
ਕਿਸੇ ਵੀ ਦੇਸ਼ ਵਿਚ ਨਸ਼ੇ ਦੇ ਆਦੀ ਨੂੰ ਅਪਰਾਧੀ ਨਹੀਂ ਬਲਕਿ ਪੀੜਤ ਮੰਨਿਆ ਜਾਂਦਾ ਹੈ ਤੇ ਉਸ ਨੂੰ ਜ਼ਲੀਲ ਕਰਨ ਦੀ ਬਜਾਏ ਉਸ ਦੀ ਮਦਦ ਕੀਤੀ ਜਾਂਦੀ ਹੈ।
ਸ਼ਾਹਰੁਖ਼ ਖ਼ਾਨ ਦਾ ਬੇਟਾ ਇਕ ਪਾਰਟੀ ਵਿਚ ਚਰਸ ਨਾਲ ਫੜਿਆ ਗਿਆ ਤੇ ਸਾਰੇ ਟੀ.ਵੀ. ਚੈਨਲਾਂ ਉਤੇ ਇਹੀ ਖ਼ਬਰ ਚਲ ਰਹੀ ਹੈ। ਜਿਹੜੇ ਲੋਕ ਈਰਖਾ ਤੇ ਨਫ਼ਰਤ ਦੀ ਐਨਕ ਵਿਚੋਂ ਦੁਨੀਆਂ ਨੂੰ ਵੇਖਦੇ ਹਨ, ਉਨ੍ਹਾਂ ਨੂੰ ਤਾਂ ਇਸੇ ਤਰ੍ਹਾਂ ਦੀਆਂ ਖ਼ਬਰਾਂ ਵਿਚ ਹੀ ਦਿਲਚਸਪੀ ਹੋਵੇਗੀ। ਇਕ ਅਮੀਰ, ਮੁਸਲਮਾਨ ਅਭਿਨੇਤਾ ਦਾ ਬੇਟਾ ਗ਼ਲਤੀ ਕਰਦਾ ਫੜਿਆ ਗਿਆ ਤੇ ਫਿਰ ਭਾਰਤ ਦੀ ਸੰਸਕ੍ਰਿਤੀ ਦੇ ਠੇਕੇਦਾਰਾਂ ਵਾਸਤੇ ਦੀਵਾਲੀ, ਵਕਤ ਤੋਂ ਪਹਿਲਾਂ ਹੀ ਆ ਗਈ। ਪਰ ਇਹ ਲੋਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਦੀ ਸੰਸਕ੍ਰਿਤੀ ਬਾਰੇ ਗੱਲ ਨਹੀਂ ਕਰਨਗੇ ਜਿਸ ਨੇ ਕਿਸਾਨਾਂ ਉਤੇ ਗੱਡੀ ਚੜ੍ਹਾ ਦਿਤੀ ਸੀ।
Aryan Khan
ਇਕ ਸਮੁੰਦਰੀ ਜਹਾਜ਼ ਦੇ ਜਸ਼ਨ ਵਿਚ 13 ਗ੍ਰਾਮ ਚਿੱਟਾ, 21 ਗ੍ਰਾਮ ਚਰਸ, 22 ਗੋਲੀਆਂ, 5 ਗ੍ਰਾਮ ਮੇਫਾਡੇ੍ਰਨ ਮਿਲੀ ਤਾਂ ਦੇਸ਼ ਦੀ ਸਰਬੋਤਮ ਨਸ਼ਾ ਰੋਕੂ ਸੰਸਥਾ ਐਨ.ਸੀ.ਬੀ. ਨੇ ਲੱਖਾਂ, ਕਰੋੜਾਂ ਰੁਪਏ ਜਾਂਚ ਉਤੇ ਖ਼ਰਚ ਕਰ ਦਿਤੇ ਤੇ ਅਪਣੀ ਪੂਰੀ ਤਾਕਤ ਵੀ ਇਸ ਉਤੇ ਲਗਾ ਦਿਤੀ। ਖ਼ੈਰ ਇਹ ਤਾਂ ਸੱਜੇ ਪੱਖੀਆਂ ਦੀ ਲੜਾਈ ਹੈ ਜਿਸ ਵਿਚ ਹਰ ਪਾਸੇ ਅਪਣੇ ਆਪ ਨੂੰ ਸਾਫ਼ ਸੁਥਰਾ ਵਿਖਾਉਣ ਵਾਸਤੇ ਹਰ ਹਥਿਆਰ ਵਰਤਿਆ ਜਾਵੇਗਾ। ਪਰ ਦੋਹਾਂ ਧਿਰਾਂ ਨੂੰ ਤੱਥਾਂ ਆਧਾਰਤ ਸੋਚ ਰੱਖਣ ਵਾਲੇ ਲੋਕ ਵੀ ਕੁੱਝ ਸਵਾਲ ਪੁਛਣਾ ਚਾਹੁੰਦੇ ਹਨ।
