
ਰਾਸ਼ਟਰਪਤੀ ਦੀ ਤਕਰੀਰ ਦੇ ਜਵਾਬ ਵਿਚ ਸੰਸਦ ਦੇ ਦੋਵਾਂ ਸਦਨਾਂ ਵਿਚ ਹੋਈ ਬਹਿਸ ਦਾ ਪੱਧਰ ਅਤੇ ਇਸ ਬਹਿਸ ਦਾ PM ਮੋਦੀ ਵਲੋਂ ਦਿੱਤਾ ਗਿਆ ਜਵਾਬ ਮਾਯੂਸਕੁਨ ਘਟਨਾਕ੍ਰਮ ਸੀ।
ਰਾਸ਼ਟਰਪਤੀ ਦੀ ਤਕਰੀਰ ਦੇ ਜਵਾਬ ਵਿਚ ਸੰਸਦ ਦੇ ਦੋਵਾਂ ਸਦਨਾਂ ਵਿਚ ਹੋਈ ਬਹਿਸ ਦਾ ਪੱਧਰ ਅਤੇ ਇਸ ਬਹਿਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤਾ ਗਿਆ ਜਵਾਬ ਮਾਯੂਸਕੁਨ ਘਟਨਾਕ੍ਰਮ ਸੀ। ਬਹਿਸ ਦਾ ਪੱਧਰ ਨੀਵਾਂ ਰਹਿਣ ਦਾ ਰੁਝਾਨ 2004 ਤੋਂ ਬਾਅਦ ਇਕ ਦਸਤੂਰ ਬਣ ਚੁੱਕਾ ਹੈ। ਇਸ ਦੀ ਇਕ ਵਜ੍ਹਾ ਹੈ ਕਿ ਦੋਵਾਂ ਸਦਨਾਂ ਵਿਚ ਅਜਿਹੇ ਮੈਂਬਰ ਬਹੁਤ ਘੱਟ ਚੁਣੇ ਜਾ ਰਹੇ ਹਨ ਜੋ ਵਿਦਵਤਾ, ਸੁਹਜ ਤੇ ਲਿਆਕਤ ਦਾ ਸੁਮੇਲ ਹੋਣ। ਜਿਹੜੇ ਇਨ੍ਹਾਂ ਗੁਣਾਂ ਨਾਲ ਲੈਸ ਵੀ ਹਨ, ਉਨ੍ਹਾਂ ਨੂੰ ਬਹੁਤੀ ਵਾਰ ਉਨ੍ਹਾਂ ਦੀਆਂ ਪਾਰਟੀਆਂ ਅੱਗੇ ਆਉਣ ਦੇ ਮੌਕੇ ਹੀ ਨਹੀਂ ਦਿੰਦੀਆਂ। ਉਂਜ ਵੀ, ਇਹ ਜ਼ਰੂਰੀ ਨਹੀਂ ਕਿ ਗਿਆਨਵਾਨ ਬੰਦੇ ਚੰਗੇ ਬੁਲਾਰੇ ਹੋਣ। ਇਸ ਪ੍ਰਸੰਗ ਵਿਚ ਸਵਰਗੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮਿਸਾਲ ਸਾਡੇ ਸਾਹਮਣੇ ਹੈ।
ਉਨ੍ਹਾਂ ਦੀ ਸੂਝਵਾਨਤਾ ਤੇ ਗਹਿਰ-ਗਿਆਨ ਤੋਂ ਉਨ੍ਹਾਂ ਦੇ ਸਿਆਸੀ ਵਿਰੋਧੀ ਵੀ ਕਾਇਲ ਸਨ, ਪਰ ਸੰਸਦ ਵਿਚ ਉਨ੍ਹਾਂ ਦੀ ਇਕ ਵੀ ਤਕਰੀਰ ਅਜਿਹੀ ਨਹੀਂ ਰਹੀ ਜਿਸ ਨੂੰ ਯਾਦਗਾਰੀ ਕਿਹਾ ਜਾ ਸਕੇ। ਉਨ੍ਹਾਂ ਵਰਗੇ ਮਿਆਰ ਵਾਲੀ ਵਿਦਵਤਾ ਦੀ ਘਾਟ ਦੇ ਬਾਵਜੂਦ ਸ਼ਸ਼ੀ ਥਰੂਰ ਜਾਂ ਜੈ ਪਾਂਡਾ ਵਰਗੇ ਵੱਖ ਵੱਖ ਪਾਰਟੀਆਂ ਦੇ ਕਈ ਸੰਸਦ ਮੈਂਬਰ ਅਜਿਹੇ ਹਨ ਜਿਹੜੇ ਚੰਗਾ ਸ਼ਬਦ-ਜਾਲ ਬੁਣਨ ਦੀ ਮੁਹਾਰਤ ਰੱਖਦੇ ਹਨ। ਕਿਉਂਕਿ ਹੁਣ ਹਰ ਪਾਸੇ ਨਾਅਰੇਬਾਜ਼ਾਂ ਤੇ ਲੱਫਾਜ਼ਾਂ ਦੀ ਚੌਧਰ ਹੈ, ਇਸ ਲਈ ਦਲੀਲਬਾਜ਼ਾਂ ਜਾਂ ਸੁਹਜਵਾਦੀਆਂ ਨੂੰ ਖ਼ਾਮੋਸ਼ ਰਹਿਣ ਵਿਚ ਹੀ ਸਿਆਣਪ ਜਾਪਦੀ ਹੈ। ਅਜਿਹੇ ਆਲਮ ਵਿਚ ਪ੍ਰਧਾਨ ਮੰਤਰੀ, ਕੁਝ ਸੀਨੀਅਰ ਮੰਤਰੀਆਂ ਤੇ ਦੋਵਾਂ ਸਦਨਾਂ ਵਿਚ ਵਿਰੋਧੀ ਧਿਰ ਦੇ ਆਗੂਆਂ ਤੋਂ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਅਪਣੀਆਂ ਤਕਰੀਰਾਂ ਵਿਚ ਸੇਧਗਾਰੀ ਵਾਲੇ ਗੁਣ ਦਿਖਾਉਣ ਅਤੇ ਤਾਅਨੇ-ਤੋਹਮਤਾਂ ਰਾਹੀਂ ਮੀਡੀਆ ਵਿਚ ਛਾਏ ਰਹਿਣ ਦੀ ਪ੍ਰਵਿਰਤੀ ਤੋਂ ਪਰਹੇਜ਼ ਕਰਨ।
ਬਦਕਿਸਮਤੀ ਨਾਲ ਦੋਵਾਂ ਸਦਨਾਂ ਵਿਚਲੀਆਂ ਤਕਰੀਰਾਂ ਵਿਚੋਂ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਜੋ ਸੇਧ ਦੇਣ ਵਾਲਾ ਹੋਵੇ। ਲੋਕ ਸਭਾ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੁਝ ਚੰਗੇ ਨੁਕਤੇ ਜ਼ਰੂਰ ਉਠਾਏ, ਪਰ ਇਹ ਨੁਕਤੇ ਉਨ੍ਹਾਂ ਦੇ ਅਰਧ-ਸੱਚਾਂ ਤੋਂ ਉਪਜੇ ਵਿਵਾਦਾਂ ਹੇਠ ਦੱਬ ਕੇ ਰਹਿ ਗਏ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਰਜੁਨ ਖੜਗੇ ਦਾ ਭਾਸ਼ਣ ਤਾਂ ਦੂਸ਼ਨਬਾਜ਼ੀ ਤੋਂ ਉੱਚਾ ਹੀ ਨਹੀਂ ਉੱਠ ਸਕਿਆ। ਬਾਕੀ ਬੁਲਾਰਿਆਂ ਨੇ ਇਕ-ਦੂਜੇ ਵਾਲੀਆਂ ਗੱਲਾਂ ਦੁਹਰਾਉਣ ਜਾਂ ਉਨ੍ਹਾਂ ਦਾ ਜਵਾਬ ਦੇਣ ਤਕ ਖ਼ੁਦ ਨੂੰ ਸੀਮਤ ਰੱਖਿਆ।
