
ਦਰਬਾਰ ਸਾਹਿਬ ਲਾਇਬ੍ਰੇਰੀ ਤੇ ਚੁੱਕੇ ਹੱਥ ਲਿਖਤ ਗ੍ਰੰਥ ਤਾਂ ਫ਼ੌਜ ਨੇ ਇਕ ਸਾਲ ’ਚ ਹੀ ਵਾਪਸ ਕਰ ਦਿਤੇ ਸਨ
6 ਜੂਨ ਦੇ ਦਰਦਨਾਕ ਘਲੂਘਾਰੇ ਬਾਰੇ ਲੇਖਕਾਂ ਨੇ ਸਿਆਹੀ ਨਾਲ ਨਹੀਂ ਬਲਕਿ ਲਹੂ ਦੇ ਹੰਝੂਆਂ ਨਾਲ ਪੰਨੇ ਭਰੇ ਹੋਏ ਹਨ। ਅੱਜ ਵੀ 39 ਸਾਲਾਂ ਬਾਅਦ ਅਸੀ ਕਾਗ਼ਜ਼ਾਂ ਦੇ ਪੰਨਿਆਂ ਨੂੰ ਭਰ ਕੇ ਹੀ ਸਕੂਨ ਲੱਭ ਰਹੇ ਹਾਂ। ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਇਸ ਵਾਰ ਦਰਦ ਤੇ ਨਮੋਸ਼ੀ ਵਿਚ ਨੰਗੀਆਂ ਤਲਵਾਰਾਂ ਦਾ ਕ੍ਰੋਧ ਨਜ਼ਰ ਨਹੀਂ ਆਇਆ। ਖ਼ਾਸ ਕਰ ਕੇ ਇਹ ਉਬਾਲ ਪਿਛਲੇ ਕੁੱਝ ਸਾਲਾਂ ਤੋਂ ਨਜ਼ਰ ਆ ਰਿਹਾ ਸੀ ਪਰ ਇਕ ਨਾਬਾਲਗ਼ ਮੁੰਡੇ ਨੂੰ ਖ਼ਾਲਿਸਤਾਨ ਦੇ ਨਾਹਰੇ ਮਾਰਦਿਆਂ ਵੇਖ ਕੇ ਅਹਿਸਾਸ ਹੋਇਆ ਕਿ ਅਜੇ ਵੀ ਦਿਲਾਂ ਨੂੰ ਹੋਰ ਟਟੋਲਣਾ ਪਵੇਗਾ ਨਹੀਂ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਅਪਣੇ ਇਤਿਹਾਸ ਨੂੰ ਦੁਹਰਾ ਨਹੀਂ ਪਾਵੇਗੀ ਪਰ ਕੋਸ਼ਿਸ਼ਾਂ ਕਰਦੀ ਕਰਦੀ ਹੀ ਮਾਯੂਸ ਹੋ ਜਾਵੇਗੀ।
ਉਸ ਨਾਬਾਲਗ਼ ਵਿਚ ਮੈਨੂੰ ਨਾ ਸਿਰਫ਼ ਅਪਣੇ ਬੇਟੇ ਬਲਕਿ ਉਨ੍ਹਾਂ ਸਾਰੇ ਬੱਚਿਆਂ ਦੀ ਝਲਕ ਦਿਸ ਰਹੀ ਸੀ ਜਿਨ੍ਹਾਂ ਨੂੰ ਨਿਸ਼ਕਾਮ, ਜੋਤੀ ਸਰੂਪ, ਕੰਨਿਆ ਆਸਰਾ, ਗੁਰੂ ਆਸਰਾ ਵਰਗੇ ਆਸ਼ਰਮਾਂ ਵਿਚ, ਅਨਾਥ ਹੋਣ ਤੋਂ ਬਾਅਦ, ਇਨ੍ਹਾਂ ਆਸ਼ਰਮਾਂ ਵਿਚ ਛੱਡ ਕੇ ਭੁਲਾ ਹੀ ਦਿਤਾ ਗਿਆ ਸੀ। ਬੰਦੀ ਸਿੰਘਾਂ ਵਾਂਗ ਕਈ ਸਿੰਘ, ਜੇਲਾਂ ਵਿਚ ਬੈਠੇ ਹਨ, ਕਈ ਵਿਦੇਸ਼ਾਂ ਵਿਚ ਅਪਣੀ ਧਰਤੀ ਤੋਂ ਦੂਰ ਰਹਿਣ ਲਈ ਮਜਬੂਰ ਹਨ ਕਿਉਂਕਿ 39 ਸਾਲਾਂ ਵਿਚ ਇਨਸਾਫ਼ ਨਾ ਮਿਲਣ ਦੇ ਨਾਲ ਨਾਲ ਸਚਾਈ ਨੂੰ ਧੁੰਦਲਾ ਕਰ ਦਿਤਾ ਗਿਆ ਹੈ। ਉਸ ਬੱਚੇ ਵਾਂਗ ਸਾਡੇ ਕਈ ਵੀਰ ਅੰਮ੍ਰਿਤਪਾਲ ਸਿੰਘ, ਜੱਗੀ ਜੌਹਲ, ਸਲਾਖ਼ਾਂ ਪਿਛੇ ਅੱਜ ਵੀ ਵੇਖੇ ਜਾ ਸਕਦੇ ਹਨ।
