਨਿਆਂ ਦੇ ਇਸ ਸਿਸਟਮ ਤੇ ਸਵਾਲ ਚੁੱਕਣ ਲਈ ਦਿਲ ਬੇਕਾਬੂ ਹੋਇਆ ਪਿਆ ਹੈ। ਇਹ ਕਿਸ ਤਰ੍ਹਾਂ ਦਾ ਨਿਆਂ ਹੈ ਜਿਥੇ ਸਲਮਾਨ ਸੱਤ ਜਾਨਾਂ ਨੂੰ ਸੜਕ ਕਿਨਾਰੇ ਦਰੜ ਕੇ ਗਵਾਹਾਂ ਦੀ ਘਾਟ ਕਾਰਨ ਬੱਚ ਗਏ ਅਤੇ ਇਥੇ ਇਕ ਇਨਸਾਨ ਦੀ ਗਵਾਹੀ ਜੋ ਕਿ ਸ਼ੱਕੀ ਮੰਨੀ ਜਾ ਰਹੀ ਹੈ, ਉਸ ਉਤੇ ਯਕੀਨ ਕਰ ਕੇ, ਇਕ ਹਿਰਨ ਦਾ ਸ਼ਿਕਾਰ ਕਰਨ ਬਦਲੇ, ਸੀਖਾਂ ਪਿੱਛੇ ਪੰਜ ਸਾਲ ਲਈ ਡੱਕ ਦਿਤੇ ਗਏ? ਜਦੋਂ ਉਥੇ ਛੇ ਜਣੇ ਹਾਜ਼ਰ ਸਨ ਤਾਂ ਇਕ ਨੂੰ ਹੀ ਸਜ਼ਾ ਕਿਉਂ? ਜਿਸ ਬਿਸ਼ਨੋਈ ਗਵਾਹ ਦੀ ਗਵਾਹੀ ਨੂੰ ਆਧਾਰ ਬਣਾ ਕੇ, ਸਲਮਾਨ ਨੂੰ ਸਜ਼ਾ ਦਿਤੀ ਗਈ ਹੈ, ਉਸ ਮੁਤਾਬਕ ਸਲਮਾਨ ਨੂੰ ਗੋਲੀ ਚਲਾ ਕੇ ਬਲੈਕ ਬੱਕ ਨੂੰ ਨਿਸ਼ਾਨਾ ਬਣਾਉਣ ਲਈ ਬਾਕੀ ਲੋਕ ਹੱਲਾਸ਼ੇਰੀ ਦੇ ਰਹੇ ਸਨ। ਫਿਰ ਉਨ੍ਹਾਂ ਪੰਜਾਂ ਨੂੰ ਕਿਉਂ ਬਰੀ ਕਰ ਦਿਤਾ ਗਿਆ? ਜੇ ਗਵਾਹ ਸੱਚਾ ਹੈ ਤਾਂ ਸਾਰਿਆਂ ਵਾਸਤੇ ਹੀ ਸੱਚਾ ਹੈ, ਨਹੀਂ ਤਾਂ ਕਿਸੇ ਵਾਸਤੇ ਵੀ ਨਹੀਂ। ਜੇ ਕਾਨੂੰਨ ਮੰਨਦਾ ਹੈ ਕਿ ਉਹ ਵਾਰ ਵਾਰ ਗੁਨਾਹ ਕਰਨ ਦੇ ਆਦੀ ਹਨ ਤਾਂ ਸਜ਼ਾ ਇਨਸਾਨਾਂ ਨੂੰ ਫ਼ੁਟਪਾਥ ਤੇ ਮਾਰਨ ਵਾਸਤੇ ਕਿਉਂ ਨਹੀਂ ਦਿਤੀ ਗਈ? ਇਕ ਹਿਰਨ ਦੀ ਜਾਨ ਕੀ ਜ਼ਿਆਦਾ ਕੀਮਤੀ ਹੈ?
