
ਹਿੰਦੁਸਤਾਨ ਕਦੇ ਵੀ ਇਕ ਦੇਸ਼ ਬਣ ਕੇ ਨਹੀਂ ਰਿਹਾ। ਲਫ਼ਜ਼ 'ਹਿੰਦੁਸਤਾਨ' ਵੀ ਵਿਦੇਸ਼ੀਆਂ ਨੇ ਸਾਨੂੰ ਦਿਤਾ ਸੀ ਜਿਸ ਦਾ ਮਤਲਬ ਸੀ 'ਸਿੰਧ ਦਰਿਆ' ਦੇ ਨਾਲ ਵਸਦੇ ਲੋਕ। ਸਿੰਧੂ...
ਹਿੰਦੁਸਤਾਨ ਕਦੇ ਵੀ ਇਕ ਦੇਸ਼ ਬਣ ਕੇ ਨਹੀਂ ਰਿਹਾ। ਲਫ਼ਜ਼ 'ਹਿੰਦੁਸਤਾਨ' ਵੀ ਵਿਦੇਸ਼ੀਆਂ ਨੇ ਸਾਨੂੰ ਦਿਤਾ ਸੀ ਜਿਸ ਦਾ ਮਤਲਬ ਸੀ 'ਸਿੰਧ ਦਰਿਆ' ਦੇ ਨਾਲ ਵਸਦੇ ਲੋਕ। ਸਿੰਧੂ ਦਰਿਆ ਦੇ ਕੰਢੇ ਤੇ ਸਾਰਾ ਹਿੰਦੁਸਤਾਨ ਨਹੀਂ ਸੀ ਰਹਿੰਦਾ। ਯਕੀਨਨ ਜਦੋਂ ਇਹ ਨਾਂ ਘੜਿਆ ਗਿਆ, ਉਦੋਂ 'ਹਿੰਦੁਸਤਾਨ' ਲਫ਼ਜ਼ ਦਾ ਮਤਲਬ ਅੱਜ ਦਾ ਹਿੰਦੁਸਤਾਨ ਜਾਂ ਭਾਰਤ ਜਾਂ ਇੰਡੀਆ ਨਹੀਂ ਸੀ ਸਗੋਂ ਇਕ ਦਰਿਆ ਦੁਆਲੇ ਰਹਿਣ ਵਾਲੀ ਸਭਿਅਤਾ ਦਾ ਨਾਂ ਸੀ। ਮਗਰੋਂ ਜਦੋਂ ਮੁਗ਼ਲਾਂ ਨੇ 'ਸੋਨੇ ਦੀ ਚਿੜੀ' ਦੀ ਮੰਦਰਾਂ ਵਿਚ ਪਈ ਦੌਲਤ ਲੁੱਟਣ ਦੇ ਖ਼ਿਆਲ ਨਾਲ ਇਥੇ ਹਮਲੇ ਕਰਨੇ ਸ਼ੁਰੂ ਕੀਤੇ ਤੇ ਇਥੇ ਰਾਜ ਕਾਇਮ ਕਰਨਾ ਉਨ੍ਹਾਂ ਨੂੰ ਬੜਾ ਹੀ ਸੌਖਾ ਜਿਹਾ ਕੰਮ ਲੱਗਾ ਤਾਂ ਇਸ ਧਰਤੀ ਨੂੰ ਲੁੱਟਣ ਲਈ ਆਏ ਵਿਦੇਸ਼ੀ ਹਮਲਾਵਰ, ਇਥੇ ਅਪਣਾ ਰਾਜ ਸਥਾਪਤ ਕਰਨ ਲਈ ਹੀ ਰੁਕ ਗਏ।
Indian river
ਇਥੇ ਛੋਟੇ ਛੋਟੇ ਰਾਜੇ, ਛੋਟੇ ਛੋਟੇ ਧਰਤੀ ਦੇ ਟੁਕੜਿਆਂ ਉਤੇ ਰਾਜ ਕਰਦੇ ਸਨ ਤੇ 'ਬਹਾਦਰੀ' ਦਾ ਮਤਲਬ ਏਨਾ ਹੀ ਸਮਝਦੇ ਸਨ ਕਿ ਉਨ੍ਹਾਂ ਦੇ ਅੰਦਰੋਂ, ਕੋਈ ਸ਼ਕਤੀ, ਉਨ੍ਹਾਂ ਤੋਂ ਰਾਜ ਨਾ ਖੋਹ ਲਵੇ। ਬਾਹਰਲੇ ਹਮਲਾਵਰਾਂ, ਖ਼ਾਸ ਤੌਰ ਤੇ ਵਿਦੇਸ਼ੀ ਹਮਲਾਵਰਾਂ ਦਾ ਮੁਕਾਬਲਾ ਕਰਨ ਦੀ ਗੱਲ ਉਨ੍ਹਾਂ ਨੇ ਕਦੇ ਸੋਚੀ ਹੀ ਨਹੀਂ ਸੀ। ਸੋ ਬਾਬਰ ਵਰਗੇ ਆਵਾਰਾ ਲੋਕ, ਮੁੱਠੀ ਭਰ ਲੋਕਾਂ ਅਤੇ ਓਨੇ ਹੀ ਘੋੜਿਆਂ ਤੇ ਬੰਦੂਕਾਂ ਨਾਲ ਭਾਰਤ ਵਿਚ ਰਾਜ ਸਥਾਪਤ ਕਰਨ ਵਿਚ ਕਾਮਯਾਬ ਹੋ ਗਏ। ਕਿਸੇ ਕਿਸੇ ਥਾਂ ਮਾਮੂਲੀ ਵਿਰੋਧ ਹੋਇਆ ਪਰ ਬਹੁਤੀ ਵਾਰ, ਸਿਰ ਹੀ ਝੁਕਾ ਦਿਤੇ ਜਾਂਦੇ ਰਹੇ।
India
ਪਰ ਮੁਗ਼ਲਾਂ ਦੇ ਹਮਲਿਆਂ ਦਾ ਇਕ ਚੰਗਾ ਪੱਖ ਇਹ ਰਿਹਾ ਕਿ ਪਹਿਲੀ ਵਾਰੀ ਜਿਹੜਾ ਸ਼ਬਦ 'ਹਿੰਦੁਸਤਾਨ' ਵਿਦੇਸ਼ੀ ਹਮਲਾਵਰਾਂ ਨੇ ਘੜਿਆ ਸੀ, ਉਹ ਸਚਮੁਚ ਇਕ ਵੱਡੇ ਦੇਸ਼ ਦੇ ਅਰਥ ਧਾਰਨ ਕਰ ਗਿਆ ਜਿਸ ਵੱਡੇ ਦੇਸ਼ ਦੇ ਹੁਕਮਰਾਨ ਇਥੋਂ ਦੇ ਰਾਜੇ ਨਹੀਂ ਬਲਕਿ ਵਿਦੇਸ਼ੀ ਹਮਲਾਵਰ ਬਣ ਗਏ। ਮੁਗ਼ਲ ਹਕੂਮਤ, ਅਪਣਾ ਸਮਾਂ ਪੂਰਾ ਕਰ ਕੇ ਅਤੇ ਏਨੇ ਵੱਡੇ ਦੇਸ਼ ਵਿਚ ਸਫ਼ਲ ਸਰਕਾਰ ਦੇਣ ਵਿਚ ਨਾਕਾਮ ਰਹਿਣ ਮਗਰੋਂ ਚਲਦੀ ਬਣੀ ਪਰ ਜਾਣ ਤੋਂ ਪਹਿਲਾਂ ਹਿੰਦੁਸਤਾਨੀਆਂ ਅੰਦਰ ਇਕ ਵਿਚਾਰ ਜ਼ਰੂਰ ਪੈਦਾ ਹੋ ਗਈ ਕਿ ਇਥੇ ਰਾਜ ਕਰਨਾ, ਉਨ੍ਹਾਂ ਦਾ ਅਪਣਾ ਹੱਕ ਬਣਦਾ ਹੈ।
British
ਫਿਰ ਵਪਾਰ ਕਰਨ ਦੇ ਇਰਾਦੇ ਨਾਲ ਆਏ ਅੰਗਰੇਜ਼ ਵੀ ਇਥੇ ਰਾਜ-ਭਾਗ ਕਾਇਮ ਕਰਨ ਵਿਚ ਸਫ਼ਲ ਹੋ ਗਏ (ਕੋਈ ਬਹੁਤੀ ਮਿਹਨਤ ਕੀਤੇ ਬਗ਼ੈਰ) ਪਰ ਉਨ੍ਹਾਂ ਨੇ ਮੁਗ਼ਲਾਂ ਦੇ ਪਤਨ ਤੋਂ ਇਹ ਗੱਲ ਸਿਖ ਲਈ ਕਿ ਰੇਲ, ਸੜਕੀ ਆਵਾਜਾਈ, ਪੋਸਟ ਆਫ਼ਿਸ ਵਰਗੀਆਂ ਚੀਜ਼ਾਂ ਇਥੇ ਦਾਖ਼ਲ ਕਰ ਕੇ ਤੇ ਵੱਡਾ ਰਾਜ ਪ੍ਰਬੰਧ ਸੰਭਾਲਣ ਦੇ ਪ੍ਰਬੰਧ ਕੀਤੇ ਬਿਨਾਂ ਇਥੇ ਸਫ਼ਲ ਨਹੀਂ ਹੋਇਆ ਜਾ ਸਕਦਾ। ਉਨ੍ਹਾਂ ਦੇ ਯਤਨ ਸਫ਼ਲ ਹੋਏ ਅਤੇ ਇਤਿਹਾਸ ਵਿਚ ਪਹਿਲੀ ਵਾਰੀ 'ਇਕੇ ਦੇਸ਼-ਇਕ ਹਿੰਦੁਸਤਾਨ' ਦਾ ਜਜ਼ਬਾ ਵੀ ਅੰਗਰੇਜ਼ਾਂ ਨੇ ਹੀ ਇਥੇ ਪੈਦਾ ਕੀਤਾ। ਪਰ ਉਨ੍ਹਾਂ ਨੇ ਇਸ ਗੱਲ ਉਤੇ ਵੀ ਪੂਰੀ ਤਾਕਤ ਨਾਲ ਜ਼ੋਰ ਦਿਤਾ ਕਿ ਇਕ ਵੱਡੇ ਦੇਸ਼ ਦਾ ਮਤਲਬ ਇਹ ਨਹੀਂ ਕਿ ਸਦੀਆਂ ਤੋਂ ਚਲੀਆਂ ਆ ਰਹੀਆਂ ਰਾਜਸੀ ਇਕਾਈਆਂ (ਛੋਟੇ ਰਾਜ), ਸੈਕੜੇ ਭਾਸ਼ਾਵਾਂ, ਦਰਜਨਾਂ ਸਭਿਅਤਾਵਾਂ ਅਤੇ ਵੱਖ ਵੱਖ ਧਰਮਾਂ ਨੂੰ ਵੀ ਇਕ ਝੰਡਾ ਫੜਾ ਦਿਤਾ ਜਾਏ ਤੇ ਉਨ੍ਹਾਂ ਦੀ ਵਖਰੀ ਹੋਂਦ ਨੂੰ ਮਾਨਤਾ ਨਾ ਦਿਤੀ ਜਾਏ।
World War-1
ਦੋ ਸੰਸਾਰ ਜੰਗਾਂ ਮਗਰੋਂ, ਅੰਤਰ-ਰਾਸ਼ਟਰੀ ਹਾਲਾਤ ਅਜਿਹੇ ਬਣ ਗਏ ਕਿ ਬਸਤੀਵਾਦ ਦਾ ਖ਼ਾਤਮਾ ਜ਼ਰੂਰੀ ਹੋ ਗਿਆ ਤੇ ਅੰਗਰੇਜ਼ਾਂ ਨੂੰ ਅਪਣਾ ਭਲਾ ਸੋਚ ਕੇ ਇਥੋਂ ਚਲੇ ਜਾਣ ਦਾ ਫ਼ੈਸਲਾ ਕਰਨਾ ਪਿਆ। ਰਾਜ ਕਰਨ ਵੇਲੇ ਉਨ੍ਹਾਂ ਨੇ ਕਈ ਜ਼ਿਆਦਤੀਆਂ ਤੇ ਜ਼ੁਲਮ ਵੀ ਕੀਤੇ (ਜੋ ਸਾਰੇ ਹੀ ਹਾਕਮ ਕਰਦੇ ਹਨ) ਪਰ ਉਨ੍ਹਾਂ ਕੁੱਝ ਚੰਗੀਆਂ ਚੀਜ਼ਾਂ ਵੀ ਦਿਤੀਆਂ ਤੇ ਉਨ੍ਹਾਂ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ। ਇਕ ਚੰਗੀ ਗੱਲ ਉਹ ਇਹ ਕਰ ਗਏ ਕਿ ਸਾਰੇ ਭਾਰਤ ਵਿਚ ਇਕ ਨਾ ਟੁੱਟਣ ਵਾਲੀ ਸਾਂਝ ਪੈਦਾ ਕਰ ਗਏ ਤੇ ਸਭਿਅਤਾਵਾਂ ਆਪਸ ਵਿਚ ਮਿਲ ਬੈਠ ਕੇ ਵਾਰਤਾ ਕਰਨ ਲੱਗ ਪਈਆਂ।
Sri Ram
ਪਰ ਆਜ਼ਾਦੀ ਮਗਰੋਂ ਦੇ ਹਿੰਦੁਸਤਾਨੀ ਹਾਕਮਾਂ ਨੇ ਅੰਗਰੇਜ਼ ਦੀ 'ਇਕ ਭਾਰਤ' ਦੀ ਗੱਲ ਮੰਨ ਲੈਣ ਮਗਰੋਂ ਉਸ ਦੇ ਬਾਕੀ ਦੇ ਸੁਨੇਹੇ ਭੁਲਾ ਦਿਤੇ ਕਿ ਹਿੰਦੁਸਤਾਨ ਉਦੋਂ ਹੀ 'ਇਕ ਰਾਸ਼ਟਰ' ਬਣੇਗਾ ਜਦੋਂ ਸਾਰੇ ਇਲਾਕਾਈ ਸਭਿਆਚਾਰਾਂ, ਭਾਸ਼ਾਵਾਂ, ਧਰਮਾਂ ਤੇ ਵਿਸ਼ਵਾਸਾਂ ਨੂੰ ਬਰਾਬਰ ਦਾ ਸਤਿਕਾਰ ਤੇ ਬਰਾਬਰ ਦੀ ਸੰਤੁਸ਼ਟੀ ਦਿਤੀ ਜਾਏਗੀ। ਅਜਿਹਾ ਨਹੀਂ ਕੀਤਾ ਗਿਆ ਤੇ ਹਾਲਤ ਇਹ ਬਣ ਗਈ ਹੈ ਕਿ ਹੁਣੇ ਹੁਣੇ ਨਵੀਂ ਸਰਕਾਰ ਨੇ ਤਿੰਨ-ਭਾਸ਼ਾਈ ਫ਼ਾਰਮੂਲੇ ਦੇ ਨਾਂ ਤੇ ਸਾਰੇ ਦੇਸ਼ ਵਿਚ ਜਬਰੀ ਹਿੰਦੀ ਲਾਗੂ ਕਰਨ ਦੀ ਗੱਲ ਕੀਤੀ ਤਾਂ ਤਾਮਿਲਨਾਡੂ ਵਾਲਿਆਂ ਨੇ ਸਾਫ਼ ਕਹਿ ਦਿਤਾ ਕਿ ਇਸ ਫ਼ੈਸਲੇ ਨੂੰ ਬਦਲੋ ਨਹੀਂ ਤਾਂ...। ਕੇਂਦਰ ਨੇ ਤੁਰਤ ਅਪਣਾ ਫ਼ੈਸਲਾ ਲੈ ਲਿਆ। ਅਤੇ ਹੁਣ ਉੱਤਰ ਭਾਰਤ ਵਿਚ ਕਿਹਾ ਜਾ ਰਿਹਾ ਹੈ ਕਿ ਸਾਰੇ ਲੋਕ ਆਪਸ ਵਿਚ ਮਿਲਣ ਲਗਿਆਂ 'ਜੈ ਸ੍ਰੀ ਰਾਮ' ਕਹਿ ਕੇ ਮਿਲਿਆ ਕਰਨ, ਕੋਈ ਹਿੰਦੂ ਵੀ ਇਸ 'ਹੁਕਮਨਾਮੇ' ਨੂੰ ਨਹੀਂ ਮੰਨ ਰਿਹਾ।
Kali Mata
ਬੰਗਾਲ ਵਿਚ ਤਾਂ ਮਮਤਾ ਬੈਨਰਜੀ ਦੀ ਅਗਵਾਈ ਵਿਚ ਬੰਗਾਲੀਆਂ ਨੇ ਜਵਾਬੀ ਨਾਹਰਾ 'ਜੈ ਮਾਤਾ ਰਾਣੀ' ਕਹਿਣਾ ਸ਼ੁਰੂ ਕਰ ਦਿਤਾ ਹੈ। ਇਹ ਹਿੰਦੂ ਧਰਮ ਦੇ ਅੰਦਰ ਦੀ ਹਾਲਤ ਹੈ। ਗ਼ੈਰ-ਹਿੰਦੂ ਮਿਸਾਲਾਂ ਦੀ ਗੱਲ ਕਰੀਏ ਤਾਂ ਗੱਲ ਬਹੁਤ ਜਾਏਗੀ। ਸਾਰੀਆਂ ਇਹੋ ਜਿਹੀਆਂ ਮਿਸਾਲਾਂ ਇਕੱਠੀਆਂ ਕਰੀਏ ਤਾਂ ਪੂਰੀ ਕਿਤਾਬ ਬਣ ਜਾਏਗੀ। ਅਸਲ ਗੱਲ ਏਨੀ ਹੀ ਹੈ ਕਿ ਹਿੰਦੁਸਤਾਨ ਨੂੰ 'ਇਕ ਰਾਸ਼ਟਰ' ਬਣਾਉਣ ਲਈ 21ਵੀਂ ਸਦੀ ਦੀਆਂ ਸ਼ਰਤਾਂ ਲਾਗੂ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਹਾਕਮ ਧਿਰ ਵਲੋਂ 10ਵੀਂ ਸਦੀ ਦੇ ਮਾਪਦੰਡ ਲਾਗੂ ਕੀਤੇ ਜਾ ਰਹੇ ਹਨ। ਨਤੀਜਾ ਜੋ ਨਿਕਲੇਗਾ, ਉਸ ਦਾ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ।