
ਕਿਰਤ ਦੀ ਕਮਾਈ ਕਰਨ ਵਾਸਤੇ ਅਸੀ ਤਿਆਰ ਨਹੀਂ, ਵੰਡ ਛਕਣ ਦੀ ਤਾਂ ਗੱਲ ਹੀ ਦੂਰ ਦੀ ਕਹਾਣੀ ਹੈ।
ਪੰਜਾਬ ਵਿਚ ਕਸ਼ਮੀਰ ਤੋਂ ਆਉਂਦਾ ਸੇਬਾਂ ਦਾ ਇਕ ਟਰੱਕ ਪਲਟਿਆ ਤਾਂ ਗੱਡੀ ਚਲਾਉਂਦੇ ਟਰੱਕ ਡਰਾਈਵਰ ਦੇ ਦਿਮਾਗ਼ ਵਿਚ ਖ਼ਿਆਲ ਜ਼ਰੂਰ ਆਇਆ ਹੋਵੇਗਾ ਕਿ ਚਲੋ ਸ਼ੁਕਰ ਹੈ ਕਿ ਇਹ ਹਾਦਸਾ ਪੰਜਾਬ ਵਿਚ ਹੋਇਆ ਹੈ| ਉਸ ਦੇ ਮਨ ਵਿਚ ਨਿਸ਼ਚੇ ਹੀ ਇਹ ਵਿਚਾਰ ਆਇਆ ਹੋਵੇਗਾ ਕਿ ਹੁਣ ਕੋਈ ਆ ਕੇ ਮੇਰੇ ਟਰੱਕ ਦਾ ਮਾਲ ਵਾਪਸ ਟਰੱਕ ਉਤੇ ਚੜ੍ਹਾਉਣ ਵਿਚ ਮੇਰੀ ਮਦਦ ਕਰੇਗਾ| ਪਰ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਹੋਵੇਗੀ ਜਦ ਉਸ ਨੇ ਵੇਖਿਆ ਹੋਵੇਗਾ ਕਿ ਪੰਜਾਬ ਦੇ ਲੋਕ ਦੌੜ-ਦੌੜ ਕੇ ਆਏ ਤੇ ਸੇਬਾਂ ਦੀਆਂ ਪੇਟੀਆਂ ਚੁੱਕ ਕੇ ਭੱਜੀ ਜਾਂਦੇ ਸਨ| ਗੱਡੀਆਂ ਵਾਲੇ ਵੀ ਆਏ ਤੇ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਸੇਬਾਂ ਦੀਆਂ ਪੇਟੀਆਂ üਕ ਕੇ ਚਲਦੇ ਬਣੇ| ਇਸ ਸਾਰੇ ਹਾਦਸੇ ਨੂੰ ਵੇਖ ਕੇ ਕਈ ਲੋਕ ਹੈਰਾਨ ਪ੍ਰੇਸ਼ਾਨ ਹਨ ਕਿਉਂਕਿ ਇਸ ਤਰ੍ਹਾਂ ਦੀ ਗੱਲ ਬਿਹਾਰ ਵਿਚ ਹੁੰਦੀ ਸੁਣਦੇ ਸੀ ਪਰ ਪੰਜਾਬ ਤਾਂ ਵਖਰਾ ਹੀ ਸੂਬਾ ਮੰਨਿਆ ਜਾਂਦਾ ਸੀ|
ਕੁਝ ਨੌਜੁਆਨਾਂ ਦੀ ਗੱਲ ਸੁਣੀ ਕਿ ਏਨੀ ਮਹਿੰਗਾਈ ਹੈ, 250 ਰੁਪਏ ਕਿਲੋ ਸੇਬ ਹਨ ਤੇ ਬੇਰੁਜ਼ਗਾਰੀ ਨਾਲ ਪੰਜਾਬ ਕਮਜ਼ੋਰ ਹੋ ਗਿਆ ਹੈ| ਹਾਂ, ਬੇਰੁਜ਼ਗਾਰੀ ਹੈ, ਔਖੇ ਆਰਥਕ ਸਮੇਂ ਹਨ ਪਰ ਅੱਜ ਵੀ ਪੰਜਾਬ ਦੀ ਗ਼ਰੀਬੀ ਆਰਥਕ ਨਹੀਂ ਬਲਕਿ ਮਾਨਸਿਕਤਾ ਦੀ ਹੈ| ਜੇ ਇਕ ਗੱਡੀ ਵਿਚੋਂ ਕੋਈ ਸੇਬ ਦੀ ਪੇਟੀ ਚੁੱਕਣ ਜਾਂਦਾ ਹੈ ਤਾਂ ਫਿਰ ਉਹ ਅਪਣੀ ਗੱਡੀ ਵਿਚ ਇਕ ਝੂਠੇ ਰਾਸ਼ਨ ਕਾਰਡ ਰਾਹੀਂ ਮੁਫ਼ਤ ਆਟਾ-ਦਾਲ ਲੈਣ ਵੀ ਜਾਂਦਾ ਹੋਵੇਗਾ| ਇਹ ਉਹੀ ਲੋਕ ਹਨ ਜਿਨ੍ਹਾਂ ਨੇ ਮੁਫ਼ਤ ਪਾਣੀ ਦੇ ਚੱਕਰ ਵਿਚ ਪੰਜਾਬ ਦੇ ਪਾਣੀਆਂ ਨਾਲ ਭਰਪੂਰ ਧਰਤੀ ਨੂੰ ਸੋਕੇ ਵਾਲੀ ਧਰਤੀ ਵਿਚ ਬਦਲ ਦਿਤਾ ਹੈ| ਮੁਫ਼ਤ ਬਿਜਲੀ ਦੇ ਚੱਕਰ ਵਿਚ ਅਪਣੇ ਦੋ ਕਮਰਿਆਂ ਵਾਲੇ ਘਰਾਂ ਦੇ ਪਿਛਵਾੜੇ ’ਚ ਮੋਟਰ ਚਲਾ ਕੇ ਪੰਜਾਬ ਦੇ ਖ਼ਜ਼ਾਨੇ ਖ਼ਾਲੀ ਕਰਦੇ ਹਨ| ਇਸ ਲੁੱਟ ਵਿਚ ਸਿਰਫ਼ ਆਮ ਲੋਕ ਹੀ ਨਹੀਂ ਬਲਕਿ ਸਭ ਤੋਂ ਅੱਗੇ ਸਾਡੇ ਅਮੀਰ ਹਨ| ਸਭ ਤੋਂ ਜ਼ਿਆਦਾ ਮੁਫ਼ਤ ਮੋਟਰਾਂ ਦੇ ਬਿਲ ਵੱਡੇ ਜ਼ਿਮੀਦਾਰ ਮੁਆਫ਼ ਕਰਵਾਉਂਦੇ ਹਨ ਤੇ ਗੁਰੂ ਘਰਾਂ ਤੋਂ ਲੰਗਰ ਲੈ ਕੇ ਅਪਣੇ ਪ੍ਰਵਾਰ ਦੇ ਸਮਾਗਮਾਂ ਦਾ ਖ਼ਰਚਾ ਬਚਾਉਂਦੇ ਹਨ| ਸਰਕਾਰ ਦੀ ਆਮਦਨ ਨੂੰ ਅਪਣੀ ਜਗੀਰ ਸਮਝ ਕੇ ਦੁਰ-ਉਪਯੋਗ ਕਰਨ ਦੀ ਆਦਤ ਅਮੀਰਾਂ ਤੇ ਤਾਕਤਵਰ ਲੋਕਾਂ ਵਿਚ ਜ਼ਿਆਦਾ ਹੈ| ਸਰਕਾਰੀ ਨੌਕਰੀ ਪੈਸੇ ਤੇ ਸਹੂਲਤਾਂ ਵਾਸਤੇ ਚਾਹੀਦੀ ਹੁੰਦੀ ਹੈ ਪਰ ਸਰਕਾਰੀ ਕੰਮ ਵਿਚ ਚੋਰੀ ਕਰਨ ਵਾਲੇ ਲੋਕ, ਬਾਬੇ ਨਾਨਕ ਵਲੋਂ ਗ਼ਰੀਬਾਂ ਵਾਸਤੇ ਚਲਾਏ ਲੰਗਰ ਨੂੰ ਭੁੱਲ ਗਏ ਹਨ| ਅਪਣੇ ਸੂਬੇ ਵਿਚ ਨਫ਼ਰਤ ਫੈਲਾਉਂਦੇ ਹਨ ਤਾਕਿ ਸਰਕਾਰ ਤੋਂ ਫਾਲਤੂ ਸੁਰੱਖਿਆ ਲੈ ਕੇ ਅਪਣੀ ਝੂਠੀ ਸ਼ਾਨ ਬਣਾ ਸਕਣ| ਜਿਸ ਤਰ੍ਹਾਂ ਪੰਜਾਬ ਦੇ ਆਗੂਆਂ ਨੇ ਮਾਫ਼ੀਆ ਰਾਜ ਦੀ ਸਥਾਪਨਾ ਕੀਤੀ ਹੈ, ਸਾਫ਼ ਹੈ ਕਿ ਅੱਜ ਪੰਜਾਬੀਆਂ ਦੀ ਭੁੱਖ ਦਾ ਕਾਰਨ ਉਨ੍ਹਾਂ ਦੀ ਆਰਥਕ ਗ਼ਰੀਬੀ ਨਹੀਂ, ਕੁਝ ਹੋਰ ਹੈ|
ਕਿਰਤ ਦੀ ਕਮਾਈ ਕਰਨ ਵਾਸਤੇ ਅਸੀ ਤਿਆਰ ਨਹੀਂ, ਵੰਡ ਛਕਣ ਦੀ ਤਾਂ ਗੱਲ ਹੀ ਦੂਰ ਦੀ ਕਹਾਣੀ ਹੈ। ਸਭ ਤੋਂ ਵੱਡਾ ਸੰਕਟ ਪੰਜਾਬ ਦੇ ਇਤਿਹਾਸ ਦਾ ਮੂੰਹ ਚਿੜਾ ਰਿਹਾ ਹੈ| ਜਿਹੜੀ ਕੌਮ ਅਪਣੀ ਜਾਨ ’ਤੇ ਖੇਡ ਕੇ ਮੁਗ਼ਲ ਹਮਲਾਵਰਾਂ ਤੋਂ ਹਿੰਦੂ ਕੁੜੀਆਂ ਬਚਾ ਕੇ ਲਿਆਉਂਦੀ ਸੀ, ਉਸ ਦੇ ਬਹੁਤੇ ਨੌਜੁਆਨਾਂ ਦੀਆਂ ਅੱਖਾਂ ਵਿਚ ਔਰਤਾਂ ਦੇ ਜਿਸਮ ਵਾਸਤੇ ਐਸੀ ਭੁੱਖ ਰਚ ਗਈ ਹੈ ਕਿ ਸ਼ਾਮ ਨੂੰ ਬਾਹਰ ਜਾਣਾ ਔਰਤਾਂ ਵਾਸਤੇ ਸੁਰੱਖਿਅਤ ਨਹੀਂ ਰਿਹਾ| ਬਸ ਕੈਨੇਡਾ ਦੇ ਡਾਲਰਾਂ ਦਾ ਰਸਤਾ ਖੁਲ੍ਹਦਾ ਨਾ ਦਿਸੇ ਤਾਂ ਨਸ਼ੇ ਵਿਚ ਡੁਬ ਜਾਂਦੇ ਹਨ| ਜੇ ਪੈਸਾ ਨਾ ਮਿਲੇ ਤਾਂ ਵੋਟ ਨਹੀਂ ਪਾਉਂਦੇ, ਜੇ ਫ਼ੋਟੋ ਨਾ ਖਿੱਚੀ ਜਾ ਰਹੀ ਹੋਵੇ ਤਾਂ ਚੰਗਾ ਕੰਮ ਨਹੀਂ ਕਰਦੇ| ਇਹ ਮਾਨਸਿਕਤਾ ਬਣ ਚੁੱਕੀ ਹੈ ਅੱਜ ਦੇ ਪੰਜਾਬ ਦੀ|
ਸੰਕਟ ਬਹੁਤ ਵੱਡਾ ਹੈ ਪਰ ਕੌਣ ਹੈ ਜੋ ਇਸ ਨੂੰ ਸਮਝਣ ਲਈ ਤਿਆਰ ਹੋਵੇਗਾ? ਇਸ ਨਾਲ ਨਜਿੱਠਣ ਵਾਸਤੇ ਪੰਜਾਬ ਦੀ ਬੁਨਿਆਦ ਨੂੰ ਮੁੜ ਤੋਂ ਸ਼ਬਦ ਨਾਲ ਜੋੜਨਾ ਪਵੇਗਾ ਜਿਸ ਵਿਚ ਸ਼ਸਤਰਾਂ ਉਤੇ ਜ਼ੋਰ ਦੇਣ ਤੋਂ ਪਹਿਲਾਂ ਅਪਣੇ ਕਿਰਦਾਰ ਨੂੰ ਲਿਸ਼ਕਾਂ ਮਾਰਨ ਵਾਲਾ ਤੇ ਸਦਾਚਾਰ ਦੀ ਖੰਡਿਉਂ ਤਿੱਖੀ ਧਾਰ ਤੇ ਚਲਣ ਵਾਲਾ ਬਣਾਉਣਾ ਪਵੇਗਾ| ਅਜਿਹਾ ਕਰਨਾ ਐਨ ਸੰਭਵ ਹੈ| -ਨਿਮਰਤ ਕੌਰ