
ਇਸ ਦੇਸ਼ ਵਿਚ ਜਦ ਤਕ ਸਿਆਸਤਦਾਨ ਨਾ ਚਾਹੇ, ਇਨਸਾਫ਼ ਵੀ ਨਹੀਂ ਮੰਗਿਆ ਜਾ ਸਕਦਾ
ਜਗਦੀਸ਼ ਟਾਈਟਲਰ ਤੇ ਆਖ਼ਰਕਾਰ ਸਿੱਖ ਕਤਲੇਆਮ ਦਾ ਚਾਰਜ (ਦੋਸ਼) ਲਗਾ ਦਿਤਾ ਗਿਆ ਹੈ। 1984 ਵਿਚ ਸਿੱਖਾਂ ਨਾਲ ਰੂਹ ਕੰਬਾਊ, ਦਰਿੰਦਗੀ ਦੀਆਂ ਹੱਦਾਂ ਪਾਰ ਕਰ ਕੇ ਜੋ ਜ਼ੁਲਮ ਢਾਹਿਆ ਗਿਆ, ਉਸ ਦੇ ਇਕ ਮਹੱਤਵਪੂਰਨ ਸਿਆਸੀ ਪੁਰਜ਼ੇ ਉਤੇ ਕਤਲ ਕਰਨ ਦੇ ਤੇ ਹੋਰ ਦੋਸ਼ ਅਦਾਲਤ ਵਿਚ ਲਗਾ ਦੇਣ ਦਾ ਇਕ ਛੋਟਾ ਜਿਹਾ ਕਦਮ ਨਿਆਂ ਮਿਲਣ ਵਿਚ ਦੇਰੀ, ਨਿਆਂ ਪ੍ਰਣਾਲੀ ਦੀ ਸੁਸਤ ਰਫ਼ਤਾਰ ਦਾ ਸਬੂਤ ਹੈ। ਪਰ ਫਿਰ ਵੀ ਇਤਿਹਾਸ ਵਿਚ ਇਹ ਜ਼ਰੂਰ ਦਰਜ ਹੋਵੇਗਾ ਕਿ ਕਿਸ ਤਰ੍ਹਾਂ ਇਕ ਤਾਕਤਵਰ ਸਿਆਸਤਦਾਨ ਤਾਕਤ ਦੇ ਨਸ਼ੇ ਵਿਚ ਅਜਿਹਾ ਅੰਨ੍ਹਾ ਹੋ ਗਿਆ ਕਿ ਉਹ ਇਨਸਾਨੀਅਤ ਨੂੰ ਭੁਲਾ ਕੇ ਇਕ ਕੌਮ ਦੀ ਤਬਾਹੀ ਵਾਸਤੇ ਇਨਸਾਨ ਤੋਂ ਹੈਵਾਨ ਬਣਨੋਂ ਵੀ ਨਾ ਝਿਜਕਿਆ। ਇਕ ਗੁਰੂ ਘਰ ਤੇ ਉਸ ਵਿਚ ਬੈਠੇ ਸਿੱਖਾਂ ਨੂੰ ਜ਼ਿੰਦਾ ਸਾੜਨ ਦੇ ਬਾਵਜੂਦ 39 ਸਾਲਾਂ ਦੌਰਾਨ ਇਸ ਹੈਵਾਨ ਨੂੰ ਭਾਰਤ ਵਿਚ ਸੱਤਾ ਵਾਲਿਆਂ ਨੇ ਕਾਨੂੰਨੀ ਸ਼ਿਕੰਜੇ ਤੋਂ ਬਚਾਈ ਰਖਿਆ। ਇਸ ਦੇਸ਼ ਵਿਚ ਜਦ ਤਕ ਸਿਆਸਤਦਾਨ ਨਾ ਚਾਹੇ, ਇਨਸਾਫ਼ ਵੀ ਨਹੀਂ ਮੰਗਿਆ ਜਾ ਸਕਦਾ।