Sikh Riots
ਜਿਸ ਸਿਸਟਮ ਵਿਚ ਕਰੋੜਾਂ ਲੋਕ ਜੇਲ ਵਿਚ ਅਪਣੀ 'ਅਦਾਲਤੀ ਤਰੀਕ' ਦੀ ਉਡੀਕ ਵਿਚ ਸਾਲਾਂ ਦੇ ਸਾਲ ਲੰਘਾ ਦਿੰਦੇ ਹਨ, ਉਸ ਸਿਸਟਮ ਵਿਚ ਇਕ ਹਿਰਨ ਨੂੰ ਮਾਰਨ ਦੀ ਸਜ਼ਾ ਮਿਲ ਜਾਂਦੀ ਹੈ, ਭਾਵੇਂ 20 ਸਾਲ ਬਾਅਦ ਹੀ ਸਹੀ। ਇਥੇ 35 ਸਾਲ ਤੋਂ ਸਿੱਖਾਂ ਦੇ ਕਲਤੇਆਮ ਦਾ ਇਕ ਵੀ ਗੁਨਾਹਗਾਰ ਅਦਾਲਤ ਦੇ ਕਟਹਿਰੇ ਵਿਚ ਹੀ ਨਹੀਂ ਆਇਆ। ਉੱਤਰ ਪ੍ਰਦੇਸ਼ ਦੇ ਦੰਗਿਆਂ ਤੇ ਗੁਜਰਾਤ ਦੇ ਦੰਗਿਆਂ ਵਿਚ ਨਾਮੀ ਅਪਰਾਧੀ ਹੁਣ ਰਾਜ ਬਦਲੀ ਹੋ ਜਾਣ ਕਾਰਨ ਬਰੀ ਹੋ ਕੇ ਸਾਡੇ ਉਤੇ ਹੀ ਰਾਜ ਕਰ ਰਹੇ ਹਨ। ਕਿੰਨੇ ਹੀ ਲੋਕ ਅਪਣੇ ਹੱਕਾਂ ਵਾਸਤੇ, ਨਿਆਂ ਵਾਸਤੇ, ਅਦਾਲਤਾਂ ਦੇ ਚੱਕਰ ਕਟਦੇ ਮਰ ਜਾਂਦੇ ਹਨ। ਔਰਤਾਂ ਨੂੰ ਅਪਣੇ ਬੱਚਿਆਂ ਦੀ ਪਰਵਰਿਸ਼ ਵਾਸਤੇ ਪੰਜ ਪੰਜ ਹਜ਼ਾਰ ਰੁਪਿਆਂ ਵਾਸਤੇ ਅਦਾਲਤਾਂ ਅੱਗੇ ਹੱਥ ਜੋੜਦੇ ਵੇਖਿਆ ਜਾਂਦਾ ਹੈ। ਬਲਾਤਕਾਰ ਦੇ ਅਪਰਾਧੀਆਂ ਨੂੰ ਗਵਾਹਾਂ ਦੀ ਘਾਟ ਕਾਰਨ ਬਚਣ ਦਿਤਾ ਜਾਂਦਾ ਹੈ ਪਰ ਅੱਜ ਇਕ ਹਿਰਨ ਨੂੰ ਨਿਆਂ ਜ਼ਰੂਰ ਮਿਲ ਗਿਆ ਹੈ!!