Shah Rukh Khan and Aryan Khan
ਸ਼ਾਹਰੁਖ਼ ਖ਼ਾਨ ਕਿੰਨਾ ਵੀ ਅਮੀਰ ਹੋਵੇ, ਹੈ ਤਾਂ ਉਹ ਇਨਸਾਨ ਹੀ ਤੇ ਸਾਡੇ ਵਾਂਗ ਇਕ ਪਿਤਾ ਹੀ ਜਿਸ ਦਾ ਬੇਟਾ ਜਵਾਨੀ ਵਿਚ ਉਨ੍ਹਾਂ ਨਸ਼ੀਲੇ ਪਦਾਰਥਾਂ ਦਾ ਤਜਰਬਾ ਕਰ ਰਿਹਾ ਹੈ ਜੋ ਅੱਜਕਲ੍ਹ ਦੇ ਬੱਚੇ ਆਮ ਕਰਨ ਲੱਗ ਪਏ ਹਨ। ਅਪਣੇ ਬੱਚਿਆਂ ਨਾਲ ਕਦੇ ਆਰਾਮ ਨਾਲ ਬੈਠ ਕੇ ਪੁਛੋ ਤਾਂ ਪਤਾ ਚਲੇਗਾ ਕਿ ਜਿੰਨਾ ਨਸ਼ਾ ਇਸ ਸਿਤਾਰਿਆਂ ਦੀ ਪਾਰਟੀ ਤੋਂ ਮਿਲਿਆ ਹੈ, ਉਹ ਅੱਜ ਆਮ ਨੌਜਵਾਨਾਂ ਦੇ ਜਸ਼ਨਾਂ ਵਿਚ ਮਿਲਣ ਵਾਲੇ ਨਸ਼ਿਆਂ ਤੋਂ ਵੀ ਘੱਟ ਹੈ। ਬਹੁਤਾ ਦੂਰ ਕੀ ਜਾਣਾ ਹੈ, ਰਾਜਧਾਨੀ ਵਿਚ ਹੀ ਨੌਜਵਾਨਾਂ ਦਾ ਹਾਲ ਵੇਖ ਲਵੋ ਤਾਂ ਸ਼ਾਹਰੁਖ਼ ਖ਼ਾਨ ਦਾ ਬੇਟਾ ਮਾਸੂਮ ਜਾਪੇਗਾ। ਅੱਜ ਦੀ ਹਕੀਕਤ ਇਹ ਹੈ ਕਿ ਮਾਤਾ-ਪਿਤਾ ਸ਼ੁਕਰ ਮਨਾਉਂਦੇ ਹਨ ਕਿ ਉਨ੍ਹਾਂ ਦੇ ਬੱਚੇ ਸਿਰਫ਼ ਸ਼ਰਾਬ ਪੀਂਦੇ ਹਨ ਤੇ ਸ਼ੁਕਰਾਨਾ ਕਰਦੇ ਹਨ ਕਿ ਇਹ ਨਸ਼ੇ ਨਹੀਂ ਲੈ ਰਹੇ।
Shah rukh khan fan appeal him
ਇਸ ਮਾਮਲੇ ਨੂੰ ਵੇਖ ਕੇ ਐਨ.ਸੀ.ਬੀ. ਦੀਆਂ ਨਜ਼ਰਾਂ ਅਤੇ ਦਿਮਾਗ਼ ਵਲ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਬਾਰਡਰ ਤੇ ਡਰੋਨ ਰਾਹੀਂ ਆਉਂਦੀ ਕਿਲੋ ਅਫ਼ੀਮ ਨਾਲ ਦੇਸ਼ ਵਿਚ ਖ਼ਤਰਾ ਤਾਂ ਨਜ਼ਰ ਆਉਂਦਾ ਹੈ, ਸਿਤਾਰਿਆਂ ਦੀ ਇਕ ਪਾਰਟੀ ਜਾਂ ਸੁਸ਼ਾਂਤ ਸਿੰਘ ਰਾਜਪੂਤ ਵਲੋਂ ਨਸ਼ੇ ਦੀ ਖਪਤ ਵਿਚ ਖ਼ਤਰਾ ਤੇ ਸਾਜ਼ਸ਼ ਨਜ਼ਰ ਤਾਂ ਇਨ੍ਹਾਂ ਨੂੰ ਆ ਜਾਂਦੀ ਹੈ ਪਰ ਗੁਜਰਾਤ ਦੀ ਅਡਾਨੀ ਬੰਦਰਗਾਹ ਉਤੇ ਆਈ 21 ਹਜ਼ਾਰ ਕਰੋੜ ਦੀ ਅਫ਼ੀਮ ਨਾਲ ਚਿੰਤਾ ਨਹੀਂ ਹੁੰਦੀ। ਪੰਜਾਬ ਵਿਚ ਨਸ਼ਾ ਤਸਕਰੀ ਦੇ ਸੱਚ ਬਾਰੇ ਇਕ ਫ਼ਾਈਲ 8 ਸਾਲਾਂ ਤੋਂ ਦਰਦਰ ਭਟਕਦੀ ਜਾ ਰਹੀ ਹੈ ਪਰ ਕਿਸੇ ਨੂੰ ਫ਼ਰਕ ਨਹੀਂ ਪਿਆ ਜਦਕਿ ਇਕ ਨੌਜਵਾਨ ਦੇ ਚੁਟਕੀ ਭਰ ਨਸ਼ੇ ਨਾਲ ਐਨ.ਸੀ.ਬੀ. ਜਾਗ ਜਾਂਦਾ ਹੈ।
Gautam Adani
ਕਿਸੇ ਵੀ ਦੇਸ਼ ਵਿਚ ਨਸ਼ੇ ਦੇ ਆਦੀ ਨੂੰ ਅਪਰਾਧੀ ਨਹੀਂ ਬਲਕਿ ਪੀੜਤ ਮੰਨਿਆ ਜਾਂਦਾ ਹੈ ਤੇ ਉਸ ਨੂੰ ਜ਼ਲੀਲ ਕਰਨ ਦੀ ਬਜਾਏ ਉਸ ਦੀ ਮਦਦ ਕੀਤੀ ਜਾਂਦੀ ਹੈ। ਅਮਰੀਕਾ ਨੇ ਅਪਣੇ ਦੇਸ਼ ਵਿਚ ਨਸ਼ਾ ਰੋਕਣ ਵਾਸਤੇ ਮੈਕਸੀਕੋ ਵਿਚ ਨਸ਼ੇ ਦੇ ਸੌਦਾਗਰਾਂ ਨੂੰ ਖ਼ਤਮ ਕਰਨ ਵਾਸਤੇ ਅਰਬਾਂ ਰੁਪਏ ਖ਼ਰਚ ਕਰ ਦਿਤੇ ਸਨ। ਪਰ ਇਹ ਸਾਡੀ ਸਰਕਾਰ ਹੈ ਜੋ ਅਡਾਨੀ ਬੰਦਰਗਾਹ ਤੇ 21 ਹਜ਼ਾਰ ਕਰੋੜ ਦੀ ਅਫ਼ੀਮ ਮਿਲਣ ਤੇ ਮੂੰਹ ਫੇਰ ਲੈਂਦੀ ਹੈ ਪਰ ਪੀੜਤ ਨੌਜਵਾਨਾਂ ਨੂੰ ਮੀਡੀਆ ਵਿਚ ਵੱਧ ਤੋਂ ਵੱਧ ਜ਼ਲੀਲ ਕਰਨ ਦੀ ਖੁਲ੍ਹ ਦੇ ਦੇਂਦੀ ਹੈ।
ਆਰਯਨ ਖ਼ਾਨ ਦੀਆਂ ਹਿਰਾਸਤ ਵਿਚਲੀਆਂ ਤਸਵੀਰਾਂ ਜਾਰੀ ਕਰਨ ਤੇ ਰੋਣ ਦੀ ਜਾਣਕਾਰੀ ਦੇ ਕੇ ਐਨ.ਸੀ.ਬੀ.ਨੇ ਸਾਬਤ ਕਰ ਦਿਤਾ ਹੈ ਕਿ ਉਨ੍ਹਾਂ ਦੀ ਨੀਯਤ ਦੇਸ਼ ਵਿਚੋਂ ਨਸ਼ਾ ਖ਼ਤਮ ਕਰਨ ਦੀ ਬਿਲਕੁਲ ਵੀ ਨਹੀਂ। ਬਸ ਜਦ ਕਿਸੇ ਨੂੰ ਤੰਗ ਕਰਨਾ ਹੋਵੇ ਜਾਂ ਬਦਨਾਮ ਕਰਨਾ ਹੋਵੇ ਤਾਂ ਨਸ਼ੇ ਨੂੰ ਬਹਾਨੇ ਵਜੋਂ ਵਰਤ ਲਿਆ ਜਾਂਦਾ ਹੈ ਪਰ 13 ਗ੍ਰਾਮ ਚਰਸ ਤੇ ਦਿੱਕਤ ਹੈ ਪਰ 3600 ਕਿਲੋ ਤੇ ਇਤਰਾਜ਼ ਨਹੀਂ। -ਨਿਮਰਤ ਕੌਰ