39 ਸਾਲਾਂ ਤੋਂ ਪੀੜਤ ਕੁਰਲਾਉਂਦੇ ਆ ਰਹੇ ਹਨ। ਅਟਲ ਬਿਹਾਰੀ ਵਾਜਪਾਈ ਨੇ ਨਾਨਾਵਤੀ ਕਮਿਸ਼ਨ ਬਿਠਾ ਕੇ ਸਿੱਖ ਕੌਮ ਨੂੰ ਇਨਸਾਫ਼ ਦੀ ਕਿਰਨ ਤਾਂ ਵਿਖਾਈ ਪਰ ਹੋਇਆ ਕੁੱਝ ਵੀ ਨਾ। ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਆਈਆਂ, ਪੰਜਾਬ ਦੇ ਅਕਾਲੀ ਦਲ ਨੂੰ ਵੀ ਕੇਂਦਰ ਵਿਚ ਤਾਕਤ ਮਿਲੀ ਪ੍ਰੰਤੂ ਕਿਸੇ ਇਕ ਨੇ ਵੀ 1984 ਦੇ ਕਤਲੇਆਮ ਪੀੜਤਾਂ ਨੂੰ ਇਨਸਾਫ਼ ਦੇਣ ਬਾਰੇ ਨਾ ਸੋਚਿਆ। ਪੰਜਾਬ ਦੇ ਕਾਂਗਰਸੀ ਸਿੱਖ ਵੀ ਇਸ ਮਸਲੇ ਵਿਚ ਕਮਜ਼ੋਰ ਸਾਬਤ ਹੋਏ ਅਤੇ ਈਮਾਨਦਾਰੀ ਨਾਲ ਸਹੀ ਕਦਮ ਚੁਕਣ ਵਾਲੀ ਸਰਕਾਰ ਪਹਿਲੀ ਵਾਰ ਆਈ। ਇਥੇ ਵੀ ਕਿਹਾ ਜਾ ਸਕਦਾ ਹੈ ਕਿ ਇਹ ਸੱਭ ਭਾਜਪਾ ਤੇ ਕਾਂਗਰਸ ਨੂੰ ਖ਼ਤਮ ਕਰਨ ਵਾਸਤੇ ਕਰ ਰਹੇ ਹਨ ਪਰ ਇਹ ਕਹਿਣਾ ਸਹੀ ਨਹੀਂ ਹੋਵੇਗਾ। ਦੇਸ਼ ਦੇ ਦਿਲੋ ਦਿਮਾਗ ਵਿਚ 1984 ਸਿਰਫ਼ ਸਿੱਖਾਂ ਦਾ ਮੁੱਦਾ ਹੈ ਕਿਉਂਕਿ ਕਾਫ਼ੀ ਹਦ ਤਕ ਦੇਸ਼ ਇੰਦਰਾ ਗਾਂਧੀ ਦੀ ਮੌਤ ਦੇ ਬਦਲੇ ਵਜੋਂ ਕਤਲੇਆਮ ਨੂੰ ਸਹੀ ਮੰਨਦਾ ਰਿਹਾ ਹੈ। ਸੋ ਇਹ ਕਦਮ (ਟਾਈਟਲਰ ਵਿਰੁਧ ਚਾਰਜ ਲਗਾਉਣ ਦਾ) ਅੰਤ ਵਿਚ ਇਕ ਪਿਛਲੀ ਗ਼ਲਤੀ ਨੂੰ ਸਹੀ ਠਹਿਰਾਉਣ ਦਾ ਕਦਮ ਵੀ ਹੋ ਸਕਦਾ ਹੈ ਜਿਸ ਦਾ ਲਾਭ ਵੋਟਾਂ ਵਿਚ ਭਾਜਪਾ ਨੂੰ ਤਾਂ ਨਹੀਂ ਮਿਲ ਸਕਣਾ ਪਰ ਭਾਜਪਾ ਸਰਕਾਰ ਨੂੰ ਤਕਰੀਰਾਂ ਵਿਚ ‘ਸਿੱਖਾਂ ਲਈ ਬਹੁਤ ਕੁੱਝ ਕੀਤਾ’ ਕਹਿਣ ਦਾ ਮੌਕਾ ਜ਼ਰੂਰ ਮਿਲ ਜਾਵੇਗਾ।
ਇਸ ਨੀਤੀ ਪਿਛਲਾ ਕਾਰਨ ਭਾਜਪਾ ਵਿਚ ਸਿੱਖਾਂ ਪ੍ਰਤੀ ਨੀਤੀਆਂ ਵਿਚ ਉਲਝਣਾਂ ਹਨ ਜੋ ਇਸ ਵੱਡੇ ਮਸਲੇ ਤੇ ਇਨਸਾਫ਼ ਦਿਵਾਉਣ ਲਈ ਕਦਮ ਚੁਕਦੀ ਹੋਈ ਵੀ ਸਿੱਖਾਂ ਦੀ ਨਬਜ਼ ਨੂੰ ਫੜ ਨਹੀਂ ਪਾ ਰਹੀ। ਜਿਥੇ ਇਕ ਸੱਟ ਨੂੰ ਠੀਕ ਕੀਤਾ, ਦੂਜੇ ਪਾਸੇ ਉਨ੍ਹਾਂ ਖ਼ਾਲਸਾ ਏਡ ’ਤੇ ਐਨ.ਆਈ.ਏ. ਦੇ ਛਾਪੇ ਨਾਲ ਫਿਰ ਸੱਟ ਮਾਰ ਦਿਤੀ। ਸਿੱਖਾਂ ਨਾਲ ‘ਅਤਿਵਾਦੀ’ ਲਫ਼ਜ਼ ਜੋੜ ਦੇਣ ਨੇ ਖ਼ਾਹਮਖ਼ਾਹ ਦੇ ਖ਼ਤਰੇ ਪੈਦਾ ਕੀਤੇ। ਰਵੀ ਸਿੰਘ ਖ਼ਾਲਸਾ ਨੇ ਕੁੱਝ ਸਾਲਾਂ ਵਿਚ ਸਿੱਖਾਂ ਦੀ ਪਹਿਚਾਣ ਔਖੇ ਵੇਲੇ ਹਰ ਮਨੁੱਖ ਦੀ ਸੇਵਾ ਲਈ ਪਹੁੰਚਣ ਵਾਲਿਆਂ ਵਜੋਂ ਬਣਾ ਕੇ ਉਨ੍ਹਾਂ ਨੂੰ ਰੈੱਡ ਕਰਾਸ ਦੇ ਮੁਕਾਬਲੇ ਖੜਾ ਕਰ ਦਿਤਾ। ਖ਼ਾਲਸਾ ਏਡ ਉਤੇ ਮਾਰੇ ਗਏ ਛਾਪੇ ਨੂੰ ਲੈ ਕੇ ਸਿੱਖ ਏਨੇ ਨਾਰਾਜ਼ ਹਨ ਕਿ ਉਹ ਜਗਦੀਸ਼ ਟਾਈਟਲਰ ਵਿਰੁਧ ਲਗਾਏ ਗਏ ਚਾਰਜ ਬਾਰੇ ਸੁਣ ਕੇ ਵੀ ਖ਼ੁਸ਼ੀ ਮਨਾਉਣ ਲਈ ਤਿਆਰ ਨਹੀਂ ਹੋ ਸਕੇ। ਭਾਜਪਾ ਤੇ ਸਿੱਖਾਂ ਵਿਚਕਾਰ ਦੂਰੀਆਂ ਵਧਦੀਆਂ ਜਾ ਰਹੀਆਂ ਹਨ ਜਿਸ ਵਿਚ ਹੁਣ ਹਜ਼ੂਰ ਸਾਹਿਬ ਬੋਰਡ ਦੇ ਸੰਚਾਲਨ ਵਿਚ ਇਕ ਗ਼ੈਰ ਸਿੱਖ ਅਫ਼ਸਰ ਨੂੰ ਸਥਾਪਤ ਕਰਨ ਦੀ ਨਵੀਂ ਗ਼ਲਤੀ ਵੀ ਹੋ ਗਈ ਹੈ। ਕੀ ਪੰਜਾਬ ਭਾਜਪਾ ਦੀ ਨਵੀਂ (ਸਾਬਕਾ ਕਾਂਗਰਸੀ) ਫ਼ੌਜ ਇਸ ਦੂਰੀ ਨੂੰ ਘੱਟ ਕਰਵਾ ਸਕੇਗੀ?
-ਨਿਮਰਤ ਕੌਰ