ਅੱਖਾਂ ਤੇ ਪੱਟੀ ਬੰਨ੍ਹੀ ਰੱਖਣ ਵਾਲੇ ਕਾਨੂੰਨ ਦੇ ਹਿਸਾਬ ਨਾਲ ਵੇਖਿਆ ਜਾਏ ਤਾਂ ਅਦਾਲਤੀ ਫ਼ੈਸਲਾ ਜਾਇਜ਼ ਵੀ ਹੈ। ਇਕ ਬਾਲੀਵੁਡ ਹਸਤੀ ਨੂੰ ਸਜ਼ਾ ਮਿਲ ਗਈ, ਭਾਵੇਂ ਉਹ ਗ਼ਲਤ ਸੀ ਜਾਂ ਨਹੀਂ, ਭਾਵੇਂ ਉਸ ਨਾਲ ਫ਼ਿਲਮ ਉਦਯੋਗ ਦਾ 800 ਕਰੋੜ ਦਾ ਨੁਕਸਾਨ ਹੋ ਜਾਵੇਗਾ ਤੇ ਭਾਵੇਂ ਉਸ ਨਾਲ ਇਸ ਹਸਤੀ ਵਲੋਂ ਚਲਾਏ ਗਏ ਸਮਾਜ ਭਲਾਈ ਦੇ ਕੰਮਾਂ ਤੇ ਰੋਕ ਲੱਗ ਜਾਵੇਗੀ। ਚਲੋ ਹਿਰਨ ਨੂੰ ਨਿਆਂ ਤਾਂ ਮਿਲਿਆ!!ਹਿਰਨ ਨੂੰ 'ਮਰਨੋਪ੍ਰਾਂਤ' ਮਿਲੇ ਨਿਆਂ ਪਿੱਛੇ ਕਾਨੂੰਨ ਨਹੀਂ, ਬਲਕਿ ਬਿਸ਼ਨੋਈ ਸਮਾਜ ਹੈ ਜੋ ਜਾਨਵਰਾਂ ਅਤੇ ਕੁਦਰਤ ਨੂੰ ਪੂਜਦਾ ਹੈ। ਉਨ੍ਹਾਂ ਦਾ ਅਪਣੇ ਧਰਮ ਵਾਸਤੇ ਪਿਆਰ, ਸਲਮਾਨ ਖ਼ਾਨ ਵਾਸਤੇ ਉਸ ਦੀ ਆਜ਼ਾਦੀ ਦਾ ਖ਼ਾਤਮਾ ਸਾਬਤ ਹੋਇਆ। ਪਰ ਕੀ ਨਿਆਂ ਦੇ ਇਸ ਸਿਸਟਮ ਵਿਚ ਕੁੱਝ ਕਮੀਆਂ ਨਹੀਂ? ਜੱਜ, ਰੱਬ ਬਣ ਕੇ ਸਾਡੀਆਂ ਜ਼ਿੰਦਗੀਆਂ ਦੀ ਡੋਰ ਫੜੀ ਬੈਠੇ ਹਨ। ਕਿਹੜਾ 'ਰੱਬ' ਗਰਮੀਆਂ ਦੀਆਂ ਛੁੱਟੀਆਂ ਤੇ ਜਾਂਦਾ ਹੈ ਅਤੇ ਬਾਦਸ਼ਾਹਾਂ ਦੀ ਤਾਕਤ ਵੇਖ ਕੇ ਝੁਕ ਜਾਂਦਾ ਹੈ? ਸਾਡੀ ਨਿਆਂ ਪ੍ਰਣਾਲੀ ਮਨੁੱਖਾਂ ਦੀ ਛੋਟੀ ਸੋਚ ਮੁਤਾਬਕ ਬਣੀ ਹੈ, ਪਰ ਉਹ ਕਾਨੂੰਨ ਅਨੁਸਾਰ ਵੀ ਨਹੀਂ ਚੱਲ ਰਹੀ। ਮਨੁੱਖਾਂ ਦੇ ਹੱਥਾਂ ਵਿਚ ਫੜਾਈ ਗਈ ਤਾਕਤ, ਅੱਜ ਮਨੁੱਖੀ ਕਮਜ਼ੋਰੀਆਂ ਸਾਹਮਣੇ ਕਮਜ਼ੋਰ ਪੈ ਰਹੀ ਹੈ। ਇਹ ਸਿਸਟਮ ਵੀ ਸਾਡੀ ਗ਼ੁਲਾਮੀ ਦੀ ਦੇਣ ਹੈ ਅਤੇ ਇਸ ਬਾਰੇ ਇਹੋ ਜਿਹੇ ਫ਼ੈਸਲੇ ਸੋਚਣ ਲਈ ਮਜਬੂਰ ਕਰ ਦਿੰਦੇ ਹਨ। -ਨਿਮਰਤ ਕੌਰ