ਪ੍ਰਭਾਵ ਇਹੋ ਬਣਿਆ ਕਿ ਜਿਵੇਂ ਹਰ ਬੁਲਾਰਾ, ਬੋਲਣ ਤੋਂ ਪਹਿਲਾਂ ਤਿਆਰੀ ਕਰਨੀ ਭੁੱਲ ਗਿਆ ਹੋਵੇ। ਕੁਝ ਸਾਲ ਪਹਿਲਾਂ ਤਕ ਕਮਿਊਨਿਸਟ ਮੈਂਬਰਾਂ, ਖ਼ਾਸ ਕਰ ਕੇ ਸੀਤਾ ਰਾਮ ਯੇਚੁਰੀ ਜਾਂ ਤ੍ਰਿਣਮੂਲ ਕਾਂਗਰਸ ਣੇ ਡੈਰੇਕ ਓ’ਬ੍ਰਾਇਨ ਦੇ ਭਾਸ਼ਣ ਅਪਣੀਆਂ ਦਲੀਲਾਂ ਤੇ ਮਸ਼ਕਰੀਆਂ ਰਾਹੀਂ ਸੁਣਨ ਵਾਲਿਆਂ ਨੂੰ ਬੰਨ੍ਹ ਕੇ ਰੱਖਦੇ ਸਨ, ਪਰ ਹੁਣ ਤਾਂ ਸੀ.ਪੀ.ਐਮ. ਦੇ ਜੌਹਨ ਬ੍ਰਿਟਾਜ਼ ਦੀਆਂ ਤਕਰੀਰਾਂ ਵੀ ਘਿਸੇ-ਪਿਟੇ ਰਿਕਾਰਡ ਵਰਗੀਆਂ ਹੋ ਕੇ ਰਹਿ ਗਈਆਂ ਹਨ। ਅਜਿਹੀ ਸਥਿਤੀ ਵਿਚ ਉਮੀਦ ਕੀਤੀ ਜਾਂਦੀ ਸੀ ਕਿ ਪ੍ਰਧਾਨ ਮੰਤਰੀ ਅਪਣੇ ਭਾਸ਼ਣ ਰਾਹੀਂ ਸੰਸਦੀ ਕਾਰਵਾਈ ਵਿਚ ਕੁਝ ਰੂਹਦਾਰੀ ਲਿਆਉਣਗੇ। ਪਰ ਉਨ੍ਹਾਂ ਨੇ ਵੀ ਪੁਰਾਣੀਆਂ ਟੇਪਾਂ ਹੀ ਵਜਾਈਆਂ। ਨਿਸ਼ਾਨਾ ਕਾਂਗਰਸ ਪਾਰਟੀ, ਖ਼ਾਸ ਤੌਰ ’ਤੇ ਰਾਹੁਲ ਗਾਂਧੀ ਨੂੰ ਬਣਾਇਆ ਅਤੇ ਨਹਿਰੂ-ਗਾਂਧੀ ਪ੍ਰਵਾਰ ਦੇ ਕਰਮਾਂ-ਕੁਕਰਮਾਂ ਦੇ ਖੁਲਾਸੇ ਨੂੰ ਦੁਹਰਾਉਣ ਤੋਂ ਅੱਗੇ ਜਾਣਾ ਵਾਜਬ ਹੀ ਨਹੀਂ ਸਮਝਿਆ। ਲੋਕ ਸਭਾ ਵਿਚ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਇਕ ਸ਼ਾਮ ਪਹਿਲਾਂ ਦਿੱਤਾ ਗਿਆ ਉਨ੍ਹਾਂ ਦਾ ਭਾਸ਼ਣ ਬੁਨਿਆਦੀ ਤੌਰ ’ਤੇ ਚੁਣਾਵੀ ਤਕਰੀਰ ਸੀ। ਇਸ ਵਿਚ ਕੁਝ ਰੌਚਿਕ ਸਿਆਸੀ ਚੁਟਕੀਆਂ ਸ਼ਾਮਲ ਸਨ ਜਿਨ੍ਹਾਂ ਨੇ ਸੁਣਨ ਵਾਲਿਆਂ ਦਾ ਕੁਝ ਮਨ-ਪਰਚਾਵਾ ਕੀਤਾ। ਇਸ ਤੋਂ ਉਲਟ ਰਾਜ ਸਭਾ ਵਿਚ ਤਾਂ ਉਨ੍ਹਾਂ ਦਾ ਜਵਾਬ ਇਕ ਦਿਨ ਪਹਿਲਾਂ ਦੇ ਭਾਸ਼ਣ ਦਾ 60 ਫ਼ੀ ਸਦੀ ਦੁਹਰਾਅ ਹੀ ਸੀ।