ਸਾਕਾ ਨੀਲਾ ਤਾਰਾ ਵਰਗੀ ਯੋਜਨਾ ਦੀ ਤਿਆਰੀ ਕਿਉਂ ਕੀਤੀ ਗਈ, ਕੌਣ ਕੌਣ ਇਸ ਵਿਚ ਸ਼ਾਮਲ ਸੀ, ਇਸ ਬਾਰੇ ਕਿਉਂਕਿ ਸਚਾਈ ਨਹੀਂ ਪੇਸ਼ ਕੀਤੀ ਗਈ, ਦਰਦ ਸਿਰਫ਼ ਖ਼ਾਲਿਸਤਾਨ ਦੀ ਮੰਗ ਤੋਂ ਸ਼ੁਰੂ ਹੋ ਕੇ ਖ਼ਾਲਿਸਤਾਨ ਦੇ ਨਾਹਰੇ ’ਤੇ ਹੀ ਖ਼ਤਮ ਹੋ ਜਾਂਦਾ ਹੈ। ਪਰ ਕੀ ਖ਼ਾਲਿਸਤਾਨ ਦੀ ਮੰਗ ਹੱਲ ਹੈ ਜਾਂ ਅਪਣੇ ਆਪ ਵਿਚ ਹੀ ਇਕ ਸਮੱਸਿਆ ਹੈ ਜਿਸ ਨੂੰ ਵਰਤ ਕੇ ਸਾਡੇ ਦੁਸ਼ਮਣ ਪੰਜਾਬ ਦਾ ਵੱਡਾ ਨੁਕਸਾਨ ਕਰਦੇ ਆ ਰਹੇ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਵਿਚੋਂ ਸਿੱਖੀ ਸੋਚ ਹੀ ਖ਼ਤਮ ਹੁੰਦੀ ਜਾ ਰਹੀ ਹੈ? ਜਿਵੇਂ ਅਮਰੀਕਾ ਵਿਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਦਸਤਾਰ ਉਤਾਰੀ ਗਈ ਹੈ, ਸਿੱਖ ਇਕ ਦੂਜੇ ਦੇ ਦੁਸ਼ਮਣ ਬਣ ਕੇ ਅਪਣਾ ਹੀ ਨੁਕਸਾਨ ਕਰ ਰਹੇ ਹਨ।
ਪ੍ਰੋ. ਚੰਦੂਮਾਜਰਾ ਅਤੇ ਦਲ ਖ਼ਾਲਸਾ ਵਲੋਂ ਮੰਗ ਕੀਤੀ ਗਈ ਹੈ ਕਿ ਵਿਦੇਸ਼ੀ ਤਾਕਤਾਂ ਵਲੋਂ 1984 ਵਿਚ ਇੰਦਰਾ ਗਾਂਧੀ ਨੂੰ ਦਿਤੇ ਸਮਰਥਨ ਬਾਰੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਪਰ ਉਸ ਤੋਂ ਵੀ ਇਕ ਕਦਮ ਅੱਗੇ ਚੱਲ ਕੇ ਐਲ.ਕੇ. ਅਡਵਾਨੀ ਦੇ ਦਾਅਵੇ ਬਾਰੇ ਵੀ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਅਡਵਾਨੀ ਨੇ ਅਪਣੀ ਬਾਇਓਗ੍ਰਾਫ਼ੀ ਵਿਚ ਦਾਅਵਾ ਕੀਤਾ ਹੈ ਕਿ ਜੇ ਉਹ ਦਬਾਅ ਨਾ ਪਾਉਂਦੇ ਤਾਂ ਇੰਦਰਾ ਗਾਂਧੀ ਕਦੇ ਵੀ ਬਲੂ-ਸਟਾਰ ਆਪ੍ਰੇਸ਼ਨ ਵਰਗਾ ਘਿਨਾਉਣਾ ਸਾਕਾ ਨਾ ਕਰ ਸਕਦੀ। ਵਿਦੇਸ਼ਾਂ ਦੀ ਸ਼ਮੂਲੀਅਤ ਤੋਂ ਪਹਿਲਾਂ ਅਪਣੇ ਦੇਸ਼ ਦੀ ਸਿਆਸਤ ਦਾ ਸੱਚ ਸਮਝਣਾ ਜ਼ਰੂਰੀ ਹੈ।
ਸਾਬਕਾ ਖ਼ਾਲਿਸਤਾਨੀ, ਇੰਗਲੈਂਡ ਵਸਦੇ ਠੇਕੇਦਾਰ ਜਸਵੰਤ ਸਿੰਘ ਨਾਲ ਗੱਲ ਹੋਈ ਤਾਂ ਉਹ ਸਾਰਾ ਇਲਜ਼ਾਮ ਪਾਕਿਸਤਾਨ ਦੇ ਸਿਰ ਸੁਟਦੇ ਹਨ ਜਿਸ ਨੇ ਪੰਜਾਬ ਦੀ ਇਕ ਪੀੜ੍ਹੀ ਨੂੰ ਐਸਾ ਗੁਮਰਾਹ ਕੀਤਾ ਕਿ ਉਨ੍ਹਾਂ ਅਪਣੇ ਹਸਦੇ ਵਸਦੇ ਘਰਾਂ ਨੂੰ ਤਬਾਹ ਕਰਨ ਵਿਚ ਪਿਆਦੇ ਬਣ ਦੁਸ਼ਮਣ ਦੀ ਮਦਦ ਕੀਤੀ। ਇਕ ਦੁਸ਼ਮਣ ਪਾਕਿਸਤਾਨ ਨੂੰ ਮੰਨ ਵੀ ਲਿਆ ਜਾਵੇ ਤਾਂ ਵੀ ਇਹ ਸੱਚ ਨਹੀਂ ਬਦਲੇਗਾ ਕਿ ਪੰਜਾਬ ਦੀਆਂ ਮੰਗਾਂ ਨਾ ਮੰਨਣ ਕਾਰਨ ਪੰਜਾਬ ਤੇ ਕੇਂਦਰ ਵਿਚਕਾਰ ਦਰਾੜਾਂ ਵਧਦੀਆਂ ਗਈਆਂ। ਅੱਜ ਵੀ ਪਾਣੀ ਤੇ ਰਾਜਧਾਨੀ ਦਾ ਮਸਲਾ ਉਸੇ ਤਰ੍ਹਾਂ ਚਲ ਰਿਹਾ ਹੈ। ਸਗੋਂ ਹੁਣ ਹਰਿਆਣਾ ਵਿਚ ਭਾਜਪਾ ਤੇ ਹਿਮਾਚਲ ਵਿਚ ਕਾਂਗਰਸ ਸਰਕਾਰਾਂ ਪਾਣੀ ਦਾ ਰੁਖ਼ ਹੀ ਬਦਲ ਕੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨ ਦੀ ਤਿਆਰੀ ਕਰ ਰਹੀਆਂ ਹਨ।
ਸਾਰੇ ਮਾਮਲੇ ਤੇ ਗਹਿਰੀ ਸੱਟ ਮਾਰਨ ਦਾ ਕੰਮ ਸਿੱਖ ਆਗੂਆਂ ਨੇ ਕੀਤਾ ਹੈ। ਦਰਬਾਰ ਸਾਹਿਬ ਲਾਇਬ੍ਰੇਰੀ ਤੇ ਚੁੱਕੇ ਹੱਥ ਲਿਖਤ ਗ੍ਰੰਥ ਤਾਂ ਫ਼ੌਜ ਨੇ ਇਕ ਸਾਲ ’ਚ ਹੀ ਵਾਪਸ ਕਰ ਦਿਤੇ ਸਨ ਪਰ ਅਕਾਲੀ ਦਲ 34 ਸਾਲ ਤੋਂ ਝੂਠ ਬੋਲਦਾ ਆ ਰਿਹਾ ਹੈ ਤੇ ਹੁਣ ਐਸ.ਜੀ.ਪੀ.ਸੀ. ਉਤੇ ਕਬਜ਼ਾ ਹੋਣ ਕਾਰਨ, ਇਸ ਮਸਲੇ ’ਤੇ ਗੱਲ ਕਰਨ ਵਾਸਤੇ ਵੀ ਤਿਆਰ ਨਹੀਂ। ਉਨ੍ਹਾਂ ਨੂੰ ਸਿਰਫ਼ ਅਪਣੇ ਏਕਾਧਿਕਾਰ ਦੀ ਚਿੰਤਾ ਸਤਾ ਰਹੀ ਹੈ। ਬੜੀ ਗਹਿਰਾਈ ਵਿਚ ਜਾ ਕੇ ਤੇ ਕਈ ਪਹਿਲੂਆਂ ਬਾਰੇ ਖੋਜ ਕਰ ਕੇ ਸੱਚ ਪੇਸ਼ ਕਰਨ ਦੀ ਲੋੜ ਹੈ ਤਾਕਿ ਸਾਡੀ ਅਗਲੀ ਪੀੜ੍ਹੀ ਨੂੰ ਤਾਂ ਸਾਡੀਆਂ ਗ਼ਲਤੀਆਂ ਦਾ ਖ਼ਮਿਆਜ਼ਾ ਨਾ ਭੁਗਤਣਾ ਪਵੇ। - ਨਿਮਰਤ ਕੌਰ