ਸੰਸਦ ਦੇ ਬਜਟ ਇਜਲਾਸ ਵਿਚ ਰਾਸ਼ਟਰਪਤੀ ਦਾ ਭਾਸ਼ਣ ਅਗਲੇ ਗਿਆਰਾਂ ਮਹੀਨਿਆਂ ਦੌਰਾਨ ਸਰਕਾਰ ਵਲੋਂ ਕੀਤੇ ਜਾਣ ਵਾਲੀੇ ਕੰਮਾਂ ਦਾ ਸੇਧਮਈ ਨਕਸ਼ਾ (ਰੋਡ-ਮੈਪ) ਹੁੰਦਾ ਹੈ। ਇਸ ਬਾਰੇ ਧੰਨਵਾਦ ਮਤੇ ’ਤੇ ਬਹਿਸ ਦੌਰਾਨ ਸੰਸਦ ਮੈਂਬਰਾਂ ਨੇ ਇਸ ਨਕਸ਼ੇ ਦੀਆਂ ਖ਼ੂਬੀਆਂ-ਖਾਮੀਆਂ ਉੱਤੇ ਉਂਗਲ ਧਰਨੀ ਹੁੰਦੀ ਹੈ ਅਤੇ ਸੋਧਾਂ ਤੇ ਸੇਧਾਂ ਸੁਝਾਉਣੀਆਂ ਹੁੰਦੀਆਂ ਹਨ। ਨਾਲ ਹੀ ਉਨ੍ਹਾਂ ਨੇ ਤੱਤਕਾਲੀ ਹਾਲਾਤ ਦੇ ਪ੍ਰਸੰਗ ਵਿਚ ਸਰਕਾਰੀ ਪ੍ਰਾਪਤੀਆਂ-ਅਪ੍ਰਾਪਤੀਆਂ ਨੂੰ ਵੀ ਸਾਹਮਣੇ ਲਿਆਉਣਾ ਹੁੰਦਾ ਹੈ। ਪ੍ਰਧਾਨ ਮੰਤਰੀ ਦਾ ਜਵਾਬ ਵੱਖ ਵੱਖ ਮੈਂਬਰਾਂ ਵਲੋਂ ਉਠਾਏ ਨੁਕਤਿਆਂ, ਪ੍ਰਗਟਾਈਆਂ ਚਿੰਤਾਵਾਂ ਅਤੇ ਮੰਗੇ ਗਏ ਸਪਸ਼ਟੀਕਰਨਾਂ ਉੱਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ, ਮਾਅਰਕੇਬਾਜ਼ੀ ਉੱਤੇ ਨਹੀਂ। ਸ੍ਰੀ ਮੋਦੀ ਨੇ ਖ਼ੁਦ ਨੂੰ ਮਾਅਰਕੇਬਾਜ਼ੀ ਤਕ ਸੀਮਤ ਰੱਖਿਆ, ਮੈਬਰਾਂ ਵਲੋਂ ਸੁਝਾਏ ਜਾਂ ਉਠਾਏ ਉਸਾਰੂ ਨੁਕਤਿਆਂ ਜਾਂ ਮੰਗੇ ਗਏ ਸਪਸ਼ਟੀਕਰਨਾਂ ਦਾ ਜਵਾਬ ਦੇਣਾ ਵੀ ਵਾਜਬ ਨਹੀਂ ਸਮਝਿਆ। ਉਨ੍ਹਾਂ ਨੇ ਮਹਾਂਕੁੰਭ ਦੌਰਾਨ ਭਗਦੜ ਸਮੇਂ ਹੋਈਆਂ ਮੌਤਾਂ ਦੀ ਸਹੀ ਗਿਣਤੀ ਬਾਰੇ ਕੁਝ ਕਹਿਣਾ ਵੀ ਵਾਜਬ ਨਹੀਂ ਸਮਝਿਆ। ਇਹ ਕੋਈ ਸੁਖਾਵੀਂ ਰੀਤ ਨਹੀਂ।